ਪੰਥਕ ਸਿਆਸਤ ਵਿਚ ਅੰਮ੍ਰਿਤ ਪਾਲ ਸਿੰਘ ਰਾਹੀਂ ਨਵੀਂ ਲੀਡਰਸ਼ਿਪ ਦਾ ਉਭਾਰ

ਪੰਥਕ ਸਿਆਸਤ ਵਿਚ ਅੰਮ੍ਰਿਤ ਪਾਲ ਸਿੰਘ ਰਾਹੀਂ ਨਵੀਂ ਲੀਡਰਸ਼ਿਪ ਦਾ ਉਭਾਰ

ਦੀਪ ਸਿੱਧੂ ਦੀ ਜਥੇਬੰਦੀ ਵਾਰਸ ਪੰਜਾਬ ਦੇ''  ਬਣਾਏ ਜਾਣਗੇ ਮੁਖੀ  

*29 ਸਤੰਬਰ ਨੂੰ ਕੀਤੀ ਜਾਵੇਗੀ ਦਸਤਾਰ ਬੰਦੀ    
*ਸਿਖਾਂ ਦੇ ਈਸਾਈਕਰਨ ਬਾਰੇ ਸਿਖ ਪੰਥ ਨੂੰ ਇਕਜੁੱਟ ਹੋਣ ਦਾ ਸੱਦਾ ,

*ਈਸਾਈ ਪਾਸਟਰਾਂ ਦੇ ਪੰਜਾਬ ਬੰਦ ਸੱਦੇ  ਦੇ ਵਿਰੋਧ ਕਾਰਣ ਮਚੀ ਹਲਚਲ  
*ਸਰਕਾਰ ਦੀ ਦਖਲ ਅੰਦਾਜੀ ਕਾਰਣ ਈਸਾਈ ਪਾਸਟਰਾਂ ਨੇ ਬੰਦ ਦਾ ਸੱਦਾ ਵਾਪਸ ਲਿਆ 

ਕੇਂਦਰ ਉੱਪਰ ਨਿਰਭਰਤਾ ਘਟਾਉਣ ਲਈ ਕੰਮ ਕਰਾਂਗੇ ਅਤੇ ਹਰ ਪਿੰਡ ਨੂੰ ਆਤਮ-ਨਿਰਭਰ ਬਣਾਉਣ ਦੀ ਕੋਸ਼ਿਸ਼  ਕਰਾਂਗੇ - ਅੰਮ੍ਰਿਤਪਾਲ ਸਿੰਘ                      

 ਵਿਸ਼ੇਸ਼ ਰਿਪੋਰਟ
                                                             

ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਨਾਮ ਚਰਚਾ ਵਿੱਚ ਹੈ। ਇਹ ਨਾਂ ਹੈ ਅੰਮ੍ਰਿਤਪਾਲ ਸਿੰਘ ਹੈ, ਜੋ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ ''ਵਾਰਸ ਪੰਜਾਬ ਦੇ'' ਜਥੇਬੰਦੀ ਦਾ ਨਵਾਂ ਜਥੇਦਾਰ ਹੈ। ਅੰਮ੍ਰਿਤਪਾਲ ਸਿੰਘ ਦੀ ''ਵਾਰਸ ਪੰਜਾਬ ਦੇ'' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਦਸਤਾਰਬੰਦੀ ਪ੍ਰੋਗਰਾਮ ਸਬੰਧੀ ਪੋਸਟਰ ''ਵਾਰਸ ਪੰਜਾਬ ਦੇ'' ਜਥੇਬੰਦੀ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਹੈ।ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਹੈ।ਅੰਮ੍ਰਿਤਪਾਲ ਸਿੰਘ ਪੰਥਕ ਹਲਕਿਆਂ  ਤੇ ਸਿਆਸਤ ਵਿਚ ਉਭਰ ਰਿਹਾ ਨਵਾਂ ਨਾਮ ਹੈ। ਉਹਨਾਂ ਨੇ ਸਿਖ ਅਵਾਮ ਤੇ ਨੌਜਵਾਨੀ ਨੂੰ ਅਨੰਦਪੁਰ ਧਰਤੀ ਤੇ ਅਨੰਦਪੁਰ ਮਿਸ਼ਨ ਨਾਲ ਜੋੜਿਆ ਹੈ।ਦੂਸਰਾ ਉਹਨਾਂ ਚਮਤਕਾਰਾਂ ਰਾਹੀਂ ਧਰਮ ਬਦਲੀ ਨੂੰ ਚੁਣੌਤੀ ਦਿੰਦਿਆਂ  ਈਸਾਈ ਪਾਸਟਰਾਂ ਦਾ ਵਿਰੋਧ ਕੀਤਾ ਹੈ। ਈਸਾਈ ਪਾਸਟਰਾਂ ਵਲੋਂ ਪੰਜਾਬ ਬੰਦ ਦੇ ਸੱਦੇ ਦਾ ਵੀ ਸਖਤ ਵਿਰੋਧ ਕੀਤਾ ਸੀ।ਯਾਦ ਰਹੇ ਈਸਾਈ ਆਗੂਆਂ ਵੱਲੋਂ 27 ਸਤੰਬਰ ਨੂੰ ਪੰਜਾਬ ਬੰਦ ਦਾ ਦਿੱਤਾ  ਸੀ।ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਗਿਆਨੀ ਅੰਮ੍ਰਿਤਪਾਲ ਸਿੰਘ ਨੇ  ਕਿਹਾ ਸੀ ਕਿ ਈਸਾਈ ਧਰਮ ਨਾਲ ਸਬੰਧਤ ਪੂਰੇ ਸੰਸਾਰ ਅੰਦਰ ਬਹੁਤ ਜ਼ਿਆਦਾ ਦੇਸ਼ ਹਨ ਪਰ ਸਿੱਖਾਂ ਲਈ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿਸ ਨੂੰ ਉਹ ਸਹੀ ਮਾਅਨਿਆਂ ਵਿੱਚ ਆਪਣਾ ਕਹਿ ਸਕਦੇ ਹਨ, ਇਸ ਲਈ ਇੱਥੇ ਕਿਸੇ ਦੀ ਵੀ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸਮੇਂ ਦੀਆਂ ਹਕੂਮਤਾਂ ਨਸ਼ਿਆਂ ਰਾਹੀਂ ਪੰਜਾਬੀਆਂ ਨੂੰ ਖ਼ਤਮ ਕਰਨ ਦੇ ਰਾਹ ’ਤੇ ਤੁਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਈਸਾਈ ਪਾਸਟਰਾਂ  ਨੂੰ ਪਿੰਡਾਂ ਵਿਚ ਵੜਨ ਨਹੀਂ ਦਿਤਾ ਜਾਵੇਗਾ ਜੋ ਗਰੀਬ ਸਿਖਾਂ ਦੇ ਘਰਾਂ ਵਿਚ ਜਾਕੇ ਲਾਲਚ ਦੇਕੇ ਚਮਤਕਾਰਾਂ ਦਾ ਦਾਅਵਾ ਕਰਕੇ ਈਸਾਈਕਰਨ ਕਰਾ ਰਹੇ ਹਨ।ਅੰਮਿ੍ਤਪਾਲ ਸਿੰਘ ਦੀ ਖੁਲੀ ਚੁਣੌਤੀ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵਲੋਂ ਪੱਟੀ ਅਤੇ ਡਡੂਆਣਾ ਘਟਨਾ ਵਿਚ ਸ਼ਾਮਲ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਈਸਾਈ ਭਾਈਚਾਰੇ ਨੇ 27 ਸਤੰਬਰ ਨੂੰ ਬੰਦ ਦਾ ਸੱਦਾ ਵਾਪਸ ਲੈ ਲਿਆ ਹੈ |  ਮੀਟਿੰਗ ਦੌਰਾਨ ਕਿ੍ਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਅਲਬਰਟ ਦੁਆ ਨੇ ਦੱਸਿਆ ਕਿ 23 ਸਤੰਬਰ ਨੂੰ ਚੰਡੀਗੜ੍ਹ ਵਿਖੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਨਾਲ ਮੀਟਿੰਗ ਹੋਈ ਸੀ ਜਿਸ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਉਹ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਦੇ ਭਰੋਸੇ ਤੋਂ ਸੰਤੁਸ਼ਟ ਹਨ ਅਤੇ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ ।ਇਸ ਮੌਕੇ ਸੁਰਜੀਤ ਥਾਪਰ, ਰਮਨ ਹੰਸ ਮਨਿਸਟਰੀਜ਼, ਕਨਵੀਨਰ ਮਸੀਹ ਮਹਾਂਸਭਾ ਆਗਸਟੀਨ ਦਾਸ, ਗੁਰਦਾਸਪੁਰ ਤੋਂ ਰਾਕੇਸ਼ ਵਿਲੀਅਮ, ਫਤਹਿਗੜ੍ਹ ਚੂੜੀਆਂ ਕੈਥੋਲਿਕ ਚਰਚ ਐਕਸ਼ਨ ਕਮੇਟੀ ਤੋਂ ਰੋਸ਼ਨ ਜੋਸਫ਼, ਹਾਮਿਦ ਮਸੀਹ, ਰੋਹਿਤ ਪਾਲ, ਅਵਤਾਰ ਸਿੰਘ, ਬਜਿੰਦਰ ਸਿੰਘ ਮਨਿਸਟਰੀਜ਼, ਅੰਕੁਰ ਨਰੂਲਾ ਮਨਿਸਟਰੀਜ਼ ਤੋਂ ਜਤਿੰਦਰ ਰੰਧਾਵਾ, ਪੈਂਟੀਕੋਸਟਲ ਪ੍ਰਬੰਧਕ ਕਮੇਟੀ ਤੋਂ ਧਰਮਿੰਦਰ ਬਾਜਵਾ, ਬਿਸ਼ਪ ਸੋਹਲ ਲਾਲ ਮੋਰਿੰਡਾ ਆਦਿ ਹਾਜ਼ਰ ਸਨ ।

ਅੰਮ੍ਰਿਤਪਾਲ ਸਿੰਘ  ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।ਉੱਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।
ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਤਿੰਨ ਸਾਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਪਰ ਕਦੇ ਡਿਗਰੀ ਨਹੀਂ ਮਿਲੀ।ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ।ਅੰਮ੍ਰਿਤਪਾਲ ਦਾ ਇੱਕ ਸਿਰ ਮੰਗਣ ਦਾ ਬਿਆਨ ਚਰਚਾ ਵਿੱਚ ਆਇਆ ਸੀ। ਉਸ ਬਾਰੇ ਉਹ ਕਹਿੰਦੇ ਹਨ ਕਿ, ''ਸਿੱਖੀ ਤਾਂ ਪਹਿਲਾਂ ਸਿਰ ਮੰਗਦੀ ਹੈ। ਜਦੋਂ ਤੱਕ ਤੁਸੀਂ ਪੂਰਾ ਸਰੰਡਰ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਦੀ।''ਅੰਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਪੁਰਾਣੀਆਂ ਜੱਥੇਬੰਦੀਆਂ ਨਵੇਂ ਬੰਦੇ ਖ਼ਾਸ ਕਰਕੇ ਅਜ਼ਾਦ ਖਿਆਲ ਨੂੰ ਥਾਂ ਨਹੀਂ ਦਿੰਦੇ।ਅਕਾਲੀ ਦਲ ਬਾਰੇ ਉਹ ਕਹਿੰਦੇ ਹਨ ਕਿ ਅਕਾਲੀ ਦਲ ਪੰਥ ਦਾ ਹੈ ਅਤੇ ਇਹ ਪੰਥ ਨੂੰ ਵਾਪਸ ਮਿਲਣਾ ਚਾਹੀਦਾ ਹੈ।ਉਹ ਕਹਿੰਦੇ ਹਨ,''ਜਿਹੜੇ ਬੰਦਿਆਂ ਦਾ ਕੌਮ ਵਿੱਚ ਵੱਕਾਰ ਗੁਆਚ ਜਾਵੇ, ਉਨ੍ਹਾਂ ਨੂੰ ਫਿਰ ਸੇਵਾ ਦੇ ਰਾਹ ਉੱਪਰ ਚੱਲਣਾ ਚਾਹੀਦਾ ਹੈ। ਘੱਟੋ-ਘੱਟ ਗੁਨਾਹ ਦੀ ਮੁਆਫ਼ੀ ਤਾਂ ਮੰਗ ਲੈਣੀ ਚਾਹੀਦੀ ਹੈ,ਸਿਆਸਤ ਛੱਡ ਦੇਣੀ ਚਾਹੀਦੀ ਹੈ। ਪਰ ਜੇ ਉਹ ਸੋਚਣ ਕਿ ਸਿਖ ਸੰਗਤ ਸ਼ਾਇਦ ਭੋਲੀ ਹੈ ਅਤੇ ਪੰਥ ਨੂੰ ਕੁਝ ਪਤਾ ਹੀ ਨਹੀਂ, ਇਸ ਗੱਲ ਤੋਂ ਸਾਨੂੰ ਇਤਰਾਜ਼ ਹੈ।ਅਕਾਲੀ ਦਲ ਪੰਥ ਦਾ ਹੈ ਨਾ ਕਿ ਕਿਸੇ ਇੱਕ ਪਰਿਵਾਰ ਦਾ । ਸਪੁਰਦ ਕਰ ਦੇਣ ਤਾਂ ਅਸੀਂ ਮੰਨ ਲਵਾਂਗੇ ਕਿ ਵਾਕਈ ਉਨ੍ਹਾਂ ਨੇ ਆਪਣੇ ਕੀਤੇ ਉੱਤੇ ਪਛਤਾਵਾ ਕੀਤਾ ਹੈ।''
ਉਹ ਕਹਿੰਦੇ ਹਨ,''ਭਾਵੇਂ ਕਿੰਨੀਆਂ ਵੀ ਜੱਥੇਬੰਦੀਆਂ ਹੋ ਜਾਣ ਪਰ ਪੰਥਕ ਏਕਤਾ ਖੁਦਮੁਖਤਿਆਰੀ ਦੇ ਮੁੱਦੇ ਉੱਪਰ ਹੀ ਹੋ ਸਕਦੀ ਹੈ। ਜਦੋਂ ਮਕਸਦ ਵੱਡਾ ਹੋ ਜਾਵੇ ਤਾਂ ਬੰਦੇ ਛੋਟੇ ਹੋ ਜਾਂਦੇ ਹਨ। ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਏਕਤਾ ਕਰਨੀ ਪੈਂਦੀ ਹੈ। ਇਹ ਵੀ ਮਜਬੂਰੀ ਵਿੱਚ ਹੀ ਹੁੰਦੀ ਹੈ। ਅੰਮ੍ਰਿਤਪਾਲ ਨੇ ਕਿਹਾ,''ਸਿੱਖ ਪ੍ਰਭੂਸੱਤਾ ਸੰਭਵ ਹੈ। ਅਸੀਂ ਇਸਦੀ ਹਮਾਇਤ ਕਰਦੇ ਹਾਂ ।ਇਸ ਵਿੱਚ ਸਭ ਤੋਂ ਵੱਡੀ ਅੜਚਨ ਤਾਂ ਸਿੱਖ ਹੋਮਲੈਂਡ ਜਾਂ ਰਾਜ ਦੇ ਖਿਲਾਫ਼ ਖੜ੍ਹਾ ਕੀਤਾ ਗਿਆ ਟੈਬੂ ਹੈ। ਇੱਕ ਝੂਠਾ ਸੰਵਾਦ ਖੜ੍ਹਾ ਕੀਤਾ ਗਿਆ ਕਿ ਸਿੱਖ ਆਪਣੇ-ਆਪ ਬਚੇ ਨਹੀਂ ਰਹਿ ਸਕਣਗੇ ਜਾਂ ਆਪਣਾ ਰਾਜ ਨਹੀਂ ਚਲਾ ਸਕਣਗੇ।

'ਵਾਰਸ ਪੰਜਾਬ' ਦੇ ਦਾ ਸਿਆਸੀ ਭਵਿੱਖ

 ਉਹ ਕਹਿੰਦੇ ਹਨ,''ਸੰਗਠਨ ਦੇ ਜ਼ਿਆਦਾਤਰ ਸਾਧਨ ਤਾਂ ਸਮਾਜਿਕ ਗਤੀਵਿਧੀਆਂ ਵਿੱਚ ਲੱਗਦੇ ਹਨ, ਸਿਆਸੀ ਗਤੀਵਿਧੀਆਂ ਲਈ ਤਾਂ ਬਹੁਤ ਸੀਮਤ ਵਰਤੋਂ ਹੁੰਦੀ ਹੈ।ਇਨ੍ਹਾਂ ਚੋਣਾਂ ਵਿੱਚ ਅਸੀਂ ਮਾਨ ਦਲ ਦੀ ਹਮਾਇਤ ਕੀਤੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਸਿੱਖ ਮੁੱਦਿਆਂ ਪ੍ਰਤੀ ਲੰਬੀ ਭਰੋਸੇਯੋਗਤਾ ਦਿਖਾਉਣ ਵਾਲਿਆਂ ਦੀ ਹਮਾਇਤ ਕਰਦੇ ਰਹਾਂਗੇ ਪਰ ਅਸੀਂ ਕਦੇ ਵੀ ਇਲੈਕਟੋਰਲ ਪੌਲੀਟਿਕਸ ਵਿੱਚ ਨਹੀਂ ਕੁੱਦਾਂਗੇ।ਮੈਂ ਜਥੇਬੰਦੀ ਦੀ ਸੇਵਾ ਕਰਨ ਦੌਰਾਨ ਦੀਪ ਸਿੱਧੂ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ। ਸਿੱਖਿਆ, ਕਾਨੂੰਨੀ ਸਹਾਇਤਾ ਜਾਂ ਪਿੰਡਾਂ ਦੀ ਰਵਾਇਤੀ ਗਵਰਨੈਂਸ ਦੀ ਗੱਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸੰਗਠਨ ਹਰੇਕ ਪਿੰਡ ਤੱਕ ਪਹੁੰਚ ਬਣਾਏਗਾ।''ਉਨ੍ਹਾਂ ਦਾ ਦਾਅਵਾ ਹੈ ਕਿ ਕੇਂਦਰ ਉੱਪਰ ਨਿਰਭਰਤਾ ਘਟਾਉਣ ਲਈ ਕੰਮ ਕੀਤਾ ਜਾਵੇਗਾ ਅਤੇ ਹਰ ਪਿੰਡ ਨੂੰ ਆਤਮ-ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਪ੍ਰਗਟ ਸਿੰਘ ਜੰਡਿਆਲਾ ਗੁਰੂ