ਟੈਕਸਾਸ ਵਿਚ ਖਤਰਨਾਕ ਤੂਫਾਨ ਨੇ ਲਈਆਂ 7 ਜਾਨਾਂ, ਹਜਾਰਾਂ ਲੋਕ ਬਿਨਾਂ ਬਿਜਲੀ ਰਹਿਣ ਲਈ ਮਜਬੂਰ

ਟੈਕਸਾਸ ਵਿਚ ਖਤਰਨਾਕ ਤੂਫਾਨ ਨੇ ਲਈਆਂ 7 ਜਾਨਾਂ, ਹਜਾਰਾਂ ਲੋਕ ਬਿਨਾਂ ਬਿਜਲੀ ਰਹਿਣ ਲਈ ਮਜਬੂਰ
ਕੈਪਸ਼ਨ ਹੋਸਟਨ, ਟੈਕਸਾਸ ਵਿਚ ਆਏ ਤੂਫਾਨ ਕਾਰਨ ਡਿੱਗੇ ਦਰੱਖਤ ਤੇ ਮਕਾਨਾਂ ਦੀਆਂ ਟੁੱਟੀਆਂ ਛੱਤਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਟੈਕਸਾਸ ਵਿਚ ਖਤਰਨਾਕ ਤੂਫਾਨ ਵਿਚ 7 ਲੋਕਾਂ ਦੇ ਮਾਰੇ ਜਾਣ ਤੇ ਅਰਬ ਡਾਲਰਾਂ ਦਾ ਨੁਕਸਾਨ ਹੋਣ ਦੀਆਂ ਖਬਰਾਂ ਹਨ। 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨੇ ਵੱਡੀ ਪੱਧਰ 'ਤੇ ਨੁਕਸਾਨ ਕੀਤਾ ਹੈ । ਜਗਾ ਜਗਾ ਦਰੱਖਤ ਡਿੱਗੇ ਪਏ ਹਨ ਤੇ ਬਿਜਲੀ ਦੀ ਸਪਲਾਈ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਈ ਹੈ। ਹਜਾਰਾਂ ਲੋਕ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਤੂਫਾਨ ਤੋਂ ਬਾਅਦ ਹੋਸਟਨ ਖੇਤਰ ਵਿਚ ਤਪਸ਼ ਨੇ ਲੋਕਾਂ ਦਾ ਜੀਣਾ ਬੇਹਾਲ ਕਰ ਦਿੱਤਾ ਹੈ। ਉੱਚੀਆਂ ਇਮਰਾਤਾਂ ਦੀਆਂ ਖਿੜਕੀਆਂ ਟੁੁੱਟ ਗਈਆਂ ਹਨ ਅਤੇ ਮਕਾਨਾਂ ਦੀਆਂ ਕੰਧਾਂ ਤੇ ਛੱਤਾਂ ਨੂੰ ਨੁਕਸਾਨ ਪੁੱਜਾ ਹੈ। ਹੋਸਟਨ ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਹੈ ਕਿ ਟਰਾਂਸਮਿਸ਼ਨ ਲਾਈਨਾਂ ਨੂੰ ਪੁੱਜੇ ਨੁਕਸਾਨ ਕਾਰਨ ਬਿਜਲੀ ਬਹਾਲ ਕਰਨ ਵਿਚ ਕਈ ਦਿਨ ਜਾਂ ਹਫਤੇ ਲੱਗ ਸਕਦੇ ਹਨ। ਦਫਤਰ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਬਿਜਲੀ ਸੇਵਾ ਜਿੰਨੀ ਛੇਤੀ ਸੰਭਵ ਹੋ ਸਕਿਆ ਬਹਾਲ ਕਰ ਦਿੱਤੀ ਜਾਵੇਗੀ। ਦਫਤਰ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਹੈ। ਐਕੂ ਵੈਦਰ ਦੇ ਮੁੱਢਲੇ ਅਨੁਮਾਨ ਅਨੁਸਾਰ ਟੈਕਸਾਸ ਤੂਫਾਨ ਕਾਰਨ ਇਕੱਲੇ ਹੋਸਟਨ ਮੈਟਰੋਪੋਲੀਟਨ ਖੇਤਰ ਵਿਚ 5 ਅਰਬ ਡਾਲਰ ਤੋਂ ਵਧ ਦਾ ਆਰਥਕ ਨੁਕਸਾਨ ਹੋਇਆ ਹੈ। ਇਹ ਤੂਫਾਨ 2008 ਤੇ 1983 ਵਿਚ ਅਲੀਸੀਆ ਵਿਚ ਆਏ ਇਤਿਹਾਸਕ ਝਖੜ ਵਰਗਾ ਸੀ ਜਿਨਾਂ ਕਾਰਨ ਭਾਰੀ ਨੁਕਸਾਨ ਝਲਣਾ ਪਿਆ ਸੀ। ਰਾਸ਼ਟਰਪਤੀ ਜੋ ਬਾਈਡਨ ਨੇ ਤੂਫਾਨ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਮੁਕੰਮਲ ਸਹਿਯੋਗ ਦਾ ਭਰੋਸਾ ਦਿੱਤਾ ਹੈ।