ਪ੍ਰਧਾਨ ਮੰਤਰੀ ਦੀ ਰੱਦ ਹੋਈ ਰੈਲੀ ਦਾ ਨਜ਼ਲਾ ਪੰਜਾਬ ਉਪਰ ਡਿਗਿਆ 

ਪ੍ਰਧਾਨ ਮੰਤਰੀ ਦੀ ਰੱਦ ਹੋਈ ਰੈਲੀ ਦਾ ਨਜ਼ਲਾ ਪੰਜਾਬ ਉਪਰ ਡਿਗਿਆ 

 *ਗੋਦੀ ਮੀਡੀਆ ਤੇ   ਭਾਜਪਾ ਵਲੋਂ ਸਿੱਖਾਂ ਖਿਲਾਫ ਫਿਰਕੂ ਮਹੌਲ ਤਿਆਰ ਕਰਨ ਦੀ ਕੋਸ਼ਿਸ਼ ।    ਵਿਸ਼ੇਸ਼ ਰਿਪੋਟ     

  ਬਘੇਲ ਸਿੰਘ ਧਾਲੀਵਾਲ

   99142-58142 
 
ਪਿਛਲੇ ਦਿਨੀ ਪੰਜਾਬ ਦੇ ਸਰਹੱਦੀ ਸ਼ਹਿਰ ਫਿਰੋਜਪੁਰ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੀ ਰੈਲੀ ਦਾ ਅਜੋਯਨ ਕੀਤਾ ਸੀ। ਇਸ ਰੈਲੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਨੇ ਸੰਬੋਧਨ ਕਰਨਾ ਸੀ,ਪਰ ਬਦਕਿਸਮਤੀ ਪੰਜਾਬ ਅਤੇ ਭਾਰਤੀ ਜਨਤਾ ਪਾਰਟੀ ਦੀ ਇਹ ਰਹੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਫਲੇ ਨੂੰ ਹੁਸੈਨੀ ਵਾਲਾ ਦੇ ਨਜਦੀਕ ਕਿਸਾਨਾਂ ਵੱਲੋਂ ਰੋਕ ਲਏ ਜਾਣ ਤੋਂਂ ਬਾਅਦ ਪ੍ਰਧਾਨ ਮੰਤਰੀ ਨੇ ਰੈਲੀ ਵਿੱਚ ਜਾਣ ਦਾ ਫੈਸਲਾ ਬਦਲ ਦਿੱਤਾ ਅਤੇ ਉਹ ਪੰਜਾਬ ਸਰਕਾਰ ਉਪਰ ਖਫਾ ਹੋ ਕੇ ਵਾਪਸ ਦਿੱਲੀ ਪਰਤ ਗਏ। ਪ੍ਰਧਾਨ ਮੰਤਰੀ ਦੇ ਰੈਲੀ ਅੱਧਵਾਟੇ ਛੱਡ ਕੇ ਵਾਪਸ ਚਲੇ ਜਾਣ ਦੇ ਅਸਲ ਕਾਰਨ ਕੀ ਹੋ ਸਕਦੇ ਹਨ , ਇਨ੍ਹਾਂ ਤੇ ਜ਼ਰੂਰ ਚਰਚਾ ਕਰਨੀ ਬਣਦੀ ਹੈ , ਕਿਉਂਕਿ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦੇ ਕਾਫਲੇ ਦਾ ਘਿਰਾਓ ਕਰਨਾ ਹੀ ਮਹਿਜ ਪ੍ਰਧਾਨ ਮੰਤਰੀ ਦੇ ਵਾਪਸ ਜਾਣ ਦਾ ਕਾਰਨ ਨਹੀ ਹੋ ਸਕਦਾ।  ਇਸ ਦਾ ਪਹਿਲਾ ਅਤੇ ਮੁੱਖ ਕਾਰਨ ਤਾਂ ਇਹ ਹੈ ਕਿ ਜਿਸ ਰੈਲੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੰਬੋਧਨ ਕਰਨਾ ਸੀ,ਉਹ ਰੈਲੀ ਪ੍ਰਧਾਨ ਮੰਤਰੀ ਦੀ ਕਲਪਨਾ ਵਾਲੀ ਰੈਲੀ ਨਹੀਂਂ ਬਣ ਸਕੀ।ਇੱਥੋਂ ਤੱਕ ਕਿ ਫਿਰੋਜਪੁਰ ਰੈਲੀ ਪ੍ਰਤੀ ਪ੍ਰਧਾਨ ਮੰਤਰੀ ਸਮੇਤ ਭਾਰਤੀ ਜਨਤਾ ਪਾਰਟੀ ਦੀ ਉੱਚ ਆਹਲਾ ਕਮਾਨ ਦੀਆਂ ਕਿਆਸ-ਅਰਾਈਆਂ ਜ਼ਮੀਨੀ ਹਾਲਾਤਾਂ ਤੋਂਂ ਬਿਲਕੁਲ ਉਲਟ ਸਨ।ਭਾਜਪਾ ਆਹਲਾ ਕਮਾਨ ਅਤੇ ਪ੍ਰਧਾਨ ਮੰਤਰੀ ਇਹ ਮਹਿਸੂਸ ਕਰਦੇ ਸਨ ਕਿ ਰੈਲੀ ਵਿੱਚ ਬਹੁਤ ਵੱਡਾ ਇਕੱਠ ਹੋਵੇਗਾ,ਪਰ ਉਨ੍ਹਾਂ ਦੀ ਕਲਪਨਾ ਦੇ ਅਨੁਮਾਨ ਅਨੁਸਾਰ ਇਕੱਠ ਨਹੀ ਹੋ ਸਕਿਆ। ਇੱਧਰ ਪੰਜਾਬ ਭਾਜਪਾ ਅੰਦਰ ਵੀ ਇਸ ਰੈਲੀ ਪ੍ਰਤੀ ਭਾਰੀ ਉਤਸ਼ਾਹ ਸੀ ਅਤੇ ਉਨ੍ਹਾਂ ਨੂੰ ਇਹ ਪੂਰਨ ਆਸ ਵੀ ਸੀ ਕਿ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਇਸ ਰੈਲੀ ਵਿੱਚ ਪੁੱਜਣਗੇ,ਇਸ ਕਰਕੇ ਹੀ ਪੰਡਾਲ ਵਿੱਚ 70,000  ਕੁਰਸੀਆਂ ਲਗਵਾਈਆਂ ਗਈਆਂ ਸਨ,ਪਰ ਇਕੱਠ ਬਹੁਤ ਥੋੜਾ ਰਹਿ ਜਾਣ ਕਾਰਨ ਵੱਡੀ ਗਿਣਤੀ ਵਿੱਚ ਕੁਰਸੀਆਂ ਖਾਲੀ ਦਿਖਾਈ ਦਿੰਦੀਆਂ ਰਹੀਆਂ।ਇਕੱਠ ਨਾ ਹੋਣ ਦੇ ਵੀ ਚਾਰ ਕਾਰਨ ਸਾਹਮਣੇ ਹਨ, ਇੱਕ ਤਾਂ ਕਿਸਾਨ ਜਥੇਬੰਦੀਆਂ ਦਾ ਵਿਰੋਧ ਅਤੇ ਦੂਜਾ ਵੱਡਾ ਕਾਰਨ ਮੌਸਮ ਵਿੱਚ ਆਈ ਖ਼ਰਾਬੀ, ਤੀਜਾ ਕਾਰਨ ਇਹ ਵੀ ਰਿਹਾ ਹੈ ਕਿ ਪੰਜਾਬ ਅੰਦਰ ਭਾਜਪਾ ਦਾ ਆਪਣੇ ਤੌਰ ਉਪਰ ਕੋਈ ਖਾਸ ਆਧਾਰ ਵੀ ਨਹੀਂਂ ਹੈ ਅਤੇ ਚੌਥਾ  ਤੇ ਮੁੱਖ ਕਾਰਨ ਇਹ ਵੀ ਰਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਕੱਟੜਵਾਦੀ ਸੋਚ ਨੂੰ ਪਸੰਦ ਨਹੀ ਕਰਦੇ।ਸੋ ਉਪਰੋਕਤ ਸਾਰੇ ਕਾਰਨ ਭਾਜਪਾ ਦੀ ਰੈਲੀ ਅੰਦਰ ਇਕੱਠ ਨਾ ਹੋਣ ਲਈ ਜ਼ਿੰਮੇਵਾਰ ਬਣੇ ਹਨ। ਪੰਜਾਬ ਅੰਦਰ ਲੰਮਾ ਸਮਾਂਂ ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਗੱਠਜੋੜ ਰਿਹਾ ਹੈ,ਜਿਸ ਕਰਕੇ ਭਾਜਪਾ ਨੂੰ ਇਕੱਠ ਕਰਨ ਵਿੱਚ ਕੋਈ ਮੁਸ਼ਕਲ ਨਹੀਂਂ ਸੀ ਆਉਂਦੀ,ਪਰ ਹੁਣ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂਂ ਬਾਅਦ ਇਹ ਪਹਿਲੀ ਵੱਡੀ ਰੈਲੀ ਭਾਜਪਾ ਆਪਣੇ ਦਮ ਉੱੱਤੇ ਕਰ ਰਹੀ ਸੀ,ਜਿਹੜੀ ਪੰਜਾਬ ਅੰਦਰ ਭਾਜਪਾ ਦਾ ਲੋਕ ਆਧਾਰ ਨਾ ਹੋਣ ਕਰਕੇ ਇਕੱਠ ਤੋ ਸੱਖਣੀ ਰਹਿ ਗਈ।ਸੋ ਉਪਰੋਕਤ ਤਮਾਮ ਕਾਰਨਾਂ ਕਰਕੇ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਨੇ ਇਹ ਮਹਿਸੂਸ ਕੀਤਾ ਹੋਵੇਗਾ ਕਿ ਜਿਹੜੇ ਸੂਬੇ ਲਈ ਉਹ ਬਹੁਤ ਵੱਡੇ ਵੱਡੇ ਐਲਾਨ ਕਰਨ ਲਈ ਆਏ ਹਨ,ਜਦੋਂਂ ਉਹ ਲੋਕ ਹੀ ਰੈਲੀ ਵਿੱਚ ਨਹੀ ਪਹੁੰਚੇ,ਫਿਰ ਉਹ 42000 ਕਰੋੜ ਤੋ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਿਉਂ ਕਰਨ? ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦਾ ਪਾਇਆ ਜਾ ਰਿਹਾ ਰੌਲਾ ਵੀ ਕਿਤੇ ਨਾ ਕਿਤੇ ਜਾਇਜ਼ ਹੋ ਸਕਦਾ ਹੈ,ਪਰ ਅਸਲ ਕਾਰਨ ਤਾਂ ਇਹ ਜਾਪਦੇ ਹਨ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਲੋਕ ਮਨਾਂ ਦਾ ਗਲਤ  ਅੰਦਾਜ਼ਾ ਲਾਈ ਬੈਠੇ ਸਨ,ਪ੍ਰੰਤੂ ਜਦੋ ਉਹਨਾਂ ਨੂੰ ਅਸਲੀਅਤ ਦਿਖਾਈ ਦਿੱਤੀ, ਤਾਂ ਉਨ੍ਹਾਂ  ਨੇ ਰੈਲੀ ਵਿੱਚ ਨਾ ਜਾਣਾ ਹੀ ਮੁਨਾਸਿਬ ਸਮਝਿਆ ਹੋਵੇਗਾ।ਇਹਦੇ ਵਿੱਚ ਵੀ ਕੋਈ ਸ਼ੱਕ ਨਹੀ ਕਿ ਪ੍ਰਧਾਨ ਮੰਤਰੀ ਦੇ ਬੇਰੰਗ ਵਾਪਸ ਚਲੇ ਜਾਣ ਨਾਲ ਪੰਜਾਬ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਪੰਜਾਬ ਦੇ ਲੋਕ ਇਹ ਆਸਾਂ ਲਾਈ ਬੈਠੇ ਸਨ ਕਿ ਪ੍ਰਧਾਨ ਮੰਤਰੀ ਮੋਦੀ ਵੱਡੇ ਵੱਡੇ ਪਰੋਜੈਕਟ ਲਾਉਣ ਤੋ ਇਲਾਵਾ ਚੰਡੀਗੜ ਪੰਜਾਬ ਨੂੰ ਦੇਣ ਅਤੇ ਤੀਹ ਤੀਹ ਪੈਂਤੀ ਪੈਂਤੀ ਸਾਲਾਂ ਤੋਂਂ  ਜੇਲ੍ਹ ਵਿੱਚ ਸੜ ਰਹੇ ਉਨ੍ਹਾਂ ਸਿੱਖ ਬੰਦੀਆਂ ਨੂੰ ਰਿਹਾ ਕਰਨ ਦਾ ਐਲਾਨ ਵੀ ਕਰ ਸਕਦੇ ਹਨ,ਜਿਹੜੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ।ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕਰਨ ਦੀ ਚਰਚਾ ਵੀ  ਬਾ-ਦਲੀਲ ਚੱਲਦੀ ਰਹੀ ਹੈ।ਸੋ ਉਪਰੋਕਤ ਦੇ ਸਮੇਤ ਬਹੁਤ ਕੁੱਝ ਅਜਿਹਾ ਹੈ,ਜੋ ਪ੍ਰਧਾਨ ਮੰਤਰੀ ਆਪਣੇ ਸੀਨੇ ਅੰਦਰ ਹੀ ਲੈ ਕੇ ਵਾਪਸ ਮੁੜ ਗਏ ਹਨ,ਜਿਸ ਦਾ ਕਿਸੇ ਨੂੰ ਕੁੱਝ ਵੀ ਇਲਮ ਨਹੀ ਹੈ।ਜਿੱਥੇ ਪੰਜਾਬ ਵਾਸੀਆਂ ਨੂੰ  ਇਸ ਨੁਕਸਾਨ ਦਾ ਅਫਸੋਸ  ਰਹੇਗਾ,ਓਥੇ ਪੰਜਾਬ ਭਾਜਪਾ ਨੂੰ ਵੀ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋਣ ਦਾ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ,ਕਿਉਂਕਿ ਪੰਜਾਬ ਅੰਦਰ ਭਾਜਪਾ ਦਾ ਲੋਕ ਆਧਾਰ ਨਾਮਾਤਰ ਹੈ ਅਤੇ ਕਿਸਾਨੀ ਸੰਘਰਸ਼  ਤੋ  ਬਾਅਦ ਇਹ ਹੋਰ ਵੀ ਘੱਟ ਗਿਆ ਹੈ,ਇਸ ਲਈ ਪੰਜਾਬ ਭਾਜਪਾ, ਜਿਹੜੀ ਸੂਬੇ ਅੰਦਰ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਸੀ,ਉਨ੍ਹਾਂ ਦੀਆਂ ਆਸਾਂ ਤੇ ਵੀ ਇੱਕ ਵਾਰੀ ਪਾਣੀ ਫਿਰ ਗਿਆ ਹੈ। ਰੈਲੀ ਦੇ ਰੱਦ ਹੋਣ ਨਾਲ ਉਤਸ਼ਾਹ ਨਾਲ ਭਰੇ ਪੰਜਾਬ ਭਾਜਪਾ ਦੇ ਹੌਸਲਿਆਂ ਵਿੱਚ ਆਈ ਗਿਰਾਵਟ ਵੀ ਆਗੂਆਂ ਦੇ ਚਿਹਰਿਆਂ ਤੇ ਸਾਫ ਦੇਖੀ  ਜਾ ਸਕੇਗੀ। ਇਸ ਤੋ ਇਲਾਵਾ ਭਾਜਪਾ ਵਿਚ ਧੜਾਧੜ ਸ਼ਾਮਲ ਹੋਣ ਵਾਲੇ ਆਗੂ ਹੁਣ ਭਾਜਪਾ ਵਿਚ ਜਾਣ ਵਾਲੇ ਆਪਣੇ ਫੈਸਲਿਆਂ ਦੀ ਮੁੜ ਘੋਖ ਕਰਨਗੇ,ਸ਼ਾਮਲ ਹੋ ਚੁੱਕੇ ਆਗੂ ਗਲਤੀ ਦਾ ਪਛਤਾਵਾ ਕਰਨਗੇ। ਸੁਖਦੇਵ ਸਿੰਘ ਢੀਂਡਸਾ ਵਰਗੇ ਪੰਥਕ ਚਿਹਰੇ ਅਤੇ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੇ ਬਗੈਰ ਕੁੱਝ ਖੱਟਿਆ ਸਿਰ ਵਿਚ ਸੁਆਹ ਪਵਾਉਣ ਦੀ ਗਲਤੀ ਕਰਕੇ ਲੋਕ ਮਨਾਂ ਤੋ ਹੋਰ ਦੂਰ ਹੁੰਦੇ ਪਰਤੱਖ ਦਿਖਾਈ ਦੇਣਗੇ।ਇਸ ਸਾਰੇ ਘਟਨਾਕ੍ਰਮ ਤੋ ਬਾਅਦ ਹੁਣ ਇਸ ਤੋ ਅੱਗੇ ਹੋਰ ਕੀ ਹੋਣ ਵਾਲਾ ਹੈ,ਇਹ ਅੰਦਾਜ਼ੇ ਪਿਛਲੇ ਸਮਿਆਂ ਦੌਰਾਨ ਦਿੱਲੀ ਅਤੇ ਪੰਜਾਬ ਦੇ ਅਣਸੁਖਾਵੇਂ ਰਿਸ਼ਤਿਆਂ ਨੂੰ ਘੋਖਿਆਂਂ ਹੀ ਲਗਾਏ ਜਾ ਸਕਦੇ ਹਨ।ਜਿਸ ਤਰਾਂ ਐਮਰਜੰਸੀ ਤੋ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ  ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਵਰਗੇ ਭਿਆਨਕ ਵਰਤਾਰੇ ਨੂੰ ਅੰਜਾਮ ਦਿੱਤਾ ਸੀ, ਮੌਜੂਦਾ ਸਮੇ ਵਿੱਚ ਵੀ ਦਿੱਲੀ ਤੋਂ ਅਜਿਹੇ ਇਸ਼ਾਰੇ ਮਿਲ ਰਹੇ ਹਨ।ਜਿਸ ਤਰਾਂ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਠਿੰਡਾ ਦੇ ਹਵਾਈ ਅੱਡੇ ਤੇ ਪੁੱਜ ਕੇ ਬਿਆਨ ਦਿੱਤਾ ਹੈ,ਉਹ ਆਪਣੇ ਆਪ ਵਿੱਚ ਬਹੁਤ ਡੂੰਘੇ ਤੇ ਭਿਆਨਕ ਅਰਥ ਰੱਖਦਾ ਹੈ।ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਹਵਾਈ ਅੱਡੇ ਤੋਂਂ ਦਿੱਲੀ ਨੂੰ ਰਵਾਨਾ ਹੋਣ ਸਮੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਇਹ ਕਹਿਣਾ ਕਿ ਆਪਣੇ ਸੀ ਐਂਮ ਦਾ ਧੰਨਵਾਦ ਕਰ ਦਿਓ ਕਿ ਮੈ ਜਿਉਂਦਾ ਵਾਪਸ ਪਰਤ ਰਿਹਾ ਹਾਂ”,ਉਨ੍ਹਾਂ ਦਾ ਇਹ ਬਿਆਨ ਪੰਜਾਬ ਦੇ ਭਵਿੱਖ ਲਈ ਸਭ ਅੱਛਾ ਨਹੀ ਹੋਣ ਦੇ ਸੰਕੇਤ ਦੇ ਰਿਹਾ ਹੈ।ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਤੇ ਲਾਏ ਦੋਸ਼ ਬੇਸ਼ੱਕ ਸੱਚ ਵੀ ਹੋਣ,ਪਰ ਇਸ ਦੇ ਬਾਵਜੂਦ ਵੀ ਸ੍ਰੀ ਨਰੇਂਦਰ ਮੋਦੀ ਦਾ ਉਪਰੋਕਤ ਬਿਆਨ ਸਹੀ ਨਹੀਂਂ ਮੰਨਿਆ ਜਾ ਸਕਦਾ।ਕਿਉਂਕਿ ਨਾ ਹੀ ਪੰਜਾਬ ਦੀ ਕਿਸੇ ਜਥੇਬੰਦੀ ਨੇ ਪ੍ਰਧਾਨ ਮੰਤਰੀ ਦੇ ਕਾਫਲੇ ਤੇ ਕੋਈ ਹਮਲਾ ਕਰਨ ਦਾ ਕੋਈ ਭੜਕਾਊ ਬਿਆਨ ਹੀ ਦਿੱਤਾ ਹੈ,ਅਤੇ ਨਾ ਹੀ ਕਿਸਾਨ ਜਥੇਬੰਦੀਆਂ ਦਾ ਇਹ ਪਰੋਗਰਾਮ ਹੀ ਸੀ,ਸਗੋਂਂ ਉਨ੍ਹਾਂ ਦਾ ਪਰੋਗਰਾਮ ਤਾਂ ਭਾਜਪਾ ਵਰਕਰਾਂ ਨੂੰ ਰੈਲੀ ਵਿਚ ਜਾਣ ਤੋਂਂ ਰੋਕਣ ਤੋ ਵੱਧ ਕੁੱਝ ਵੀ ਨਹੀ ਸੀ,ਇੱਥੋਂ ਤੱਕ ਸਪੱਸਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਣ ਵਾਲੀ ਜਥੇਬੰਦੀ ਦੇ ਆਗੂ ਇਹ ਸਾਫ ਤੌਰ ਤੇ ਕਹਿ ਰਹੇ ਹਨ ਕਿ ਸਾਨੂੰ ਫਿਰੋਜਪੁਰ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਦੇ ਆਉਣ ਦਾ ਕਹਿ ਕੇ ਹੀ ਰਸਤਾ ਖਾਲੀ ਕਰਨ ਨੂੰ ਕਿਹਾ ਜਾ ਰਿਹਾ ਸੀ,ਪਰ ਅਸੀ ਉਨ੍ਹਾਂ ਦੀ ਇਹ ਗੱਲ ਝੂਠ ਸਮਝਦੇ ਰਹੇ।ਉਲਟਾਂ ਅਸੀ ਉਨ੍ਹਾਂ ਨੂੰ ਇਹ ਕਹਿੰਦੇ ਰਹੇ ਕਿ  ਤੁਸੀ ਰਸਤਾ ਖਾਲੀ ਕਰਵਾ ਕੇ ਭਾਜਪਾ ਵਰਕਰਾਂ ਵਾਲੀਆਂ ਬੱਸਾਂ ਨੂੰ ਲੰਘਾਉਣਾ ਚਾਹੁੰਦੇ ਹੋ।ਸੋ  ਇਹ ਗੱਲ ਨੂੰ ਵੀ ਝੁਠਲਾਇਆ ਨਹੀ ਜਾ ਸਕਦਾ ਕਿ ਪੰਜਾਬ ਸਰਕਾਰ ਵੀ ਅਪਣੇ ਫਰਜਾਂ ਤੋ ਅਵੇਸਲੀ ਰਹੀ ਹੈ,ਪਰ ਇਹ ਵੀ ਸੱਚ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਐਸਪੀਜੀ (ਸਪੈਸਿਲ ਪ੍ਰੋਟੈਕਸਨ ਗਰੁੱਪ)ਦੀ ਹੈ,ਜਿਸ ਦੇ ਅਧੁਨਿਕ ਹਥਿਆਰਾਂ ਨਾਲ ਲੈਸ ਤਿੰਨ ਹਜ਼ਾਰ ਜਵਾਨ ਪ੍ਰਧਾਨ ਮੰਤਰੀ ਸੁਰੱਖਿਆ ਲਈ ਹਰ ਸਮੇ ਤਿਆਰ ਬਰ ਤਿਆਰ  ਰਹਿੰਦੇ ਹਨ।ਇੱਥੇ ਵੀ ਐਸ਼ਪੀਜੀ ਨੇ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਖੁਦ ਇਹ ਤਹਿ ਕਰਨਾ ਸੀ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਨੇ ਕਿਹੜੇ ਰਸਤੇ ਤੋਂਂ ਹੋ ਕੇ ਜਾਣਾ ਹੈ।ਸੋ ਉਪਰੋਕਤ ਤਮਾਮ ਕਾਰਨਾਂ ਦੇ ਮੱਦੇਨਜ਼ਰ ਕਿਧਰੇ ਵੀ ਇਹ ਦਿਖਾਈ ਨਹੀ ਦਿੰਦਾ ਕਿ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਪ੍ਰਤੀ ਕੋਈ ਹਿੰਸਕ ਮੰਦਭਾਵਨਾ ਰੱਖਦੇ ਹੋਣ,ਫਿਰ ਪ੍ਰਧਾਨ ਮੰਤਰੀ ਦਾ ਉਪਰੋਕਤ ਬਿਆਨ ਸਿਰਫ ਤੇ ਸਿਰਫ ਪੰਜਾਬ ਅਤੇ ਸਿੱਖਾਂ ਨੂੰ ਦੁਨੀਆ ਪੱਧਰ ਤੇ ਬਦਨਾਮ ਕਰਨ ਦੀ ਚਾਲ ਹੀ ਸਮਝਣੀ ਚਾਹੀਦੀ ਹੈ,ਜਿਸ ਵਿੱਚ ਮੋਦੀ ਸਾਹਬ ਕਾਮਯਾਬ ਵੀ ਹੋ ਗਏ ਹਨ।ਉਹਨਾਂ ਦੇ ਮੀਡੀਆ ਚੈਨਲ ਮੋਦੀ ਅਤੇ ਉਹਨਾਂ ਦੀ ਸਰਕਾਰ ਦੇ ਪੈਂਤੜੇ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਲਈ ਇੱਕ ਦੂਸਰੇ ਤੋ ਵੱਧ ਕੇ ਅੱਗ ਉਗਲਦੇ ਦੇਖੇ ਜ ਸਕਦੇ ਹਨ। ਜਿੱਥੇ ਮੋਦੀ ਸਾਹਬ ਨੂੰ 15’20 ਮਿੰਟ ਤੱਕ ਰੁਕਣਾ ਪਿਆ, ਉੱਥੇ ਉਹਨਾਂ ਨੂੰ ਕਿਸੇ ਇੱਕ ਵੀ ਵਿਅਕਤੀ ਵੱਲੋਂ ਰੰਚਕ ਮਾਤਰ ਵੀ ਨੁਕਸਾਨ ਪਹੁੰਚਾਉਣਾ ਤਾਂ ਦੂਰ,ਸਗੋਂ ਪਰੇਸਾਨ ਤੱਕ ਵੀ ਨਹੀ ਕੀਤਾ ਗਿਆ,ਫਿਰ ਪ੍ਰਧਾਨ  ਮੰਤਰੀ ਸਮੇਤ ਸਮੁੱਚੀ ਕੇਂਦਰ ਸਰਕਾਰ ਅਤੇ ਸਾਰਾ ਮੋਦੀ ਮੀਡੀਆ ਚੈਨਲ ਐਨੀ ਹਾਲ ਦੁਹਾਈ ਪਾ ਕੇ ਪੰਜਾਬ ਨੂੰ ਕਿਹੜੇ ਹਾਲਾਤਾਂ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ,ਇਹ ਕੋਈ ਲੁਕੀ ਛੁਪੀ ਗੱਲ ਨਹੀ ਹੈ।ਜਦੋਂਂ ਕਿਸਾਨਾਂ ਨੇ ਲਗਾਤਾਰ ਇਕ ਸਾਲ ਦਿੱਲੀ ਦੀਆਂ ਹੱਦਾਂ ਤੇ ਬੈਠ ਕੇ ਅੰਦੋਲਨ ਲੜਿਆ ਸੀ,ਤਾਂ ਉਸ ਸਮੇ ਦੌਰਾਨ 700 ਤੋ ਵੱਧ ਕਿਸਾਨ ਜਾਨਾਂ ਗੁਆ ਗਏ,ਇੱਕ ਨੌਜਵਾਨ 26 ਜਨਵਰੀ ਵਾਲੇ ਦਿਨ ਦਿੱਲੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ,ਅਤੇ ਲਖੀਮਪੁਰ ਵਿੱਚ ਕੇਂਦਰੀ ਮੰਤਰੀ ਦੇ ਬੇਟੇ ਵੱਲੋਂ ਛੇ ਕਿਸਾਨਾਂ ਨੂੰ, ਜਿੰਨਾਂ ਵਿੱਚ ਇੱਕ ਪੱਤਰਕਾਰ ਵੀ ਸ਼ਾਮਲ ਸੀ,ਗੱਡੀਆਂ ਹੇਠ ਦਰੜ ਕੇ ਮਾਰ ਦਿੱਤਾ ਗਿਆ,ਉਹਨਾਂ ਬਾਰੇ ਕੇਂਦਰ ਸਰਕਾਰ ਨੇ ਕਦੇ ਜੁਬਾਨ ਤੱਕ ਨਹੀ ਸੀ ਖੋਲੀ,ਹੁਣ ਜਦੋ ਮਹਿਜ 15 ,20  ਮਿੰਟ ਤੱਕ ਰੁਕਣਾ ਹੀ ਪਿਆ ਹੈ,ਤਾਂ ਮੋਦੀ ਸਾਹਬ ਕਹਿ ਰਹੇ ਹਨ,ਕਿ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਇਆ ਹਾਂ।ਜਿਸਤਰਾਂ ਦਾ ਭੰਡੀ ਪਰਚਾਰ ਦੁਨੀਆ ਭਰ ਵਿੱਚ ਕੀਤਾ ਜਾ ਰਿਹਾ ਹੈ,ਇਹਦੇ ਨਤੀਜੇ ਪੰਜਾਬ ਖਾਸ ਕਰਕੇ ਸਿੱਖਾਂ ਲਈ ਬੇਹੱਦ ਘਾਤਕ ਹੋਣਗੇ।

ਪੰਜਾਬ ਦੌਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਹੋਈ ਅਣਗਹਿਲੀ ਦੇ ਮੁੱਦੇ 'ਤੇ ਪੰਜਾਬ ਕਾਂਗਰਸ ਪ੍ਰਧਾਨ ਸ:ਨਵਜੋਤ ਸਿੰਘ ਸਿੱਧੂ ਦਾ ਕਹਿਣਾ  ਹੈ ਕਿ ਵੱਡੀ ਚਲਾਕੀ ਨਾਲ ਮਾਮਲੇ ਨੂੰ ਹੋਰ ਪਾਸੇ ਲਿਜਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਕੇਵਲ ਪੰਜਾਬ ਪੁਲਿਸ ਤੱਕ ਸੀਮਿਤ ਹੈ, ਕੀ ਇਸ ਵਿਚ ਰਾਅ ਅਤੇ ਆਈ.ਬੀ. ਦੀ ਕੋਈ ਭੂਮਿਕਾ ਨਹੀਂ ।ਸ. ਸਿੱਧੂ ਨੇ ਸਵਾਲ ਕੀਤਾ ਕਿ ਜਦੋਂ ਇਹ ਪਲਾਨ ਹੀ ਨਹੀਂ ਸੀ ਕਿ ਪ੍ਰਧਾਨ ਮੰਤਰੀ ਸੜਕੀ ਰਸਤੇ ਤੋਂ ਜਾਣਗੇ, ਤਾਂ ਇਹ ਪਲਾਨ ਕਦੋਂ ਅਤੇ ਕਿਵੇਂ ਬਦਲਿਆ ? ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਇਕ ਚਾਲ ਹੈ, ਹੋਰ ਕੁਝ ਨਹੀਂ । ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਵਿਚ ਭਾਜਪਾ ਦਾ ਕੋਈ ਆਧਾਰ ਨਾ ਹੋਣ ਕਾਰਨ ਉਹ ਪੰਜਾਬ ਨੂੰ ਬਦਨਾਮ ਕਰ ਕੇ ਯੂ.ਪੀ. ਵਰਗੇ ਰਾਜਾਂ ਵਿਚ ਚੋਣਾਂ ਦੌਰਾਨ ਫਿਰਕੂ ਸਿਆਸਤ ਖੇਡ ਕੇ ਇਸ ਦਾ ਫ਼ਾਇਦਾ ਚੁੱਕਣਾ ਚਾਹੁੰਦੇ ਹਨ ।ਸਿੱਧੂ ਦਾ ਕਹਿਣਾ ਸੀ ਕਿ ਭਾਜਪਾ ਨੇ ਅਜਿਹੇ ਕੁੱਝ ਤੋਤੇ ਰੱਖੇ ਹੋਏ ਹਨ, ਜੋ ਇਨ੍ਹਾਂ ਦੀ ਫਿਰਕੂ ਭਾਸ਼ਾ ਬੋਲਦੇ ਰਹਿੰਦੇ ਹਨ ।ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹਨ ।ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਵਿਚ 70 ਹਜ਼ਾਰ ਕੁਰਸੀ ਲਗਾਈ ਗਈ ਸੀ, ਪਰ ਪੰਡਾਲ ਖ਼ਾਲੀ ਸੀ । ਇਸ ਦੇ ਚਲਦੇ ਹੀ ਸੁਰੱਖਿਆ ਨੂੰ ਭਾਣਾ ਬਣਾ ਕੇ ਫਜ਼ੀਹਤ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਕੀ ਪ੍ਰਧਾਨ ਮੰਤਰੀ ਨੇ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨ ਆਉਣਾ ਸੀ

 |ਸਿਧੂ ਦਾ ਇਹ ਬਿਆਨ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ।ਇਹੋ ਜਿਹਾ ਰਲਦਾ ਮਿਲਦਾ ਬਿਆਨ ਪੰਜਾਬ ਦੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਦਿਤਾ ਹੈ। ਮੇਰੇ ਵੱਲੋਂ ਇਹ ਵੀ ਲਿਖਿਆ ਜਾ ਚੁੱਕਾ ਹੈ ਕਿ ਦਿੱਲੀ ਦੇ ਤਖਤ ਤੇ ਭਾਵੇਂ ਕੋਈ ਵੀ ਬੈਠਾ ਹੋਵੇ,ਪੰਜਾਬ ਸਭਨਾਂ ਦੀਆਂ ਅੱਖਾਂ ਵਿੱਚ ਰੜਕਦਾ ਹੀ ਰਿਹਾ ਹੈ,ਉਹ ਭਾਵੇ ਮੁਗਲ ਬਾਦਸ਼ਾਹ ਜਹਾਂਗੀਰ ਹੋਵੇ,ਔਰੰਗਜ਼ੇਬ ਹੋਵੇ, ਜਾਂ ਫਰਖਸ਼ੀਅਰ ਹੋਵੇ,ਜਾਂ ਵੀਹਵੀਂ ਸਦੀ ਦੀ ਸ਼ਾਸ਼ਕ ਇੰਦਰਾ ਗਾਂਧੀ ਹੋਵੇ ਤੇ ਭਾਵੇਂ ਹੋਵੇ ਮੌਜੂਦਾ ਭਾਜਪਾ ਸਰਕਾਰ ਦਾ ਨਰੇਂਦਰ ਮੋਦੀ , ਪੰਜਾਬ ਅਤੇ ਸਿੱਖਾਂ ਪ੍ਰਤੀ ਸਭ ਦਾ ਨਜ਼ਰੀਆ ਇੱਕੋ ਜਿਹਾ ਹੀ ਰਿਹਾ ਹੈ। ਅਕਾਲੀ ਦਲ ਨੇ 1975 ਵਿੱਚ ਜਨਸੰਘ ਪਿੱਛੇ ਲੱਗ ਕੇ ਐਮਰਜੈਂਸੀ ਖਿਲਾਫ ਮੋਰਚਾ ਲਾਇਆ, ਜਿਸ ਵਿੱਚ ਦਿੱਲੀ ਦੀ ਤਤਕਾਲੀ ਸ਼ਾਸ਼ਕ ਕਾਂਗਰਸ ਦੀ ਇੰਦਰਾ ਗਾਂਧੀ ਦੀ ਹਾਰ ਹੋਈ, ਪ੍ਰੰਤੂ ਉਹ ਹਾਰ ਦਾ ਨਤੀਜਾ ਸਿੱਖਾਂ ਨੂੰ ਪੰਜਾਬ ਦੇ ਸਾਰੇ ਹੱਕ ਖੁਹਾ ਕੇ 84 ਦੀ ਸਿੱਖ ਨਸਲਕੁਸ਼ੀ ਦੇ ਰੂਪ ਵਿਚ ਝੱਲਣਾ ਪਿਆ ਸੀ, ਤੇ ਉਹ ਹੀ ਜਨਸੰਘ ਵਾਲਿਆਂ ਨੇ ਇੰਦਰਾ ਗਾਂਧੀ ਦਾ ਸਾਥ ਦਿੱਤਾ ਸੀ। ਮੌਜੂਦਾ  ਕਿਸਾਨੀ ਅੰਦੋਲਨ ਦੀ ਅਗਵਾਈ, ਸਿੱਖਾਂ ਦੀ ਭੂਮਿਕਾ ਅਤੇ ਆਪਣੀ ਹਾਰ ਨੂੰ ਦਿੱਲੀ ਤੇ ਕਾਬਜ ਜਨਸੰਘ ਦੇ ਨਵੇਂ ਰੂਪ ਵਿਚ ਆਈ ਭਾਜਪਾ ਕਿਵੇਂ ਚੁੱਪ ਕਰਕੇ ਬਰਦਾਸਤ ਕਰ ਸਕਦੀ ਹੈ, ਇਸ ਲਈ ਜਾਪਦਾ ਹੈ ਕਿ ਦਿੱਲੀ ਤਖਤ ਨੇ ਅੰਦੋਲਨ ਚ ਹੋਈ ਹਾਰ ਦਾ ਬਦਲਾ ਲੈਣ ਲਈ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ,ਜਿਸ ਦੇ ਨਤੀਜੇ ਪਹਿਲਾਂ ਤੋਂਂ ਜਿਆਦਾ ਘਾਤਕ ਹੋਣ ਦੀ  ਸ਼ੰਕਾ ਹੈ।ਪਹਿਲੇ ਕਦਮ ਵਜੋਂਂ ਭਾਜਪਾ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਉਣ ਵੱਲ ਵੱਧ ਰਹੀ ਹੈ ਤਾਂ ਕਿ ਪੰਜਾਬ ਦੀ ਅਕਲ ਟਿਕਾਣੇ ਕੀਤੀ ਜਾ ਸਕੇ।ਸ਼ਾਇਦ  ਕੇਂਦਰ ਸਰਕਾਰ ਇਹ ਭੁੱਲਦੀ ਹੈ ਕਿ ਜਿੰਨਾਂ ਦੀ ਅਕਲ ਟਿਕਾਣੇ ਕਰਦੇ ਕਰਦੇ ਪਤਾ ਨਹੀ ਕਿੰਨੇ ਅਬਦਾਲੀ,ਦੁਰਾਨੀ ਦੁਨੀਆਂ ਤੋ ਚਲੇ ਗਏ , ਤੇ ਅੰਗਰੇਜ਼ਾਂ ਤੋਂ ਬਾਅਦ ਭਾਰਤੀ ਹਾਕਮ ਅੱਜਤੱ ਕ ਵੀ ਏਸੇ ਭਰਮ ਵਿਚ ਜੀਅ ਰਹੇ ਹਨ।ਉੱਤਰ ਪ੍ਰਦੇਸ ਦੇ ਇਕ ਭਾਜਪਾ ਵਿਧਾਇਕ ਅਭੀਜੋਤ ਸਿੰਘ ਸਾਂਗਾ ਨੇ ਜੋ ਬਿਆਨ ਦਿੱਤਾ ਹੈ,ਉਹ ਪ੍ਰਧਾਨ ਮੰਤਰੀ ਦੇ ਬਿਆਨ ਦੇ ਪਿੱਛੇ ਜੋ ਮਨਸਾ ਛੁਪੀ ਹੋਈ ਹੈ,ਉਹਨੂੰ ਸਫਲ ਤੇ ਸਪੱਸ਼ਟ ਕਰਦਾ ਹੈ। ਉਹਨੇ ਟਵੀਟ ਕੀਤਾ ਹੈ ਕਿ ਮੋਦੀ ਨੂੰ ਇੰਦਰਾ ਮੱਤ ਸਮਝ ਲੈਣਾ ਅਗਰ ਮੋਦੀ ਨੂੰ ਕੁੱਝ ਹੋਇਆ ਤਾਂ ਪੂਰੀ ਸਿੱਖ ਕੌਂਮ ਦਾ ਇਤਿਹਾਸ ਮਿਟਾ ਦਿੱਤਾ ਜਾਵੇਗਾ।ਇਸ ਵਰਤਾਰੇ ਨੂੰ ਜੈਨ ਮੱਤ,ਬੁੱਧ ਮੱਤ ਤੋਂਂ ਅਲੱਗ ਕਰਕੇ ਨਹੀ ਦੇਖਿਆ ਜਾਣਾ ਚਾਹੀਦਾ। ਕਹਿਣ ਤੋਂਂ ਭਾਵ ਹੈ ਕਿ ਸਿੱਖਾਂ ਖਿਲਾਫ ਮਹੌਲ ਤਿਆਰ ਕੀਤਾ ਜਾ ਰਿਹਾ ਹੈ,ਜਿਸ ਨੂੰ ਸਮਝਣ ਦੀ ਲੋੜ ਹੈ।

ਜਿਨ੍ਹਾਂ ਸੁਆਲਾਂ ਦਾ ਜਵਾਬ ਮਿਲਣਾ ਬਾਕੀ ਹੈ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਵਿਖੇ ਰੈਲੀ ਤੋਂ ਪਹਿਲਾਂ ਸੁਰੱਖਿਆ ਵਿੱਚ ਹੋਈ ਅਣਗਹਿਲੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਸ ਦੀ ਜਾਂਚ ਲਈ ਕਮੇਟੀਆਂ ਬਣਾਈਆਂ ਗਈਆਂ ਸਨ। ਸੁਪਰੀਮ ਕੋਰਟ ਨੇ ਫਿਲਹਾਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਜਾਂਚ ਕਰਨ ਤੋਂ ਰੋਕਿਆ ਹੈ। ਆਪਣੀ ਜਾਚ ਕਮੇਟੀ ਬਣਾ ਦਿਤੀ ਹੈ।

ਅਨੇਕਾਂ ਸਵਾਲ ਜਿਨ੍ਹਾਂ ਦੇ ਜਵਾਬ ਕੋਣ ਦੇਵੇਗਾ

1. ਕੌਣ ਸਨ ਪ੍ਰਦਰਸ਼ਨਕਾਰੀ ਅਤੇ ਕਿਉਂ ਵਿਰੋਧ ਕਰ ਰਹੇ ਸਨ? ਭਾਜਪਾ ਦਾ ਇਕ ਜਥਾ ਮੋਦੀ ਦੇ ਕਾਫਲੇ ਨੇੜੇ ਕਿਵੇਂ ਢੁਕਿਆ ,ਜਿਸਨੂੰ ਗੋਦੀ ਮੀਡੀਆ ਕਿਸਾਨ ਪੇਸ਼ ਕਰ ਰਿਹਾ ਹੈ?

ਸੰਯੁਕਤ ਕਿਸਾਨ ਮੋਰਚਾ ਵੱਲੋਂ 6 ਜਨਵਰੀ ਨੂੰ ਜਾਰੀ ਕੀਤੇ ਬਿਆਨ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ 10 ਕਿਸਾਨ ਸੰਗਠਨਾਂ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਦੇ ਸੰਕੇਤਕ ਵਿਰੋਧ ਦਾ ਐਲਾਨ ਕੀਤਾ ਗਿਆ ਸੀ।ਵਿਰੋਧ ਦਾ ਕਾਰਨ ਲਖੀਮਪੁਰ ਖੀਰੀ ਮਾਮਲੇ ਵਿੱਚ ਅਜੇ ਮਿਸ਼ਰਾ ਟੇਨੀ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ ਕਿਸਾਨਾਂ ਦੀਆਂ ਬਕਾਇਆ ਮੰਗਾਂ ਸੀ।ਇਨ੍ਹਾਂ ਵਿੱਚ ਐੱਮਐੱਸਪੀ ਅਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਹੋਏ ਪੁਲਿਸ ਕੇਸ ਵਾਪਿਸ ਲੈਣ ਦੀ ਮੰਗ ਸ਼ਾਮਿਲ ਸੀ।ਇਹ ਮੰਗਾਂ ਕੇਂਦਰ ਸਰਕਾਰ ਵਲੋਂ ਮੰਨੀਆਂ ਕਿਉਂ ਨਹੀੰ ਗਈਆਂ? ਕੀ ਕਿਸਾਨਾਂ ਦਾ ਸ਼ਾਂਤਮਈ ਵਿਰੋਧ ਗੈਰ ਕਨੂੰਨੀ ਸੀ ?

2. ਕੀ ਮੁਜ਼ਾਹਰੇ ਵਿੱਚ ਮੌਜੂਦ ਲੋਕਾਂ ਨੂੰ ਕਾਫਲੇ ਵਿੱਚ ਪੀਐੱਮ ਮੋਦੀ ਦੇ ਹੋਣ ਬਾਰੇ ਪਤਾ ਸੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਸ ਸੜਕ ਉੱਤੇ ਰੋਕਿਆ ਹੈ ਉੱਥੇ ਧਰਨੇ 'ਤੇ ਬੈਠੇ ਕਿਸਾਨ ਆਗੂ ਬਲਦੇਵ ਸਿੰਘ ਨੇ  ਦੱਸਿਆ, ਮੇਰੀ ਅਗਵਾਈ ਵਿੱਚ ਡੇਢ ਸੌ ਦੇ ਕਰੀਬ ਕਿਸਾਨ ਫ਼ਿਰੋਜ਼ਪੁਰ ਜਾ ਰਹੇ ਸਨ।" "ਅਸੀਂ ਆਪਣੀ ਜਥੇਬੰਦੀ ਵੱਲੋਂ ਨਿਰਧਾਰਤ ਕੀਤੇ ਗਏ ਪ੍ਰੋਗਰਾਮ ਮੁਤਾਬਕ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨਾ ਸੀ।""ਪਰ ਇਸ ਰਸਤੇ ਤੋਂ ਪ੍ਰਧਾਨ ਮੰਤਰੀ ਨੇ ਲੰਘਣਾ ਸੀ , ਸਾਨੂੰ ਕੋਈ ਇਲਮ ਨਹੀਂ ਸੀ।ਜਿਵੇਂ ਹੀ ਸਾਡੇ ਕਿਸਾਨਾਂ ਦਾ ਕਾਫ਼ਲਾ ਪਿੰਡ ਪਿਆਰੇਆਣਾ ਨੇੜੇ ਪੁੱਜਾ ਤਾਂ ਪੁਲਿਸ ਨੇ ਨੈਸ਼ਨਲ ਹਾਈਵੇ ਉੱਪਰ ਹੀ ਸਾਨੂੰ ਰੋਕ ਲਿਆ।ਬਲਦੇਵ ਸਿੰਘ ਅੱਗੇ ਕਹਿੰਦੇ ਹਨ, "ਸਾਨੂੰ ਤਾਂ ਪੁਲਿਸ ਪ੍ਰਸ਼ਾਸਨ ਨੇ ਇਹੀ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਬੱਸਾਂ ਰਾਹੀਂ ਇੱਥੋਂ ਰੈਲੀ ਲਈ ਲੰਘਣ ਦਿੱਤਾ ਜਾਵੇ ਅਤੇ ਅਸੀਂ ਰਾਜ਼ੀ ਵੀ ਹੋ ਗਏ।ਪਰ ਜਦੋਂ ਭਾਜਪਾ ਵਰਕਰ ਹਿੰਸਾ ਉੱਪਰ ਉਤਾਰੂ ਹੋਏ ਤਾਂ ਫਿਰ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਰਾਹ ਨਹੀਂ ਖੋਲ੍ਹਣਗੇ।"

3. ਕੀ ਇਹ ਪ੍ਰਦਰਸ਼ਨਕਾਰੀ ਕਿਸੇ ਵੱਲੋਂ ਭੇਜੇ ਗਏ ਸਨ ਜਾਂ ਆਪ ਹੀ ਵਿਰੋਧ ਕਰਨ ਆਏ ਸਨ?

ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਸੰਕੇਤਕ ਵਿਰੋਧ ਬਾਰੇ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਅਤੇ ਇਹ ਪ੍ਰਦਰਸ਼ਨਕਾਰੀ ਕਿਸਾਨ ਆਪ ਹੀ ਵਿਰੋਧ ਕਰਨ ਲਈ ਪਹੁੰਚੇ ਸਨ।ਵਿਰੋਧ ਵਜੋਂ 2 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਪਿੰਡ ਪੱਧਰ 'ਤੇ ਅਤੇ 5 ਜਨਵਰੀ ਨੂੰ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਐਲਾਨੇ ਗਏ ਸਨ।ਸੰਯੁਕਤ ਕਿਸਾਨ ਮੋਰਚੇ ਮੁਤਾਬਕ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਜਾਂ ਉਨ੍ਹਾਂ ਦੇ ਰੈਲੀ ਵਿੱਚ ਅੜਚਨ ਪਾਉਣ ਦਾ ਕੋਈ ਪ੍ਰੋਗਰਾਮ ਇਨ੍ਹਾਂ ਸੰਗਠਨਾਂ ਦਾ ਨਹੀਂ ਸੀ।ਬੀਜੇਪੀ ਲੀਡਰਸ਼ਿਪ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਡੀਜੀਪੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ਼ ਹੈ ਤਾਂ ਕੀ ਉਹ ਝੂਠ ਬੋਲ ਰਹੇ ਸਨ। ਪ੍ਰਧਾਨ ਮੰਤਰੀ ਪੁਲ ਉੱਪਰੋਂ ਜਾ ਰਹੇ ਹਨ, ਇਹ ਜਾਣਕਾਰੀ ਪੁਲ ਉੱਪਰ ਜਾ ਖੜ੍ਹਨ ਵਾਲੇ ਮੁ਼ਜ਼ਾਹਰਾਕਾਰੀਆਂ ਨੂੰ ਕਿਸ ਨੇ ਦਿੱਤੀ।

ਪੰਜਾਬ ਦੇ ਮੁੱਖ ਮੰਤਰੀ  ਨੇ ਗ੍ਰਹਿ ਮੰਤਰਾਲਾ ਅਤੇ ਬੀਜੇਪੀ ਲੀਡਰਸ਼ਿਪ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।

4. ਕੀ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਭਾਜਪਾ ਸਮਰਥਕਾਂ ਨੂੰ ਰੋਕਿਆ ਗਿਆ?

ਕਈ ਜਗ੍ਹਾ ਤੋਂ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ ਸਨ ਜਿਸ ਵਿੱਚ ਕਿਸਾਨ ਪ੍ਰਦਰਸ਼ਨਕਾਰੀਆਂ ਵੱਲੋਂ ਭਾਜਪਾ ਸਮਰਥਕਾਂ ਦੇ ਵਾਹਨਾਂ ਨੂੰ ਫਿਰੋਜ਼ਪੁਰ ਰੈਲੀ ਵੱਲ ਜਾਣ ਤੋਂ ਰੋਕਿਆ ਗਿਆ।ਕੁਝ ਕਿਸਾਨ ਜਥੇਬੰਦੀਆਂ ਵੱਲੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ, ਤਰਨਤਾਰਨ-ਫਿਰੋਜ਼ਪੁਰ ਅਤੇ ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਬੈਠ ਕੇ ਪ੍ਰਦਰਸ਼ਨ ਕੀਤੇ ਗਏ।ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ ਨਾਲ ਗੱਲਬਾਤ ਅਤੇ ਅਪੀਲ ਵੀ ਕੀਤੀ ਗਈ ਕਿ ਫ਼ਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ਤੋਂ ਆ ਰਹੇ ਭਾਜਪਾ ਸਮਰਥਕਾਂ ਨੂੰ ਆਉਣ ਦਿੱਤਾ ਜਾਵੇ ਅਤੇ ਸੜਕ ਤੋਂ ਧਰਨਾ ਪ੍ਰਦਰਸ਼ਨ ਚੁੱਕ ਦਿੱਤੇ ਜਾਣ। ਫਾਜ਼ਿਲਕਾ ਰੋਡ ਰਾਹੀਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਕੁਝ ਭਾਜਪਾ ਸਮਰਥਕ ਪਹੁੰਚ ਰਹੇ ਸਨ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਆਖਿਆ ਗਿਆ ਸੀ ਕਿ ਜੇਕਰ ਸਰਕਾਰ ਲਿਖਤੀ ਤੌਰ ਤੇ ਉਨ੍ਹਾਂ ਦੀਆਂ ਬਾਕੀ ਮੰਗਾਂ ਮੰਨਦੀ ਹੈ ਤਾਂ ਉਹ ਸੜਕ ਤੋਂ ਧਰਨਾ ਚੁੱਕ ਦੇਣਗੇ ਅਤੇ ਸ਼ੇਰਸ਼ਾਹਵਾਲੀ ਇਲਾਕੇ ਕੋਲ ਆਪਣੀ ਰੈਲੀ ਕਰਨਗੇ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਖਿਆ ਗਿਆ ਸੀ ਕਿ ਉਹ ਪ੍ਰਧਾਨ ਮੰਤਰੀ ਦੀ ਰੈਲੀ ਵੱਲ ਨਹੀਂ ਜਾਣਗੇ।ਪ੍ਰਧਾਨ ਮੰਤਰੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਆਗੂਆਂ ਨਾਲ ਬੈਠਕ ਕਰਨ ਬਾਰੇ ਭਾਜਪਾ ਨੇਤਾਵਾਂ ਵੱਲੋਂ ਮਿਲੇ ਭਰੋਸੇ ਮਗਰੋਂ ਬੀਤੇ ਬੁੱਧਵਾਰ ਸਵੇਰੇ ਕੁਝ ਹੱਦ ਤੱਕ ਸੜਕਾਂ ਨੂੰ ਖੋਲ੍ਹਿਆ ਗਿਆ ਸੀ।

5. ਕਿਸਾਨ ਕਿੰਨੀ ਦੇਰ ਤੱਕ ਪੀਐੱਮ ਦੇ ਕਾਫ਼ਲੇ ਵਾਲੀ ਸੜਕ ਤੇ ਰਹੇ?

ਪ੍ਰਧਾਨ ਮੰਤਰੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਹੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਭਗ ਬਾਰਾਂ ਘੰਟੇ ਸੜਕਾਂ ਰੋਕਣ ਤੋਂ ਬਾਅਦ ਫ਼ਿਰੋਜ਼ਪੁਰ ਦੇ ਕੁਲਗੜ੍ਹੀ ਇਲਾਕੇ ਵਿੱਚ ਕਿਸਾਨ ਯੂਨੀਅਨ ਦੇ ਮੈਂਬਰ ਇਕੱਠੇ ਹੋਏ। ਪ੍ਰਧਾਨ ਮੰਤਰੀ ਦੇ ਕਾਫਲੇ ਦੇ ਵਾਪਸ ਮੁੜਨ ਦੇ ਕੁਝ ਘੰਟਿਆਂ ਮਗਰੋਂ ਕਿਸਾਨ ਧਰਨੇ ਤੋਂ ਉੱਠ ਗਏ।

ਉਹ ਸਵਾਲ ਜਿਨ੍ਹਾਂ ਦੇ ਜਵਾਬ ਮਿਲਣੇ ਹਨ ਬਾਕੀ

ਕੀ ਪੰਜਾਬ ਸਰਕਾਰ, ਡੀਜੀਪੀ ਅਤੇ ਮੁੱਖ ਸਕੱਤਰ ਵੱਲੋਂ ਬਦਲਾਅ ਦੀ ਸੂਰਤ ਵਿੱਚ ਬਦਲਵਾਂ ਰਾਹ ਨਹੀਂ ਬਣਾਇਆ ਗਿਆ ਸੀ?

ਕੀ ਪੰਜਾਬ ਪੁਲਿਸ ਨੂੰ ਸਮੇਂ ਸਿਰ ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਸਫ਼ਰ ਕਰਨ ਦੀ ਜਾਣਕਾਰੀ ਮਿਲੀ ਸੀ?

ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਸਫ਼ਰ ਕਰਨ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਸੜਕ ਤੋਂ ਲੋਕਾਂ ਨੂੰ ਹਟਾਉਣ ਵਿੱਚ ਨਾਕਾਮ ਕਿਉਂ ਰਹੀ?

ਕੀ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਅਜਿਹੇ ਮੌਸਮ ਵਿੱਚ ਉਡਾਣ ਨਹੀਂ ਭਰ ਸਕਦਾ?

ਭਾਜਪਾ ਦੇ ਝੰਡੇ ਚੁੱਕੀ ਲੋਕ ਪ੍ਰਧਾਨ ਮੰਤਰੀ ਦੀ ਗੱਡੀ ਦੇ ਕਰੀਬ ਕਿਵੇਂ ਪਹੁੰਚੇ?