ਗੁਰੂਘਰਾਂ ਦੇ ਪ੍ਰਬੰਧ ਦੀਆਂ ਵੋਟਾਂ ਬਣਾਉਣ ਲਈ ਸਿੱਖਾਂ ਵਿਚ ਭਾਰੀ ਉਤਸਾਹ, ਪਰ ਵੋਟਾਂ ਪੈਣ ਦੀ ਮਿਤੀ ਦਾ ਐਲਾਨ ਨਾ ਹੋਣਾ ਅਤਿ ਦੁੱਖਦਾਇਕ : ਇਮਾਨ ਸਿੰਘ ਮਾਨ

ਗੁਰੂਘਰਾਂ ਦੇ ਪ੍ਰਬੰਧ ਦੀਆਂ ਵੋਟਾਂ ਬਣਾਉਣ ਲਈ ਸਿੱਖਾਂ ਵਿਚ ਭਾਰੀ ਉਤਸਾਹ, ਪਰ ਵੋਟਾਂ ਪੈਣ ਦੀ ਮਿਤੀ ਦਾ ਐਲਾਨ ਨਾ ਹੋਣਾ ਅਤਿ ਦੁੱਖਦਾਇਕ : ਇਮਾਨ ਸਿੰਘ ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬੀਤੇ ਲੰਮੇ ਸਮੇ ਤੋ ਦ੍ਰਿੜਤਾ ਪੂਰਵਕ ਕੀਤੇ ਗਏ ਸੰਘਰਸ਼ ਅਤੇ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਸਮੇ-ਸਮੇ ਤੇ ਕੀਤੇ ਗਏ ਉਦਮਾਂ ਅਤੇ ਆਵਾਜ ਉਠਾਉਣ ਦੀ ਬਦੌਲਤ ਐਸ.ਜੀ.ਪੀ.ਸੀ ਦੀਆਂ ਨਵੀਆਂ ਚੋਣਾਂ ਕਰਵਾਉਣ ਲਈ ਸੈਟਰ ਦੇ ਗ੍ਰਹਿ ਵਿਭਾਗ, ਗੁਰਦੁਆਰਾ ਚੋਣ ਕਮਿਸਨ ਅਤੇ ਪੰਜਾਬ ਸਰਕਾਰ ਵੱਲੋ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ । ਜਿਸ ਦਿਨ ਤੋ ਵੋਟਾਂ ਬਣਨ ਦਾ ਚੋਣ ਕਮਿਸਨ ਗੁਰਦੁਆਰਾ ਅਤੇ ਸਰਕਾਰ ਵੱਲੋ ਐਲਾਨ ਹੋਇਆ ਹੈ, ਪੰਜਾਬ ਦੇ ਸਭ ਜਿ਼ਲ੍ਹਿਆਂ ਅਤੇ ਗੁਰੂਘਰ ਦੇ ਚੋਣ ਹਲਕਿਆ ਵਿਚ ਵੱਸਣ ਵਾਲੀ ਸਿੱਖ ਵਸੋ ਵਿਚ ਵੋਟਾਂ ਬਣਾਉਣ ਲਈ ਵੱਡਾ ਉਤਸਾਹ ਪ੍ਰਤੱਖ ਰੂਪ ਵਿਚ ਇਸ ਲਈ ਸਾਹਮਣੇ ਆਇਆ ਹੈ ਕਿਉਂਕਿ ਬੀਤੇ ਲੰਮੇ ਸਮੇ ਤੋ ਐਸ.ਜੀ.ਪੀ.ਸੀ ਦੀ ਸਿੱਖ ਕੌਮ ਦੀ ਪਾਰਲੀਮੈਟ ਉਤੇ ਉਨ੍ਹਾਂ ਲੋਕਾਂ ਨੇ ਸੈਟਰ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਨਾਲ ਗੈਰ ਇਖਲਾਕੀ, ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਸਮਝੋਤੇ ਕਰਕੇ ਜ਼ਬਰੀ ਕਬਜਾ ਕੀਤਾ ਹੋਇਆ ਹੈ ਅਤੇ ਜਿਨ੍ਹਾਂ ਦੇ ਪ੍ਰਬੰਧ ਹੇਠ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਬੇਸੁਮਾਰ ਖਾਮੀਆ ਉਤਪੰਨ ਹੋ ਚੁੱਕੀਆ ਹਨ । ਇਸ ਵਿਸੇ ਤੇ ਸਿੱਖ ਕੌਮ ਇਸ ਚੱਲਦੇ ਆ ਰਹੇ ਪ੍ਰਬੰਧ ਤੋ ਪੂਰਨ ਖਫਾ ਹੈ । ਇਹੀ ਵਜਹ ਹੈ ਕਿ ਨਵੀਆ ਵੋਟਾਂ ਬਣਨ ਦੀ ਪ੍ਰਕਿਰਿਆ ਸੁਰੂ ਹੋਣ ਤੇ ਸਿੱਖ ਕੌਮ ਵਿਚ ਵੋਟਾਂ ਬਣਾਉਣ ਲਈ ਬਹੁਤ ਵੱਡਾ ਉਤਸਾਹ ਤੇ ਉਭਾਰ ਪੈਦਾ ਹੋ ਚੁੱਕਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਸਰਕਾਰ ਅਤੇ ਚੋਣ ਕਮਿਸਨ ਵੱਲੋ ਅਜੇ ਤੱਕ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਦੀ ਮਿਤੀ ਦਾ ਐਲਾਨ ਕਰਨ ਸੰਬੰਧੀ ਕੋਈ ਨੋਟੀਫਿਕੇਸਨ ਜਾਰੀ ਨਹੀ ਕੀਤਾ ਗਿਆ । ਜਦੋਕਿ ਸਿੱਖ ਕੌਮ ਦੀ ਇਹ ਇੱਛਾ ਹੈ ਕਿ ਜਦੋ ਸਭ ਪ੍ਰਕਿਰਿਆ ਆਪਣੀ ਮੰਜਿਲ ਵੱਲ ਵੱਧ ਰਹੀ ਹੈ, ਤਾਂ ਸਰਕਾਰ ਨੂੰ ਹੁਣ ਇਨ੍ਹਾਂ ਚੋਣਾਂ ਨੂੰ ਕਰਵਾਉਣ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਾ ਕਰਕੇ ਸਿੱਖ ਕੌਮ ਦੀ ਸੰਤੁਸਟੀ ਲਈ ਅਤੇ ਉਨ੍ਹਾਂ ਵਿਚ ਆਪਣੇ ਵਿਸਵਾਸ ਨੂੰ ਪੱਕਾ ਕਰਨ ਲਈ ਵੋਟਾਂ ਪਵਾਉਣ ਦੀ ਤਰੀਕ ਦਾ ਐਲਾਨ ਕਰਨ ਸੰਬੰਧੀ ਪਹਿਲ ਦੇ ਆਧਾਰ ਤੇ ਨੋਟੀਫਿਕੇਸਨ ਵੀ ਜਾਰੀ ਕਰਨਾ ਵੀ ਹਕੂਮਤੀ ਫਰਜ ਬਣ ਗਿਆ ਹੈ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ ਦੀਆਂ 13 ਸਾਲ ਬਾਅਦ ਜਰਨਲ ਚੋਣਾਂ ਹੋਣ ਦੀ ਪ੍ਰਕਿਰਿਆ ਪੂਰੇ ਜੋਸ ਖਰੋਸ ਨਾਲ ਸੁਰੂ ਹੋਣ ਅਤੇ ਪੰਜਾਬ ਦੀਆਂ ਸਿੱਖ ਸੰਗਤਾਂ ਵੱਲੋ ਇਸ ਗੰਭੀਰ ਵਿਸੇ ਉਤੇ ਦਿਖਾਏ ਜਾ ਰਹੇ ਵੱਡੇ ਉਤਸਾਹ ਅਤੇ ਵੋਟਾਂ ਬਣਾਉਣ ਦੀ ਹੋੜ ਉਤੇ ਸੰਤੁਸਟੀ ਪ੍ਰਗਟ ਕਰਦੇ ਹੋਏ ਲੇਕਿਨ ਸੈਟਰ, ਪੰਜਾਬ ਦੀਆਂ ਸਰਕਾਰਾਂ ਵੱਲੋ ਇਨ੍ਹਾਂ ਚੋਣਾਂ ਹੋਣ ਦਾ ਨੋਟੀਫਿਕੇਸਨ ਜਾਰੀ ਨਾ ਕਰਨ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਗਹਿਰੇ ਦੁੱਖ ਤੇ ਅਫਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਬੀਤੇ ਲੰਮੇ ਸਮੇ ਤੋ ਆਪਣੇ ਆਪ ਨੂੰ ਵੱਡਾ ਲੋਕਤੰਤਰ ਮੁਲਕ ਕਹਾਉਣ ਵਾਲੀ ਇੰਡੀਆ ਸਰਕਾਰ ਤੇ ਹੁਕਮਰਾਨਾਂ ਨੇ ਸਿੱਖ ਕੌਮ ਦੀ ਐਸ.ਜੀ.ਪੀ.ਸੀ ਦੀ ਚੋਣ ਨੂੰ ਰੋਕ ਕੇ ਸਾਡੀ ਜਮਹੂਰੀਅਤ ਨੂੰ ਕੁੱਚਲਿਆ ਹੋਇਆ ਸੀ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਇਸ ਵਿਸੇ ਤੇ ਪ੍ਰਗਟਾਏ ਵੱਡੇ ਰੋਹ, ਰੋਸ ਮੁਜਾਹਰੇ, ਧਰਨਿਆ ਅਤੇ ਸਰਕਾਰਾਂ ਨੂੰ ਯਾਦ ਪੱਤਰ ਦੇਣ ਦੇ ਅਣਥੱਕ ਸਿਲਸਿਲੇ ਨੂੰ ਮੁੱਖ ਰੱਖਦੇ ਹੋਏ ਇਸ ਪ੍ਰਕਿਰਿਆ ਨੂੰ ਸੁਰੂ ਕਰਕੇ ਸਿੱਖ ਕੌਮ ਦੇ ਮਨ ਵਿਚ ਉਤਪੰਨ ਹੋਏ ਰੋਹ ਨੂੰ ਕੁਝ ਸ਼ਾਂਤ ਜਰੂਰ ਕੀਤਾ ਹੈ । ਲੇਕਿਨ ਵੋਟਾਂ ਪੈਣ ਦੀ ਤਰੀਕ ਦਾ ਐਲਾਨ ਨਾ ਕਰਕੇ ਇਸ ਪ੍ਰਕਿਰਿਆ ਦੇ ਬਾਕੀ ਹਿੱਸੇ ਨੂੰ ਪੂਰਨ ਕਰਨ ਤੋ ਕੁਝ ਗੈਰ ਜਿੰਮੇਵਰਾਨਾ ਅਮਲਾਂ ਦੀ ਗੱਲ ਸਾਹਮਣੇ ਆਈ ਹੈ । ਜਦੋਕਿ 13 ਸਾਲਾਂ ਬਾਅਦ ਸਿੱਖ ਕੌਮ ਦੀ ਜਮਹੂਰੀਅਤ ਬਹਾਲ ਕਰਨ ਦੇ ਸੁਰੂ ਹੋਏ ਉੱਦਮ ਨੂੰ ਹੁਣ ਕਿਸੇ ਵੀ ਕੀਮਤ ਤੇ ਕਿਸੇ ਵੀ ਆਨੇ ਬਹਾਨੇ ਮੁਲਤਵੀ ਜਾਂ ਲੰਮਾਂ ਨਹੀ ਕਰਨਾ ਚਾਹੀਦਾ । ਬਲਕਿ ਸਿੱਖ ਕੌਮ ਦੇ ਮਨ ਵਿਚ ਹੁਕਮਰਾਨਾਂ ਦੀਆਂ ਬੇਈਮਾਨੀਆ ਪ੍ਰਤੀ ਉਠੇ ਸੰਕਿਆ ਦਾ ਨਿਵਿਰਤ ਕਰਨ ਲਈ ਫੌਰੀ ਸੀਮਤ ਸਮੇ ਵਿਚ ਚੋਣ ਕਮਿਸਨ ਗੁਰਦੁਆਰਾ ਨਾਲ ਸਲਾਹ ਮਸਵਰਾ ਕਰਕੇ ਸਾਡੀਆ ਇਸ ਗੁਰੂਘਰ ਦੀਆਂ ਵੋਟਾਂ ਪੈਣ ਦੀ ਤਰੀਕ ਦਾ ਨੋਟੀਫਿਕੇਸਨ ਪਹਿਲ ਦੇ ਆਧਾਰ ਤੇ ਜਾਰੀ ਹੋਣਾ ਚਾਹੀਦਾ ਹੈ ਅਤੇ ਜੋ ਵੋਟਾਂ ਬਣਨ ਦੀ ਪ੍ਰਕਿਰਿਆ ਵਿਚ ਹਕੂਮਤੀ ਪੱਧਰ ‘ਤੇ ਬੀ.ਐਲ.ਓ, ਆਂਗਣਵਾੜੀ ਵਰਕਰ ਜਾਂ ਅਧਿਆਪਕ ਦੀਆਂ ਡਿਊਟੀਆਂ ਲਗਾਉਣ ਵਿਚ ਅਣਗਹਿਲੀ ਕੀਤੀ ਗਈ ਹੈ, ਉਸ ਨੂੰ ਉਸੇ ਤਰ੍ਹਾਂ ਇਮਾਨਦਾਰੀ ਨਾਲ ਪੂਰਨ ਕਰਨਾ ਬਣਦਾ ਹੈ ਜਿਵੇ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੋ ਪਹਿਲੇ ਇਹ ਉਪਰੋਕਤ ਤਿੰਨੇ ਵਰਗ ਦੇ ਅਧਿਕਾਰੀ ਘਰ ਘਰ ਜਾ ਕੇ ਨਵੀਆ ਵੋਟਾਂ ਬਣਾਉਦੇ ਹਨ ਅਤੇ ਉਨ੍ਹਾਂ ਨੂੰ ਰਜਿਸਟਰਡ ਕਰਕੇ ਵੋਟਰ ਸੂਚੀ ਤਿਆਰ ਕਰਨ ਵਿਚ ਸਹਿਯੋਗ ਕਰਦੇ ਹਨ । ਤਾਂ ਕਿ ਕੋਈ ਵੀ ਸਿੱਖ ਯੋਗ ਵੋਟਰ ਭਾਵੇ ਉਹ ਮਰਦ ਹੋਵੇ, ਔਰਤ ਹੋਵੇ, ਨੌਜਵਾਨ, ਬੀਬੀਆ ਹੋਣ ਕੋਈ ਵੀ ਸਿੱਖ ਵੋਟਰ ਇਹ ਆਪਣੀ ਵੋਟ ਬਣਾਉਣ ਤੋ ਵਾਂਝਾ ਨਾ ਰਹਿ ਸਕੇ ਅਤੇ ਹਰ ਸਿੱਖ ਆਉਣ ਵਾਲੇ ਗੁਰੂਘਰ ਦੇ ਪ੍ਰਬੰਧ ਵਿਚ ਆਪਣੇ ਇਸ ਵੋਟ ਹੱਕ ਰਾਹੀ ਸੁਚਾਰੂ ਯੋਗਦਾਨ ਪਾ ਕੇ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਵੱਡੇ ਪੱਧਰ ਤੇ ਪੈਦਾ ਹੋ ਚੁੱਕੀਆ ਖਾਮੀਆ ਨੂੰ ਦੂਰ ਕਰਨ ਵਿਚ ਯੋਗਦਾਨ ਪਾ ਸਕੇ । ਅੱਛੇ ਤੇ ਉੱਚੇ ਸੁੱਚੇ ਖਿਆਲਾਂ ਵਾਲੇ ਗੁਰਸਿੱਖ ਉਮੀਦਵਾਰਾਂ ਨੂੰ ਜਿਤਾਕੇ ਇਸ ਪ੍ਰਬੰਧ ਵਿਚ ਭਾਗੀਦਾਰ ਬਣਾਉਣ ਦੀ ਜਿੰਮੇਵਾਰੀ ਨਿਭਾਅ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਾਡੇ ਇਸ ਪ੍ਰੈਸ ਰੀਲੀਜ ਉਪਰੰਤ ਸੰਬੰਧਤ ਚਾਰੇ ਸੰਸਥਾਵਾਂ ਸੈਟਰ ਸਰਕਾਰ, ਪੰਜਾਬ ਸਰਕਾਰ, ਚੋਣ ਕਮਿਸਨ ਪੰਜਾਬ ਅਤੇ ਚੋਣ ਕਮਿਸਨ ਗੁਰਦੁਆਰਾ ਆਪਸੀ ਸਹਿਯੋਗ ਰਾਹੀ ਸਾਡੀ ਇਸ ਚੋਣ ਪ੍ਰਕਿਰਿਆ ਨੂੰ ਇਮਾਨਦਾਰੀ ਨਾਲ ਪੂਰਨ ਕਰਨ ਵਿਚ ਅੱਗੇ ਵੱਧ ਸਕਣ ਅਤੇ ਹੁਣ ਇਹ ਚੋਣ ਐਲਾਨੀ ਜਾਣ ਵਾਲੀ ਤਰੀਕ ਉਤੇ ਵੋਟਾਂ ਪਵਾਉਣ ਦਾ ਸਾਰਾ ਪ੍ਰਬੰਧ ਕਰਨਗੇ ।