ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਨੂੰ 'ਸੁਰੱਖਿਅਤ' ਕਰਨ ਵਿੱਚ ਅਸਫਲ ਰਹਿਣ ਲਈ ਯੂਕੇ ਪੀਐਮ ਬੋਰਿਸ ਜੌਹਨਸਨ ਦੀ ਹੋਈ ਸਖ਼ਤ ਆਲੋਚਨਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 30 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਜਗਤਾਰ ਸਿੰਘ ਜੌਹਲ ਜੋ ਕਿ ਜੱਗੀ ਵਜੋਂ ਜਾਣਿਆ ਜਾਂਦਾ ਹੈ, ਨੂੰ ਨਵੰਬਰ 2017 ਵਿੱਚ ਹਿੰਦੁਸਤਾਨ ਅੰਦਰ ਉਸਦੇ ਵਿਆਹ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜਿਸ 'ਤੇ ਹਿੰਦੂ ਨੇਤਾਵਾਂ ਦੇ ਕਤਲੇਆਮ ਦੀ ਸਾਜਿਸ਼ ਵਿਚ ਪੈਸੇਆਂ ਰਾਹੀਂ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸਦਾ ਉਹ ਅਤੇ ਉਸਦਾ ਪਰਿਵਾਰ ਜ਼ੋਰਦਾਰ ਇਨਕਾਰ ਕਰਦਾ ਹੈ। 34 ਸਾਲਾਂ ਜੱਗੀ ਉਦੋਂ ਤੋਂ ਹੀ ਪੰਜਾਬ ਦੀ ਜੇਲ੍ਹ ਮਗਰੋਂ ਹੁਣ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਨਜ਼ਰਬੰਦ ਹੈ।ਵੈਸਟ ਡਨਬਰਟਨਸ਼ਾਇਰ ਦੇ ਐਮਪੀ ਮਾਰਟਿਨ ਡੋਚਰਟੀ-ਹਿਊਜ਼ ਨੇ ਐਸਐਨਪੀ ਦੁਆਰਾ ਪੇਸ਼ ਕੀਤੇ ਇੱਕ ਜ਼ਰੂਰੀ ਸੰਸਦੀ ਸਵਾਲ ਦੇ ਦੌਰਾਨ ਪ੍ਰਧਾਨ ਮੰਤਰੀ 'ਤੇ ਤਿੱਖਾ ਹਮਲਾ ਕੀਤਾ। ਉਸਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਿੰਦੁਸਤਾਨ ਵਿੱਚ ਵਪਾਰਕ ਗੱਲਬਾਤ ਤੋਂ ਬਾਅਦ ਸ੍ਰੀ ਜੌਹਲ ਨੂੰ ਘਰ (ਯੂਕੇ) ਲਿਆਉਣ ਵਿੱਚ ਅਸਫਲ ਰਹਿਣ ਲਈ ਬੋਰਿਸ ਜੌਹਨਸਨ ਦੀ ਆਲੋਚਨਾ ਕੀਤੀ।
ਡੋਚਰਟੀ-ਹਿਊਜ਼ ਨੇ ਕਿਹਾ "ਕੀ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜਗਤਾਰ ਸਿੰਘ ਜੌਹਲ ਦੀ ਮਨਮਾਨੀ ਨਜ਼ਰਬੰਦੀ 'ਤੇ ਸਿੱਧੇ ਤੌਰ 'ਤੇ ਚੁਣੌਤੀ ਦਿੱਤੀ ਸੀ, ਜਿਸ ਨੂੰ ਬੇਗੁਨਾਹ ਹੁੰਦੇ ਹੋਏ ਵੀ ਹੁਣ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ.?" ਜਿਸ ਤੇ ਵਿਦੇਸ਼ ਮੰਤਰੀ ਵਿੱਕੀ ਫੋਰਡ ਨੇ ਯੂਕੇ ਸਰਕਾਰ ਨੂੰ ਇਹ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਨੇ ਆਪਣੀ ਹਿੰਦੁਸਤਾਨ ਫੇਰੀ ਦੌਰਾਨ ਸ੍ਰੀ ਜੌਹਲ ਦਾ ਮਾਮਲਾ ਉਠਾਇਆ ਸੀ।ਇਥੇ ਇਹ ਮੰਨਿਆ ਜਾ ਰਿਹਾ ਹੈ ਕਿ ਬੋਰਿਸ ਜੌਹਨਸਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੌਂਸਲਰ ਮਾਮਲਿਆਂ ਬਾਰੇ ਇੱਕ ਨੋਟ ਸੌਂਪਿਆ ਸੀ ।ਸੰਸਦੀ ਕਾਮਨਜ਼ ਵਿੱਚ ਆਪਣੇ ਬਿਆਨ ਤੋਂ ਬਾਅਦ, ਐਮਪੀ ਡੋਚਰਟੀ-ਹਿਊਜ਼ ਨੇ ਅੱਗੇ ਕਿਹਾ "ਇਹ ਮੇਰੇ ਹਲਕੇ ਲਈ ਇੱਕ ਬਹੁਤ ਵੱਡਾ ਝਟਕਾ ਹੈ ਕਿ ਜੌਹਲ ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਡੰਬਰਟਨ ਦੇ ਇੱਕ ਬ੍ਰਿਟਿਸ਼ ਨਾਗਰਿਕ ਦੇ ਮਨੁੱਖੀ ਅਧਿਕਾਰਾਂ 'ਤੇ ਵਪਾਰਕ ਸੌਦੇ ਨੂੰ ਤਰਜੀਹ ਦਿੰਦੇ ਹੋਏ ਦੇਖਿਆ। ਉਨ੍ਹਾਂ ਅੱਗੇ ਕਿਹਾ ਕਿ “ਹਿੰਦੁਸਤਾਨੀ ਮੂਲ ਦੇ ਲੱਖਾਂ ਯੂਕੇ ਦੇ ਨਾਗਰਿਕਾਂ ਲਈ ਇਸ ਦੇ ਲੰਬੇ ਸਮੇਂ ਦੇ ਨਤੀਜੇ ਵੀ ਚੁੱਪਚਾਪ ਡਰਾਉਣੇ ਹਨ ਤੇ ਉਹ ਅੱਜ ਸੋਚ ਰਹੇ ਹੋਣਗੇ ਕਿ ਕੀ ਉਨ੍ਹਾਂ ਦੇ ਪੁੱਤਰ ਨੂੰ ਸੜਕ ਤੋਂ ਫੜਿਆ ਜਾਵੇਗਾ ਅਤੇ ਅਣਪਛਾਤੀ ਹਿੰਦੁਸਤਾਨੀ ਪੁਲਿਸ ਦੁਆਰਾ ਜੇਲ੍ਹ ਡੱਕਿਆ ਜਾਵੇਗਾ, ਕੀ ਇਹ ਉਨ੍ਹਾਂ ਦੀ ਧੀ ਹੋਵੇਗੀ ਜਿਸ ਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਜਾਣਗੇ, ਜਾਂ ਕੀ ਉਨ੍ਹਾਂ ਦੇ ਬੱਚਿਆਂ ਨੂੰ ਹਿੰਦੁਸਤਾਨੀ ਸਰਕਾਰ ਦੁਆਰਾ ਮਨਮਾਨੇ ਤੌਰ 'ਤੇ ਨਜ਼ਰਬੰਦ ਕੀਤਾ ਜਾ ਸਕਦਾ ਹੈ ਜਿਸਦਾ ਯੂਕੇ-ਹਿੰਦੁਸਤਾਨ ਸਬੰਧਾਂ 'ਤੇ ਕੋਈ ਨਤੀਜਾ ਨਹੀਂ ਨਿਕਲਦਾ।
ਉਨ੍ਹਾਂ ਅੱਗੇ ਕਿਹਾ ਕਿ "ਦੀਵਾਲੀ ਤੱਕ ਵਪਾਰਕ ਸੌਦਾ ਕਰਨ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ, ਪ੍ਰਧਾਨ ਮੰਤਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਗਤਾਰ ਸਿੰਘ ਜੌਹਲ ਦੀਵਾਲੀ ਤੱਕ ਆਜ਼ਾਦ ਹੋ ਜਾਣ ਅਤੇ ਇਹ ਕਿ ਉਹ ਛੇਵਾਂ ਸਾਲ ਮਨਮਾਨੀ ਨਜ਼ਰਬੰਦੀ ਵਿੱਚ ਨਾ ਬਿਤਾਉਣ।" ਲੇਬਰ ਸੰਸਦ ਮੈਂਬਰ ਤਨ ਢੇਸੀ ਨੇ ਵੀ ਪ੍ਰਧਾਨ ਮੰਤਰੀ 'ਤੇ ਆਪਣੀ ਹਿੰਦੁਸਤਾਨ ਯਾਤਰਾ ਤੋਂ ਬਾਅਦ ਸੰਸਦ ਮੈਂਬਰਾਂ ਨੂੰ ਨਿੱਜੀ ਤੌਰ 'ਤੇ ਅਪਡੇਟ ਕਰਨ ਵਿੱਚ ਅਸਫਲ ਰਹਿਣ ਲਈ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ “ਉਹ ਬ੍ਰਿਟਿਸ਼ ਨਾਗਰਿਕਾਂ ਦੀ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਨਜ਼ਰਬੰਦੀ ਦੇ ਬਹੁਤ ਮਸ਼ਹੂਰ ਮੁੱਦਿਆਂ ਨੂੰ ਉੱਚ ਪੱਧਰ 'ਤੇ ਉਠਾਉਣ ਦੀ ਖੇਚਲ ਕਿਉਂ ਨਹੀਂ ਕਰ ਸਕਦੇ ਸਨ.?"
ਲਿਬ ਡੈਮ ਦੇ ਸੰਸਦ ਮੈਂਬਰ ਅਲਿਸਟੇਅਰ ਕਾਰਮਾਈਕਲ ਨੇ ਕਿਹਾ "ਜਦੋਂ ਪ੍ਰਧਾਨ ਮੰਤਰੀ ਨੇ ਜਗਤਾਰ ਸਿੰਘ ਜੌਹਲ ਦਾ ਮਾਮਲਾ ਉਠਾਇਆ, ਤਾਂ ਕੀ ਉਨ੍ਹਾਂ ਨੇ ਇਸ ਆਧਾਰ 'ਤੇ ਅਜਿਹਾ ਕੀਤਾ ਕਿ ਪਿਛਲੇ ਚਾਰ ਸਾਲਾਂ ਤੋਂ ਸ੍ਰੀ ਜੌਹਲ ਮਨਮਾਨੀ ਨਜ਼ਰਬੰਦੀ ਦਾ ਸ਼ਿਕਾਰ ਹਨ?"
ਯੂਕੇ ਸੰਸਦ ਵਿਚ ਵਿਦੇਸ਼ ਮੰਤਰੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਯੂਕੇ ਸਰਕਾਰ ਮਨਮਾਨੀ ਨਜ਼ਰਬੰਦੀ ਦੀ ਵਰਤੋਂ ਦੀ ਨਿੰਦਾ ਕਰਦੀ ਹੈ ਅਤੇ ਸੰਸਦ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਵਿਦੇਸ਼ ਸਕੱਤਰ, ਲਿਜ਼ ਟਰਸ, ਜੋਹਲ ਪਰਿਵਾਰ ਅਤੇ ਮਿਸਟਰ ਡੋਚਰਟੀ-ਹਿਊਜ਼ ਨਾਲ ਸਮੇਂ ਸਿਰ ਮੁਲਾਕਾਤ ਕਰਨਗੇ।
Comments (0)