ਗੁਰਦੁਆਰਾ ਪ੍ਰਬੰਧ: ਮੌਜੂਦਾ ਸਮੇਂ 'ਚ ਸਾਡੇ ਕਰਨ ਗੋਚਰੇ ਕਾਰਜ

ਗੁਰਦੁਆਰਾ ਪ੍ਰਬੰਧ: ਮੌਜੂਦਾ ਸਮੇਂ 'ਚ ਸਾਡੇ ਕਰਨ ਗੋਚਰੇ ਕਾਰਜ

ਗੁਰੂ ਨਾਨਕ ਪਾਤਿਸਾਹ ਜਿੱਥੇ-ਜਿੱਥੇ ਗਏ, ਸੰਗਤਾਂ ਬਣੀਆਂ

ਗੁਰੂ ਨਾਨਕ ਪਾਤਿਸਾਹ ਜਿੱਥੇ-ਜਿੱਥੇ ਗਏ, ਸੰਗਤਾਂ ਬਣੀਆਂ। ਸੰਗਤਾਂ ਦੇ ਮਿਲ ਕੇ ਬੈਠਣ ਲਈ ਧਰਮਸਾਲ ਬਣੀ। ਹੌਲੀ-ਹੌਲੀ ਧਰਮਸਾਲ ਭੁੱਖਿਆਂ ਲਈ ਲੰਗਰ, ਰਾਹਗੀਰਾਂ ਲਈ ਵਿਸ਼ਰਾਮ ਦੀ ਥਾਂ, ਪੜ੍ਹਨ ਵਾਲਿਆਂ ਲਈ ਵਿਦਿਆਲਿਆ, ਰੋਗੀਆਂ ਲਈ ਸਫ਼ਾਖ਼ਾਨਾ ਅਤੇ ਲੋੜਵੰਦਾਂ ਲਈ ਕਿਲ੍ਹਾ ਬਣ ਗਈਆਂ। ‘ਧਰਮਸਾਲ’ ਜਿਸ ਨੂੰ ਹੁਣ ਆਪਾਂ ‘ਗੁਰਦੁਆਰਾ’ ਕਹਿੰਦੇ ਹਾਂ।  ‘ਭਾਈ ਕਾਨ੍ਹ ਸਿੰਘ ਨਾਭਾ’ ਵੀ ‘ਮਹਾਨ ਕੋਸ਼’ ਅੰਦਰ ਗੁਰਦੁਆਰਾ ਸਾਹਿਬ ਬਾਬਤ ਲਿਖਦੇ ਹਨ ਕਿ “ਗੁਰਦੁਆਰਾ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ….. ਸਿੱਖਾਂ ਦਾ ਗੁਰਦੁਆਰਾ ਵਿਦਯਾਰਥੀਆਂ ਲਈ ਸਕੂਲ, ਆਤਮਜਿਗਯਾਸਾ ਵਾਲਿਆਂ ਲਈ ਗਿਯਾਨਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।” ਗੁਰਦੁਆਰਾ ਸਿੱਖਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਜੀਵਨ ਦਾ ਕੇਂਦਰ ਹੈ। 

ਗੁਰਦੁਆਰਾ ਪ੍ਰਬੰਧ ਸਿੱਖ ਲਈ ਸਭ ਤੋਂ ਸਿਰਮੌਰ ਜਿੰਮੇਵਾਰੀ ਹੈ। ਇਤਿਹਾਸ ਦੇ ਵੱਖ-ਵੱਖ ਸਮਿਆਂ ’ਚ ਇਹ ਪ੍ਰਬੰਧ ਸਥਾਨਕ ਸੰਗਤਾਂ ਵੇਖਦੀਆਂ ਰਹੀਆਂ ਹਨ, ਸੰਗਤਾਂ ਹੀ ਕਿਸੇ ਗੁਣੀ ਸਖਸ਼ੀਅਤ ਨੂੰ ਇਸ ਪ੍ਰਬੰਧ ਦੀ ਜਿੰਮੇਵਾਰੀ ਦੇ ਦਿੰਦੀਆਂ ਅਤੇ ਜਦੋਂ ਕੋਈ ਪ੍ਰਬੰਧਕ ਗੁਰੂ ਆਸ਼ੇ ਅਨੁਸਾਰ ਨਾ ਚੱਲਦਾ ਤਾਂ ਸੰਗਤਾਂ ਉਸ ਪ੍ਰਬੰਧਕ ਨੂੰ ਬਦਲ ਦਿੰਦੀਆਂ। ਤੀਜੇ ਪਾਤਿਸਾਹ ਨੇ ਪ੍ਰਚਾਰ ਲਈ 22 ਮੰਜੀਆਂ ਥਾਪੀਆਂ। ਚੌਥੇ ਪਾਤਿਸਾਹ ਨੇ ਇਸੇ ਪੱਖ ਤੋਂ ਹੋਰ ਮਸੰਦਾਂ ਨੂੰ ਜਿੰਮੇਵਾਰੀ ਦਿੱਤੀ। ਇਹ ਮਸੰਦ ਗੁਰ ਉਪਦੇਸ਼ ਦਾ ਪ੍ਰਚਾਰ ਕਰਦੇ ਅਤੇ ਸੰਗਤਾਂ ਦਾ ਦਸਵੰਧ ਗੁਰੂ ਤੱਕ ਪਹੁੰਚਾਇਆ ਕਰਦੇ ਸਨ। ਸਮੇਂ ਦੇ ਗੇੜ ਨਾਲ ਮਸੰਦ ਗੁਰੂ ਤੋਂ ਬੇਮੁੱਖ ਹੋਣ ਲੱਗੇ। ਉਹ ਇਥੋਂ ਤੱਕ ਆ ਗਏ ਕਿ ਉਹਨਾਂ ਨੇ ਨੌਵੇਂ ਪਾਤਿਸਾਹ ਨੂੰ ਹਰਮਿੰਦਰ ਸਾਹਿਬ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ। ਫਿਰ ਸਮਾਂ ਆਇਆ ਤਾਂ ਦਸਵੇਂ ਪਾਤਿਸਾਹ ਨੇ ਮਸੰਦਾਂ ਦਾ ਖ਼ਾਤਮਾ ਕੀਤਾ, ਸਿੱਖ ਸੰਗਤ ਨੂੰ ਇਹਨਾਂ ਨਾਲ ਨਾ-ਮਿਲਵਰਤਨ ਦੇ ਹੁਕਮ ਕੀਤੇ। ਕਿਸੇ ਵਕਤ ਆਪਣੇ ਹੱਥੀਂ ਥਾਪੇ ਮਸੰਦ ਆਪੇ ਖਤਮ ਕੀਤੇ।

ਫਿਰ ਸਮਾਂ ਬੀਤਿਆ, ਸਿੰਘਾਂ ਨੂੰ ਘਰ ਘਾਟ ਛੱਡਣੇ ਪਏ, ਪ੍ਰਬੰਧ ਉਦਾਸੀ ਅਤੇ ਸਹਿਜਧਾਰੀ ਸਿੱਖਾਂ ਨੇ ਸੰਭਾਲਿਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਗੁਰੂ ਘਰਾਂ ਦੇ ਨਾਮ ਜਗੀਰਾਂ ਲੱਗੀਆਂ, ਫਿਰ ਹੌਲੀ-ਹੌਲੀ ਸਭ ਕੁਝ ਹੋਰ ਪਾਸੇ ਨੂੰ ਤੁਰਨ ਲੱਗਿਆ। ਫਿਰ ਵੀ ਕਾਫੀ ਚਿਰ ਸਥਾਨਕ ਸੰਗਤ ਦੇ ਡਰੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹਨਾਂ ਨੂੰ ਪੁਜਾਰੀ ਜਾ ਮਹੰਤ ਵੀ ਕਿਹਾ ਜਾਂਦਾ ਸੀ, ਆਪਣੇ ਆਚਰਣ ਅਤੇ ਰਹਿਣੀ ਬਹਿਣੀ ਨੂੰ ਠੀਕ ਰੱਖਦੇ ਸਨ। ਪਰ ਅੰਗਰੇਜਾਂ ਦੇ ਆਉਣ ਨਾਲ ਹਲਾਤ ਹੋਰ ਬਦਲ ਗਏ। ਗੁਰਦੁਰਿਆਂ ਦੇ ਪ੍ਰਬੰਧਾਂ ਵਾਸਤੇ ਸਰਕਾਰ ਸਰਬਰਾਹ ਨੀਯਤ ਕਰਦੀ ਸੀ ਅਤੇ ਉਹ ਸਰਕਾਰ ਦੀ ਮਰਜੀ ਨਾਲ ਚੱਲਦਾ ਸੀ। ਮਹੰਤ ਅਤੇ ਪੁਜਾਰੀ ਸਿੱਖ ਸੰਗਤ ਤੋਂ ਆਕੀ ਹੋ ਗਏ।

ਸਮੇਂ ਨੇ ਫਿਰ ਗੇੜ ਖਾਧਾ, ਜਾਗ੍ਰਤੀ ਆਈ, ਸਿੰਘ ਸਭਾ ਲਹਿਰ ਹੋਂਦ ’ਚ ਆਈ ਅਤੇ ਖਾਲਸਾ ਦੀਵਾਨ ਬਣੇ। ਸੰਗਤ ਲੋੜੀਂਦੇ ਸੁਧਾਰ ਕਰਨ ਲਈ ਤਤਪਰ ਹੋ ਗਈ। ਸੰਗਤ ਨੇ ਆਪ ਹੀ ਹੰਭਲੇ ਮਾਰੇ, ਦੀਵਾਨ ਲਾਏ ਅਤੇ ਪ੍ਰਚਾਰ ਕੀਤਾ। ਸੰਗਤ ਨੇ ਸੰਘਰਸ਼ ਕੀਤਾ, ਲਗਾਤਾਰ ਜੂਝਦੇ ਰਹੇ, ਸ਼ਹਾਦਤਾਂ ਵੀ ਹੋਈਆਂ, ਗੁਰੂ ਪਾਤਿਸਾਹ ਦੀ ਮਿਹਰ ਅਤੇ ਸੰਗਤ ਦੇ ਉੱਦਮਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਵਾਸਤੇ, ਉਸ ਦੇ ਫੈਸਲਿਆਂ ਅਤੇ ਹੁਕਮਾਂ ਨੂੰ ਵਰਤੋਂ ਵਿੱਚ ਲਿਆਉਣ, ਉਨ੍ਹਾਂ ਅਨੁਸਾਰ ਕਾਰਵਾਈ ਕਰਨ/ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਇਹਨਾਂ ਕਾਰਜਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਦੇ ਕਾਰਜ ਵੀ ਕਰਦਾ ਰਿਹਾ। ਬਾਅਦ ਵਿੱਚ ਇਹ ਰਾਜਨੀਤਕ ਮਾਮਲਿਆਂ ਵੱਲ ਨੂੰ ਜਾਂਦਾ-ਜਾਂਦਾ ਅੰਤ ਸਮਾਂ ਪਾ ਕੇ ਨਿਰੋਲ ਰਾਜਸੀ ਪਾਰਟੀ ਬਣ ਕੇ ਰਹਿ ਗਿਆ।

ਗੁਰੂ ਦੀ ਬਖਸ਼ਿਸ਼ ਦਾ ਪਾਤਰ ਓਹੀ ਬਣਦਾ ਹੈ ਜਿਹੜਾ ਗੁਰੂ ਦੇ ਦੱਸੇ ਰਾਹ ’ਤੇ ਚੱਲਦਾ ਹੈ। ਅੱਜ ਇੱਕ ਸਦੀ ਬਾਅਦ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਅ ਰਹੀ ਤਾਂ ਮੌਜੂਦਾ ਸਮੇਂ ’ਚ ਵਿਚਰ ਰਹੇ ਜੀਆਂ ’ਤੇ ਇਹ ਜਿੰਮੇਵਾਰੀ ਆਇਦ ਹੈ ਕਿ ਉਹ ਮਜੂਦਾ ਪ੍ਰਬੰਧ ਨੂੰ ਲੋੜ ਅਨੁਸਾਰ ਸੋਧ ਕੇ ਆਪਣੀ ਰਵਾਇਤ ਅਨੁਸਾਰ ਕਰਨ ਲਈ ਯਤਨਸ਼ੀਲ ਹੋਣ। 

   ਹੁਣ ਜਿਸ ਸਥਿਤੀ ’ਚ ਆਪਾਂ ਹਾਂ, ਇੱਥੇ ਸਾਡੇ ਲਈ ਦੋ ਬਹੁਤ ਅਹਿਮ ਜਿੰਮੇਵਾਰੀਆਂ ਹਨ। ਪਹਿਲੀ ਇਹ ਕਿ ਜੋ ਗੁਰਦੁਆਰਾ ਸਾਹਿਬ ਦੀ ਪਰਿਭਾਸ਼ਾ ਆਪਾਂ ਸ਼ੁਰੂ ਵਿੱਚ ਵਿਚਾਰੀ ਹੈ, ਕੀ ਸਾਡੇ ਗੁਰਦੁਆਰਿਆਂ ਵਿੱਚ ਉਹ ਸਭ ਕੁਝ ਕਾਰਜਸ਼ੀਲ ਹੈ ਜਾਂ ਇੱਕ-ਇੱਕ ਕਰਕੇ ਮਨਫ਼ੀ ਹੋ ਗਿਆ ਹੈ। ਜੇਕਰ ਨਹੀਂ ਹੈ, ਤਾਂ ਇਹ ਸਾਡੇ ਮੁੱਢਲੇ ਕਾਰਜਾਂ ਅਤੇ ਜਿੰਮੇਵਾਰੀਆਂ ’ਚੋਂ ਇੱਕ ਹੈ ਕਿ ਅਸੀਂ ਜਿੱਥੇ ਵੀ ਸੰਭਵ ਹੋਵੇ ਉੱਥੇ ਆਪਣੇ ਗੁਰਦੁਆਰੇ ਦਾ ਅਸਲ ਪ੍ਰਬੰਧ ਮੁੜ ਸੁਰਜੀਤ ਕਰੀਏ। 

ਦੂਸਰੀ ਜਿੰਮੇਵਾਰੀ ਸਾਡੇ ’ਤੇ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਉੱਚੇ-ਸੁੱਚੇ ਗੁਣਾਂ ਦੇ ਧਾਰਨੀ ਹੋਵਣ। ਗੁਰਦੁਆਰਿਆਂ ਦਾ ਪ੍ਰਬੰਧ ਸਾਡੀ ਪੰਥਕ ਰਵਾਇਤ ਅਨੁਸਾਰ ਚੱਲੇ। ਮੌਜੂਦਾ ਸਮੇਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਬੰਧਕ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਜੋ ਕਿ ਸਾਡਾ ਤਰੀਕਾ ਨਹੀਂ ਹੈ। ਗੁਰੂ ਖਾਲਸਾ ਪੰਥ ਵਿੱਚ ਸ੍ਰੀ ਗੁਰੂ ਨਾਨਕ ਸੱਚੇ ਪਾਤਿਸਾਹ ਹਜੂਰ ਦੇ ਸਮੇਂ ਤੋਂ ਹੀ ਆਗੂ ਚੁਣਨ ਦੀ ਰਵਾਇਤ ਗੁਣ ਅਧਾਰਤ ਰਹੀ ਹੈ। 

ਇਹ ਵੀ ਹਕੀਕਤ ਹੈ ਕਿ ਹੁਣ ਵੋਟਾਂ ਵਾਲੇ ਪ੍ਰਬੰਧ ਨੂੰ ਇਕਦਮ ਖਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੋ ਤਰੀਕਾ ਗੁਰੂ ਦਾ ਹੈ ਉਹ ਹਰ ਹਾਲ, ਹਰ ਹਲਾਤ ਵਿੱਚ ਲਾਗੂ ਹੋਣ ਦੀ ਸਮਰੱਥਾ ਰੱਖਦਾ ਹੈ। ਸਾਨੂੰ ਸ਼ੁਰੂਆਤੀ ਤੌਰ ’ਤੇ ਘੱਟੋ-ਘੱਟ ਆਪਣੇ ਫੈਸਲੇ ਪੰਥਕ ਰਵਾਇਤ ਅਨੁਸਾਰ 'ਗੁਰਮਤਾ' ਰਾਹੀਂ ਕਰਨ ਦੇ ਰਾਹ ਵੱਲ ਪਰਤਣਾ ਚਾਹੀਦਾ ਹੈ, ਇੱਥੋਂ ਹੀ ਅਗਲੇ ਸਾਰੇ ਰਾਹ ਨਿਕਲਣੇ ਹਨ। ਹੁਣ ਦੀ ਸਥਿਤੀ ਵਿੱਚ ਜੇਕਰ ਕੁਝ ਹੋਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਰਾਹ ਵੱਲ ਨੂੰ ਮੁੜਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਕਤ ਅਸੀਂ ਆਪਣੇ ਉਮੀਦਵਾਰ ਦੀ ਚੋਣ ਜਰੂਰ ‘ਗੁਰਮਤਾ’ ਕਰਕੇ ਕਰਨ ਦੇ ਰਾਹ ਪਈਏ। ਸੰਗਤ ਆਪਣੇ ਹਲਕੇ ਵਿਚੋਂ ਗੁਰਮਤਾ ਕਰਕੇ ਯੋਗ ਉਮੀਦਵਾਰ ਨੂੰ ਇਸ ਪ੍ਰਬੰਧ ਲਈ ਚੁਣੇ। 

ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੀਯਤ ਕੀਤੇ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਕਾਬਜ ਹੈ ਜੋ ਇੱਕ ਨਿਰੋਲ ਸਿਆਸੀ ਪਾਰਟੀ ਹੈ। ਕੱਲ੍ਹ ਨੂੰ ਵੋਟ ਸਿਆਸਤ ਵਿੱਚ ਸਰਗਰਮ ਹੋਰ ਧਿਰਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋ ਸਕਦੀਆਂ ਹਨ, ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਵੱਲੋਂ ਨੀਯਤ ਕੀਤੇ ਜਾਇਆ ਕਰਨਗੇ। ਜੋ ਕਿ ਬਿਲਕੁਲ ਪੁੱਠਾ ਰਾਹ ਹੈ, ਇਹ ਰਾਹ ਸਾਨੂੰ ਦਿਨ ਪਰ ਦਿਨ ਹੋਰ ਨਿਗਾਰ ਵੱਲ ਲੈ ਕੇ ਜਾਵੇਗਾ। ਇਸ ਵਿੱਚੋਂ ਨਿਕਲਣ ਲਈ ਸੰਗਤ ਦੀ ਜਿੰਮੇਵਾਰੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਨੂੰ ਵੋਟ ਸਿਆਸਤ ਤੋਂ ਮੁਕਤ ਕਰਵਾਉਣ ਲਈ ਉੱਦਮ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਉਸ ਜਥੇ ਕੋਲ ਹੋਣ ਚਾਹੀਦਾ ਹੈ ਜੋ ਨਿਸ਼ਕਾਮ ਸੰਘਰਸ਼ ਕਰੇ, ਜਿਹੜਾ ਸਾਰੀਆਂ ਵੋਟ-ਸਿਆਸਤ ਵਾਲੀਆਂ ਧਿਰਾਂ ਤੋਂ ਅਜ਼ਾਦ ਵਿਚਰਦਾ ਹੋਵੇ।        

ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਆਪਣੀ ਸਭ ਤੋਂ ਸਿਰਮੌਰ ਜਿੰਮੇਵਾਰੀ ਗੁਰੂ ਦੇ ਅਦਬ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਪੰਥਕ ਰਵਾਇਤ ਅਨੁਸਾਰ ਯਤਨਸ਼ੀਲ ਹੋ ਸਕੀਏ। 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼