ਵਾਸ਼ਿੰਗਟਨ ਦੇ ਨਰਸਿੰਗ ਸੈਂਟਰ ਵਿਚ ਇਕ ਮਹੀਨੇ ਦੌਰਾਨ ਕੋਵਿਡ-19 ਕਾਰਨ 5 ਮੌਤਾਂ, 74 ਬਿਮਾਰ
* ਵਾਇਰਸ ਦੀ ਭਿਆਨਕਤਾ ਤੋਂ ਸੁਚੇਤ ਰਹਿਣ ਦੀ ਲੋੜ-ਸਿਹਤ ਮਾਹਿਰ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 25 ਸਤੰਬਰ (ਹੁਸਨ ਲੜੋਆ ਬੰਗਾ)ਕੋਲਵਿਲੇ, ਵਾਸ਼ਿੰਗਟਨ ਦੇ ਪਾਈਨਵੁੱਡ ਟੈਰੇਸ ਨਰਸਿੰਗ ਸੈਂਟਰ ਵਿਚ ਪਿਛਲੇ 30 ਦਿਨਾਂ ਦੌਰਾਨ ਕੋਵਿਡ-19 ਕਾਰਨ 5 ਮੌਤਾਂ ਹੋ ਚੁੱਕੀਆਂ ਹਨ ਤੇ 74 ਵਿਅਕਤੀ ਬਿਮਾਰ ਹੋਏ ਹਨ ਜਿਨਾਂ ਦਾ ਇਲਾਜ਼ ਚੱਲ ਰਿਹਾ ਹੈ। ਇਨਾਂ ਵਿਚ 22 ਸਟਾਫ ਮੈਂਬਰ ਹਨ ਤੇ 52 ਨਰਸਿੰਗ ਸੈਂਟਰ ਵਿਚ ਰਹਿੰਦੇ ਹੋਰ ਲੋਕ ਸ਼ਾਮਿਲ ਹਨ। ਬਿਮਾਰ 74 ਵਿਅਕਤੀਆਂ ਵਿਚੋਂ 33 ਦਾ ਮੁਕੰਮਲ ਰੂਪ ਵਿਚ ਕੋਵਿਡ ਟੀਕਾਕਰਣ ਹੋ ਚੁੱਕਾ ਹੈ ਤੇ ਜੋ 5 ਮੌਤਾਂ ਹੋਈਆਂ ਹਨ, ਉਨਾਂ ਵਿਚੋਂ ਇਕ ਵਿਅਕਤੀ ਦਾ ਵੀ ਮੁਕੰਮਲ ਟੀਕਾਕਰਣ ਹੋ ਚੁੱਕਾ ਸੀ। ਇਹ ਜਾਣਕਾਰੀ ਨਾਰਥ ਈਸਟ ਟਰਾਈ-ਕਾਊਂਟੀ ਹੈਲਥ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਇਸ ਨਰਿੰਸਗ ਸੈਂਟਰ ਵਿਚ ਪਹਿਲੇ ਕੋਵਿਡ ਮਾਮਲੇ ਦੀ ਪੁਸ਼ਟੀ ਪਿਛਲੇ ਮਹੀਨੇ 25 ਅਗਸਤ ਨੂੰ ਹੋਈ ਸੀ। ਇਕ ਮਹੀਨੇ ਦੌਰਾਨ ਹੀ ਨਰਸਿੰਗ ਸੈਂਟਰ ਬਹੁਤ ਬੁਰੀ ਤਰਾਂ ਕੋਵਿਡ -19 ਦੀ ਗ੍ਰਿਫਤ ਵਿਚ ਆ ਗਿਆ। ਕਾਊਂਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਤੋਂ ਭਲੀਭਾਂਤ ਜਾਣਕਾਰੀ ਹੋ ਜਾਣੀ ਚਾਹੀਦੀ ਹੈ ਕਿ ਕੋਵਿਡ-19 ਦਾ ਡੈਲਟਾ ਵਾਇਰਸ ਕਿੰਨਾ ਖਤਰਨਾਕ ਹੈ। ਸਿਹਤ ਅਧਿਕਾਰੀਆਂ ਅਨੁਸਾਰ ਟਰਾਈ ਕਾਊਂਟੀ ਹੈਲਥ ਜਿਸ ਤਹਿਤ ਫੈਰੀ, ਪੈਂਡ ਓਰੀਲ ਤੇ ਸਟੈਵਨਜ ਕਾਊਂਟੀ ਆਉਂਦੀ ਹੈ, ਵਿਚ ਇਸ ਸਮੇਂ ਕੋਵਿਡ-19 ਦੇ ਕੁਲ 5,965 ਪੌਜ਼ਟਿਵ ਮਾਮਲੇ ਹਨ। ਪਾਈਨਵੁੱਡ ਟੈਰੇਸ ਸਟੈਵਨਜ ਕਾਊਂਟੀ ਵਿਚ ਹੈ ਜਿਥੇ ਸਭ ਤੋਂ ਵਧ ਪੌਜ਼ਟਿਵ ਮਾਮਲੇ ਹਨ। ਪਹਿਲੀ ਸਤੰਬਰ ਤੋਂ ਬਾਅਦ ਇਥੇ ਕੋਵਿਡ ਕਾਰਨ 35 ਲੋਕ ਮੌਤ ਦੇ ਮੂੰਹ ਵਿਚ ਜਾ ਪਏ ਹਨ। ਸਿਹਤ ਅਧਿਕਾਰੀਆਂ ਨੇ ਜਾਰੀ ਬਿਆਨ ਵਿਚ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਵਿਡ ਅੱਗੇ ਉਮਰ, ਲਿੰਗ ਜਾਂ ਚੰਗੀ ਸਿਹਤ ਦਾ ਕੋਈ ਅਰਥ ਨਹੀਂ ਹੈ। ਇਹ ਕਿਸੇ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਸ ਲਈ ਸਾਨੂੰ ਖੁਦ ਹੀ ਆਪਣਾ ਬਚਾਅ ਕਰਨਾ ਪਵੇਗਾ।
Comments (0)