ਵਿੱਤੀ ਸਾਲ 2022 ਦੌਰਾਨ ਤਕਰੀਬਨ 10 ਲੱਖ ਲੋਕਾਂ ਨੂੰ ਮਿਲੀ ਅਮਰੀਕੀ ਨਾਗਰਿਕਤਾ

ਵਿੱਤੀ ਸਾਲ 2022 ਦੌਰਾਨ ਤਕਰੀਬਨ 10 ਲੱਖ ਲੋਕਾਂ ਨੂੰ ਮਿਲੀ ਅਮਰੀਕੀ ਨਾਗਰਿਕਤਾ

* ਭਾਰਤ ਸਮੇਤ 5 ਦੇਸ਼ਾਂ ਦੇ ਲੋਕਾਂ ਨੂੰ ਮਿਲੀ ਸਭ ਤੋਂ ਵਧ ਨਾਗਰਿਕਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ    

ਸੈਕਰਾਮੈਂਟੋ 11 ਦਸੰਬਰ (ਹੁਸਨ ਲੜੋਆ ਬੰਗਾ) - ਵਿੱਤੀ ਸਾਲ 2022 ਦੌਰਾਨ ਵੱਖ ਵੱਖ ਦੇਸ਼ਾਂ ਦੇ ਤਕਰੀਬਨ 10 ਲੱਖ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ। ਪਿਛਲੇ 15 ਸਾਲਾਂ ਦੌਰਾਨ ਅਮਰੀਕੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਇਹ ਗਿਣਤੀ ਸਭ ਤੋਂ ਵਧ ਹੈ। ਇਹ ਖੁਲਾਸਾ ਯੂ ਐਸ ਇਮੀਗ੍ਰੇਸ਼ਨ ਸਿਟੀਜਨਸ਼ਿੱਪ ਐਂਡ ਇਮੀਗ੍ਰੇਸ਼ਨ ਸਰਵਿਸਜ ਨੇ ਜਾਰੀ ਇਕ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਅਨੁਸਾਰ ਜਿਨਾਂ 5 ਦੇਸ਼ਾਂ ਦੇ ਲੋਕਾਂ ਨੂੰ ਸਭ ਤੋਂ ਵਧ ਨਾਗਰਿਕਤਾ ਮਿਲੀ ਹੈ, ਉਨਾਂ ਵਿਚ ਮੈਕਸੀਕੋ, ਭਾਰਤ, ਫਿਲਪਾਈਨਜ, ਕਿਊਬਾ ਤੇ ਡੌਮੀਨੀਕਨ ਰਿਪਬਲਿਕ ਸ਼ਾਮਿਲ ਹਨ। ਰਿਪੋਰਟ ਅਨੁਸਾਰ 30 ਸਤੰਬਰ ਨੂੰ ਸਮਾਪਤ ਹੋਏ ਵਿੱਤੀ ਸਾਲ 2022 ਦੌਰਾਨ 10,75,700 ਲੋਕਾਂ ਨੂੰ ਨਾਗਰਿਕਤਾ ਦੇਣ ਦੀ ਪ੍ਰਕ੍ਰਿਆ ਮੁਕੰਮਲ ਹੋਈ ਜਿਨਾਂ ਵਿਚੋਂ 9,67,400 ਨੂੰ  ਅਮਰੀਕਾ ਦੇ ਨਵੇਂ ਨਾਗਰਿਕਾਂ ਵਜੋਂ ਸਹੁੰ ਚੁਕਾਈ ਗਈ। ਅਮਰੀਕੀ ਨਿਯਮਾਂ ਅਨੁੁਸਾਰ ਉਹ ਲੋਕ ਅਮਰੀਕੀ ਨਾਗਰਿਕਤਾ ਲੈਣ ਦੇ ਹੱਕਦਾਰ ਹਨ ਜਿਨਾਂ ਕੋਲ ਗਰੀਨ ਕਾਰਡ ਹੈ ਜਾਂ ਜੋ ਫੌਜੀ ਸੇਵਾ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਬਾਈਡਨ ਪ੍ਰਸਾਸ਼ਨ ਨੇ ਨਾਗਰਿਕਤਾ ਫੀਸ 725 ਡਾਲਰ ਨਿਸ਼ਚਤ ਕੀਤੀ ਹੈ ਜਿਨਾਂ ਵਿਚੋਂ 640 ਡਾਲਰ ਪ੍ਰਕ੍ਰਿਆ ਫੀਸ ਤੇ 85 ਡਾਲਰ ਬਾਇਓਮੈਟਰਿਕ ਸੇਵਾ ਦੇ ਸ਼ਾਮਿਲ ਹਨ। ਫੌਜ ਵਿਚ ਸੇਵਾ ਨਿਭਾ ਰਹੇ ਲੋਕਾਂ ਨੂੰ ਇਸ ਫੀਸ ਤੋਂ ਛੋਟ ਹੈ। ਇਥੇ ਜਿਕਰਯੋਗ ਹੈ ਕਿ ਜਿਨਾਂ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲ ਜਾਂਦੀ ਹੈ ਉਹ ਹੀ ਦੇਸ਼ ਦੇ ਬਾਕੀ ਨਾਗਰਿਕਾਂ ਵਾਂਗ ਸਰਕਾਰੀ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਹਾ ਲੈਣ ਦੇ ਯੋਗ ਹੁੰਦੇ ਹਨ।   ਉਹ ਸੰਘੀ ਚੋਣਾਂ ਵਿਚ ਵੋਟ ਪਾ ਸਕਦੇ ਹਨ, ਚੋਣਾਂ ਲੜ ਸਕਦੇ ਹਨ, ਮੈਡੀਕਲ ਸਮੇਤ ਸਰਕਾਰੀ ਸਹਾਇਤਾ ਪ੍ਰੋਗਰਾਮਾਂ ਦਾ ਲਾਭ ਲੈ ਸਕਦੇ ਹਨ ਤੇ ਸਥਾਈ ਨਿਵਾਸ ਲਈ ਆਪਣੇ ਰਿਸ਼ਤੇਦਾਰਾਂ ਨੂੰ ਸਪਾਂਸਰ ਕਰ ਸਕਦੇ ਹਨ। ਉਨਾਂ ਦੇ ਬੱਚਿਆਂ ਦੀ ਅਮਰੀਕੀ ਨਾਗਰਿਕਤਾ ਯਕੀਨੀ ਹੋ ਜਾਂਦੀ ਹੈ।