ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਵਿਦਿਆਰਥੀਆਂ ਦਾ ਕਰਜਾ ਮੁਆਫੀ ਵਿਰੋਧੀ ਬਿੱਲ ਨੂੰ ਕੀਤਾ ਵੀਟੋ

ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਵਿਦਿਆਰਥੀਆਂ ਦਾ ਕਰਜਾ ਮੁਆਫੀ ਵਿਰੋਧੀ ਬਿੱਲ ਨੂੰ ਕੀਤਾ ਵੀਟੋ

ਹੁਣ ਆਖਰੀ ਫੈਸਲਾ ਕਰੇਗੀ ਸੁਪਰੀਮ ਕੋਰਟ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕੀ ਕਾਂਗਰਸ ਦੇ ਦੋਨਾਂ ਸਦਨਾਂ ਵੱਲੋਂ ਪਾਸ ਕੀਤੇ ਉਸ ਬਿੱਲ ਨੂੰ ਰਾਸ਼ਟਰਪਤੀ ਜੋ ਬਾਈਡਨ ਨੇ ਵੀਟੋ ਕਰ ਦਿੱਤਾ ਹੈ ਜਿਸ ਦੇ ਕਾਨੂੰਨ ਬਣ ਜਾਣ ਨਾਲ ਵਿਦਿਆਰਥੀਆਂ ਦੀ ਕਰਜ਼ਾ ਮੁਆਫੀ ਦੀ ਯੋਜਨਾ ਉਪਰ ਪਾਣੀ ਫਿਰ ਜਾਣਾ ਸੀ ਜੋ ਕਰਜ਼ਾ ਮੁਆਫੀ ਦੀ ਯੋਜਨਾ ਰਾਸ਼ਟਰਪਤੀ ਦੇ ਮੁੱਖ ਚੋਣ ਵਾਅਦਿਆਂ ਵਿਚ ਸ਼ਾਮਿਲ ਹੈ।

ਹੁਣ ਇਹ ਮਾਮਲਾ ਸੁਪਰੀਮ ਕੋਰਟ ਕੋਲ ਹੈ ਜੋ ਇਸ ਬਾਰੇ ਅੰਤਿਮ ਫੈਸਲਾ ਲਵੇਗੀ। ਰਾਸ਼ਟਰਪਤੀ ਬਾਈਡਨ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਉਹ ਸਖਤ ਮਿਹਨਤ ਕਰ ਰਹੇ ਲੋਕਾਂ ਦੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ। ਇਹ ਹੀ ਕਾਰਨ ਹੈ ਕਿ ਮੈ ਬਿੱਲ ਉਪਰ ਵੀਟੋ ਕਰ ਰਿਹਾ ਹਾਂ। ਰਾਸ਼ਟਰਪਤੀ ਨੇ ਵੀਡੀਓ ਵੀ ਪਾਈ ਹੈ ਜਿਸ ਵਿਚ ਉਹ ਬਿੱਲ ਰੱਦ ਕਰਨ ਦਾ ਐਲਾਨ ਕਰਦੇ ਹੋਏ ਨਜਰ ਆ ਰਹੇ ਹਨ। ਬਾਈਡਨ ਹੁਣ ਤੱਕ ਆਪਣੇ ਕਾਰਜਕਾਲ ਦੌਰਾਨ ਆਪਣੇ ਵੀਟੋ ਅਧਿਕਾਰ ਦੀ ਪੰਜਵੀਂ ਵਾਰ ਵਰਤੋਂ ਕਰ ਚੁੱਕੇ ਹਨ। ਪਰੰਤੂ ਇਸ ਵਾਰ ਦੀ ਵੀਟੋ ਇਕ ਵਿਸ਼ੇਸ਼ ਮਹੱਤਵ ਰਖਦੀ ਹੈ ਕਿਉਂਕਿ ਇਸ ਦਾ ਸਬੰਧ ਹਜਾਰਾਂ ਵਿਦਿਆਰਥੀਆਂ ਦੀ ਕਰਜ਼ਾ ਮੁਆਫੀ ਨਾਲ ਹੈ। ਬਾਈਡਨ ਕਰਜ਼ਾ ਮੁਆਫੀ ਪ੍ਰੋਗਰਾਮ ਵਿੱਚ ਅੜਿਕਾ ਪਾਉਣ ਲਈ ਰਿਪਬਲੀਕਨਾਂ ਨੂੰ ਜਿੰਮੇਵਾਰ ਠਹਿਰਾਉਂਦੇ ਆ ਰਹੇ ਹਨ ਪਰੰਤੂ ਕਰਜ਼ਾ ਮੁਆਫੀ ਵਿਰੋਧੀ ਬਿੱਲ ਡੈਮੋਕਰੈਟਿਕਾਂ ਦੇ ਨਿਯੰਤਰਣ ਵਾਲੇ ਸਦਨ ਸੈਨਟ ਵੱਲੋਂ ਵੀ ਪਾਸ ਕਰ ਦਿੱਤਾ ਗਿਆ ਹੈ। ਦੋ ਡੈਮੋਕਰੈਟਿਕ ਮੈਂਬਰਾਂ ਜੋ ਮੰਚਿਨ, ਵੈਸਟ ਵਰਜੀਨੀਆ ਤੇ ਜੋਨ ਟੈਸਟਰ, ਮੋਨਟਾਨਾ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ ਹੈ। ਇਕ ਆਜ਼ਾਦ ਸੈਨਟ ਮੈਂਬਰ ਕ੍ਰਿਸਟਨ ਸੀਨੇਮਾ ਨੇ ਵੀ ਬਿੱਲ ਦੇ ਹੱਕ ਵਿਚ ਵੋਟ ਪਾਈ ਹੈ। ਸੈਨਟ ਵੱਲੋਂ ਬਿੱਲ ਪਾਸ ਕਰਨ ਦੇ ਕੁਝ ਦੇਰ ਬਾਅਦ ਰਿਪਬਲੀਕਨ ਸੈਨਟ ਮੈਂਬਰ ਬਿੱਲ ਕੈਸਿਡੀ, ਲੋਇਸੀਆਨਾ ਜਿਸ ਨੇ ਬਾਈਡਨ ਦੀ ਯੋਜਨਾ ਖਤਮ ਕਰਨ ਦੀ ਮੁਹਿੰਮ ਦੀ ਅਗਵਾਈ ਕੀਤੀ ਨੇ ਕਿਹਾ ਕਿ ਜਿਆਦਾਤਰ ਲੋਕਾਂ ਨੇ ਵਿਦਿਆਰਥੀ ਕਰਜ਼ਾ ਨਹੀਂ ਲਿਆ ਹੈ ਤੇ ਦੂਸਰੇ ਲੋਕਾਂ ਦੀ ਦੇਣਦਾਰੀ ਦਾ ਅਸਰ ਟੈਕਸ ਦਾਤਿਆਂ ਉਪਰ ਨਹੀਂ ਪੈਣਾ ਚਾਹੀਦਾ। ਉਨਾਂ ਇਕ ਟਵੀਟ ਵਿਚ ਕਿਹਾ 87% ਅਮਰੀਕੀਆਂ ਨੇ ਵਿਦਿਆਰਥੀ ਕਰਜ਼ਾ ਨਹੀਂ ਲਿਆ ਹੈ ਤੇ ਨਾ ਹੀ ਉਹ ਦੂਸਰਿਆਂ ਦੇ ਕਰਜ਼ੇ ਦੀ ਅਦਾਇਗੀ ਲਈ ਜਿੰਮੇਵਾਰ ਹਨ। ਉਨਾਂ ਕਿਹਾ ਕਿ ਇਹ ਸਕੀਮਾਂ ਨਜਾਇਜ਼ ਤੇ ਗੈਰਜੁੰਮੇਵਾਰਨਾ ਹਨ। ਦੂਸਰੇ ਪਾਸੇ ਬਾਈਡਨ ਪੱਖੀ ਮੈਂਬਰ ਬਿੱਲ ਦੇ ਵਿਰੋਧੀਆਂ ਉਪਰ ਦੋਸ਼ ਲਾ ਰਹੇ ਹਨ ਕਿ ਇਹ ਲੋਕ ਮੱਧ ਵਰਗੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿਚ ਹਨ। ਬਾਈਡਨ ਪ੍ਰਸਾਸ਼ਨ ਨੇ ਵੀ ਇਸ ਤੱਥ ਨੂੰ ਉਭਾਰਿਆ ਹੈ ਕਿ ਕਰਜ਼ਾ ਮੁਆਫੀ ਦੀ ਰਾਹਤ ਉਨਾਂ ਲੋਕਾਂ ਨੂੰ ਮਿਲੇਗੀ ਜੋ 75000 ਡਾਲਰ ਸਲਾਨਾ ਤੋਂ ਘੱਟ ਕਮਾਉਂਦੇ ਹਨ