ਪੰਜਾਬ ਦੇ ਵਪਾਰੀ ਵਰਗ ਉਪਰ ਗੈਂਗਸਟਰਾਂ ਦੀ ਦਹਿਸ਼ਤ  ,ਆਪ ਸਰਕਾਰ ਦੀ ਨਿਰਾਸ਼ਾਜਨਕ ਸਥਿਤੀ

ਪੰਜਾਬ ਦੇ ਵਪਾਰੀ ਵਰਗ ਉਪਰ ਗੈਂਗਸਟਰਾਂ ਦੀ ਦਹਿਸ਼ਤ  ,ਆਪ ਸਰਕਾਰ ਦੀ ਨਿਰਾਸ਼ਾਜਨਕ ਸਥਿਤੀ

ਗੈਂਗਸਟਰਾਂ ਦੀਆਂ ਤਾਰਾਂ ਸੱਤ ਸਮੁੰਦਰ ਪਾਰ ਵਿਦੇਸ਼ਾਂ ਨਾਲ ਜੁੜੀਆਂ

ਕਰਾਈਮ ਰਿਪੋਰਟ

ਪੰਜਾਬ ਵਿਚ ਅਪਰਾਧਕ ਘਟਨਾਵਾਂ ਨਾ ਰੁਕਣਾ ਵੱਡੀ ਚਿੰਤਾ ਵਾਲੀ ਗੱਲ ਹੈ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਧਨਾਢ ਵਪਾਰੀਆਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ 'ਤੇ ਫਿਰੌਤੀਆਂ ਮੰਗਣ ਦਾ ਸਿਲਸਿਲੇ ਕਾਰਨ ਆਮ ਲੋਕ ਸਹਿਮੇ ਨਜ਼ਰ ਆ ਰਹੇ ਹਨ।ਲੁਧਿਆਣਾ 'ਵਿਚ ਸਭ ਤੋਂ ਵੱਧ ਅਜਿਹੇ ਮਾਮਲੇ ਵਪਾਰੀਆਂ ਵਲੋਂ ਪੁਲਿਸ ਦੇ ਧਿਆਨ 'ਵਿਚ ਲਿਆਂਦੇ ਗਏ ਸਨ ।ਲਗਾਤਾਰ ਵਪਾਰੀਆਂ ਨੂੰ ਫਿਰੌਤੀ ਲਈ ਆ ਰਹੀਆਂ ਧਮਕੀਆਂ ਕਾਰਨ ਵਪਾਰੀ ਵਰਗ ਵਿਚ ਭਾਰੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ 7 ਦਸੰਬਰ ਦੀ ਰਾਤ  ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਉਸ ਸਮੇਂ, ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਦੀ ਵੀ ਜਵਾਬ ਕਾਰਵਾਈ ਵਿੱਚ ਮੌਤ ਹੋ ਗਈ ਸੀ।  ਸੂਬੇ ਵਿਚ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਵਧਣਾ ਕਾਨੂੰਨ-ਵਿਵਸਥਾ ਲਈ ਠੀਕ ਨਹੀਂ ਹੈ।ਵਪਾਰੀ ਵਰਗ ਦਾ ਮੰਨਣਾ ਹੈ ਕਿ ਕਿ ਡਰ ਅਤੇ ਭੈਅ ਦੇ ਮਾਹੌਲ ਵਿੱਚ ਕਾਰੋਬਾਰੀ ਕੰਮ ਕਿਵੇਂ ਕਰ ਸਕਦਾ ਹੈ? ਉਨ੍ਹਾਂ ਦਾ ਮੰਨਣਾ ਹੈ  ਕਿ ਗੈਂਗਸਟਰ ਬਕਾਇਦਾ ਆਪਣਾ ਨਾਮ ਦੱਸ ਕੇ ਕਾਰੋਬਾਰੀਆਂ ਤੋਂ ਪੈਸੇ ਮੰਗ ਰਹੇ ਹਨ। ਜੇਕਰ ਕੋਈ ਨਹੀਂ ਦਿੰਦਾ ਤਾਂ ਉਸ ਦਾ ਹਾਲ ਨਕੋਦਰ ਦੇ ਟਿੰਮੀ ਚਾਵਲਾ ਵਰਗਾ ਹੋ ਜਾਂਦਾ ਹੈ।ਮੋਗਾ  ਦੇ ਕਾਰੋਬਾਰੀ ਅਰਵਿੰਦਰ ਸਿੰਘ ਕਾਲਾ ਮੁਤਾਬਕ ਉਸ ਨੂੰ ਬੀਤੇ 5 ਨਵੰਬਰ ਨੂੰ ਫੋਨ ਰਾਹੀਂ ਅਰਸ਼ ਡਾਲਾ ਗੈਂਗ ਵਲੋਂ ਫਿਰੌਤੀ ਮੰਗੀ ਗਈ। ਕਾਲਾ ਵੱਲੋਂ ਮੋਗਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।ਇਸ ਤੋਂ ਬਾਅਦ 2 ਦਸੰਬਰ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ  ਕਾਲਾ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਵਿਚੋਂ ਇੱਕ ਗੋਲੀ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸ਼ੀਸ਼ੇ ਉਤੇ ਲੱਗੀ।ਮੋਗਾ ਪੁਲਿਸ ਵੱਲੋਂ ਇਸ ਸਬੰਧੀ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ  ਅਰਵਿੰਦਰ ਸਿੰਘ ਕਾਲਾ ਦੇ ਘਰ ਦੇ ਬਾਹਰ ਸੁਰੱਖਿਆ ਕਰਮੀਂ ਤੈਨਾਤ ਕਰ ਦਿੱਤੇ ਗਏ ਸਨ। ਜ਼ਿਲਾ ਬਠਿੰਡਾ ਅਧੀਨ ਪੈਂਦੇ ਕਸਬਾ ਰਾਮਾ ਮੰਡੀ ਦੇ ਵਸਨੀਕ ਇਕ ਵਪਾਰੀ ਤੋਂ ਇਸੇ ਵਰ੍ਹੇ ਸਤੰਬਰ ਮਹੀਨੇ ਵਿੱਚ 1 ਕਰੋੜ ਦੀ ਫ਼ਿਰੋਤੀ ਮੰਗੀ ਗਈ ਸੀ।ਸਾਲ 2020 ਵਿੱਚ ਮੋਗਾ ਸ਼ਹਿਰ ਦੇ ਕੱਪੜਾ ਵਪਾਰੀ ਤੇਜਿੰਦਰ ਸਿੰਘ ਪਿੰਕਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਇਸ ਕਤਲ ਦੀ ਜਿੰਮੇਵਾਰੀ ਇੱਕ ਗੈਂਗਸਟਰ ਗਰੁੱਪ ਨੇ ਲਈ ਸੀ।ਹੁਣੇ ਜਿਹੇ ਨਕੋਦਰ ਦੇ ਵਪਾਰੀ ਕੋਲੋਂ ਰੰਗਦਾਰੀ ਮੰਗਣ ਦੀ ਆਡੀਓ ਕਾਫ਼ੀ ਵਾਇਰਲ ਹੋਈ ਹੈ।ਇਸ ਲੜੀ ਹੇਠ ਲੁਧਿਆਣਾ ਵਿੱਚ ਵੀ ਕਾਰੋਬਾਰੀ ਨੂੰ ਫੋਨ ਰਾਹੀਂ ਧਮਕੀ ਦਿੱਤੀ ਗਈ ਸੀ ਅਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਿਸ ਤੇ ਲੁਧਿਆਣਾ ਪੁਲਿਸ ਨੇ ਕਾਮਯਾਬੀ ਹਾਸਲ ਕਰਦੇ ਹੋਏ  2 ਆਰੋਪੀਆ ਨੂੰ ਕਾਬੂ ਕੀਤਾ ਗਿਆ ਸੀ। ਮੋਗਾ,ਲੁਧਿਆਣਾ ,ਅੰਮ੍ਰਿਤਸਰ ਸਹਿਰ ਵਿਚ ਕੁੱਝ ਲੋਕਾਂ ਨੂੰ ਗੈਂਗਸਟਰਾਂ ਦੇ ਨਾਂ 'ਤੇ ਧਮਕੀਆਂ ਮਿਲਣ ਦੀ ਖ਼ਬਰ ਹੈ।  ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਕੀਤੇ ਗਏ ਸਨਸਨੀਖੇਜ਼ ਕਤਲ ਤੋਂ ਬਾਅਦ ਪੰਜਾਬ ਵਿਚ ਅਜਿਹੇ ਸੰਗੀਨ ਅਪਰਾਧ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ।ਪੰਜਾਬ ਵਿੱਚ ਗੈਂਗਸਟਰਾਂ ਦੀਆਂ ਵੱਧਦੀਆਂ ਘਟਨਾਵਾਂ ਦੇ ਮੁੱਦੇ ਉਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ,ਬੀਜੇਪੀ ਤੇ ਬਸਪਾ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਹਨ।

  ਅਪਰਾਧੀਆਂ, ਖ਼ਾਸ ਤੌਰ ’ਤੇ ਗੈਂਗਸਟਰਾਂ ਦੀਆਂ ਤਾਰਾਂ ਸੱਤ ਸਮੁੰਦਰ ਪਾਰ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ। ਅਜਿਹੇ ਤਾਣੇ-ਬਾਣੇ ਨੂੰ ਤਾਰ-ਤਾਰ ਕਰਨਾ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੂਬੇ ਵਿਚ ਸਨਅਤ-ਕਾਰੋਬਾਰ ਬਿਹਤਰ ਤਰੀਕੇ ਨਾਲ ਜਾਰੀ ਰਹਿਣ, ਇਸ ਲਈ ਇਹ ਜ਼ਰੂਰੀ ਹੈ ਕਿ ਗੈਂਗਸਟਰਾਂ ਦੀ ਲਗਾਮ ਕੱਸੀ ਜਾਵੇ।  ਸੂਬਾ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫ਼ੌਰੀ ਤੌਰ ’ਤੇ ਬੇਹੱਦ ਸਖ਼ਤ ਕਦਮ ਚੁੱਕਣੇ ਹੋਣਗੇ ਤਾਂ ਜੋ ਬੇਲਗਾਮ ਹੋਏ ਅਪਰਾਧੀਆਂ ਨੂੰ ਨੱਥ ਪੈ ਸਕੇ ਅਤੇ ਪੰਜਾਬੀਆਂ ਵਿਚ ਪਸਰੀ ਜਾਨ-ਮਾਲ ਦੀ ਅਸੁਰੱਖਿਆ ਵਾਲੀ ਭਾਵਨਾ ਨੂੰ ਠੱਲ੍ਹ ਪੈ ਸਕੇ। 

 

 

ਰਜਿੰਦਰ ਸਿੰਘ ਪੁਰੇਵਾਲ