ਸੁੰਯਕਤ ਰਾਸ਼ਟਰ ਨਕਾਮ,ਤੀਜੇ ਵਿਸ਼ਵ ਯੁੱਧ ਵੱਲ ਵਧੀ ਦੁਨੀਆ

ਸੁੰਯਕਤ ਰਾਸ਼ਟਰ ਨਕਾਮ,ਤੀਜੇ ਵਿਸ਼ਵ ਯੁੱਧ ਵੱਲ  ਵਧੀ  ਦੁਨੀਆ

ਈਰਾਨ ਨੇ ਇਜ਼ਰਾਈਲ 'ਤੇ ਕੀਤਾ ਹਮਲਾ, 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ

*ਅਮਰੀਕਾ ਈਰਾਨ ਖਿਲਾਫ ਜਵਾਬੀ ਕਾਰਵਾਈ ਵਿਚ ਨਹੀਂ ਲਵੇਗਾ ਹਿੱਸਾ

* ਬ੍ਰਿਟੇਨ ਨੇ ਦਿੱਤਾ ਇਜ਼ਰਾਈਲ ਦਾ ਸਾਥ, ਆਰਏਐਫ ਜੈੱਟ ਨੇ ਸੁੱਟੇ ਕਈ ਇਰਾਨੀ ਡਰੋਨ

*ਰੂਸ ਤੇ ਚੀਨ ਇਰਾਨ ਦੇ ਹੱਕ ਵਿਚ ਡਟੇ

ਕੀ ਸੰਸਾਰ ਤੀਜੇ ਵਿਸ਼ਵ ਯੁੱਧ ਵੱਲ ਵਧ ਰਿਹਾ ਹੈ? ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਨੇ ਇਸ ਦੀਆਂ ਚਰਚਾਵਾਂ ਤੇਜ਼ ਕਰ ਦਿੱਤੀਆਂ ਹਨ। 79 ਸਾਲਾਂ ਬਾਅਦ ਵਿਸ਼ਵ ਯੁੱਧ ਸਬੰਧੀ ਇਸ ਚਰਚਾ ਦੇ ਤਿੰਨ ਅਹਿਮ ਕਾਰਨ ਹਨ।ਪਹਿਲਾ ਕਾਰਨ ਮੱਧ ਪੂਰਬ ਅਤੇ ਯੂਰਪ ਵਿੱਚ ਪੂਰੀ ਤਰ੍ਹਾਂ ਨਾਲ ਅਸ਼ਾਂਤੀ ਹੈ। ਦੂਜਾ ਕਾਰਨ ਸੰਯੁਕਤ ਰਾਸ਼ਟਰ ਦੀ ਨਾਕਾਮੀ ਹੈ, ਜਦਕਿ ਤੀਜਾ ਅਤੇ ਮਹੱਤਵਪੂਰਨ ਕਾਰਨ ਇਹ ਹੈ ਕਿ ਜ਼ਿਆਦਾਤਰ ਵੱਡੇ ਦੇਸ਼ ਸਿੱਧੇ ਜਾਂ ਅਸਿੱਧੇ ਤੌਰ 'ਤੇ ਯੁੱਧ ਵਿਚ ਸ਼ਾਮਲ ਹਨ। ਸੰਸਾਰ ਵਿੱਚ ਆਖਰੀ ਵਿਸ਼ਵ ਯੁੱਧ 1945 ਵਿੱਚ ਲੜਿਆ ਗਿਆ ਸੀ। ਇਸ ਜੰਗ ਵਿੱਚ ਤਕਰੀਬਨ 6 ਕਰੋੜ ਲੋਕ ਮਾਰੇ ਗਏ ਸਨ।

 ਈਰਾਨ ਅਤੇ ਇਜ਼ਰਾਈਲ ਵਿਚਾਲੇ ਕੀ ਹੈ ਵਿਵਾਦ?

ਇਜ਼ਰਾਈਲ ਅਕਸਰ ਈਰਾਨ 'ਤੇ ਪ੍ਰੌਕਸੀ ਯੁੱਧ ਦਾ ਦੋਸ਼ ਲਗਾਉਂਦਾ ਹੈ। ਅਕਤੂਬਰ ਵਿੱਚ ਜਦੋਂ ਹਮਾਸ ਨੇ ਇਜ਼ਰਾਈਲ ਉੱਤੇ ਹਮਲਾ ਕੀਤਾ ਸੀ ਤਾਂ ਇਜ਼ਰਾਈਲ ਨੇ ਵੀ ਇਸ ਦੇ ਪਿੱਛੇ ਇਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦੋਵਾਂ ਵਿਚਾਲੇ ਤਾਜ਼ਾ ਵਿਵਾਦ 1 ਅਪ੍ਰੈਲ ਨੂੰ ਐਬੈਂਸੀ 'ਤੇ ਹਵਾਈ ਹਮਲਾ ਹੈ। ਇਸ ਦਿਨ, ਇਜ਼ਰਾਈਲੀ ਫੌਜ ਨੇ ਸੀਰੀਆ ਵਿੱਚ ਈਰਾਨੀ ਦੂਤਾਵਾਸ ਦੇ ਨੇੜੇ ਇੱਕ ਹਵਾਈ ਹਮਲਾ ਕੀਤਾ। ਇਸ ਵਿੱਚ ਈਰਾਨ ਦੇ ਦੋ ਚੋਟੀ ਦੇ ਸੈਨਾ ਕਮਾਂਡਰਾਂ ਸਮੇਤ 13 ਲੋਕ ਮਾਰੇ ਗਏ ਸਨ। ਉਦੋਂ ਤੋਂ ਈਰਾਨ ਭੜਕਿਆ ਹੋਇਆ ਸੀ।ਇਰਾਨੀ ਸੁਪਰੀਮ ਲੀਡਰ ਆਇਤੁੱਲ੍ਹਾ ਅਲੀ ਖ਼ਮਨੇਈ ਨੇ ਐਲਾਨ ਕੀਤਾ ਸੀ ਕਿ ਇਜ਼ਰਾਈਲ ਨੂੰ ਇਸ ਦੀ ‘ਸਜ਼ਾ’ ਮਿਲੇਗੀ।

ਇਰਾਨ ਨੇ ਬੀਤੇ ਹਫਤੇ ਇਜ਼ਰਾਈਲ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹੱਲਾ ਬੋਲ ਦਿੱਤਾ ਸੀ। ਇਜ਼ਰਾਇਲੀ ਫ਼ੌਜ ਬੁਲਾਰੇ ਰਿਅਰ ਐਡਮਿਰਨ ਡੈਨਿਅਲ ਹਗਾਰੀ ਨੇ ਕਿਹਾ ਕਿ 300 ਤੋਂ ਵੱਧ ਡਰੋਨ, ਕਰੂਜ਼ ਮਿਜ਼ਾਈਲਾਂ ਅਤੇ ਬੈਲਿਸਟਿਕ ਮਿਜ਼ਾਈਲਾਂ 'ਚੋਂ 99 ਫ਼ੀਸਦੀ ਨੂੰ ਦੇਸ਼ ਦੀਆਂ ਸਰਹੱਦਾਂ ਦੇ ਬਾਹਰ ਤਬਾਹ ਕਰ ਦਿਤਾ ਸੀ, ਜਹਾਜ਼ ਨੇ 10 ਤੋਂ ਵੱਧ ਕਰੂਜ਼ ਮਿਜ਼ਾਈਲਾਂ ਨੂੰ ਰੋਕ ਦਿੱਤਾ ਸੀ। ਈਰਾਨ ਦੇ ਇਸ ਹਮਲੇ ਨੇ ਪੱਛਮੀ ਏਸ਼ੀਆ ਨੂੰ ਖੇਤਰੀ ਜੰਗ ਦੇ ਨੇੜੇ ਧੱਕ ਦਿੱਤਾ ਹੈ। 

ਦੂਜੇ ਪਾਸੇ ਇਜ਼ਰਾਈਲ ਦਾ ਦਾਅਵਾ ਸੀ ਕਿ ਉਨ੍ਹਾਂ ਇਰਾਨ ਦਾ ਹਮਲਾ ‘ਨਾਕਾਮ’ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ,ਇੰਗਲੈਂਡ ਤੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਸੈਂਕੜੇ ਮਿਜ਼ਾਈਲਾਂ ਤੇ ਡਰੋਨ ਹਵਾ ਵਿੱਚ ਹੀ ਤਬਾਹ ਕਰ ਦਿੱਤੇ ਗਏ ਹਨ। ਇਜ਼ਰਾਈਲ ਮੁਤਾਬਕ ਇਸ ਬੰਬਾਰੀ ਵਿਚ 12 ਜਣੇ ਫੱਟੜ ਹੋਏ ਹਨ ਜਿਨ੍ਹਾਂ ਵਿਚ ਸੱਤ ਸਾਲ ਦਾ ਬੱਚਾ ਵੀ ਸ਼ਾਮਲ ਹੈ। ਹਵਾਈ ਸੈਨਾ ਦੇ ਇਕ ਟਿਕਾਣੇ ਦਾ ‘ਹਲਕਾ ਨੁਕਸਾਨ’ ਵੀ ਹੋਇਆ ਹੈ।

ਪਹਿਲੀ ਅਪਰੈਲ ਦੀ ਬੰਬਾਰੀ ਤੋਂ ਬਾਅਦ ਇਰਾਨੀ ਲੀਡਰਸ਼ਿਪ ਨੇ ਬਦਲਾ ਲੈਣ ਦਾ ਅਹਿਦ ਕੀਤਾ ਸੀ। ਉਸਨੇ ਆਪਣੇ ਤਾਜ਼ਾ ਹਮਲੇ ਰਾਹੀਂ ਇਹ ਦਰਸਾ ਕੇ ਕਿ ਉਹ ਇਜ਼ਰਾਈਲ ਦੇ ਧੁਰ ਅੰਦਰ ਤੱਕ ਮਾਰ ਕਰ ਸਕਦਾ ਹੈ, ਇਰਾਨ ਨੇ ਸੰਯੁਕਤ ਰਾਸ਼ਟਰ ਵਿਚ ਆਪਣੇ ਸਥਾਈ ਪ੍ਰਤੀਨਿਧ ਰਾਹੀਂ ਸਪੱਸ਼ਟ ਕੀਤਾ ਹੈ ਕਿ ਜਵਾਬੀ ਕਾਰਵਾਈ ‘ਪੂਰੀ’ ਹੋ ਗਈ ਹੈ। ਇਸ ਦੇ ਨਾਲ ਹੀ ਇਰਾਨ ਨੇ ਇਜ਼ਰਾਈਲ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਉਹ ਹੁਣ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਨਾ ਕਰੇ। ਅਮਰੀਕਾ ਤੋਂ ਇਲਾਵਾ ਇਜ਼ਰਾਈਲ ਦੇ ਕਈ ਹੋਰਾਂ ਸਾਥੀਆਂ ਜਿਨ੍ਹਾਂ ਵਿਚ ਬਰਤਾਨੀਆ ਤੇ ਫਰਾਂਸ ਸ਼ਾਮਿਲ ਹਨ, ਨੇ ਇਜ਼ਰਾਈਲ ਦੀ ਰਾਖੀ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਿਰ ਕੀਤੀ ਹੈ ਤੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਰਿਸ਼ੀ ਸੁਨਕ ਨੇ ਪੁਸ਼ਟੀ ਕੀਤੀ ਹੈ ਕਿ ਈਰਾਨ ਵਲੋਂ ਇਜ਼ਰਾਈਲ 'ਤੇ ਹਮਲਾ ਕਰਨ ਤੋਂ ਬਾਅਦ ਆਰਏਐਫ ਜੈੱਟ ਜਹਾਜ਼ਾਂ ਨੇ 'ਕਈ' ਹਮਲਾਵਰ ਡਰੋਨਾਂ ਨੂੰ ਮਾਰ ਸੁੱਟਿਆ।

ਓਧਰ ਤਣਾਅ ਦੇ ਚੱਲਦਿਆਂ ਈਰਾਨੀ ਫ਼ੌਜ ਨੇ ਪੁਰਤਗਾਲੀ ਝੰਡੇ ਵਾਲਾ ਜਿਹੜਾ ਮਾਲਵਾਹਕ ਸਮੁੰਦਰੀ ਬੇੜਾ ਐੱਮਐੱਸਸੀ ਅਰਾਈਜ਼ ਆਪਣੇ ਕਬਜ਼ੇ ’ਚ ਲੈ ਲਿਆ ਸੀ, ਉਸ ਦੇ ਅਮਲੇ ਵਿਚ 17 ਭਾਰਤੀ ਮੌਜੂਦ ਹਨ। ਭਾਰਤ ਸਰਕਾਰ ਦੇ ਦਬਾਅ ਹੇਠ ਈਰਾਨ ਸਰਕਾਰ ਨੇ ਭਾਰਤੀ ਅਧਿਕਾਰੀਆਂ ਨੂੰ ਅਮਲੇ ਦੇ 17 ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਫੋਨ ’ਤੇ ਇਹ ਮੁੱਦਾ ਈਰਾਨੀ ਵਿਦੇਸ਼ ਮੰਤਰੀ ਕੋਲ ਉਠਾਇਆ ਸੀ।

ਅਹਿਮ ਪੱਖ ਇਹ ਹੈ ਕਿ ਜੇਕਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਰਾਨ ’ਤੇ ਜਵਾਬੀ ਹਮਲਾ ਕੀਤਾ ਤਾਂ ਇਸ ਨਾਲ ਮੱਧ ਪੂਰਬ ਵਿਚ ਮੁਕੰਮਲ ਜੰਗ ਲੱਗਣ ਦਾ ਮਾਹੌਲ ਬਣ ਸਕਦਾ ਹੈ। ਇਸੇ ਕਰਕੇ ਦੋਵਾਂ ਦੇਸ਼ਾਂ ਨਾਲ ਚੰਗੇ ਸਬੰਧ ਰੱਖਣ ਵਾਲਾ ਭਾਰਤ ਸੰਜਮ ਵਰਤਣ ਦੀ ਅਪੀਲ ਕਰ ਰਿਹਾ ਹੈ।ਅਮਰੀਕਾ ਨੇ ਤਾਂ ਪਹਿਲਾਂ ਹੀ ਈਰਾਨ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਇਜ਼ਰਾਈਲ ਉਸ ਦਾ ਭਾਈਵਾਲ ਹੈ, ਇਸ ਲਈ ਉਹ ਉਸ ’ਤੇ ਹੋਰ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੇ।ਹੁਣ ਵਾਸ਼ਿੰਗਟਨ - ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸਪਸ਼ਟ ਕਰ ਦਿਤਾ ਹੈ ਕਿ ਅਮਰੀਕਾ ਈਰਾਨ ਦੇ ਖਿਲਾਫ ਕਿਸੇ ਵੀ ਇਜ਼ਰਾਈਲੀ ਜਵਾਬੀ ਹਮਲੇ ਵਿਚ ਹਿੱਸਾ ਨਹੀਂ ਲਵੇਗਾ। ਵ੍ਹਾਈਟ ਹਾਊਸ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਏਬੀਸੀ ਦੇ "ਦਿਸ ਵੀਕ" ਨੂੰ ਦੱਸਿਆ ਕਿ ਸੰਯੁਕਤ ਰਾਜ ਇਜ਼ਰਾਈਲ ਨੂੰ ਆਪਣੇ ਬਚਾਅ ਵਿੱਚ ਮਦਦ ਕਰਨਾ ਜਾਰੀ ਰੱਖੇਗਾ, ਪਰ ਇਰਾਨ ਨਾਲ ਜੰਗ ਨਹੀਂ ਚਾਹੁੰਦਾ ।

ਦੂਜੇ ਪਾਸੇ ਈਰਾਨ ਨਾਲ ਰੂਸ ਦੇ ਸਮਰਥਨ ਦੇ ਠੋਸ ਸੰਕੇਤ ਮਿਲੇ ਹਨ। ਅਜਿਹੇ ਵਿਚ ਪੱਛਮੀ ਏਸ਼ੀਆ ਦੇ ਜੰਗ ਦੇ ਮੈਦਾਨ ਵਿਚ ਵੱਡੀਆਂ ਤਾਕਤਾਂ ਦੇ ਫਸਣ ਦਾ ਡਰ ਹੋਰ ਵੀ ਡੂੰਘਾ ਹੋ ਗਿਆ ਹੈ। ਹਾਲਾਂਕਿ ਚੀਨ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੈ, ਪਰ ਉਸ ਨੇ ਦਮਿਸ਼ਕ ਵਿੱਚ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਪੱਛਮੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਚੀਨ ਨੂੰ ਕਿਹਾ ਸੀ ਕਿ ਉਹ ਈਰਾਨ 'ਤੇ ਜਵਾਬੀ ਕਾਰਵਾਈ ਨਾ ਕਰਨ ਲਈ ਦਬਾਅ ਬਣਾਏ।ਪਰ ਚੀਨ ਨੇ ਇਸ ਤੋਂ ਇਨਕਾਰ ਕਰ ਦਿੱਤਾ। ਜ਼ਾਹਿਰ ਹੈ ਕਿ ਯੂਕਰੇਨ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਵੀ ਵੱਡੀਆਂ ਤਾਕਤਾਂ ਦੀ ਸਿੱਧੀ ਜਾਂ ਅਸਿੱਧੀ ਲਾਮਬੰਦੀ ਦਿਖਾਈ ਦੇ ਰਹੀ ਹੈ। ਇਹ ਸਪੱਸ਼ਟ ਤੌਰ 'ਤੇ ਸੰਯੁਕਤ ਰਾਸ਼ਟਰ ਦੇ ਅਧੀਨ ਬਣੀ ਵਿਸ਼ਵ ਪ੍ਰਣਾਲੀ ਦੀ ਬੇਅਸਰਤਾ ਦਾ ਸਬੂਤ ਹੈ।ਸੰਯੁਕਤ ਰਾਸ਼ਟਰ ਦੀ ਅਪੀਲ ਹੁਣ ਤੱਕ ਕਿਸੇ ਵੀ ਜੰਗ ਨੂੰ ਰੋਕਣ ਲਈ ਕਾਰਗਰ ਸਾਬਤ ਨਹੀਂ ਹੋਈ । ਅੱਜ ਇਹ ਖ਼ਤਰਨਾਕ ਅਤੇ ਮੰਦਭਾਗੀ ਸਥਿਤੀ ਸਾਡੇ ਸਾਹਮਣੇ ਹੈ, ਜਿਸ ਵਿੱਚ ਜੰਗ ਦਾ ਘੇਰਾ ਵਧਦਾ ਜਾ ਰਿਹਾ ਹੈ।