ਸਾਬਕਾ ਰਾਸ਼ਟਰਪਤੀ ਟਰੰਪ ਦੇ ਸਵਿਧਾਨ ਨੂੰ ਮੁਅੱਤਲ ਕਰਨ ਦੇ ਸੱਦੇ 'ਤੇ ਜਿਆਦਾਤਰ ਰਿਪਬਲੀਕਨ ਆਗੂ ਚੁੱਪ, ਕੁਝ ਨੇ ਕੀਤਾ ਵਿਰੋਧ

ਸਾਬਕਾ ਰਾਸ਼ਟਰਪਤੀ ਟਰੰਪ ਦੇ ਸਵਿਧਾਨ ਨੂੰ ਮੁਅੱਤਲ ਕਰਨ ਦੇ ਸੱਦੇ 'ਤੇ ਜਿਆਦਾਤਰ ਰਿਪਬਲੀਕਨ ਆਗੂ ਚੁੱਪ, ਕੁਝ ਨੇ ਕੀਤਾ ਵਿਰੋਧ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 5 ਦਸੰਬਰ (ਹੁਸਨ ਲੜੋਆ ਬੰਗਾ) - ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਸਵਿਧਾਨ ਨੂੰ ਮੁਅੱਤਲ ਕਰਨ ਦੇ ਦਿੱਤੇ ਗਏ ਸਿਰੇ ਦੇ ਸੁਝਾਅ 'ਤੇ ਉਨਾਂ ਦੀ ਪਾਰਟੀ ਰਿਪਬਲੀਕਨ ਦੇ ਉਪਰਲੀਆਂ ਸਫਾਂ ਦੇ ਜਿਆਦਾਤਰ ਆਗੂ ਚੁੱਪ ਹਨ ਤੇ ਕੁਝ ਨੇ ਸਾਬਕਾ ਰਾਸ਼ਟਰਪਤੀ ਦੀ ਅਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਉਨਾਂ ਨੂੰ ਇਧਰ - ਉਧਰ ਦੀਆਂ ਗੱਲਾਂ ਕਰਨ ਦੀ ਬਜਾਏ ਆਪਣਾ ਧਿਆਨ ਆਪਣੇ ਭਵਿੱਖ ਉਪਰ ਕੇਂਦ੍ਰਿਤ ਕਰਨਾ ਚਾਹੀਦਾ ਹੈ। ਰਿਪਬਲੀਕਨ ਆਗੂ ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਜੋ ਕਰ ਰਹੇ ਹਨ ਅਸਲ ਵਿਚ ਇਹ ਗੱਲ ਹੀ ਪਾਰਟੀ ਦੇ ਭਵਿੱਖ ਉਪਰ ਸਵਾਲੀਆ ਚਿੰਨ ਲਾ ਰਹੀ ਹੈ। ਇਕ ਹੋਰ ਅਹਿਮ ਰਿਪਬਲੀਕਨ ਮਾਈਕ ਲਾਲਰ,ਨਿਊਯਾਰਕ ਨੇ ਕਿਹਾ ਹੈ ਕਿ ਮੈ ਸਪਸ਼ਟ ਤੌਰ 'ਤੇ ਟਰੰਪ ਦੀ ਮੰਗ ਦਾ ਸਮਰਥਨ ਨਹੀਂ ਕਰਦਾ ਕਿਉਂਕਿ ਸਵਿਧਾਨ ਸਦਕਾ ਹੀ ਹਰ ਅਮਰੀਕੀ ਦੇ ਅਧਿਕਾਰ ਸੁਰੱਖਿਅਤ ਹਨ। ਲਾਲਰ ਤੇ ਹੋਰ ਪਾਰਟੀ ਆਗੂਆਂ ਨੇ ਸੁਝਾਅ ਦਿੱਤਾ ਹੈ ਕਿ ਸਾਬਕਾ ਰਾਸ਼ਟਰਪਤੀ 2020 ਦੀਆਂ ਚੋਣਾਂ ਵਿਚ ਜੋ ਬਾਈਡਨ ਹਥੋਂ ਹੋਈ ਹਾਰ ਨੂੰ ਭੁਲ ਜਾਣ ਤੇ ਜੇਕਰ ਉਹ 2024 ਵਿਚ ਦੁਬਾਰਾ ਚੋਣਾਂ ਲੜਨੀਆਂ ਚਹੁੰਦੇ ਹਨ ਤਾਂ ਆਪਣਾ ਧਿਆਨ ਭਵਿੱਖ ਉਪਰ ਕੇਂਦ੍ਰਿਤ ਕਰਨ। ਰਿਪਬਲੀਕਨ ਆਗੂ ਡੇਵ ਜੋਇਸ, ਉਹੀਓ ਨੇ ਕਿਹਾ ਹੈ ਕਿ ਉਹ ਨਹੀਂ ਸੋਚਦੇ ਕਿ ਟਰੰਪ ਨੂੰ ਦੁਬਾਰਾ ਚੋਣ ਲੜਾਈ ਜਾਵੇਗੀ ਤੇ ਸਾਬਕਾ ਰਾਸ਼ਟਰਪਤੀ ਕਿਸੇ ਵੀ ਹਾਲਤ ਵਿਚ ਸਵਿਧਾਨ ਦਾ ਕੁਝ ਨਹੀਂ ਵਿਗਾੜ ਸਕਦਾ।  ਦੂਸਰੇ ਪਾਸੇ  ਡੈਮੋਕਰੈਟਿਕ ਆਗੂਆਂ ਨੇ ਟਰੰਪ ਦੀ ਸਖਤ ਸ਼ਬਦਾਂ ਵਿਚ ਅਲੋਚਨਾ ਕੀਤੀ ਹੈ ਤੇ ਕੁਝ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਦਾ ਸੁਝਾਅ ਅਸਲ ਵਿਚ ਤਾਨਾਸ਼ਾਹੀ ਦਾ ਸੱਦਾ ਹੈ। ਇਥੇ ਜਿਰਕਯੋਗ ਹੈ ਕਿ ਲੰਘੇ ਸ਼ਨੀਵਾਰ ਟਰੰਪ ਨੇ ਆਪਣੇ ਵੋਟਰ ਫਰਾਡ ਦੇ ਦਾਅਵੇ ਦੇ ਸੰਦਰਭ ਵਿਚ ਸੋਸਲ ਮੀਡੀਆ ਉਪਰ ਪਾਏ ਇਕ ਬਿਆਨ ਵਿਚ ਪਾਰਟੀ ਸਮਰਥਕਾਂ ਨੂੰ ਸਵਾਲ ਕੀਤਾ ਹੈ ਕਿ ਕੀ ਤੁਸੀਂ 2020 ਦੇ ਚੋਣ ਨਤੀਜੇ ਨੂੰ ਭੁੱਲ ਗਏ ਹੋ ਤੇ ਸਹੀ ਉਮੀਦਵਾਰ ਦੀ ਜਿੱਤ ਨੂੰ ਸਵਿਕਾਰ ਕਰ ਲਿਆ ਹੈ ਜਾਂ ਨਵੀਆਂ ਚੋਣਾਂ ਕਰਵਾਉਣ ਦੇ ਹੱਕ ਵਿਚ ਹੋ? ਉਨਾਂ ਅਗੇ ਕਿਹਾ ਹੈ '' ਇਸ ਕਿਸਮ ਦੇ ਵਿਆਪਕ ਧੋਖੇ ਦੇ ਮੱਦੇਨਜਰ ਸਾਨੂੰ ਸਾਰੇ ਨਿਯਮ ,ਅਧਿਨਿਯਮ ਤੇ ਆਰਟੀਕਲ ਭਾਵੇਂ ਉਹ ਸਵਿਧਾਨ ਵਿਚ ਹੋਣ, ਖਤਮ ਕਰ ਦੇਣੇ ਚਾਹੀਦੇ ਹਨ।''