ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲਤਾ ਦਾ ਸਮਰਥਨ-ਸਿੱਖ ਜਥੇਬੰਦੀਆਂ ਯੂ,ਕੇ

ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲਤਾ ਦਾ ਸਮਰਥਨ-ਸਿੱਖ ਜਥੇਬੰਦੀਆਂ ਯੂ,ਕੇ

" ਸ਼ਹੀਦਾਂ ਅਤੇ ਜੇਹਲਾਂ ਵਿੱਚ ਬੰਦ ਜੁਝਾਰੂਆਂ ਤੇ ਸਿੱਖ ਕੌਮ  ਨੂੰ ਫਖਰ ਹੈ "

ਅੰਮ੍ਰਿਤਸਰ ਟਾਈਮਜ਼

ਲੰਡਨ- ਲੰਬੇ ਅਰਸੇ ਤੋਂ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਵੱਖ ਵੱਖ ਸਿੱਖ ਸੰਸਥਾਵਾਂ ਵਲੋਂ ਯਤਨ ਅਰੰਭੇ ਜਾ ਰਹੇ ਹਨ । ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਵਿੱਚ ਸਮੁੱਚੀ ਸਿੱਖ ਕੌਮ ਨੂੰ ਜਥੇਬੰਦਕ ਹੱਦਾਂ ਤੋਂ ਉਪਰ ਉੱਠ ਕੇ ਇਕ ਵੱਡੀ ਲਹਿਰ ਬਣਾਉਣ ਲਈ ਸਾਥ ਦੇਣ ਦੀ ਲੋੜ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਅਤੇ ਬੱਬਰ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਿੱਖ ਜਥੇਬੰਦੀਆਂ ਦੇ ਇਸ ਕਾਰਜ ਦਾ ਸਮਰਥਨ ਕੀਤਾ ਗਿਆ ਹੈ। ਭਾਈ ਨਿਰਮਲ ਸਿੰਘ ਸਿੰਘ ਸੰਧੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਜਥੇਦਾਰ ਜੋਗਾ ਸਿੰਘ ਵਲੋਂ ਜੇਹਲਾਂ ਵਿੱਚ ਬੰਦ ਸਿੰਘਂ ਦੀ ਕੁਰਬਾਨੀ ਨੂੰ ਸਿੱਜਦਾ ਕਰਦਿਆਂ ਆਖਿਆ ਗਿਆ ਕਿ ਉਹਨਾਂ ਨੇ ਆਪਣੀ ਚੜਦੀ ਜਵਾਨੀ ਅਤੇ ਜਵਾਨੀ ਦੀ ਸਿਖਰ ਦੁਪਿਹਰ ਸਿੱਖ ਕੋਮ ਨੂੰ ਅਜਾਦ ਕਰਵਾਉਣ ਲਈ ਵਾਰ ਦਿੱਤੀ।  ਢਾਈ ਦਹਾਕਿਆਂ ਤੋਂ ਵੱਧ ਸਮਾਂ ਜੇਲਾਂ ਵਿੱਚ ਗੁਜ਼ਾਰ ਦਿੱਤਾ ਹੈ।  ਸਿੱਖ ਕੌਮ  ਪ੍ਰਤੀ ਸਨੇਹ ਰੱਖਣ ਵਾਲੇ ਪੰਜਾਬ ਦੇ ਵਿਧਾਇਕਾਂ ਦਾ ਇਖਲਾਕੀ ਫਰਜ਼ ਹੈ ਕਿ  ਤਾਮਿਲਨਾਡੂ ਸਰਕਾਰ ਦੀ ਤਰਜ਼ ਤੇ ਉਹ ਪੰਜਾਬ ਐਸੰਬਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਸ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਜਿਹੜੇ ਵੀ ਵਿਧਾਇਕ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਰੋਧ ਵਿੱਚ ਭੁਗਤਣਗੇ ਸਿੱਖ ਕੌਮ ਉਹਨਾਂ ਨੂੰ ਕਦੇ ਮੁਆਫ ਨਹੀਂ ਕਰੇਗੀ ਅਤੇ ਪੰਜਾਬ ਦੇ ਅਣਖੀ ਸਿੱਖ ਉਹਨਾਂ ਦਾ ਪਿੰਡਾਂ ਵਿੱਚ ਵੜਨਾ ਦੁੱਭਰ ਕਰ ਦੇਣਗੇ। ਜਿਕਰਯੋਗ ਹੈ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਦੌਰਾਨ ਜਿਥੇ ਅਣਗਿਣਤ ਸਿੰਘ ਸਿੱਖ ਕੌਮ ਨੂੰ ਅਜਾਦ ਕਰਵਾਉਣ ਲਈ ਜੂਝਦੇ ਹੋਏ ਸ਼ਹੀਦ ਹੋ ਗਏ ਹਨ ਉਥੇ ਭਾਈ ਜਗਤਾਰ ਸਿੰਘ ਹਾਵਾਰਾ, ਭਾਈ ਜਗਤਾਰ ਸਿੰਘ ਤਾਰਾ ,ਭਾਈ ਪਰਮਜੀਤ ਸਿੰਘ ਭਿਉਰਾ ਸਮੇਤ ਕਈ ਅਜਿਹੇ ਬੰਦੀ ਸਿੰਘ ਹਨ ਜਿਹਨਾਂ ਨੂੰ ਪੈਰੋਲ ਵੀ ਨਹੀ  ਦਿੱਤੀ ਜਾ ਰਹੀ ਜੋ ਕਿ ਜੇਲ੍ਹ ਨਿਯਮਾਂ ਅਨੁਸਾਰ ਹਰੇਕ ਉਮਰ ਕੈਦੀ ਦਾ  ਹੱਕ ਹੋਇਆ ਕਰਦਾ ਹੈ । ਸਿੱਖ ਜਥੇਬੰਦੀਆਂ ਵਲੋਂ  ਆਖਿਆ ਗਿਆ ਕਿ ਸਿੱਖ ਸੰਘਰਸ਼ ਦੌਰਾਨ ਜੂਝ ਕੇ  ਸ਼ਹੀਦ ਹੋਏ ਅਤੇ ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਕੌਮ ਨੂੰ ਸਦਾ ਫਖਰ ਰਹੇਗਾ ।