ਨੌਕਰੀਆਂ ਘੱਟ ਪੈਦਾ ਹੋਣ ਦੇ ਬਾਵਜੂਦ ਅਮਰੀਕਾ ਨੇ ਪ੍ਰਗਤੀ ਕੀਤੀ ਹੈ-ਜੋ ਬਾਈਡਨ

ਨੌਕਰੀਆਂ ਘੱਟ ਪੈਦਾ ਹੋਣ ਦੇ ਬਾਵਜੂਦ ਅਮਰੀਕਾ ਨੇ ਪ੍ਰਗਤੀ ਕੀਤੀ ਹੈ-ਜੋ ਬਾਈਡਨ

* ਕੋਵਿਡ ਮਹਾਮਾਰੀ ਦੇ ਮਾਰੂ ਅਸਰ ਤੋਂ ਬਾਹਰ ਆ ਰਹੀ ਹੈ ਅਰਥਵਿਵਸਥਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਇਡਨ ਨੇ ਵਾਈਟ ਹਾਊਸ ਵਿਚ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਕੋਵਿਡ ਕਾਰਨ ਬੀਤੇ ਸਤੰਬਰ ਮਹੀਨੇ ਦੌਰਾਨ ਹਾਲਾਂ ਕਿ ਘੱਟ ਨੌਕਰੀਆਂ ਪੈਦਾ ਹੋਈਆਂ ਹਨ ਪਰੰਤੂ ਅਸੀਂ ਪ੍ਰਗਤੀ ਕੀਤੀ ਹੈ। ਉਨਾਂ ਕਿਹਾ ਕਿ ਅਮਰੀਕੀ ਅਰਥਵਿਵਸਥਾ ਕੋਵਿਡ ਮਹਾਮਾਰੀ ਦੇ ਮਾਰੂ ਅਸਰ ਤੋਂ ਬਾਹਰ ਨਿਕਲ ਰਹੀ ਹੈ। ਉਨਾਂ ਨੇ ਸਤੰਬਰ ਮਹੀਨੇ ਦੇ ਦੂਸਰੇ ਹਫਤੇ ਦਾ ਜਿਕਰ ਕੀਤਾ ਜਿਸ ਦੇ ਆਧਾਰ 'ਤੇ ਨੌਕਰੀਆਂ ਬਾਰੇ  ਤਾਜਾ ਸਰਵੇ ਰਿਪੋਰਟ ਤਿਆਰ ਕੀਤੀ ਗਈ ਹੈ। ਉਨਾਂ ਕਿਹਾ ਕਿ ਉਸ ਸਮੇ ਰੋਜ਼ਾਨਾ ਡੇਢ ਲੱਖ ਕੋਵਿਡ ਮਾਮਲੇ ਆ ਰਹੇ ਸਨ ਪਰੰਤੂ ਉਸ ਤੋਂ ਬਾਅਦ ਰੋਜ਼ਾਨਾ ਕੋਵਿਡ ਮਾਮਲਿਆਂ ਵਿਚ ਇਕ ਤਿਹਾਈ ਤੋਂ ਵਧ ਕਮੀ ਹੋਈ ਤੇ ਅਸੀਂ ਨਿਰੰਤਰ ਸੁਖਾਵੇਂ ਹਾਲਾਤ ਵੱਲ ਵਧ ਰਹੇ ਹਾਂ। ਬਾਈਡਨ ਨੇ ਕਿਹਾ ਕਿ ਅਸੀਂ ਸਤੰਬਰ ਵਿਚ ਨੌਕਰੀਆਂ ਪੈਦਾ ਕੀਤੀਆਂ ਹਨ ਹਾਲਾਂ ਕਿ ਇਹ ਆਸ ਨਾਲੋਂ ਘੱਟ ਹਨ। ਸਤੰਬਰ ਮਹੀਨੇ ਦੌਰਾਨ 1,94,000 ਨੌਕਰੀਆਂ ਪੈਦਾ ਹੋਈਆਂ ਹਨ।

ਇਸ ਤਰਾਂ ਨਿਰੰਤਰ ਅਮਰੀਕੀ ਅਰਥਵਿਵਸਥਾ ਪੁਨਰ ਬਹਾਲੀ ਵੱਲ ਵਧੀ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿਚ ਨੌਕਰੀਆਂ ਪੈਦਾ ਹੋਣ ਦੀ ਰਫਤਾਰ ਬਹੁਤ ਮਧਮ ਹੋ ਗਈ ਸੀ। ਬਿਊਰੋ ਆਫ ਲੇਬਰ ਸਟੈਟਿਸਟਿਕਸ ਅਨੁਸਾਰ ਸਤੰਬਰ ਵਿਚ ਬੇਰੁਜ਼ਗਾਰੀ ਦਰ ਘੱਟ ਕੇ 4.8% ਰਹਿ ਗਈ ਹੈ ਜੋ ਅਗਸਤ ਵਿਚ 5.2% ਸੀ। ਸ਼ਾਹਫਿਆਮ ਲੋਕਾਂ ਦੀ ਬੇਰੁਜ਼ਗਾਰੀ ਦਰ   ਅਗਸਤ ਵਿਚ 8.8% ਸੀ ਉਹ ਸਤੰਬਰ ਵਿਚ ਘੱਟ ਕੇ 7.9% ਰਹਿ ਗਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਹਾਂ ਪਖੀ ਸੰਕੇਤ ਹਨ ਹਾਲਾਂ ਕਿ ਸਾਡੀ ਆਸ ਅਨੁਸਾਰ ਬੇਰੁਜ਼ਗਾਰੀ ਦਰ ਵਿਚ ਕਮੀ ਨਹੀਂ ਹੋਈ। ਬਾਈਡਨ ਨੇ ਕਿਹਾ ਕਿ ਅੱਜ ਦੀ ਰਿਪੋਰਟ ਵਿਚ ਬੇਰੁਜ਼ਗਾਰੀ ਦਰ 4.8% ਰਹਿ ਗਈ ਹੈ । ਮੇਰੇ ਅਹੁੱਦਾ ਸੰਭਾਲਣ ਤੋਂ ਬਾਅਦ ਕੋਵਿਡ ਮਹਾਮਾਰੀ ਦਰਮਿਆਨ ਅਰਥਵਿਵਸਥਾ ਅਗੇ ਵਧੀ   ਹੈ। ਉਨਾਂ ਕਿਹਾ ਕਿ ਨਵੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਅਸਲ ਵਿਚ ਅਸੀਂ ਪ੍ਰਗਤੀ ਕੀਤੀ ਹੈ।  ਮੈ ਮੰਨਦਾ ਹਾਂ ਕਿ ਇਹ ਪ੍ਰਗਤੀ ਉਸ ਰਫਤਾਰ ਨਾਲ ਨਹੀਂ ਹੋ ਰਹੀ ਜਿਸ ਰਫਤਾਰ ਦੀ ਅਸੀਂ ਤਵਕੋਂ ਕਰਦੇ ਹਾਂ ਪਰੰਤੂ ਅਸੀਂ ਨਿਗਰ ਪ੍ਰਗਤੀ ਦੇ ਰਾਹ ਉਪਰ ਅੱਗੇ ਵਧ ਰਹੇ ਹਾਂ।