ਦਿੱਲੀ ਕਮੇਟੀ ਦੇ ਪ੍ਰਬੰਧਕ ਸੌੜੀ ਸੋਚ ਵਿਚ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਵਿਖਾਉਣ ਵਿਚ ਲੱਗੇ ਹਨ: ਜਥੇਦਾਰ ਪੰਜੋਲੀ

ਦਿੱਲੀ ਕਮੇਟੀ ਦੇ ਪ੍ਰਬੰਧਕ ਸੌੜੀ ਸੋਚ ਵਿਚ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਵਿਖਾਉਣ ਵਿਚ ਲੱਗੇ ਹਨ: ਜਥੇਦਾਰ ਪੰਜੋਲੀ
ਜਥੇਦਾਰ ਪੰਜੋਲੀ

ਦਿੱਲੀ ਗੁਰਦੁਆਰਾ ਕਮੇਟੀ ਨੇ ਪੰਥ ਨਾਲ ਟਕਰਾਅ ਵਾਲਾ ਰਾਹ ਅਪਣਾਇਆ ਹੋਇਆ ਹੈ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 18 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਕੇ ਮੌਜੂਦਾ ਸਮੇਂ ਵਿਚ ਬਦਲ ਰਹੇ ਸਮੀਕਰਨਾਂ ’ਤੇ ਚਿੰਤਾ ਜਿਤਾਉਂਦਿਆਂ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਖਾਲਸਾ ਪੰਥ ਦੀਆਂ ਧਾਰਮਕ ਸੰਸਥਾਵਾਂ ਹਨ, ਜੋ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਤੋਂ ਇਲਾਵਾ ਗੁਰਮਤਿ ਦੇ ਪ੍ਰਚਾਰ ਪਸਾਰ ’ਚ ਜੁੱਟੀਆਂ ਹਨ ਅਤੇ ਵੇਖਣ ਵਿਚ ਆਇਆ ਹੈ ਕਿ ਬਦਲੇ ਰਹੇ ਸਮੀਕਰਨਾਂ ਕਾਰਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ  ਕਮੇਟੀ ਆਪਣੇ ਆਸ਼ੇ ਤੋਂ ਭਟਕ ਗਈ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਵਿਸ਼ਵ ਵਿਆਪੀ ਅਤੇ ਪ੍ਰਚਾਰ ਪਸਾਰ ਲਈ ਕੀਤੇ ਜਾ ਰਹੇ ਵੱਡਮੁੱਲੇ ਕਾਰਜਾਂ ਵਿਚ ਸੰਸਥਾ ਕਾਰਜਸ਼ੀਲ ਹੈ ਅਤੇ ਦੂਜੇ ਪਾਸੇ  ਦਿੱਲੀ ਕਮੇਟੀ ਨੇ ਆਪਣੇ ਆਪ ਨੂੰ ਪੰਥ ਦੀ ਮੁੱਖਧਾਰਾ ਨਾਲੋਂ ਵੱਖ ਕਰਦਿਆਂ ਆਪਣਾ ਆਪ ਇਕ ਨਵੀਂ ਬਣੀ ਸਿਆਸੀ ਪਾਰਟੀ ਨਾਲ ਜੋੜ ਲਿਆ ਹੈ ਅਤੇ ਹਾਲਾਤ ਦੱਸ ਰਹੇ ਹਨ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ’ਚ ‘ਕੁਝ ਵੀ ਅੱਛਾਂ’ ਨਹੀਂ ਹੈ।

ਜਥੇਦਾਰ ਪੰਜੋਲੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਸੌੜੀ ਸੋਚ ਵਿਚ ਆ ਕੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੀਵਾਂ ਵਿਖਾਉਣ ਵਿਚ ਲੱਗੇ ਹੋਏ ਹਨ ਅਤੇ ਇਕ ਸਿਆਸੀ ਪਾਰਟੀ ਵੀ ਕਮੇਟੀ ਦੀ ਪੁਸ਼ਤਪਨਾਹੀ ਕਰ ਰਹੀ ਹੈ, ਜੋ ਸਿੱਖ ਵਿਰੋਧੀ ਜਾਣੀ ਜਾਂਦੀ ਹੈ, ਜਿਸ ਕਾਰਨ ਸੰਸਥਾ ਦਾ ਵੱਕਾਰ ਪੰਥ ਵਿਚ ਨੀਵਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਆਰਥਿਕ ਪੱਖੋਂ ਸੰਕਟ ਵਿਚ ਹੈ ਅਤੇ ਕਮੇਟੀ ਦੇ ਪ੍ਰਬੰਧ ਹੇਠ ਵਿੱਦਿਅਕ ਅਦਾਰਿਆਂ ਵੀ ਕਮਜ਼ੋਰੀ ਸਥਿਤੀ ਵਿਚ ਹੋਣ ਕਾਰਨ ਅਧਿਆਪਕ ਵੀ ਤਨਖਾਹ ਤੋਂ ਵਾਂਝੇ ਨਜ਼ਰ ਆ ਰਹੇ ਹਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਪੰਥ ਨਾਲ ਟਕਰਾਅ ਵਾਲਾ ਰਾਹ ਅਪਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਮਹਿਰੋਲੀ ਵਿਚ ਇਕ ਪਾਰਕ ਸਥਾਪਿਤ ਕੀਤਾ ਗਿਆ, ਜਿਸ ਦਾ ਨਾਮ ਬੰਦਾ ਬੈਰਾਗੀ ਪਾਰਕ ਰੱਖਿਆ ਗਿਆ ਹੈ ਅਤੇ ਐਮ ਸੀ ਡੀ ਤੇ ਮੈਂਬਰ ਪਾਰਲੀਮੈਂਟ ਬੀਬੀ ਮਿਨਾਕਸ਼ੀ ਲੇਖੀ ਦੀ ਹਾਜ਼ਰੀ ਵਿਚ ਇਸ ਪਾਰਕ ਦੇ ਉਦਘਾਟਨ ਸਮੇਂ ਦਿੱਲੀ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੀ ਬਜਾਏ ਬੰਦਾ ਬੈਰਾਗੀ ਨਾਮ ’ਤੇ ਇਤਰਾਜ ਤੱਕ ਕਰਨ ਦੀ ਲੋੜ ਨਹੀਂ ਸਮਝੀ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀ ਪ੍ਰਤੀਨਿਧਤਾ ਕਰਨ ਵਾਲੀ ਸਿਰਮੌਰ ਸੰਸਥਾ ਹੈ ਅਤੇ ਦਿੱਲੀ ਕਮੇਟੀ ਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਵਿਸ਼ਵ ਵਿਆਪੀ ਹੈ। ਉਹ ਕਿਸੇ ਵੀ ਦੇਸ਼ ਵਿਚ ਆਪਣਾ ਕਾਰਜ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨਾਲ ਕਿਸੇ ਵੀ ਟਕਰਾਅ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ। ਜਥੇਦਾਰ ਪੰਜੋਲੀ ਨੇ ਸਿੰਘ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਹਮੇਸ਼ਾ ਹੀ ਖਾਲਸਾ ਪੰਥ ਵਿਚ ਏਕਤਾ ਅਤੇ ਇਤਫਾਕ ਦੇ ਹਾਮੀ ਰਹੇ ਹਾਂ ਤੇ ਦੁਨੀਆ ਭਰ ਵਿਚ ਵੱਸਦੇ ਹਰ ਸਿੱਖ ਨੂੰ ਗਲਵੱਕੜੀ ਵਿਚ ਲੈਣ ਲਈ ਤਤਪਰ ਹਾਂ ਦੂਜੇ ਪਾਸੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਅਧਿਕਾਰ ਖੇਤਰ ਦੇ ਇਲਾਕੇ ਵਿਚ ਸਿੱਖਾਂ ਨਾਲ ਰਾਜਨੀਤਕ ਤੌਰ ’ਤੇ ਹੋ ਰਹੀਆਂ ਧੱਕੇਸ਼ਹੀਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਵੀ ਤਿਆਰ ਨਹੀਂ ਹੈ ਅਤੇ ਅਜਿਹੇ ਮਸਲੇ ਪ੍ਰਤੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।