ਪ੍ਰਵਾਸ ਕਾਰਣ ਪੰਜਾਬ ਦਾ ਹੋਇਆ ਵੱਡਾ ਆਰਥਿਕ ਉਜਾੜਾ
* ਡਰੱਗ ਦੇ ਧੰਦੇ ਤੋਂ ਡਰਦੇ ਪੰਜਾਬੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਕਰ ਰਹੇ ਨੇ ਸੈਟਲ
ਫਗਵਾੜਾ ਦੀਆਂ ਗਲੀਆਂ, ਮੁਹੱਲੇ, ਕਾਲੋਨੀਆਂ ਆਦਿ ਜਿੱਥੇ ਹਮੇਸ਼ਾ ਨੌਜਵਾਨ ਪੀੜ੍ਹੀ ਦੇ ਵੱਡੇ-ਵੱਡੇ ਇਕੱਠ ਹੁੰਦੇ ਵੇਖੇ ਜਾਂਦੇ ਸਨ। ਅੱਜ ਹਾਲਾਤ ਇਹ ਹਨ ਕਿ ਨੌਜਵਾਨ ਉੱਥੇ ਕਿਤੇ ਵੀ ਨਜ਼ਰ ਹੀ ਨਹੀਂ ਆ ਰਹੇ ਹਨ। ਆਲਮ ਇਹ ਹੈ ਕਿ ਜਿਹੜੇ ਨੌਜਵਾਨ ਹਨ, ਉਨ੍ਹਾਂ ਨੂੰ ਵੀ ਛੇਤੀ ਤੋਂ ਛੇਤੀ ਇਥੋਂ ਵਿਦੇਸ਼ਾਂ ’ਵਿਚਾਰਚ ਸੈਟਲ ਹੋਣ ਦੀ ਦੌੜ ਲਗੀ ਹੋਈ ਹੈ? ਇਹੋ ਸਮੇਂ ਦੀ ਹਕੀਕਤ ਹੈ, ਜਿਸ ਨੂੰ ਹਰ ਕੋਈ ਜਾਣਦਾ ਹੈ ਪਰ ਨਾ ਤਾਂ ਸਰਕਾਰਾਂ ਕੁਝ ਕਰ ਰਹੀਆਂ ਹਨ ਅਤੇ ਨਾ ਹੀ ਅਜਿਹੀ ਕੋਈ ਪਹਿਲ ਦੂਰ-ਦੂਰ ਤੱਕ ਵੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਵੇਖ ਕੇ ਇਹ ਕਿਹਾ ਜਾਵੇ ਕੀ ਹਾਲਾਤ ਜਲਦ ਠੀਕ ਹੋਣ ਵਾਲੇ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ਦੀ ਇਸ ਮਾਨਸਿਕ ਸਥਿਤੀ ਨੂੰ ਦੂਰ ਕੀਤਾ ਜਾ ਸਕੇ ਪਰ ਮੌਜੂਦਾ ਸਮੇਂ ਦੀ ਇਕ ਹੋਰ ਤਲਖ਼ ਹਕੀਕਤ ਇਹ ਵੀ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਹੀ ਹੈ ਕਿ ਹੁਣ ਫਗਵਾੜਾ ਸਮੇਤ ਪੰਜਾਬ ਦੇ ਦੋਆਬਾ, ਮਾਲਵਾ ਅਤੇ ਮਾਝਾ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਵਸਦੇ ਪੰਜਾਬੀ ਪਰਿਵਾਰਾਂ ਦੇ ਪਰਿਵਾਰ ਵਿਦੇਸ਼ਾਂ ਵਿਚ ਜਾ ਕੇ ਵੱਸਣ ਦੀਆਂ ਤਿਆਰੀਆਂ ਕਰ ਰਹੇ ਹਨ।
ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਸੂਬੇ ਵਿਚ ਚੰਗੇ-ਭਲੇ ਕਾਰੋਬਾਰ, ਸਨਅੱਤਾਂ, ਦੁਕਾਨਾਂ, ਸ਼ੋਅਰੂਮ ਆਦਿ ਹਨ, ਉਹ ਵੀ ਲਗਾਤਾਰ ਵਿਦੇਸ਼ਾਂ ਵਿਚ ਵਸਣ ਨੂੰ ਤਰਜੀਹ ਦੇ ਰਹੇ ਹਨ। ਜਦੋਂ ਫਗਵਾੜਾ ਸਮੇਤ ਕੁਝ ਨੇੜਲੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਪੁੱਛਿਆ ਤਾਂ ਸਾਰਿਆਂ ਨੇ ਇਕੋ ਸੁਰ ’ਵਿਚ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਵਸਣਾ ਚਾਹੁੰਦੇ ਹਨ ਅਤੇ ਇਸੇ ਕਾਰਜ ਨੂੰ ਸਿਰੇ ਚਾੜ੍ਹਣ ਲਈ ਉਨ੍ਹਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਜਦੋਂ ਨੌਜਵਾਨਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਰੋਜ਼ਗਾਰ ਨਾਲ ਸਬੰਧਤ ਕੋਈ ਠੋਸ ਉਪਰਾਲਾ ਕਰ ਰਹੀ ਹੈ ਅਤੇ ਨਾ ਹੀ ਮੌਜੂਦਾ ਸਮੇਂ ਵਿਚ ਅਜਿਹਾ ਕੋਈ ਸਰਕਾਰੀ ਸਿਸਟਮ ਹੈ, ਜਿਸ ਨਾਲ ਉਹ ਇਥੇ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਅਜਿਹੇ ਵਿਚ ਉਨ੍ਹਾਂ ਨੂੰ ਵਿਦੇਸ਼ ਜਾ ਕੇ ਸੈਟਲ ਹੋਣਾ ਹੀ ਪਵੇਗਾ। ਇਸੇ ਤਰ੍ਹਾਂ ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੇ ਬੱਚੇ ਖੁਸ਼ ਹਨ, ਉਸੇ ’ਵਿਚ ਉਹ ਖੁਸ਼ ਹਨ।ਕਈ ਲੋਕਾਂ ਨੇ ਦੱਸਿਆ ਕਿ ਫਗਵਾੜਾ ਸਮੇਤ ਕਈ ਨੇੜਲੇ ਇਲਾਕੇ ਨਸ਼ੇ ਦਾ ਵੱਡਾ ਬਾਜ਼ਾਰ ਬਣੇ ਹੋਏ ਹਨ। ਪੁਲਸ ਨੂੰ ਸਭ ਕੁਝ ਪਤਾ ਹੈ ਪਰ ਪੁਲਸ ਦੀ ਕਾਰਵਾਈ ਇਸ ਭਿਆਨਕ ਹੋ ਚੁਕੀ ਸਥਿਤੀ ਤੋਂ ਬਾਅਦ ਵੀ ਬਹੁਤ ਸੁਸਤ ਬਣੀ ਹੋਈ ਹੈ। ਕਈ ਵਾਰ ਤਾਂ ਪੁਲਸ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਖਤਮ ਕਰਨ ਲਈ ਉਪਰਾਲੇ ਵੀ ਕਰਦੀ ਹੈ ਪਰ ਇਹ ਉਪਰਾਲੇ ਬਣੇ ਹੋਏ ਹਾਲਾਤ ਨੂੰ ਵੇਖਦੇ ਹੋਏ ਬਹੁਤ ਘੱਟ ਹਨ। ਫਗਵਾਡ਼ਾ ਦਾ ਇਤਹਾਸ ਗਵਾਹ ਹੈ ਕਿ ਬੀਤੇ ਸਮੇਂ ’ਚ ਕਈ ਵਾਰ ਤਾਂ ਵੱਡੇ ਪੁਲਸ ਅਧਿਕਾਰੀ ਖੁਦ ਨਸ਼ੇ ਦੇ ਕਾਲੇ ਕਾਰੋਬਾਰ ’ਵਿਚ ਸ਼ਾਮਲ ਪਾਏ ਗਏ ਹਨ। ਅਜਿਹੇ ਵਿਚ ਉਹ ਖ਼ੁਦ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਇਸ ਕਾਲੀ ਦੁਨੀਆ ਤੋਂ ਦੂਰ ਹੋ ਕੇ ਵਿਦੇਸ਼ਾਂ ’ਵਿਚ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਅਤੇ ਉਨ੍ਹਾਂ ਨੂੰ ਵੀ ਉਥੇ ਵੀ ਬੁਲਾ ਲੈਣ।
ਪੰਜਾਬ ’ਵਿਚ ਹਜ਼ਾਰਾਂ ਨੌਜਵਾਨ ਆਈਲੈੱਟਸ ਟੈਸਟ ਦੇ ਰਹੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਟੈਸਟ ਦੇਣ ਲਈ ਹਜ਼ਾਰਾਂ ਰੁਪਏ ਖ਼ਰਚ ਆਉਂਦੇ ਹਨ। ਇਸ ਤੋਂ ਬਾਅਦ ਲੱਖਾਂ ਰੁਪਏ ਵਿਦੇਸ਼ਾਂ ਵਿਚ ਕਾਲਜਾਂ ਅਤੇ ਯੂਨੀਵਰਸਿਟੀਆਂ ਆਦਿ ’ਵਿਚ ਪੜ੍ਹਾਈ ਕਰਨ ਲਈ ਵੱਖਰੇ ਤੌਰ ’ਤੇ ਖ਼ਰਚ ਕਰਨੇ ਪੈਂਦੇ ਹਨ। ਇਹ ਸਾਰਾ ਪੈਸਾ ਪੰਜਾਬ ਦੇ ਦੋਆਬਾ, ਮਾਲਵਾ ਅਤੇ ਮਾਝੇ ਤੋਂ ਵਿਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਡਾਲਰਾਂ, ਪੌਂਡਾਂ ਵਿੱਚ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ’ਵਿਚ ਕਾਰੋਬਾਰ ਕਰਨ ਦੇ ਚਾਹਵਾਨਾਂ ਵੱਲੋਂ ਇਹੋ ਜਿਹਾ ਬਹੁਤ ਕੁਝ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਆਰਥਿਕਤਾ ’ਤੇ ਸਾਫ਼ ਵਿਖਾਈ ਦੇ ਰਿਹਾ ਹੈ। ਲੋਕਾਂ ਦੀ ਇਸ ਇੱਛਾ ਦੇ ਕਾਰਨ ਨਵੀਂ ਕਾਰੋਬਾਰੀ ਪਹਿਲ ਲਗਭਗ ਠੱਪ ਹੋ ਰਹੀ ਹੈ ਅਤੇ ਮੌਜੂਦਾ ਕਾਰੋਬਾਰੀ ਦਿਸ਼ਾ ਅਤੇ ਦਸ਼ਾ ਹਰ ਰੋਜ਼ ਮੰਦੀ ਵੱਲ ਜਾ ਰਹੀ ਹੈ।ਵਿਦੇਸ਼ਾਂ ’ਵਿਚ ਵੱਡੀ ਰਕਮ ਜਾਣ ਕਾਰਨ ਇਸ ਦਾ ਸਿੱਧਾ ਅਸਰ ਸੂਬੇ ’ਵਿਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ’ਤੇ ਸਾਫ਼ ਵਿਖਾਈ ਦੇ ਰਿਹਾ ਹੈ। ਜਦੋਂ ਨੌਜਵਾਨ ਪੀੜ੍ਹੀ ਵਿਦੇਸ਼ ਵਿਚ ਹੁੰਦੀ ਹੈ ਤਾਂ ਉਨਾਂ ਦੇ ਪਰਿਵਾਰਾਂ ਨੂੰ ਕੁਝ ਹੱਦ ਤਕ ਇਸ ਦਾ ਖ਼ਰਚਾ ਚੁੱਕਣਾ ਹੀ ਪੈਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਲੋਕ ਚਾਹ ਕੇ ਵੀ ਖ਼ਰਚ ਨਹੀਂ ਕਰ ਪਾਉਂਦੇ ਜਿਸ ਦਾ ਸਿੱਧਾ ਅਸਰ ਸੂਬੇ ’ਵਿਚ ਹਰ ਕਾਰੋਬਾਰ ’ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ਨੂੰ ਹਰ ਕੋਈ ਮਹਿਸੂਸ ਤਾਂ ਕਰ ਰਿਹਾ ਹੈ ਪਰ ਚੁੱਪ ਹੈ ਅਤੇ ਇਸੇ ਇੱਛਾ ’ਚ ਰਹਿ ਰਿਹਾ ਹੈ ਕਿ ਉਹ ਜਲਦੀ ਹੀ ਪਰਿਵਾਰ ਨਾਲ ਵਿਦੇਸ਼ ’ਵਿਚ ਜਾ ਕੇ ਸੈਟਲ ਹੋ ਜਾਵੇਗਾ ਪਰ ਇਸ ਖਾਮੋਸ਼ੀ ਦੇ ਵਿਚਕਾਰ ਵੱਡਾ ਸਵਾਲ ਇਹ ਹੈ ਕਿ ਜਦੋਂ ਅਜਿਹਾ ਹੋਵੇਗਾ ਤਾਂ ਪੰਜਾਬ ਦੀ ਤਸਵੀਰ ਕੀ ਹੋਵੇਗੀ? ਸ਼ਾਇਦ ਇਸ ਦੀ ਕਲਪਨਾ ਕਰਨਾ ਵੀ ਔਖੀ ਹੈ?
Comments (0)