ਭਾਜਪਾ ਤੇ ਆਪ ਦੀ ਸਾਂਝੀ ਰਣਨੀਤੀ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ,ਟੇਕ ਹਿੰਦੂ ਵੋਟ ਬੈਂਕ ਉਪਰ
ਸਿਖ ਲੀਡਰਸ਼ਿਪ ਦੀ ਘਾਟ ਕਾਰਣ ਪੰਜਾਬ ਨੂੰ ਵਾਰ ਵਾਰ ਭੋਗਣੇ ਪੈ ਰਹੇ ਨੇ ਦੁਖਾਂਤ
ਪੰਜਾਬ ਵਿਚ ਮੁਸਲਮਾਨਾਂ, ਹਿੰਦੂਆਂ ,ਦਲਿਤਾਂ ਤੇ ਸਿੱਖਾਂ ਵਿਚ ਸਾਂਝ ਦਾ ਉਭਾਰ ਨਾ ਹੋ ਸਕਿਆ
* ਕਾਲੇ ਕਨੂੰਨ ਨੇ ਬੇਅੰਤ ਸਿੰਘ ਦੇ ਰਾਜ ਕਾਲ ਵਿਚ ਵਾਪਰੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਯਾਦ ਦਿਵਾਈ
ਸਿਖ ਨੌਜਵਾਨਾਂ ਦੀਆਂ ਗਿ੍ਫਤਾਰੀਆਂ ,ਸਰਕਾਰ ਦੀਆਂ ਗੈਰ ਜਮਹੂਰੀ ਪੰਜਾਬ ਵਿਰੁੱਧ ਕਾਰਵਾਈਆਂ ਤੇ ਸਿਖ ਲੀਡਰਸ਼ਿਪ ਦੀ ਘਾਟ ਨੇ ਸਿੱਖ ਕੌਮ ਐਸੇ ਚੌਰਾਹੇ 'ਤੇ ਖੜ੍ਹਾ ਕਰ ਦਿਤਾ ਹੈ ਕਿ ਉਸ ਨੂੰ ਕੋਈ ਵੀ ਠੀਕ ਰਸਤਾ ਨਜ਼ਰ ਨਹੀਂ ਆ ਰਿਹਾ। ਇਸੇ ਲੀਡਰਸ਼ਿਪ ਦੀ ਘਾਟ ਕਾਰਣ ਵਾਰ ਵਾਰ ਦੁਖਾਂਤ ਭੋਗਣੇ ਪੈ ਰਹੇ ਹਨ । ਇਸ ਦੁਖਾਂਤ ਦਾ ਕਾਰਣ ਇਹ ਵੀ ਹੈ ਕਿ ਪੰਜਾਬੀ ਮੁਸਲਮਾਨਾਂ, ਹਿੰਦੂਆਂ ,ਦਲਿਤਾਂ ਤੇ ਸਿੱਖਾਂ ਵਿਚ ਸਾਂਝ ਤੇ ਪੰਜਾਬੀਅਤ ਦਾ ਉਭਾਰ ਨਹੀਂ ਹੋ ਸਕਿਆ। ਇਤਿਹਾਸ ਗਵਾਹ ਹੈ ਕਿ ਇੰਦਰਾ ਰਾਜ ਦੌਰਾਨ ਦੇਸ਼ ਭਰ ਵਿਚ ਆਪਣੇ-ਆਪ ਭਾਸ਼ਾ ਦੇ ਅਧਾਰ 'ਤੇ ਸੂਬੇ ਬਣਾਏ ਗਏ। ਪਰ ਪੰਜਾਬੀ ਜ਼ਬਾਨ ਦੇ ਅਧਾਰ 'ਤੇ ਸੂਬਾ ਬਣਾਉਣ ਦੀ ਲੜਾਈ ਨੇ ਪੰਜਾਬ ਦੇ ਸਿੱਖਾਂ-ਹਿੰਦੂਆਂ ਵਿਚ ਦੁਫੇੜ ਕੇਂਦਰ ਸਰਕਾਰ ਤੇ ਆਰੀਆ ਸਮਾਜੀਆਂ ਤੇ ਇਹਨਾਂ ਦੇ ਮੀਡੀਆ ਨੇ ਖੜ੍ਹਾ ਕਰਵਾ ਦਿੱਤਾ ਗਿਆ ਕਿ ਪੰਜਾਬੀ ਹਿੰਦੂਆਂ ਦੀ ਬੋਲੀ ਨਹੀਂ ,ਹਿੰਦੀ ਹੀ ਹਿੰਦੂਆਂ ਦੀ ਬੋਲੀ ਹੈ। ਸਿੱਖਾਂ ਵਿਚ ਬੇਗਾਨਾਪਨ ਤੇ ਹਿੰਦੂਆਂ ਵਿਚ ਕੇਂਦਰ ਪਖੀ ਸੋਚ ਨੂੰ ਇਸ ਕੇਂਦਰੀ ਫਾਸ਼ੀਵਾਦੀ ਵਰਤਾਰੇ ਨੇ ਪੰਜਾਬ ਸੰਤਾਪ ਨੂੰ ਜਨਮ ਦਿੱਤਾ ਸੀ।
ਆਮ ਤੌਰ 'ਤੇ ਸਿੱਖ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਹੀ ਲੜਦੇ ਰਹੇ ਹਨ। ਪਰ ਇਸ ਨੂੰ ਕੇਂਦਰੀ ਹਕੂਮਤਾਂ ਤੇ ਆਰੀਆ ਸਮਾਜੀਆਂ ਦੇ ਪ੍ਰਚਾਰ ਨੇ ਸਿੱਖਾਂ ਦੀ ਵੱਖ ਰਾਜ ਦੀ ਮੰਗ ਵਾਂਗ ਪ੍ਰਚਾਰਿਆ ਤੇ ਡੂੰਘੇ ਸੰਕਟ ਵਿਚ ਪਹੁੰਚਾਇਆ। ਦਰਬਾਰ ਸਾਹਿਬ ਦੇ ਫੌਜੀ ਹਮਲੇ ਬਾਅਦ ਖਾਲਿਸਤਾਨ ਦੀ ਮੰਗ ਨੇ ਜਨਮ ਲਿਆ ਜੋ ਕਿ ਪੰਜਾਬ ਤੇ ਸਿਖਾਂ ਨਾਲ ਬੇਇਨਸਾਫ਼ੀਆਂ ਵਿਰੁਧ ਪ੍ਰਤੀਕਰਮ ਸੀ।ਕੇਂਦਰ ਦੇ ਰੁਖੇ ਵਰਤਾਰੇ ਕਾਰਣ ਪੰਜਾਬ ਨੂੰ ਨਸਲਕੁਸ਼ੀ, ਆਰਥਿਕ ਸ਼ੋਸ਼ਣ ਦਾ ਦੁਖਾਂਤ ਭੋਗਣਾ ਪਿਆ।
ਅੰਮ੍ਰਿਤ ਪਾਲ ਸਿੰਘ ਦੇ ਨਾਮ ਜੋ ਵਰਤਾਰਾ ਆਪ ਸਰਕਾਰ ਤੇ ਕੇਂਦਰ ਨੇ ਰਲਕੇ ਖੜਾ ਕੀਤਾ ਹੈ ,ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।ਕਾਲਾ ਕਨੂੰਨ ਐਨ ਐਸ ਏ ਲਗਾਉਣਾ ,ਪੂਰੇ ਪੰਜਾਬ ਨੂੰ ਪੁਲਿਸ ਛਾਉਣੀ ਬਣਾ ਕੇ ਇੰਟਰਨੈੱਟ ਬੰਦ ਕਰਕੇ ਸਿਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਨੇ ਬੇਅੰਤ ਸਿੰਘ ਦੇ ਜ਼ਾਲਮਾਨਾ ਰਾਜ ਦੀ ਯਾਦ ਪੰਜਾਬੀਆਂ ਨੂੰ ਦੁਆ ਦਿਤੀ ਹੈ। ਕੌਮੀ ਮੀਡੀਏ 'ਤੇ ਦੇਸ਼ ਭਰ ਵਿਚ ਇਸ ਨੂੰ ਇਸ ਤਰ੍ਹਾਂ ਪ੍ਰਚਾਰਨਾ ਕਿ ਜਿਵੇਂ ਕੋਈ ਦੇਸ਼ ਵਿਰੋਧੀ ਲੋਕਾਂ ਨਾਲ ਦੇਸ਼ ਹਿਤ ਦੀ ਜੰਗ ਲੜੀ ਜਾ ਰਹੀ ਹੋਵੇ। ਇਹ ਸਿਖਾਂ ਤੇ ਪੰਜਾਬ ਵਿਰੁਧ ਰਾਜਨੀਤਕ ਸਾਜਿਸ਼ ਹੈ।ਜੇ ਅੰਮ੍ਰਿਤ ਪਾਲ ਸਿੰਘ ਦੀ ਗਿ੍ਫਤਾਰੀ ਦਾ ਮਾਮਲਾ ਸੀ ਤਾਂ ਉਸਨੂੰ ਘਰੋਂ ਗਿ੍ਫਤਾਰ ਕਰਕੇ ਕਨੂੰਨੀ ਕਾਰਵਾਈ ਕੀਤੀ ਜਾ ਸਕਦੀ ਸੀ। ਸਿੱਖ ਨੌਜਵਾਨਾਂ 'ਤੇ ਐਨ.ਐਸ.ਏ. ਲਾ ਕੇ ਉਨ੍ਹਾਂ ਨੂੰ ਕਾਲੇ ਪਾਣੀ ਵਾਂਗ ਆਸਾਮ ਦੇ ਡਿਬਰੂਗੜ੍ਹ ਭੇਜਣਾ ਵੀ ਓਦਾਂ ਦਾ ਹੀ ਕੰਮ ਹੈ, ਜਿਵੇਂ 1984 ਦੇ ਕਾਰੇ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਜੋਧਪੁਰ ਦੀਆਂ ਜੇਲ੍ਹਾਂ ਵਿਚ ਭੇਜਿਆ ਗਿਆ ਸੀ। ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਅੱਗੇ-ਅੱਗੇ ਤੇ ਪੁਲਿਸ ਪਿੱਛੇ-ਪਿੱਛੇ ਹੋਣ ਦੇ ਡਰਾਮੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ,ਸਿਖ ਪਰਿਵਾਰਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹ ਹੈ ,ਉਹ ਵੀ ਹੈਰਾਨੀਜਨਕ ਵੀ ਹੈ ਤੇ ਸੰਵਿਧਾਨ ਵਿਰੋਧੀ ਵੀ। ਪੁਲਿਸ ਕੋਲ ਹੈਲੀਕਾਪਟਰ ਅਤੇ ਡਰੋਨ ,ਮਾਹਿਰ ਖੁਫੀਆ ਏਜੰਸੀਆਂ ਕਿਸ ਲਈ ਹਨ? ਇਸ ਤਰ੍ਹਾਂ ਜਾਪਦਾ ਹੈ ਕਿ ਸਰਕਾਰ ਦੀ ਦਿਲਚਸਪੀ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਨਾਲੋਂ ਉਸ ਨੂੰ ਭੱਜਦੇ ਵਿਖਾਉਣ ਵਿਚ ਜ਼ਿਆਦਾ ਹੈ ਤਾਂ ਜੋ ਪੰਜਾਬ ਵਿਚ ਆਪ ਭਾਜਪਾ ਦੀ ਸਾਂਝੀ ਰਾਜਨੀਤੀ ਦਾ ਉਭਾਰ ਕੀਤਾ ਜਾ ਸਕੇ।ਕਾਂਗਰਸ ਤੇ ਬਾਦਲ ਦਲ ਨੂੰ ਰਾਜਨੀਤਕ ਪਿੜ ਵਿਚੋਂ ਬਾਹਰ ਕਢਿਆ ਜਾਵੇ।ਹਿਮਾਚਲ,ਗੁਜਰਾਤ ਵਿਚ ਭਾਜਪਾ ਨਾਲ ਮਿਲਕੇ ਇਹੀ ਸਾਂਝੀ ਰਾਜਨੀਤਕ ਚਾਲਾਂ ਚਲਦੀ ਰਹੀ ਹੈ।
ਅਕਾਲੀ ਦਲ ਤੇ ਕਾਂਗਰਸ ਦੇ ਨੇਤਾ ਨਿੱਜੀ ਗੱਲਬਾਤ ਵਿਚ ਕਹਿੰਦੇ ਹਨ ਕਿ ਭਾਜਪਾ ਅਤੇ ਆਪ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕਾਰਵਾਈ ਨੂੰ ਭਾਰਤ ਨੂੰ ਬਚਾਉਣ ਵਾਲੀ 'ਦੇਸ਼ ਭਗਤੀ' ਦੀ 'ਜੰਗ' ਵਜੋਂ ਇਸ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹ ਕੇ ਇਸ ਨੂੰ 2024 ਦੀਆਂ ਚੋਣਾਂ ਵਿਚ ਵਰਤਣਾ ਚਾਹੁੰਦੇ ਹਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਅਤੇ 5 ਕਿਸਾਨ ਜਥੇਬੰਦੀਆਂ ਦੇ ਮੁੱਖ ਨੇਤਾ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਅੰਮਿ੍ਤਪਾਲ ਸਿੰਘ ਮਾਮਲੇ ਵਿਚ ਜਿਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਐਨ.ਐਸ.ਏ ਅਧੀਨ ਗਿ੍ਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਸਿੰਖਾਂ ਨੂੰ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ ਹੈ । ਇਹ ਅਸਲ ਵਿਚ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸਾਨ ਮੋਰਚੇ ਵਿਚ ਹੋਈ ਜਿੱਤ ਤੋਂ ਬਾਅਦ ਸਿੱਖਾਂ ਦੀ ਚੜ੍ਹਤ ਅਤੇ ਉਨ੍ਹਾਂ ਦੇ ਅਮਨ ਪਸੰਦ ਹੋਣ ਦੀ ਗੱਲ ਨੂੰ ਖ਼ਤਮ ਕਰਨ ਦੀ ਸਾਜਿਸ਼ ਜਾਪਦੀ ਹੈ ।ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਕਾਲੇ ਪਾਣੀ ਵਾਂਗ ਦੂਰ ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜਣਾ ਕਾਨੂੰਨ ਅਤੇ ਇਨਸਾਫ਼ ਨਾਲ ਖਿਲਵਾੜ ਹੈ | ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਕੀਤੀ ਜਾ ਰਹੀ ਹੈ |
ਇਸ ਵਰਤਾਰੇ ਵਿਚ ਭਾਜਪਾ ਦੀ ਆਪ ਨਾਲ ਸਾਂਝ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੇ ਬਿਆਨ ਤੋਂ ਸਮਝ ਆਉਂਦੀ ਹੈ ਜਦੋਂ ਉਹ ਇਸ ਦਾ ਸਿਹਰਾ 'ਆਪ' ਦੀ ਪੰਜਾਬ ਸਰਕਾਰ ਤੇ ਇਸ ਦੇ ਮੁਖੀ ਭਗਵੰਤ ਮਾਨ ਦੇ ਸਿਰ ਬੰਨ੍ਹ ਰਹੇ ਹਨ ਤੇ ਕੇਂਦਰ ਸਰਕਾਰ ਦੇ ਸਹਿਯੋਗ ਦੀਆਂ ਤਾਰੀਫਾਂ ਵੀ ਕਰ ਰਹੇ ਹਨ। ਅਜਿਹਾ ਜਾਪਦਾ ਹੈ ਕਿ ਭਾਜਪਾ ਨੂੰ ਸ਼ਾਇਦ ਇਹ ਜਾਪ ਰਿਹਾ ਹੈ ਕਿ 2024 ਦੀਆਂ ਆਮ ਚੋਣਾਂ ਵਿਚ ਇਕੱਲਾ ਮੁਸਲਿਮ ਵਿਰੋਧ ਸ਼ਾਇਦ ਬਹੁਗਿਣਤੀ ਨੂੰ ਭਾਜਪਾ ਪਿੱਛੇ ਇਕਮੁਠ ਨਾ ਕਰ ਸਕੇ, ਇਸ ਲਈ ਉਨ੍ਹਾਂ ਨੂੰ ਮੁਸਲਮਾਨਾਂ ਅਤੇ ਖਾਲਿਸਤਾਨੀਆਂ ਦੋਵਾਂ ਦਾ ਹਊਆ ਦਿਖਾਕੇ ਚੋਣਾਂ ਜਿਤਣ ਦੀ ਰਣਨੀਤੀ ਅਪਨਾਈ ਜਾ ਰਹੀ ਹੈ।ਪੰਜਾਬ ਦੇ ਰਾਜਨੀਤਕ ਮਹਿਰ ਭਾਜਪਾ ਨੂੰ ਸੰਘ ਪਰਿਵਾਰ ਦੀ ਏ ਟੀਮ ਤੇ ਆਪ ਨੂੰ ਬੀ ਟੀਮ ਦਰਸਾ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਹਰ ਗੱਲ ਵਿਚ ਭਾਜਪਾ ਦੀ ਨਕਲ ਕਰਦੀ ਹੈ ਤੇ ਉਸ ਤੋਂ ਇਕ ਕਦਮ ਅੱਗੇ ਹੋ ਕੇ ਰਾਸ਼ਟਰਵਾਦ ਦਾ ਹੋਕਾ ਦੇ ਰਹੀ ਹੈ ਤੇ ਕਾਂਗਰਸ ਦੀ ਜਗ੍ਹਾ ਲੈਣ ਲਈ ਕਾਹਲੀ ਹੈ, ਉਸ ਦੀ ਟੇਕ ਹਿੰਦੂ ਰਾਸ਼ਟਰਵਾਦ ਦੀਆਂ ਵੋਟਾਂ ਉਤੇ ਹੈ।
Comments (0)