ਹਰਿਦੁਆਰ ਵਿੱਚ ਹੋਈ ਧਰਮ ਸੰਸਦ ਭਗਵਾਂ ਅੱਤਵਾਦ ਫੈਲਾਉਣ ਲਈ ਉਤਾਰੂ           

ਹਰਿਦੁਆਰ ਵਿੱਚ ਹੋਈ ਧਰਮ ਸੰਸਦ ਭਗਵਾਂ ਅੱਤਵਾਦ ਫੈਲਾਉਣ ਲਈ ਉਤਾਰੂ           

*ਭਗਵਿਆਂਂ  ਦੇ ਇਕੱਠ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਗੋਲੀ ਮਾਰਨ, ਮੁਸਲਮਾਨਾਂ ਦੇ ਕਤਲੇਆਮ  ਦੀ  ਦਿੱਤੀ ਧਮਕੀ

ਵਿਸ਼ੇਸ਼ ਰਿਪੋਰਟ

ਅੰਮ੍ਰਿਤਸਰ ਟਾਈਮਜ਼ ਬਿਉਰੋ

ਹਰਿਦੁਆਰ: ਬੀਤੇ ਦਿਨੀਂ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਵਿੱਚ ਹਿੰਦੂਤਵੀ ਸਾਧਾਂ-ਸਾਧਵੀਆਂ ਵੱਲੋਂ  ਨਫ਼ਰਤੀ ਜ਼ਹਿਰ ਉਗਲੀ ਤੇ ਕ੍ਰਿਸਮਸ ਤੇ  ਈਸਾ ਮਸੀਹ ਦੀ  ਮੂਰਤੀਆਂ ਤੋੜੀਆਂ ਤੇ ਜਸ਼ਨਾਂ ਵਿਚ ਭਗਵੇਂ ਗੁੰਡਿਆਂ ਵਲੋਂ  ਵਿਘਨ ਪਾਇਆ । ਇਹ ਫਿਰਕੂ ਗੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ ਏ ਪੀ ਏ) ਦੀ ਧਾਰਾ 15 ਅਨੁਸਾਰ ਭਾਰਤ ਦੀ ਏਕਤਾ, ਅਖੰਡਤਾ, ਆਰਥਿਕ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਸੰਕਟ ਵਿੱਚ ਪਾਉਣ ਜਾਂ ਸੰਕਟ ਵਿੱਚ ਪਾਉਣ ਦੇ ਇਰਾਦੇ ਨਾਲ ਭਾਰਤ ਵਿੱਚ ਜਾਂ ਵਿਦੇਸ਼ ਵਿੱਚ ਜਨਤਾ ਜਾਂ ਜਨਤਾ ਦੇ ਕਿਸੇ ਵਰਗ ਵਿੱਚ ਦਹਿਸ਼ਤ ਫੈਲਾਉਣ ਜਾਂ ਦਹਿਸ਼ਤ ਫੈਲਾਉਣ ਦੀ ਸੰਭਾਵਨਾ ਦੇ ਇਰਾਦੇ ਨਾਲ ਕੀਤੀ ਗਈ ਕਾਰਵਾਈ 'ਅੱਤਵਾਦੀ ਕਾਰਾ' ਹੋਵੇਗੀ | ਪਰ ਇਸ ਸੰਦਰਭ ਵਿਚ ਕੋਈ  ਕੇਸ ਦਰਜ ਨਹੀਂਂ ਕੀਤਾ ਗਿਆ।ਭਾਰਤ ਸਰਕਾਰ ਦੀ ਅੱਤਵਾਦ ਦੀ ਇਸ ਪ੍ਰੀਭਾਸ਼ਾ ਦੀ ਰੌਸ਼ਨੀ ਵਿੱਚ 17, 18 ਤੇ 19 ਦਸੰਬਰ ਨੂੰ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਵਿੱਚ ਹਿੰਦੂਤਵੀ ਸਾਧਾਂ-ਸਾਧਵੀਆਂ ਵੱਲੋਂ ਉਗਲੇ ਗਏ ਨਫ਼ਰਤੀ ਜ਼ਹਿਰ ਨੂੰ ਦੇਖਿਆ ਜਾਵੇ ਤਾਂ ਸਾਡੇ ਸਾਹਮਣੇ ਮੌਜੂਦਾ ਦੌਰ ਵਿੱਚ ਭਗਵੇਂਂ ਅੱਤਵਾਦ ਦਾ ਇੱਕ ਭਿਆਨਕ ਚਿਹਰਾ ਨਜ਼ਰ ਆਵੇਗਾ ।

ਹਰਿਦੁਆਰ ਵਿੱਚ ਹੋਈ ਇਹ 'ਧਰਮ ਸੰਸਦ' ਦਾ ਆਯੋਜਨ ਜੂਨਾ ਅਖਾੜੇ ਦੇ ਮਹਾਂਮੰਡਲੇਸ਼ਵਰ ਹਿੰਦੂ  ਯਤੀ ਨਰਸਿੰਹਾਨੰਦ ਨੇ ਕੀਤਾ ਸੀ ।ਨਰਸਿੰਹਾਨੰਦ ਨੇ ਸਾਧਵੀ ਦੇ ਬੋਲਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਮੁਸਲਮਾਨਾਂ ਨੂੰ ਮਾਰਨ ਲਈ ਤਲਵਾਰਾਂ ਕਾਫ਼ੀ ਨਹੀਂ ਹੋਣਗੀਆਂ ਕਿਉਂਕਿ ਉਨ੍ਹਾਂ ਕੋਲ ਵਧੀਆ ਤਕਨੀਕ ਵਾਲੇ ਹਥਿਆਰ ਹਨ ਅਤੇ ਆਰਥਿਕ ਤਾਕਤ ਵੀ ਮੁਸਲਮਾਨਾਂ ਕੋਲ ਜਾ ਰਹੀ ਹੈ। ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਅਤੇ ਪ੍ਰਬੋਧਾਨੰਦ ਗਿਰੀ ਅਨੁਸਾਰ ‘‘ਜ਼ਿਆਦਾ ਤੋਂ ਜ਼ਿਆਦਾ ਬੱਚੇ ਅਤੇ ਵਧੀਆ ਹਥਿਆਰ ਹੀ ਤੁਹਾਨੂੰ (ਭਾਵ ਹਿੰਦੂਆਂ ਨੂੰ) ਬਚਾਉਣ ਵਾਲੇ ਹਨ।’’ ਗਿਰੀ ਨੇ ਇਹ ਵੀ ਕਿਹਾ, ‘‘ਹਰ ਹਿੰਦੂ ਦਾ ਟੀਚਾ ਕੇਵਲ ਸਨਾਤਨ ਵੈਦਿਕ ਰਾਸ਼ਟਰ ਹੋਣਾ ਚਾਹੀਦਾ ਹੈ, ਅੱਜ ਇਸਾਈਆਂ ਦੇ ਲਗਭਗ 100 ਦੇਸ਼ ਹਨ, ਮੁਸਲਮਾਨਾਂ ਦੇ 57, ਬੋਧ ਧਰਮੀਆਂ ਦੇ 8, ਇੱਥੋਂ ਤਕ ਕਿ ਸਿਰਫ਼ 90 ਲੱਖ ਯਹੂਦੀਆਂ ਦਾ ਇਕ ਆਪਣਾ ਦੇਸ਼ ਇਸਰਾਈਲ ਹੈ। ਸੌ ਕਰੋੜ ਹਿੰਦੂਆਂ ਦੀ ਬਦਨਸੀਬੀ ਹੈ ਕਿ ਉਨ੍ਹਾਂ ਕੋਲ ਆਪਣਾ ਦੇਸ਼ ਕਹਿਣ ਲਈ ਇਕ ਇੰਚ ਜਗ੍ਹਾ ਨਹੀਂ ਹੈ।’’ ਭਗਵਿਆਂਂ  ਦੇ ਇਸ ਇਕੱਠ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਗੋਲੀ ਮਾਰਨ, ਮੁਸਲਮਾਨਾਂ ਦੇ ਕਤਲੇਆਮ ਤੇ ਸਰਕਾਰ ਵਿਰੁੱਧ ਯੁੱਧ ਛੇੜਨ ਤੱਕ ਦੀ ਧਮਕੀ ਦਿੱਤੀ ਗਈ |

ਇਸ ਇਕੱਠ ਵਿੱਚ ਨਿਰੰਜਣੀ ਅਖਾੜੇ ਦੀ ਮਹਾਂਮੰਡਲੇਸ਼ਵਰ ਤੇ ਹਿੰਦੂ ਮਹਾਂ ਸਭਾ ਦੀ ਜਨਰਲ ਸਕੱਤਰ ਅੰਨਪੂਰਣਾ ਮਾਂ, ਬਿਹਾਰ ਦੇ ਧਰਮ ਦਾਸ ਮਹਾਰਾਜ, ਆਨੰਦ ਸਰੂਪ ਮਹਾਰਾਜ, ਸਾਗਰ ਸਿੰਧੂ ਰਾਜ ਤੇ ਹੁਣੇ-ਹੁਣੇ ਧਰਮ ਬਦਲ ਕੇ ਜਿਤੇਂਦਰ ਨਰਾਇਣ ਸਿੰਘ ਤਿਆਗੀ ਬਣੇ ਵਸੀਮ ਰਿਜ਼ਵੀ ਸਮੇਤ ਬਹੁਤ ਸਾਰੇ ਫਿਰਕੂ ਸਾਧੂ-ਸੰਤ ਸ਼ਾਮਲ ਸਨ ।ਭਾਜਪਾ ਆਗੂ ਅਸ਼ਵਨੀ ਉਪਧਿਆਏ ਵੀ ਇੱਕ ਵਕਤਾ ਵਜੋਂ ਇਸ ਵਿੱਚ ਸ਼ਾਮਲ ਹੋਏ ।ਗਿਰੀ ਨੇ ਕਿਹਾ ਕਿ 2029 ਵਿਚ ਭਾਰਤ ਦਾ ਪ੍ਰਧਾਨ ਮੰਤਰੀ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਹੋਵੇਗਾ ਅਤੇ ਜੇ ਇਸ ਤਰ੍ਹਾਂ ਹੋ ਗਿਆ ਤਾਂ ਸਨਾਤਨ ਧਰਮ ਵਾਲਿਆਂ ਨੂੰ ਇਸਲਾਮ ਦੀ ਗ਼ੁਲਾਮੀ ਸਹਿਣੀ ਪਵੇਗੀ। 

'ਦੀ ਕੁਇੰਟ' ਵਿੱਚ ਛਪੀ ਰਿਪੋਰਟ ਅਨੁਸਾਰ ਨਰਸਿੰਹਾਨੰਦ ਨੇ 'ਸ਼ਾਸਤਰ ਮੇਵ ਜਯਤੇ' ਦਾ ਨਾਅਰਾ ਦਿੰਦਿਆਂ ਕਿਹਾ, ''ਆਰਥਿਕ ਬਾਈਕਾਟ ਨਾਲ ਕੰਮ ਨਹੀਂ ਬਣਨਾ । ਹਿੰਦੂਆਂ ਨੂੰ ਆਪਣੇ ਆਪ ਨੂੰ ਅਪਡੇਟ ਕਰਨਾ ਪਵੇਗਾ । ਤਲਵਾਰਾਂ ਸਿਰਫ਼ ਸਟੇਜ ਉੱਤੇ ਹੀ ਚੰਗੀਆਂ ਲੱਗਦੀਆਂ ਹਨ ।ਇਹ ਲੜਾਈ ਵਧੀਆ ਹਥਿਆਰਾਂ ਵਾਲੇ ਹੀ ਜਿੱਤਣਗੇ ।'' ਇਸ ਤੋਂ ਬਾਅਦ ਸਾਗਰ ਸਿੰਧੂ ਰਾਜ ਨੇ ਗੱਲ ਸਪੱਸ਼ਟ ਕਰਦਿਆਂ ਕਿਹਾ, ''ਮੈਂ ਵਾਰ-ਵਾਰ ਕਹਿੰਦਾ ਹਾਂ ਮੋਬਾਇਲ 5000 ਵਾਲਾ ਵੀ ਚੱਲ ਸਕਦਾ ਹੈ, ਪ੍ਰੰਤੂ ਹਥਿਆਰ ਘੱਟੋ-ਘੱਟ ਇੱਕ ਲੱਖ ਵਾਲਾ ਹੋਣਾ ਚਾਹੀਦਾ ਹੈ |''

ਹਿੰਦੂ ਰਖਸ਼ਾ ਸੈਨਾ ਦੇ ਪ੍ਰਧਾਨ ਸਵਾਮੀ ਪ੍ਰਬੋਧਾਨੰਦ ਗਿਰੀ ਨੇ ਕਿਹਾ, ''ਹੁਣ ਸਾਡਾ ਰਾਜ ਹੈ ।ਤੁਸੀਂ ਦੇਖਿਆ ਕਿ ਦਿੱਲੀ ਦੀ ਸਰਹੱਦ ਉੱਤੇ ਉਨ੍ਹਾਂਂ ਹਿੰਦੂ ਨੂੰ ਮਾਰ ਕੇ ਲਟਕਾ ਦਿੱਤਾ । (ਸ਼ਾਇਦ ਉਨ੍ਹਾ ਦਾ ਇਸ਼ਾਰਾ ਸਿੰਘੂ ਬਾਰਡਰ ਉੱਤੇ ਨਿਹੰਗਾਂ ਵੱਲੋਂ ਮਾਰੇ ਗਏ ਵਿਅਕਤੀ ਵੱਲ ਸੀ) ।ਹੁਣ ਹੋਰ ਵਕਤ ਨਹੀਂ, ਹਾਲਾਤ ਇਹ ਹਨ ਕਿ ਜਾਂ ਮਰਨ ਲਈ ਤਿਆਰ ਹੋ ਜਾਓ ਜਾਂ ਮਾਰਨ ਲਈ ।ਇਸ ਲਈ ਮਿਆਂਮਾਰ ਵਾਂਗ ਇੱਥੋਂ ਦੀ ਪੁਲਸ, ਰਾਜ ਨੇਤਾ, ਫੌਜ ਤੇ ਹਰ ਹਿੰਦੂ ਨੂੰ ਹਥਿਆਰ ਚੁੱਕ ਲੈਣਾ ਚਾਹੀਦਾ । ਸਾਨੂੰ ਇਹ ਸਫ਼ਾਈ ਅਭਿਆਨ ਚਲਾਉਣਾ ਹੀ ਪਵੇਗਾ |''

ਅੰਨਪੂਰਣਾ ਉਰਫ਼ ਪੂਜਾ ਸ਼ਕੁਨ ਪਾਂਡੇ ਨੇ ਕਿਹਾ, ''ਜੇਕਰ ਅਸੀਂ ਉਨ੍ਹਾਂ (ਮੁਸਲਮਾਨਾਂ) ਨੂੰ ਖ਼ਤਮ ਕਰਨਾ ਚਾਹੁੰਦੇ ਹਾਂ ਤਾਂ ਉਨ੍ਹਾਂ ਨੂੰ ਮਾਰ ਸੁੱਟੋ । ਅਸੀਂ ਸਭ ਮਿਲ ਕੇ ਉਨ੍ਹਾਂ ਦੇ 20 ਲੱਖ ਮਾਰ ਦੇਵਾਂਗੇ ਤਾਂ ਜੇਤੂ ਕਹਾਵਾਂਗੇ । ਕਾਪੀਆਂ-ਕਿਤਾਬਾਂ ਸੁੱਟੋ ਤੇ ਹਥਿਆਰ ਉਠਾ ਲਓ । ਜੇਕਰ ਸਾਡੇ ਧਰਮ ਹਿੰਦੂਤਵ ਉੱਤੇ ਖ਼ਤਰਾ ਆਵੇਗਾ ਤਾਂ ਮੈਂ ਕੁਝ ਨਹੀਂ ਸੋਚਾਂਗੀ, ਭਾਵੇਂ ਮੈਨੂੰ ਗੌਡਸੇ ਵਾਂਗ ਕਲੰਕਤ ਕਿਉਂ ਨਾ ਕਰ ਦਿੱਤਾ ਜਾਵੇ, ਮੈਂ ਹਥਿਆਰ ਉਠਾਵਾਂਗੀ ਤੇ ਹਿੰਦੂਤਵ ਨੂੰ ਬਚਾਵਾਂਗੀ ।''

ਬਿਹਾਰ ਦੇ ਧਰਮਦਾਸ ਨੇ ਕਿਹਾ, ''ਜੇਕਰ ਮੈਂ ਸੰਸਦ ਵਿੱਚ ਹੁੰਦਾ ਤਾਂ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਹ ਕਿਹਾ ਸੀ ਕਿ ਕੌਮੀ ਸਾਧਨਾਂ ਉਤੇ ਘੱਟਗਿਣਤੀਆਂ ਦਾ ਪਹਿਲਾ ਅਧਿਕਾਰ ਹੈ ਤਾਂ ਮੈਂ ਨੱਥੂ ਰਾਮ ਗੌਡਸੇ ਦੇ ਰਾਹ ਉੱਤੇ ਚੱਲ ਕੇ ਉਨ੍ਹਾਂਂ ਦੀ ਛਾਤੀ ਵਿੱਚ 6 ਗੋਲੀਆਂ ਮਾਰ ਦਿੰਦਾ । 'ਹਿੰਦੂ ਰਾਸ਼ਟਰ ਦੀ ਸਥਾਪਨਾ ਦੀ ਮੰਗ ਕਰਦਿਆਂ ਹੋਇਆਂ ਆਨੰਦ ਸਵਰੂਪ ਮਹਾਰਾਜ ਨੇ ਕਿਹਾ, ''ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ (ਹਿੰਦੂ ਰਾਸ਼ਟਰ ਦੀ) ਤਾਂ ਅਸੀਂ 1857 ਦੇ ਵਿਦਰੋਹ ਤੋਂ ਵੀ ਭਿਆਨਕ ਜੰਗ ਛੇੜ ਦਿਆਂਗੇ ।''

ਉਪਰੋਕਤ ਫਿਰਕੂ ਨਫਰਤੀ ਬੋਲ ਭਗਵੇਂਵਾਦੀ  ਅੱਤਵਾਦੀਆਂ ਦੇ ਭਾਸ਼ਣਾਂ ਦੇ ਸਿਰਫ਼ ਛੋਟੇ ਹਿੱਸੇ ਹਨ ।ਉਨ੍ਹਾਂਂ ਵੱਲੋਂ ਘੱਟ ਗਿਣਤੀਆਂ ਵਿਰੁੱਧ ਜਿਹੜਾ ਜ਼ਹਿਰ ਉਗਲਿਆ ਗਿਆ, ਉਸ ਦਾ ਵਿਸਥਾਰ ਡਰਾਉਣ ਵਾਲਾ ਹੈ । ਭਾਵੇਂ ਇਸ ਧਰਮ ਸੰਸਦ ਦੇ ਅਯੋਜਕਾਂ ਵਿਰੁੱਧ ਉਤਰਾਖੰਡ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਪਰ ਕੀ ਉਨ੍ਹਾਂ ਵਿਰੁੱਧ ਯੂ ਏ ਪੀ ਏ ਲਾਇਆ ਜਾਵੇਗਾ, ਇਸ ਦੀ ਗੁੰਜਾਇਸ਼ ਘੱਟ ਹੀ ਹੈ । ਜਾਪਦਾ ਤਾਂ ਇਹ ਹੈ ਕਿ ਸਰਕਾਰ ਤੇ ਗ੍ਰਹਿ ਮੰਤਰਾਲੇ ਦੀ ਅਜਿਹੇ ਪ੍ਰੋਗਰਾਮ ਪਿੱਛੇ ਚੁੱਪ ਸਹਿਮਤੀ ਹੈ, ਜਿਸ ਦਾ ਸਬੂਤ 19 ਦਸੰਬਰ ਨੂੰ ਦਿੱਲੀ ਵਿੱਚ ਇੱਕ ਟੀ ਵੀ ਚੈਨਲ ਦੇ ਕਰਤੇ-ਧਰਤੇ ਵੱਲੋਂ ਕਰਾਇਆ ਗਿਆ ਅਜਿਹਾ ਹੀ ਇੱਕ ਨਫ਼ਰਤੀ ਪ੍ਰੋਗਰਾਮ ਹੈ । ਸੁਦਰਸ਼ਨ ਟੀ ਵੀ ਦੇ ਮੁਖੀ ਸੁਰੇਸ਼ ਚਹਾਣਕੇ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਇੱਕ ਹਾਲ ਅੰਦਰ ਭਗਵੇਂ ਕੱਪੜੇ ਪਹਿਨੀ ਕੁੱਝ ਲੋਕ ਜੈ ਸ੍ਰੀ ਰਾਮ ਦੇ ਨਾਅਰੇ ਲਾ ਰਹੇ ਹਨ । ਹੱਥ ਵਿੱਚ ਮਾਈਕ ਫੜੀ ਚਹਾਣਕੇ ਹਾਜ਼ਰ ਲੋਕਾਂ ਨੂੰ ਇਹ ਸਹੁੰ ਚੁਕਾਉਂਦੇ ਹਨ, ''ਅਸੀਂ ਸਹੁੰ ਖਾਂਦੇ ਹਾਂ, ਬਚਨ ਦਿੰਦੇ ਹਾਂ, ਸੰਕਲਪ ਕਰਦੇ ਹਾਂ ਕਿ ਆਪਣੇ ਆਖਰੀ ਪ੍ਰਾਣਾਂ ਤੱਕ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ, ਅੱਗੇ ਵਧਣ ਲਈ ਲੜਾਂਗੇ, ਮਰਾਂਗੇ ਤੇ ਜੇ ਲੋੜ ਪਈ ਤਾਂ ਮਾਰਾਂਗੇ | ਕਿਸੇ ਵੀ ਕੁਰਬਾਨੀ ਲਈ, ਕਿਸੇ ਵੀ ਕੀਮਤ 'ਤੇ, ਇੱਕ ਪਲ ਵੀ ਪਿੱਛੇ ਨਹੀਂ ਹਟਾਂਗੇ ।'' ਚਹਾਣਕੇ ਨੇ ਇਸ ਵੀਡੀਓ ਦੀ ਕੈਪਸ਼ਨ ਵਿੱਚ ਲਿਖਿਆ ਹੈ, ''ਮੇਰੇ ਨਾਲ ਹਿੰਦੂ ਰਾਸ਼ਟਰ ਦੀ ਸਹੁੰ ਚੁੱਕਦੇ ਹੋਏ ਹਿੰਦੂ ਯੁਵਾ ਵਾਹਿਨੀ ਦੇ ਸ਼ੇਰ ਤੇ ਸ਼ੇਰਨੀਆਂ ।'' ਯਾਦ ਰਹੇ ਕਿ ਹਿੰਦੂ ਯੁਵਾ ਵਾਹਿਨੀ ਦੀ ਸਥਾਪਨਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਖੜ੍ਹੀ ਕੀਤੀ ਸੀ । ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਇਨ੍ਹਾਂ ਨਫ਼ਰਤੀ ਤੱਤਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਸਗੋਂ ਇਸ ਕਾਰਨ ਉਨ੍ਹਾਂ ਨੂੰ ਸਾਧਵੀ ਪ੍ਰਗਿਆ ਵਾਂਗ ਸਾਂਸਦ ਜਾਂ ਵਿਧਾਇਕ ਬਣਾ ਕੇ ਸਨਮਾਨਿਤ ਕੀਤਾ ਜਾਵੇਗਾ ।ਇਹ ਹਨ ਭਗਵੇਂਵਾਦੀ ਦਹਿਸ਼ਤਗਰਦ ਲੋਕ ਜਿਨ੍ਹਾਂ ਵਿਚ ਸਵਾਮੀ, ਧਰਮ-ਗੁਰੂ ਸ਼ਾਮਲ ਹਨ, ਧਰਮ ਦੇ ਨਾਂ ਤੇ ਲੋਕਾਂ ਦੇ ਮਨਾਂ ਵਿਚ ਨਫ਼ਰਤ ਦੇ ਬੀਜ ਬੋਅ ਰਹੇ ਹਨ, ਜੋ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਮਨਾਂ ਵਿਚ ਜ਼ਹਿਰ ਭਰ ਰਹੇ ਹਨ, ਉਨ੍ਹਾਂ ਸਾਹਮਣੇ ਨੱਥੂ ਰਾਮ ਗੋਡਸੇ ਬਣਨ ਦਾ ਆਦਰਸ਼ ਰੱਖ ਰਹੇ ਹਨ; ਤ੍ਰਿਣਮੂਲ ਕਾਂਗਰਸ ਦੇ ਸਾਕੇਤ ਗੋਖਲੇ ਦੀ ਸ਼ਿਕਾਇਤ ਤੇ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਨਰਸਿੰਹਾਨੰਦ ਗਿਰੀ ਨੇ ਕਿਹਾ ਕਿ ਉਸ ਨੂੰ ਆਪਣੇ ਦਿੱਤੇ ਭਾਸ਼ਣਾਂ ਤੇ ਕੋਈ ਅਫ਼ਸੋਸ ਨਹੀਂ ਅਤੇ ਉਨ੍ਹਾਂ ਤੇ ਕਾਇਮ ਹੈ।ਨਫ਼ਰਤ ਭਰੇ ਇਨ੍ਹਾਂ ਭਾਸ਼ਣਾਂ ਨੂੰ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਧਰਮ ਦੀ ਰੱਖਿਆ ਦੇ ਨਾਂ ਹੇਠ ਦਿਖਾਇਆ ਜਾ ਰਿਹਾ ਹੈ ਤੇ ਘਟ ਗਿਣਤੀਆਂ ਵਿਰੁਧ ਨਫ਼ਰਤ ਭੜਕਾਈ ਜਾ ਰਹੀ   ਹੈ।

 ਧਰਮ ਸੰਸਦ  ਭੜਕਾਊ ਭਾਸ਼ਣ ਨੂੰ ਅਸ਼ੋਕ ਗਹਿਲੋਤ ਨੇ ਨਸਲਕੁਸ਼ੀ ਦੇ ਖਦਸ਼ੇ ਨਾਲ  ਜੋੜਿਆ

ਰਾਜਸਥਾਨ ਦੇ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਬੀਤੇ ਸ਼ਨੀਵਾਰ ਨੂੰ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਹਰਿਦੁਆਰ ਦੇ ਵੇਦ ਨਿਕੇਤਨ ਧਾਮ 'ਵਿਚ ਆਯੋਜਿਤ 'ਧਰਮ ਸੰਸਦ' ਦੌਰਾਨ ਕਿਸੇ ਵਿਸ਼ੇਸ਼ ਭਾਈਚਾਰੇ ਵਿਰੁੱਧ ਕਥਿਤ ਨਫਰਤ ਭਰੇ ਭਾਸ਼ਣਾਂ ਲਈ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਨੂੰ ਧਿਆਨ ਵਿੱਚ ਚਾਹੀਦਾ ਹੈ ਅਤੇ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ।ਗਹਲੋਤ ਨੇ ਕਿਹਾ, " ਲੱਗਦਾ ਹੈ ਕਿ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਵਿਚ ਜੰਗਲ ਰਾਜ ਦਾ ਮਾਹੌਲ ਹੈ। ਦੁਨੀਆਂ ਵਿਚ ਜਦੋਂ-ਕਦੇ ਵੀ ਨਸਲਕੁਸ਼ੀ ਹੋਈ ਹੈ, ਉੱਥੇ ਅਜਿਹੇ ਹੀ ਭੜਕਾਊ ਭਾਸ਼ਣ ਹੋਏ ਸਨ ਜਿਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।''