ਕੇਂਦਰ ਸਰਕਾਰ ਦੀ ਪੰਥ ਵਿਚ ਦਖਲ ਅੰਦਾਜ਼ੀ ਤੋਂ ਸਖਤ ਨਰਾਜ਼ ਜਥੇਦਾਰ ਅਕਾਲ ਤਖਤ ਸਾਹਿਬ
ਕਿਹਾ-ਜਿਸ ਤਰ੍ਹਾਂ ਸ੍ਰੋਮਣੀ ਦੇ ਦੋ ਟੁਕੜੇ ਕੀਤੇ ਗਏ ਹਨ, ਉਸੇ ਤਰ੍ਹਾਂ ਅਕਾਲ ਪੁਰਖ ਪਾਰਲੀਮੈਂਟ ਦੇ ਵੀ ਕਈ ਟੁਕੜੇ ਕਰੇਗਾ
*ਦੇਸ਼ ਆਜ਼ਾਦ ਹੋ ਗਿਆ ਪਰ ਸਿੱਖਾਂ ਨੂੰ ਨਹੀਂ ਮਿਲੀ ਆਜ਼ਾਦੀ
ਹੁਣੇ ਜਿਹੇ ਹੋਲਾ ਮਹੱਲਾ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੇਂਦਰ ਸਰਕਾਰ ਵਿਰੋਧੀ ਦਿਤੇ ਬਿਆਨ ਨੇ ਦੁਨੀਆ ਵਿਚ ਵਸਦੇ ਸਿੱਖਾਂ ਨੂੰ ਹੈਰਾਨ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਲੇ ਮਹੱਲੇ ਮੌਕੇ ਕੌਮ ਦੇ ਨਾਂ ਦਿੱਤੇ ਸੰਦੇਸ਼ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿਨ੍ਹਿਆ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਇਕ ਸਾਜਿਸ਼ ਤਹਿਤ ਐੱਸ.ਜੀ.ਪੀ.ਸੀ ਦੇ ਦੋ ਟੁਕੜੇ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਖਾਲਸੇ ਦੀ ਬਦਦੁਆ ਲੱਗੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ 'ਤੇ ਵਰ੍ਹਦਿਆਂ ਕਿਹਾ ਜਿਸ ਤਰ੍ਹਾਂ ਸ੍ਰੋਮਣੀ ਦੇ ਦੋ ਟੁਕੜੇ ਕੀਤੇ ਗਏ ਹਨ, ਉਸੇ ਤਰ੍ਹਾਂ ਅਕਾਲ ਪੁਰਖ ਪਾਰਲੀਮੈਂਟ ਦੇ ਵੀ ਕਈ ਟੁਕੜੇ ਕਰੇਗਾ।
ਉਨ੍ਹਾਂ ਕਿਹਾ ਕਿ ਹਰਿਆਣੇ ਦੇ ਗੁਰਦੁਆਰਿਆਂ 'ਤੇ ਸਿੱਖਾਂ ਦਾ ਨਹੀਂ ਸਗੋਂ ਸਰਕਾਰ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ। ਸਿੱਖਾਂ ਦੀ ਸਭ ਤੋਂ ਵੱਡੀ ਪਾਰਲੀਮੈਂਟ 'ਤੇ ਹਮਲਾ ਹੋਇਆ ਹੈ।
ਜਥੇਦਾਰ ਅਕਾਲ ਤਖਤ ਸਾਹਿਬ ਦੇ ਬਿਆਨ ਬਾਅਦ ਸਿਖ ਹਲਕਿਆਂ ਵਿਚ ਇਹ ਗਲ ਜਾ ਰਹੀ ਹੈ ਕਿ ਇਕ ਪਾਸੇ ਕੇਂਦਰ ਸਰਕਾਰ ਸਿੱਖਾਂ ਨੂੰ ਖ਼ੁਸ਼ ਕਰਨ ਦੀਆਂ ਕਈ ਕੋਸ਼ਿਸ਼ਾਂ ਕਰ ਰਹੀ ਹੈ ਦੂਜੇ ਪਾਸੇ ਉਹ ਸਿੱਖ ਸੰਸਥਾਵਾਂ ਉਪਰ ਸਰਕਾਰੀ ਸਿਖਾਂ ਰਾਹੀਂ ਕਬਜ਼ੇ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਭਾਜਪਾ ਸਿੱਧੇ-ਅਸਿੱਧੇ ਰੂਪ ਵਿਚ ਪਹਿਲਾਂ ਦਿੱਲੀ ਤੇ ਹੁਣ ਹਰਿਆਣਾ ਤੇ ਸਿੱਖਾਂ ਦੀਆਂ ਹੋਰ ਸੰਸਥਾਵਾਂ 'ਤੇ ਵੀ ਕਾਬਜ਼ ਹੋ ਚੁਕੀ ਹੈ। ਪੰਥਕ ਹਲਕੇ ਇਹ ਵੀ ਸਮਝਦੇ ਹਨ ਕਿ ਅਜਿਹੀ ਸਥਿਤੀ ਲਿਆਉਣ ਵਿਚ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਵੀ ਗ਼ਲਤੀਆਂ ਬਹੁਤ ਗੰਭੀਰ ਹਨ ਅਤੇ ਇਸ ਤੋਂ ਪਹਿਲਾਂ ਕਾਂਗਰਸ ਵੀ ਸਿੱਖ ਮਸਲਿਆਂ ਵਿਚ ਕਈ ਵਾਰ ਦਖਲ ਦਿੰਦੀ ਰਹੀ ਹੈ। ਪਰ ਕਾਂਗਰਸ ਵੇਲੇ ਸ੍ਰੋਮਣੀ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਕਦੇ ਕਮਜੋਰ ਨਹੀਂ ਹੋਏ ਜਿੰਨੇ ਮੋਦੀ ਰਾਜ ਦੌਰਾਨ ਹਨ। ਇਹੀ ਕਾਰਣ ਹੈ ਕਿ ਸਰਕਾਰ ਨੂੰ ਸਿਖ ਸੰਸਥਾਵਾਂ ਉਪਰ ਕਬਜ਼ਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਜਥੇਦਾਰ ਅਕਾਲ ਤਖਤ ਸਾਹਿਬ ਦੇ ਕੇਂਦਰ ਸਰਕਾਰ ਵਿਰੋਧੀ ਸੰਦੇਸ਼ ਨੂੰ ਦੇਖਦਿਆਂ ਮੋਦੀ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਸਿੱਖਾਂ ਦੇ ਅਜਿਹੇ ਕਿਹੜੇ ਮਸਲੇ ਹਨ, ਜਿਨ੍ਹਾਂ ਕਰਕੇ ਸਿੱਖ ਏਨਾ ਬੇਗਾਨਾਪਨ ਮਹਿਸੂਸ ਕਰਨ ਲੱਗੇ ਹਨ ਕਿ ਉਨ੍ਹਾਂ ਦੇ ਸਭ ਤੋਂ ਵੱਡੇ ਅਹੁਦੇ 'ਤੇ ਬਿਰਾਜਮਾਨ ਵਿਅਕਤੀ ਨੂੰ ਅਜਿਹੇ ਲਫ਼ਜ਼ ਵਰਤਣੇ ਪਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਘੱਟ-ਗਿਣਤੀ ਮੁਸਲਿਮ ਵਸੋਂ ਨੂੰ ਰਾਜਨੀਤਕ ਤੌਰ 'ਤੇ ਪਿੱਛੇ ਧੱਕਣ ਵਿਚ ਸਫਲ ਰਹੀ ਹੈ ਤੇ ਉਨ੍ਹਾਂ ਦੀ ਲੀਡਰਸ਼ਿਪ ਸਥਿਤੀ ਦਾ ਮੁਕਾਬਲਾ ਕਰਨ ਵਿਚ ਅਸਫਲ ਸਾਬਤ ਹੋਈ ਹੈ। ਸਿੱਖਾਂ ਵਿਚ ਵੀ ਲੀਡਰਸ਼ਿਪ ਦਾ ਖਲਾਅ ਹੈ। ਪਰ ਇਸ ਦੇ ਬਾਵਜੂਦ ਸਿਖ ਮੁਸਲਮਾਨਾਂ ਵਾਂਗ ਕਮਜ਼ੋਰ ਨਹੀਂ ਹਨ। ਸਿੱਖ ਭਾਵੇਂ ਗਿਣਤੀ ਵਿਚ ਇਕ ਬਹੁਤ ਛੋਟੀ ਧਾਰਮਿਕ ਘੱਟ ਗਿਣਤੀ ਹੈ ਪਰ ਇਸ ਦੀ ਆਪਣੇ ਧਰਮ ਪ੍ਰਤੀ ਪ੍ਰਤੀਬੱਧਤਾ ਤੇ ਕੁਰਬਾਨੀ ਕਰਨ ਦੀ ਸਮਰੱਥਾ ਵਾਰ-ਵਾਰ ਪਰਖੀ ਜਾ ਚੁੱਕੀ ਹੈ। ਕਿਸਾਨ ਮੋਰਚੇ ਦੀ ਜਿਤ ਦਾ ਕਾਰਣ ਪੰਥਕ ਨੈਟਵਰਕ ਤੇ ਜ਼ਜਬਾ ਬਣਿਆ ਸੀ। ਗੈਰ ਸਿਖ ਲੇਖਕਾਂ ਤੇ ਪੱਤਰਕਾਰਾਂ ਨੇ ਇਸ ਬਾਰੇ ਮੀਡੀਆ ਵਿਚ ਵਰਣਨ ਵੀ ਕੀਤਾ ਹੈ।ਸਿਖਾਂ ਨੂੰ ਇਸ ਗੱਲ 'ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ ਕਿ ਅੱਜ ਜਦੋਂ ਦੁਨੀਆ ਇਕ ਸੰਸਾਰਿਕ ਇਕਾਈ (ਗਲੋਬਲ ਪਿੰਡ) ਬਣਦੀ ਜਾ ਰਹੀ ਹੈ ਤਾਂ ਸਿੱਖ ਵੀ ਹੁਣ ਇਕ ਸੰਸਾਰਿਕ ਧਰਮ ਹੈ। ਇਕ ਅੰਦਾਜ਼ੇ ਅਨੁਸਾਰ ਸਿੱਖ ਇਸ ਵੇਲੇ ਦੁਨੀਆ ਦੇ ਲਗਭਗ 200 ਦੇਸ਼ਾਂ ਵਿਚ ਵਸਦੇ ਹਨ। 30 ਤੋਂ ਵਧੇਰੇ ਦੇਸ਼ ਤਾਂ ਅਜਿਹੇ ਹਨ ਜਿਥੇ ਸਿੱਖਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਜਦੋਂ ਕਿ 7 ਅਜਿਹੇ ਦੇਸ਼ ਹਨ ਜਿਥੇ ਰਹਿਣ ਵਾਲੇ ਸਿੱਖ ਲੱਖਾਂ ਦੀ ਗਿਣਤੀ ਵਿਚ ਵਸਦੇ ਹਨ। ਇਸ ਸੰਦਰਭ ਵਿਚ ਸਿਖ ਪੰਥ ਨੂੰ ਦਲੀਲ ਨਾਲ ਅਵਾਜ਼ ਕੇਂਦਰ ਸਰਕਾਰ ਕੋਲ ਪਹੁੰਚਾਉਣੀ ਚਾਹੀਦੀ ਹੈ।ਆਪਣਾ ਰਾਜਨੀਤਕ ਦਬਾਅ ਮੋਦੀ ਸਰਕਾਰ ਉਪਰ ਬਨਾਉਣਾ ਚਾਹੀਦਾ ਹੈ।
ਇਸ ਦਰਮਿਆਨ ਕੁਝ ਅਜਿਹੀਆਂ ਸਰਗੋਸ਼ੀਆਂ ਵੀ ਸੁਣਾਈ ਦੇ ਰਹੀਆਂ ਹਨ ਕਿ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰਨ-ਕਾਲਿਕ ਜਥੇਦਾਰ ਲਾਉਣ ਲਈ ਗੰਭੀਰ ਵਿਚਾਰ-ਵਟਾਂਦਰਾ ਕਰ ਰਹੇ ਹਨ। ਜਦੋਂ ਕਿ ਇਕ ਚਰਚਾ ਇਹ ਵੀ ਸੁਣਾਈ ਦਿੱਤੀ ਹੈ ਕਿ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਨ੍ਹਾਂ ਨੂੰ ਕੋਈ ਅਜਿਹੀ ਚਿਤਾਵਨੀ ਦੇ ਚੁੱਕੇ ਹਨ ਕਿ ਜਾਂ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰਨਕਾਲਿਕ ਜਥੇਦਾਰ ਨਿਯੁਕਤ ਕੀਤਾ ਜਾਵੇ, ਨਹੀਂ ਤਾਂ ਉਹ 31 ਮਾਰਚ ਤੋਂ ਬਾਅਦ ਇਸ ਤਰ੍ਹਾਂ ਕਾਰਜਕਾਰੀ ਜਥੇਦਾਰ ਵਜੋਂ ਕੰਮ ਕਰਨ ਤੋਂ ਅਸਮਰੱਥ ਹੋਣਗੇ। ਹੁਣ ਕੁਝ ਲੋਕ ਜਥੇਦਾਰ ਸਾਹਿਬ ਦੇ ਬਿਆਨ ਦੇ ਅਰਥ ਨੂੰ ਇਨ੍ਹਾਂ ਚਰਚਿਆਂ ਦੀ ਰੋਸ਼ਨੀ ਵਿਚ ਵੀ ਵੇਖ ਰਹੇ ਹਨ। ਜਦੋਂਕਿ ਜਥੇਦਾਰ ਸਾਹਿਬ ਵਲੋਂ ਏਨੇ ਸਾਲਾਂ ਬਾਅਦ ਅਕਾਲੀ ਦਲ ਨੂੰ ਸਰਮਾਏਦਾਰਾਂ ਦੀ ਪਾਰਟੀ ਬਣ ਜਾਣ ਦੀ ਗੱਲ ਕਹਿਣਾ ਵੀ ਇਸੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ।
ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਜਥੇਦਾਰ ਨੂੰ ਇਸ ਸੰਬੰਧ ਵਿਚ ਵਿਸ਼ਵ ਕਾਨਫਰੰਸ ਸਦਣੀ ਚਾਹੀਦੀ ਹੈ ਤਾਂ ਜੋ ਪੰਥਕ ਮਸਲਿਆਂ ਦਾ ਹੱਲ ਲਭਿਆ ਜਾ ਸਕੇ। ਵੈਸੇ ਵੀ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਬਿਆਨਬਾਜ਼ੀ ਕਰਨ ਵਾਲਾ ਨਹੀਂ ਹੈ ,ਪੰਥ ਦੀ ਅਗਵਾਈ ਕਰਨ ਵਾਲਾ ਹੈ। ਜਥੇਦਾਰ ਅਕਾਲ ਤਖਤ ਨੂੰ ਪੰਥ ਦੀ ਅਜਿਹੀ ਜਿੰਮੇਵਾਰੀ ਸੰਭਾਲਣੀ ਚਾਹੀਦੀ ਹੈ।
Comments (0)