ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ

ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ।

ਮੈਕਾਲਿਫ ਅਤੇ ਹੋਰ ਵਿਦਵਾਨ ਲਿਖਦੇ ਹਨ ਕਿ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੂੰ ਜਦ ਪਤਾ ਲੱਗ ਗਿਆ ਕਿ ਬਹਾਦੁਰ ਸ਼ਾਹ ਨੂੰ ਗੁਰੂੂ ਗੋਬਿੰਦ ਸਿੰਘ ਜੀ ਦੀ ਇਮਦਾਦ ਨਾਲ ਬਾਦਸ਼ਾਹੀ ਹਾਸਲ ਹੋ ਗਈ ਹੈ ਅਤੇ ਗੁਰੂ ਸਾਹਿਬ ਨਾਲ ਉਸ ਦੀ ਬਹੁਤ ਨੇੜਤਾ ਹੋ ਚੁੱਕੀ ਹੈ ਤਾਂ ਉਹ ਬਹੁਤ ਡਰ ਗਿਆ। ਉਸ ਨੂੰ ਜਾਪਿਆ, ਉਸ ਦੁਆਰਾ ਮਾਸੂਮ ਬੱਚਿਆਂ ਤੇ ਢਾਹੇ ਜ਼ੁਲਮ ਕਰਕੇ ਉਸ ਨੂੰ ਸਖਤ ਸਜ਼ਾ ਮਿਲਣੀ ਲਾਜ਼ਮੀ ਹੋ ਗਈ ਹੈ। ਤਦ ਉਸ ਨੇ ਦੋ ਸਰਕਾਰੀ ਅਹਿਲਕਾਰ ਪਠਾਣਾਂ ਨੂੰ ਗੁਰੂ ਸਾਹਿਬ ਦੇ ਪਿੱਛੇ ਲਾ ਦਿੱਤਾ। ਦਸਵੇਂ ਪਾਤਸ਼ਾਹ ਉਸ ਵੇਲੇ ਨਾਂਦੇੜ ਸਾਹਿਬ ਬਿਰਾਜਮਾਨ ਸਨ। ਇਕ ਸ਼ਾਮ ਰਹਿਰਾਸ ਦੇ ਪਾਠ ਤੋਂ ਬਾਅਦ ਗੁਰੂ ਸਾਹਿਬ ਆਪਣੇ ਸ਼ਾਮਿਆਨੇ ਵਿਚ ਸਨ। ‘ਸ੍ਰੀ ਗੁਰੁ ਸ਼ੋਭਾ’ ਦਾ ਕਰਤਾ ਲਿਖਦਾ ਹੈ- “ਗਹੀ ਦੁਸ਼ਟਿ ਜਮਧਾਰ ਉਰ ਵਾਰ ਕੀਨਾ”। ਦੁਸ਼ਟ ਪਠਾਣ ਜਮਸ਼ੇਦ ਖਾਨ ਨੇ ਮੌਕਾ ਤਾੜ ਕੇ ਕਟਾਰ ਨਾਲ ਗੁਰੂ ਸਾਹਿਬ ਦੇ ਪੇਟ ਪਰ ਸਖਤ ਵਾਰ ਕਰ ਦਿੱਤਾ। ਦੂਜਾ ਵਾਰ ਉਹ ਕਰਨ ਲੱਗਾ ਸੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਥਾਏਂ ਢੇਰ ਕਰ ਦਿੱਤਾ। ਗੁਰੂ ਸਾਹਿਬ ਦੇ ਜ਼ਖਮ ਬਹੁਤ ਗਹਿਰਾ ਸੀ, ਪਲੰਘ ਲਹੂ-ਲੁਹਾਣ ਹੋ ਗਿਆ ਸੀ। ਹਕੀਮ ਬੁਲਾਇਆ ਗਿਆ, ਉਸ ਨੇ ਮਰ੍ਹਮ ਪੱਟੀ ਕੀਤੀ ਤੇ ਘਾਵ ਸਿਉਂ (ਸੀਅ) ਦਿੱਤਾ। ਮੈਕਾਲਿਫ ਲਿਖਦਾ ਹੈ, ਬਹਾਦੁਰ ਸ਼ਾਹ ਕੋਲ ਇਸ ਮੰਦੀ ਘਟਨਾ ਦੀ ਇਤਲਾਹ ਪਹੁੰਚੀ ਤਾਂ ਉਸ ਨੇ ਸ਼ਾਹੀ ਹਕੀਮ ਤੇ ਅੰਗਰੇਜ਼ ਸਰਜਨ (ਕਾਲ ਉਸੀਹ) ਨੂੰ ਇਲਾਜ ਲਈ ਭੇਜਿਆ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਦਾ ਲਿਖਾਰੀ ਵੀ ਪੁਸ਼ਟੀ ਕਰਦਾ ਲਿਖਦਾ ਹੈ- ਕਾਲ ਉਸੀਹ ਦਾਨਇ ਫਿਰੰਗ ਕੋ, ਸਾਹੀ ਹਕੀਮਨ ਕੋ ਫਰਮਾਯੋ। ਖਿਜਮਤ ਜਾਇ ਕਰੋ ਗੁਰ ਕੀ।

ਕੁਝ ਦਿਨਾਂ ਵਿਚ ਜ਼ਖ਼ਮ ਭਰ ਗਿਆ ਤੇ ਅੰਗੂਰ ਆ ਗਿਆ ਸੀ। ਫਿਰ ਇਕ ਦਿਨ ਗੁਰੂ ਸਾਹਿਬ ਨੇ ਭਾਰੀ ਕਮਾਨ ਤੇ ਚਿੱਲਾ ਚੜ੍ਹਾਇਆ ਤਾਂ ਪਾਤਸ਼ਾਹ ਦੇ ਸਿਉਂਤੇ ਹੋਏ ਅੱਲੇ ਜ਼ਖ਼ਮ ਫਿਰ ਖੁੱਲ੍ਹ ਗਏ। ਤਦ ਗੁਰੂ ਸਾਹਿਬ ਫਰਮਾਇਆ- ਹੁਣ ਸਭ ਉਪਾਅ ਵਿਅਰਥ ਹਨ। ਜਾਣੋ ਸਾਡਾ ਇਸ ਮਾਤਲੋਕ ਤੋਂ ਚਲੇ ਜਾਣ ਦਾ ਸਮਾਂ ਆਣ ਪਹੁੰਚਾ ਹੈ। ਉਸ ਵੇਲੇ ਭਾਈ ਦਇਆ ਸਿੰਘ ਤੇ ਹੋਰ ਸਿੰਘ ਉਨ੍ਹਾਂ ਦੇ ਪਾਸ ਖਲੋਤੇ ਸਨ। ਉਦਾਸ ਮੰਜ਼ਰ ਵੇਖ ਕੇ ਸਾਰੇ ਵੈਰਾਗ ਵਿਚ ਆ ਗਏ। ਸਿੱਖ ਕਹਿਣ ਲੱਗੇ- ਮਹਾਰਾਜ ਇਹ ਕੀ ਭਾਣਾ ਵਰਤਾਇਆ ਹੈ। ਗੁਰੂ ਜੀ ਕਿਹਾ- ਭਾਈ ਸਿੱਖੋ! ਇਹ ਸਭ ਕੁਝ ਉਸ ਮਹਾਂਕਾਲ ਜੀ ਕੀ ਰਜਾਇ ਵਿਚ ਹੋ ਰਹਾ ਹੈ। ਭਾਣਾ ਅਮਿੱਟ ਹੈ। ਫਿਰ ਇਕ ਸਮੇਂ ਗੁਰੂ ਸਾਹਿਬ ਨੇ ਖਾਲਸ ਵੱਲ ਵੇਖਿਆ ਤੇ ਕਿਹਾ- ਸਾਡਾ ਅੰਤ ਸਮਾਂ ਆ ਗਿਆ ਹੈ, ਹੁਣ ਅਸਾਂ ਉਸ ਨਿਰੰਕਾਰ ਦੀ ਦਰਗਾਹ ਵਿਚ ਚਲੇ ਜਾਣਾ ਹੈ। ਸਿੱਖ ਬੇਵਸ ਹੋਏ ਕਹਿਣ ਲੱਗੇ- ਗੁਰੂ ਮਹਾਰਾਜ ਜੀ ਸਾਨੂੰ ਦੱਸੋ, ਸਾਨੂੰ ਕਿਸ ਦੇ ਸਹਾਰੇ ਛੱਡ ਚੱਲੇ ਹੋ? ਆਪ ਜੀ ਤੋਂ ਪਿਛੋਂ ਗੱਦੀ-ਨਸ਼ੀਨ ਕੌਣ ਹੋਵੇਗਾ? ‘ਬੰਸਾਵਲੀਨਾਮਾ’ ਦਾ ਕਰਤਾ ਕੇਸਰ ਸਿੰਘ ਛਿੱਬਰ ਲਿਖਦਾ ਹੈ; ਜਦ ਗੁਰੂ ਸਾਹਿਬ ਜਾਣ ਲੱਗੇ ਤਾਂ ਸਿੰਘਾਂ ਨੇ ਪੁੱਛਿਆ-

ਗਰੀਬ ਨਿਵਾਜ! ਸਿੱਖ-ਸੰਗਤਿ ਹੈ ਤੇਰੀ, ਇਸ ਦਾ ਕੀ ਹਵਾਲ।

ਗੁਰੂ ਸਾਹਿਬ ਬਚਨ ਕੀਤਾ- ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ।

ਗੁਰੂ ਸਾਹਿਬ ਫਰਮਾਇਆ- ਇਹ ਪੰਥ ਅਸੀਂ ਅਕਾਲ ਪੁਰਖ ਜੀ ਦੀ ਆਗਿਆ ਪਾ ਕੇ ਸਾਜਿਆ ਹੈ। ਉਹ ਹਰ ਥਾਏਂ ਹਰ ਮੁਸ਼ਕਿਲ ਵਿਚ ਸਹਾਈ ਹੋਵੇਗਾ। ਅਸਾਂ ਤੁਹਾਨੂੰ ਸਿੱਧਾ ਉਸ ਦੇ ਲੜ ਲਾਇਆ ਹੈ; ਉਹ ਆਪੇ ਲੜ ਲੱਗਿਆਂ ਦੀ ਲਾਜ ਪਾਲੇਗਾ।

ਗੁਰੂ ਸਾਹਿਬ ਨੇ ਇਸ਼ਨਾਨ ਕੀਤਾ; ਪੁਸ਼ਾਕਾ ਬਦਲਿਆ। ਗੁਰੂ ਕੀਆ ਸਾਖੀਆਂ ਦਾ ਕਰਤਾ ਲਿਖਦਾ ਹੈ- ਤਦ ਗੁਰੂ ਸਾਹਿਬ ਨੇ ਕੋਲ ਖਲੋਤੇ ਭਾਈ ਦਇਆ ਸਿੰਘ ਨੂੰ ਕਿਹਾ- ਭਾਈ ਸਿੱਖਾ! ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਆਈਏ। ਅਸਾਂ ਇਸੇ ਗੁਰਤਾ ਬਖਸ਼ਣੀ ਹੈ। ਗੁਰੂ ਸਾਹਿਬ ਦਾ ਬਚਨ ਪਾ ਕੇ ਭਾਈ ਦਇਆ ਸਿੰਘ ਪਾਵਨ ਬੀੜ ਲੈ ਆਇਆ ਅਤੇ ਪ੍ਰਕਾਸ਼ ਕਰ ਦਿੱਤਾ। ਪੰਚਾਂਮ੍ਰਿਤ ਤਿਆਰ ਕਰ ਕੇ ਇਕ ਸਿੱਖ ਨੇ ਚੌਕੀ ਪਰ ਰੱਖ ਦਿੱਤਾ।

ਅਰਦਾਸ ਹੋਣ ਉਪਰੰਤ ਗੁਰੂ ਸਾਹਿਬ ਗੁਰਤਾ ਦੇਨੇ ਲੱਗੇ ਤਾਂ ਉਹਨਾਂ ਨੇ ਪਾਂਚ ਪੈਸੇ ਏਕ ਨਰੀਏਰ ਹਾਥ ਵਿਚ ਲੈ ਕੇ ਚਾਰਪਾਈ ਪਰ ਬਿਰਾਜਮਾਨ ਹੋਇਆਂ ਭਾਈ ਦਇਆ ਸਿੰਘ ਨੂੰ ਕਿਹਾ- ਇਨ੍ਹੇ ਸ੍ਰੀ ਗ੍ਰੰਥ ਸਾਹਿਬ ਜੀ ਕੇ ਆਗੇ ਟਿਕਾਇ ਦਿਉ। ਪੰਥ ਪ੍ਰਕਾਸ਼ ਦੇ ਰਚੈਤਾ ਗਿਆਨੀ ਗਿਆਨ ਸਿੰਘ ਲਿਖਦੇ ਹਨ- ਤਦ ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਫਰਮਾਇਆ-

ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥

ਗੁਰੂ ਗ੍ਰੰਥ ਕੋ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭੁ ਕੋ ਮਿਲਬੋ ਚਹਹਿ ਖੋਜ ਸ਼ਬਦ ਮੇਂ ਲੇਹ॥2॥

ਭੱਟ ਵੰਸ਼ਾਵਲੀ ਦੇ ਸਜਰੇ ਅਨੁਸਾਰ ਭੱਟ ਕੀਰਤ ਜੀ ਜਿਨ੍ਹਾਂ ਦੇ ਸਵੱਈਏ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ, ਉਨ੍ਹਾਂ ਦਾ ਇਕ ਪੜਪੋਤਰਾ ਹੋਇਆ ਭੱਟ ਨਰਬਦ। ਸੀ੍ਰ ਅਨੰਦਪੁਰ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਉਹ ਭਾਈ ਨਰਬਦ ਸਿੰਘ ਬਣ ਗਏ। ਗੁਰੂ ਸਾਹਿਬ ਜਦ ਚਮਕੌਰ ਸਾਹਿਬ ਦੀ ਜੰਗ ਪਿਛੋਂ ਤਲਵੰਡੀ ਸਾਬੋ ਆਏ ਤਾਂ ਭਾਈ ਨਰਬਦ ਸਿੰਘ ਜਨਵਰੀ 1706 ਈ. ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਉਥੇ ਆਇਆ। ਗੁਰੂ ਸਾਹਿਬ ਤਲਵੰਡੀ-ਸਾਬੋ ਤਕਰੀਬਨ ਨੌਂ ਮਹੀਨੇ ਰਹੇ ਅਤੇ ਅਕਤੂਬਰ 1706 ਈ. ਨੂੰ ਦੱਖਣ ਵੱਲ ਚੱਲ ਪਏ। ਉਸ ਵਕਤ ਭਾਈ ਨਰਬਦ ਸਿੰਘ ਵੀ ਉਨ੍ਹਾਂ ਨਾਲ ਦੱਖਣ ਵੱਲ ਚਲਾ ਗਿਆ। ਉਸ ਦੀ ਲਿਖਤ ਭੱਟ ਵਹੀ ਤਲਾਉਂਡਾ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਣ ਵਕਤ ਭਾਈ ਨਰਬਦ ਸਿੰਘ ਉਥੇ ਹਜ਼ੂਰ ਸਾਹਿਬ ਨੰਦੇੜ ਮੌਜੂਦ ਸੀ।

ਭੱਟ ਵਹੀ ਤਲਾਉਂਡਾ ਪਰਗਨਾ ਜੀਂਦ ਵਿਚ ਲਿਖਿਆ ਮਿਲਦਾ ਹੈ- “ਗੁਰੂ ਗੋਬਿੰਦ ਸਿੰਘ ਮਹਲ ਦਸਮਾਂ, ਬੇਟਾ ਗੁਰੂ ਤੇਗ ਬਹਾਦੁਰ ਜੀ ਕਾ, ਪੋਤਾ ਗੁਰੂ ਹਰਿਗੋਬਿੰਦ ਜੀ ਕਾ, ਪੜਪੋਤਾ ਗੁਰੂ ਅਰਜਨ ਜੀ ਕਾ, ਬੰਸ ਗੁਰੂ ਰਾਮਦਾਸ ਜੀ ਕੀ ਸੂਰਜ ਬੰਸੀ ਗੋਸਲ ਗੋਤਰਾ ਸੋਢੀ ਖਤਰੀ ਬਾਸੀ ਅਨੰਦਪੁਰ ਪ੍ਰਗਨਾ ਕਹਿਲੂਰ, ਮੁਕਾਮ ਨਦੇੜ, ਤਟ ਗੋਦਾਵਰੀ, ਦੇਸ ਦੱਖਨ, ਸੰਮਤ ਸਤਰਾਂ ਸੈ ਪੈਂਸਠ, ਕਾਰਤਕ ਮਾਸ ਕੀ ਚਉਥ, ਸ਼ੁਕਲਾ ਪਖੇ ਬੁਧਵਾਰ ਕੇ ਦਿਹੁੰ, ਭਾਈ ਦੈਯਾ ਸਿੰਘ ਸੇ ਬਚਨ ਹੂਆ, ਸ੍ਰੀ ਗ੍ਰੰਥ ਸਾਹਿਬ ਲੇ ਆਓ। ਬਚਨ ਪਾਇ ਦੈਆ ਸਿੰਘ ਸ੍ਰੀ ਗ੍ਰੰਥ ਸਾਹਿਬ ਲੇ ਆਏ। ਗੁਰੂ ਜੀ ਨੇ ਪਾਂਚ ਪੈਸੇ ਏਕ ਨਰੀਏਰ ਆਗੇ ਬੇਟਾ ਰਖ ਮਾਥਾ ਟੇਕਾ। ਸਰਬੱਤ ਸੰਗਤ ਸੇ ਕਹਾ- ਮੇਰਾ ਹੁਕਮ ਹੇ, ਮੇਰੀ ਜਗ੍ਹਾ, ਸ੍ਰੀ ਗ੍ਰੰਥ ਜੀ ਕੋ ਜਾਨਨਾ। ਜੋ ਸਿੱਖ ਜਾਨੇਗਾ, ਤਿਸ ਕੀ ਘਾਲ ਥਾਇ ਪਏਗੀ, ਗੁਰੂ ਤਿਸ ਕੀ ਬਹੁੜੀ ਕਰੇਗਾ, ਸਤਿ ਕਰ ਮਾਨਨਾ।”

ਮਹਿਮਾ ਪ੍ਰਕਾਸ਼ ਵਿਚ ਸਰੂਪ ਦਾਸ ਭੱਲਾ ਇਸ ਬਾਰੇੇ ਲਿਖਦੇ ਹਨ: ਸਿੱਖਾਂ ਨੇ ਪੂਛਾ ਜੋ ਅਬ ਦਰਸ਼ਨ ਕਹਾਂ ਕਰਹਿਗੇ। ਸਤਿਗੁਰ ਦੀਨ ਦਿਆਲ ਬਚਨ ਕੀਆ- ਜੋ ਦਸ ਸਰੂਪ ਹਮਾਰੇ ਪੂਰਨ ਭਏ ਹੈਂ। ਅਬ ਮੇਰੀ ਜਾਹਗਾ (ਜਗ੍ਹਾ) ਗੁਰੂ ਗ੍ਰੰਥ ਸਾਹਿਬ ਕੋ ਜਾਨਨਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ; ਆਦਿ ਗ੍ਰੰਥ ਸਾਹਿਬ ਕਾ ਪਾਠ ਕਰਨਾ, ਮੇਰੇ ਸੇ ਬਾਤਾਂ ਹੋਏਂਗੀ।”

ਅੱਧੀ ਰਾਤ ਤੋਂ ਕੁਝ ਸਮੇਂ ਉਪਰੰਤ ਗੁਰੂ ਸਾਹਿਬ ਨੇ ਸੰਗਤ ਨੂੰ ਬੁਲਾਇਆ ਸੀ ਤੇ ਅੰਤ ਵਾਰ (ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ) ਬੁਲਾ ਕੇ ਜੋਤੀ ਜੋਤ ਸਮਾ ਗਏ। ਕਵਿ ਸੈਨਾਪਤੀ ਜੀ ‘ਸ੍ਰੀ ਗੁਰ ਸ਼ੋਭਾ’ ਵਿਚ ਗੁਰੂ ਸਾਹਿਬ ਜੀ ਦੇ ਅੰਤਮ ਸਮੇਂ ਦੇ ਜ਼ਿਕਰ ਬਾਰੇੇ ਲਿਖਦੇ ਹਨ-

ਟੇਰਿ (ਆਵਾਜ਼) ਕਰੀ ਤਾਹਿ ਸਮੈ, ਜਾਗੇ ਸਿੰਘ ਅਪਾਰੁ॥

ਵਾਹਗੁਰੂ ਜੀ ਕੀ ਫਤੇ, ਕਹੀ ਅੰਤ ਬਾਰੁ॥34॥

ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਸੀ੍ਰ ਗੁਰੂ ਗੋਬਿੰਦ ਸਿੰਘ ਜੀ ‘ਦਸਾਂ ਪਾਤਸ਼ਾਹੀਆਂ ਦੀ ਜੋਤਿ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਬਖਸ਼ ਕੇ ਸੰਮਤ 1765 ਕੱਤਕ ਸੁਦੀ ਪੰਚਮੀ ਨੂੰ ਨਿਰੰਕਾਰ ਦੀ ਜੋਤਿ ਵਿਚ ਜਾ ਲੀਨ ਹੋਏ।

 

ਗੱਜਣਵਾਲਾ ਸੁਖਮਿੰਦਰ