ਕੈਲੀਫੋਰਨੀਆ ਦੇ ਜੰਗਲ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਦੋਸ਼ੀ ਨੂੰ 24 ਸਾਲਾਂ ਦੀ ਸਜ਼ਾ

ਕੈਲੀਫੋਰਨੀਆ ਦੇ ਜੰਗਲ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਦੋਸ਼ੀ ਨੂੰ 24 ਸਾਲਾਂ ਦੀ ਸਜ਼ਾ
ਕੈਪਸ਼ਨ: ਕੈਲੀਫੋਰਨੀਆ ਦੇ ਡੋਲਨ ਖੇਤਰ ਵਿਚ 13 ਸਤੰਬਰ 2020 ਨੂੰ ਲੱਗੀ ਅੱਗ ਦੀ ਇਕ ਫਾਇਲ ਤਸਵੀਰ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 21 ਮਈ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਡੋਲਨ ਖੇਤਰ ਵਿਚ ਜੰਗਲ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਅਦਾਲਤ ਨੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 24 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਡੋਲਨ ਖੇਤਰ ਵਿਚ ਪਿਛਲੇ ਸਾਲ ਸਤੰਬਰ ਵਿਚ ਲੱਗੀ  ਅੱਗ ਵਿਚ ਅਨੇਕਾਂ ਘਰ ਸੜ ਕੇ ਸਵਾਹ ਹੋ ਗਏ ਸਨ , ਕਈ ਜਾਨਵਰ ਮਾਰੇ ਗਏ ਸਨ ਤੇ ਅੱਗ ਬੁਝਾਊ ਅਮਲੇ ਦਾ ਇਕ ਮੈਂਬਰ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਸੀ। ਮੋਨਟਰੇ ਕਾਊਂਟੀ ਦੇ ਜਿਲਾ ਅਟਾਰਨੀ ਦੇ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 31 ਸਾਲਾ ਈਵਾਨ ਗੋਮਜ਼ ਨਾਮੀ ਵਿਅਕਤੀ ਨੂੰ ਅੱਗ ਲਾਉਣ ਤੇ ਭੰਗ ਦੀ ਖੇਤੀ ਕਰਨ ਸਮੇਤ 16 ਦੋਸ਼ਾਂ ਤਹਿਤ ਦੋਸ਼ੀ ਪਾਇਆ ਗਿਆ। ਪੁੱਛਗਿੱਛ ਦੌਰਾਨ ਗੋਮਜ਼ ਨੇ ਮੰਨਿਆ ਸੀ ਕਿ ਉਸ ਨੇ ਗੈਰਕਾਨੂੰਨੀ ਤੌਰ 'ਤੇ ਭੰਗ ਬੀਜੀ ਹੈ ਜਿਸ ਨੂੰ ਨਸ਼ਟ ਕਰਨ ਲਈ ਉਸ ਨੇ ਅੱਗ ਲਾਈ ਸੀ। ਬਾਅਦ ਵਿਚ ਪੁਲਿਸ ਨੇ ਘਟਨਾ ਸਥਾਨ 'ਤੇ ਕੀਤੀ ਜਾਂਚ ਵਿਚ ਦੋਸ਼ੀ ਦੇ ਬਿਆਨ ਨੂੰ ਸਹੀ ਪਾਇਆ ਸੀ। ਗੋਮਜ਼ ਦੇ ਵਕੀਲ ਮੀਸ਼ੈਲ ਬਲੈਟਰ ਨੇ ਕਿਹਾ ਹੈ ਕਿ ਉਹ ਸਜ਼ਾ ਵਿਰੁੱਧ ਅਪੀਲ ਕਰਨਗੇ ਤੇ ਇਸ ਸਬੰਧੀ ਨੋਟਿਸ ਦੇ ਦਿੱਤਾ ਗਿਆ ਹੈ।