ਅਮਰੀਕਾ ਦੇ ਡੈਲਸ ਹਵਾਈ ਅੱਡੇ 'ਤੇ ਇਕ ਔਰਤ ਨੇ ਹਵਾ ਵਿਚ ਚਲਾਈ ਗੋਲੀ

ਅਮਰੀਕਾ ਦੇ ਡੈਲਸ ਹਵਾਈ ਅੱਡੇ 'ਤੇ ਇਕ ਔਰਤ ਨੇ ਹਵਾ ਵਿਚ ਚਲਾਈ ਗੋਲੀ
ਕੈਪਸ਼ਨ : ਡੈਲਸ ਦੇ ਹਵਾਈ ਅੱਡੇ 'ਤੇ ਔਰਤ ਨੂੰ ਹਿਰਾਸਤ ਵਿਚ ਲੈਣ ਸਮੇ ਪੁਲਿਸ

 ਪੁਲਿਸ ਅਫਸਰ ਵਲੋਂ ਜਵਾਬੀ ਕਾਰਵਾਈ, ਲੱਤ 'ਤੇ ਮਾਰੀ ਗੋਲੀ

* ਮੱਚੀ ਭਗਦੜ ਤੇ ਉਡਾਣਾਂ ਰੁਕੀਆਂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 26 ਜੁਲਾਈ (ਹੁਸਨ ਲੜੋਆ ਬੰਗਾ)  ਡੈਲਸ ਦੇ ਲਵ ਫੀਲਡ ਹਵਾਈ ਅੱਡੇ ਉਪਰ ਉਸ ਵੇਲੇ ਭਗਦੜ ਮੱਚ ਗਈ ਜਦੋਂ ਇਕ ਔਰਤ ਨੇ ਹਵਾ ਵਿਚ ਗੋਲੀ ਚਲਾਈ ਦਿੱਤੀ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ ਉਧਰ ਲੁਕ ਗਏ। ਡਲਾਸ ਪੁਲਿਸ ਮੁਖੀ ਐਡਗਾਰਡੋ ਗਾਰਸੀਆ ਨੇ ਕਿਹਾ ਹੈ ਕਿ 37 ਸਾਲਾ ਔਰਤ ਸਥਨਾਕ ਸਮੇ ਅਨੁਸਾਰ ਸਵੇਰੇ 11 ਵਜੇ ਟਿਕਟ ਕਾਊਂਟਰ ਖੇਤਰ ਵਿਚ ਦਾਖਲ ਹੋਈ। ਉਹ ਬਾਥਰੂਮ ਗਈ ਤੇ ਕੁਝ ਮਿੰਟਾਂ ਬਾਅਦ ਕਪੜੇ ਬਦਲ ਕੇ ਬਾਹਰ ਆਈ। ਬਾਹਰ ਆ ਕੇ ਉਸ ਨੇ ਗੋਲੀ ਚਲਾ ਦਿੱਤੀ ਜਿਸ ਨੂੰ ਰੋਕਣ ਲਈ ਇਕ ਪੁਲਿਸ ਅਫਸਰ ਨੇ ਉਸ ਦੀ ਲੱਤ 'ਤੇ ਗੋਲੀ ਮਾਰੀ। ਗਾਰਸੀਆ ਅਨੁਸਾਰ ਔਰਤ ਤੋਂ ਇਲਾਵਾ ਹੋਰ ਕੋਈ ਜਖਮੀ ਨਹੀਂ ਹੋਇਆ। ਔਰਤ  ਨੂੰ ਗ੍ਰਿਫਤਾਰ ਕਰਕੇ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਔਰਤ ਦਾ ਨਾਂ ਨਹੀਂ ਦੱਸਿਆ ਹੈ। ਗਾਰਸੀਆ ਅਨੁਸਾਰ ਔਰਤ ਨੇ ਹਵਾ ਵਿਚ ਗੋਲੀ ਕਿਉਂ ਚਲਾਈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚੱਲਣ ਉਪਰੰਤ ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ। ਡਲਾਸ ਹਵਾਈ ਅੱਡੇ 'ਤੇ ਪਹੁੰਚੀਆਂ ਉਡਾਣਾਂ ਨੂੰ ਉਥੇ ਹੀ ਕੁਝ ਘੰਟਿਆਂ ਲਈ ਰੋਕ ਲਿਆ ਗਿਆ ਤੇ ਜੋ ਉਡਾਣਾਂ ਜਾਣ ਦੀ ਤਿਆਰੀ ਵਿਚ ਸਨ, ਉਹ ਵੀ ਰੋਕ ਲਈਆਂ ਗਈਆਂ। ਦੁਪਹਿਰ 2 ਵਜੇ ਤੋਂ ਬਾਅਦ ਹਵਾਈ ਅੱਡੇ ਉਪਰ ਮੁਸਾਫਿਰਾਂ ਦੀ ਸੁਰੱਖਿਆ ਜਾਂਚ ਦਾ ਕੰਮ ਸ਼ੁਰੂ ਹੋਇਆ।