ਪੰਜਾਬ ਵਿਚ ਨਸ਼ਾ ਪੀੜਤਾਂ ਦੀ ਗਿਣਤੀ 7 ਲੱਖ ਤੋਂ ਵੱਧ ਕੇ 9.50 ਲੱਖ 'ਤੇ ਪੁੱਜੀ

ਪੰਜਾਬ ਵਿਚ ਨਸ਼ਾ ਪੀੜਤਾਂ ਦੀ ਗਿਣਤੀ 7 ਲੱਖ ਤੋਂ ਵੱਧ ਕੇ 9.50 ਲੱਖ 'ਤੇ ਪੁੱਜੀ

*ਨਸ਼ਾ ਤਸਕਰਾਂ ਦੀਆਂ ਹੁਣ ਤਕ 127 ਕਰੋੜ ਰੁਪਏ ਦੀਆਂ 294 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ- ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਸਿਹਤ ਅਤੇ ਪੁਲਿਸ ਵਿਭਾਗ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ । ਸਰਕਾਰੀ ਤੇ ਗੈਰ-ਸਰਕਾਰੀ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਲਈ ਨਸ਼ਾ ਪੀੜਤਾਂ ਦੀ ਗਿਣਤੀ 7 ਲੱਖ ਤੋਂ ਵੱਧ ਕੇ 9.50 ਲੱਖ 'ਤੇ ਪੁੱਜ ਗਈ ਹੈ ।ਇਹ ਦਾਅਵਾ ਸਿਹਤ ਵਿਭਾਗ ਦੀ ਇਕ ਰਿਪੋਰਟ ਵਿਚ ਹੀ ਕੀਤਾ ਗਿਆ ਹੈ ।ਹਾਲਾਂਕਿ ਸੂਬੇ ਅੰਦਰ 528 ਓ.ਓ.ਏ.ਟੀ, 36 ਸਰਕਾਰੀ, 185 ਨਿੱਜੀ ਨਸ਼ਾ ਛੁਡਾਊ ਅਤੇ ਸੈਂਕੜੇ ਮੁੜ ਵਸੇਬਾ ਕੇਂਦਰਾਂ ਵਲੋਂ ਨਸ਼ਾ ਪੀੜਤਾਂ ਦੇ ਇਲਾਜ ਲਈ ਸੇਵਾਵਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ । ਪਰ ਇਸ ਦੇ ਬਾਵਜੂਦ ਇਸ ਦੇ ਆਏ ਦਿਨ ਨਸ਼ੇ ਨਾਲ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ । ਇਹ ਵੀ ਕਿ ਪੰਜਾਬੀਆਂ ਨੂੰ ਚਿੱਟੇ ਦੇ ਨਸ਼ੇ ਨੇ ਮਧੋਲ ਕੇ ਰੱਖ ਦਿੱਤਾ ਹੈ ।

ਪੰਜਾਬ ਅੰਦਰ ਛੋਟੀ ਉਮਰ ਦੇ ਸਕੂਲੀ ਬੱਚੇ ਚਿੱਟੇ ਦੀ ਗਿ੍ਫ਼ਤ 'ਚ ਆ ਰਹੇ ਹਨ ।ਭਾਵੇਂ ਕਿ ਸੂਬੇ ਦੀ ਹਰ ਸਿਆਸੀ ਪਾਰਟੀ ਨਸ਼ਿਆਂ ਦਾ ਮੁੱਦਾ ਚੁੱਕ ਰਹੀ ਹੈ ਪਰ ਸੂਬੇ ਅੰਦਰ ਚਿੱਟੇ ਦੇ ਨਸ਼ੇ ਦੀ ਖਪਤ ਵਧਣ ਦੀ ਸੱਤਾਧਾਰੀ ਧਿਰ ਸਮੇਤ ਕਿਸੇ ਵੀ ਰਾਜਸੀ ਪਾਰਟੀ ਨੂੰ ਕੋਈ ਚਿੰਤਾ ਨਹੀਂ ਜਾਪਦੀ । ਚੋਣਾਂ ਨੇੜੇ ਵੇਖਦਿਆਂ ਪੰਜਾਬ ਦੀ ਸਿਆਸਤ ਗਰਮਾਈ ਗਈ ਹੈ ਅਤੇ ਤਾਜ਼ਾ ਹਾਲਾਤ ਵਿਚ ਪੰਜਾਬ ਪੁਲਿਸ ਵਲੋਂ ਵੱਡੇ ਵੱਡੇ ਮਗਰਮੱਛ ਫੜਨ ਦੇ ਦਾਅਵੇ ਪੇਸ਼ ਕੀਤੇ ਜਾ ਰਹੇ ਹਨ ।ਉਕਤ ਹਾਲਾਤ ਦੇ ਚਲਦਿਆਂ ਮਾਪੇ ਜਿੱਥੇ ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਅਰਦਾਸਾਂ ਕਰ ਰਹੇ ਹਨ, ਉੱਥੇ ਉਨ੍ਹਾਂ ਦੀ ਉਕਤ ਕਾਰਨਾਂ ਦੇ ਚਲਦਿਆਂ ਆਰਥਿਕਤਾ ਵੀ ਲੜਖੜਾ ਗਈ ਹੈ ।ਰੁਜ਼ਗਾਰ ਦੇ ਵਸੀਲਿਆਂ ਦੀ ਘਾਟ ਅਤੇ ਨਸ਼ਿਆਂ ਦੇ ਡਰ ਦੇ ਸਤਾਏ ਮਾਪੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਪੁੱਤਰਾਂ ਨੂੰ ਵਿਦੇਸ਼ਾਂ ਵਿਚ ਗੋਰਿਆਂ ਦੀ ਚਾਕਰੀ ਲਈ ਭੇਜਣ ਲਈ ਮਜਬੂਰ ਹਨ ।ਜਾਣਕਾਰੀ ਅਨੁਸਾਰ ਪੰਜਾਬ ਅੰਦਰ ਪਿਛਲੇ ਸਮੇਂ ਉਕਤ ਕੇਂਦਰਾਂ ਵਿਚ 7.4 ਲੱਖ ਨਸ਼ਾ ਪੀੜਤ ਇਲਾਜ ਲਈ ਰਜਿਸਟਰਡ ਸਨ, ਜਿਸ ਦੀ ਗਿਣਤੀ ਵੱਧ ਕੇ ਹੁਣ 9.50 ਲੱਖ 'ਤੇ ਅੱਪੜ ਗਈ ਹੈ । ਇਹ ਅੰਕੜੇ ਹੈਰਾਨੀਜਨਕ ਹਨ ਕਿਉਂਜੋ ਹਰ ਸਾਲ 20 ਹਜ਼ਾਰ ਤੋਂ ਵੱਧ ਨਸ਼ਾ ਪੀੜਤ ਕੇਂਦਰਾਂ 'ਚ ਇਲਾਜ ਲਈ ਪੁੱਜੇ ਹਨ । ਪ੍ਰਾਪਤ ਅੰਕੜਿਆਂ ਅਨੁਸਾਰ 2 ਲੱਖ 77 ਹਜ਼ਾਰ ਦੇ ਕਰੀਬ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਅਤੇ 6.50 ਲੱਖ ਤੋਂ ਵੱਧ ਨਿੱਜੀ ਕੇਂਦਰਾਂ ਵਿਚ ਇਲਾਜ ਕਰਵਾਏ ਜਾਣ ਦਾ ਪਤਾ ਲੱਗਿਆ ਹੈ।ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪੰਜਾਬ ਵਿਚ ਹਰ ਸਾਲ 6500 ਕਰੋੜ ਦੀ ਹੈਰੋਇਨ ਅਤੇ 7500 ਕਰੋੜ ਦੇ ਓਪੋਓਇਡਜ਼ ਦੀ ਖਪਤ ਹੈ । ਇਹ ਵੀ ਕਿ ਨਸ਼ਾ ਛਡਾਉਣ ਲਈ ਨਸ਼ੇ ਦੀ ਕਾਟ ਲਈ ਹਸਪਤਾਲਾਂ ਵਿਚੋਂ ਦਿੱਤੀ ਜਾਂਦੀ ਬਿਊਪ੍ਰੋਨੋਰਫਿਨ ਗੋਲੀ ਨੂੰ ਲੈਣ ਲਈ ਹਸਪਤਾਲਾਂ ਅੰਦਰ ਨਸ਼ੇੜੀਆਂ ਦੀਆਂ ਲੰਬੀਆਂ ਕਤਾਰਾਂ ਲੱਗਦੀਆਂ ਹਨ ।ਇਹ ਵੀ ਕਿ ਨਸ਼ੇ ਦੀ ਤਲਬ ਦੇ ਚਲਦਿਆਂ ਨਸ਼ੇੜੀਆਂ ਨੂੰ ਇਹ ਗੋਲੀ 100-100 ਰੁਪਏ ਵਿਚ ਵੀ ਖ਼ਰੀਦਣੀ ਪੈਂਦੀ ਹੈ ।ਇਥੇ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸਾਲ 2023 ਵਿਚ ਹੁਣ ਤੱਕ ਦੀ ਸਭ ਤੋਂ ਵੱਧ 1161 ਕਿੱਲੋਗਰਾਮ ਹੈਰੋਇਨ, 795 ਕਿੱਲੋਗਰਾਮ ਅਫ਼ੀਮ, 403 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਓਡਜ ਦੀਆਂ 83.17 ਲੱਖ ਗੋਲੀਆਂ ਆਦਿ ਦੇ ਨਾਲ ਨਾਲ ਨਸ਼ਾ ਤਸਕਰਾਂ ਕੋਲੋਂ 13 ਕਰੋੜ ਤੋਂ ਵੱਧ ਡਰੱਗ ਮਨੀ ਵੀ ਬਰਾਮਦ ਕੀਤੀ ਸੀ ।  ਸਾਲ 2023 ਵਿਚ ਪੰਜਾਬ ਪੁਲਿਸ ਨੇ 10,786 ਮੁਕੱਦਮੇ ਦਰਜ ਕਰ ਕੇ 14,951 ਨਸ਼ਾ ਤਸਕਰਾਂ ਸਪਲਾਇਰਾਂ ਨੂੰ ਗਿ੍ਫ਼ਤਾਰ ਕੀਤਾ ਸੀ ।ਬੀਤੇ ਸਾਲ ਨਸ਼ਾ ਤਸਕਰਾਂ ਦੀਆਂ 127 ਕਰੋੜ ਰੁਪਏ ਦੀਆਂ 294 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਸਨ ।