ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ

ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ

                            *ਸੁੰਦਰ ਜਲੌਅ, ਦੀਪਮਾਲਾ ਤੇ ਆਤਿਸ਼ਬਾਜ਼ੀ ਬਣੇ ਖਿੱਚ ਦਾ ਕੇਂਦਰ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ - ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਅਥਾਹ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਦਰਬਾਰ ਸਾਹਿਬ ਦੀ ਪਰਿਕਰਮਾ ਸਮੇਤ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਹਰ ਪਾਸੇ ਸੰਗਤ ਦਾ ਸੈਲਾਬ ਨਜ਼ਰ ਆ ਰਿਹਾ ਸੀ । ਤੇ ਪਰਿਕਰਮਾ ਵਿਚ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ।ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਸੁੰਦਰ ਜਲੌਅ ਸਜਾਏ ਗਏ, ਜਿਸ ਵਿਚ ਪ੍ਰਦਰਸ਼ਿਤ ਕੀਤੀਆਂ ਗੁਰੂ ਘਰ ਦੇ ਤੋਸ਼ਾਖਾਨੇ ਦੀਆਂ ਇਤਿਹਾਸਕ ਤੇ ਬੇਸ਼ਕੀਮਤੀ ਵਸਤੂਆਂ ਅਤੇ ਮੁੰਬਈ ਦੀ ਸੰਗਤ ਵਲੋਂ ਕੀਤੀ ਫੁੱਲਾਂ ਦੀ ਸਜਾਵਟ ਖਿੱਚ ਦਾ ਕੇਂਦਰ ਰਹੇ ।ਸ਼ੋ੍ਮਣੀ ਕਮੇਟੀ ਤੇ ਕਈ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਤਾਂ ਮਹਾਂਪੁਰਖ਼ਾਂ ਵਲੋਂ ਸੰਗਤ ਲਈ ਵੱਖ-ਵੱਖ ਪਦਾਰਥਾਂ ਦੇ ਅਤੁੱਟ ਲੰਗਰ ਵਰਤਾਏ ਗਏ । ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ਼ਾਨਦਾਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਚਲਾਈ ਗਈ। ਇਸ ਤੋਂ ਪਹਿਲਾਂ ਪ੍ਰਕਾਸ਼ ਪੁਰਬ ਸੰਬੰਧੀ ਸਵੇਰੇ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਥ ਪ੍ਰਸਿੱਧ ਹਜ਼ੂਰੀ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸ਼ਬਦ ਕੀਰਤਨ ਤੇ ਗੁਰੂ ਜੱਸ ਨਾਲ ਨਿਹਾਲ ਕੀਤਾ । ਇਸ ਮੌਕੇ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ, ਗੁਰਬਾਣੀ ਤੇ ਸਿੱਖਿਆਵਾਂ ਸੰਬੰਧੀ ਸੰਗਤ ਨੂੰ ਕਥਾ ਸਰਵਣ ਕਰਵਾਈ।

ਸ਼ਾਮ ਨੂੰ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਆਧੁਨਿਕ ਬਿਜਲਈ ਦੀਪਮਾਲਾ ਕੀਤੀ ਗਈ, ਉੱਥੇ ਦੇਸੀ ਘਿਓ ਦੇ ਦੀਵੇ, ਮੋਮਬੱਤੀਆਂ ਆਦਿ ਨਾਲ ਸਰੋਵਰ ਕਿਨਾਰੇ ਰਵਾਇਤੀ ਦੀਪਮਾਲਾ ਵੀ ਕੀਤੀ ਗਈ ਅਤੇ ਆਤਿਸ਼ਬਾਜ਼ੀ ਕੀਤੀ, ਜੋ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ ।

 

ਲੰਗਰ ਗੁਰੂ ਰਾਮਦਾਸ ਜੀ ਵਿਖੇ ਵਿਸ਼ੇਸ਼ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਛਕਾਏ ਗਏ ।ਮੈਨੇਜਰ ਸੁਲੱਖਣ ਸਿੰਘੰ ਭੰਗਾਲੀ ਤੇ ਮੈਨੇਜਰ (ਲੰਗਰ) ਸੁਖਰਾਜ ਸਿੰਘ ਨੇ ਦੱਸਿਆ ਕਿ 300 ਕੁਇੰਟਲ ਦੇ ਕਰੀਬ ਲੱਡੂ ਤਿਆਰ ਕਰਵਾਏ ਗਏ ਹਨ, ਜੋ ਬੀਤੀ 9 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਸੰਗਤ ਨੂੰ ਛਕਾਏ ਜਾ ਰਹੇ ਹਨ |।ਉਨ੍ਹਾਂ ਦੱਸਿਆ ਕਿ ਅੱਜ ਲੰਗਰ ਵਿਚ ਕਰੀਬ 30 ਕੁਇੰਟਲ ਚਾਵਲ, 25 ਕੁਇੰਟਲ ਦਾਲ, 150 ਕੁਇੰਟਲ ਆਟਾ, ਖੰਡ 40 ਕੁਇੰਟਲ, ਦੁੱਧ 10 ਕੁਇੰਟਲ, ਖੀਰ 25 ਕੁਇੰਟਲ, ਪਨੀਰ 10 ਕੁਇੰਟਲ, ਮਟਰਦਾਣਾ 7 ਕੁਇੰਟਲ, ਦੇਸੀ ਘਿਉ 20 ਕੁਇੰਟਲ, ਗੈਸ ਸਿਲੰਡਰ 200, ਸੇਬ, ਕੀਵੀ, ਪਪੀਤਾ ਦੇ ਸੀਤਾਫਲ ਦੇ ਕਰੀਬ 500 ਕੁਇੰਟਲ ਪੈਕਟਾਂ ਤੋਂ ਇਲਾਵਾ ਲੱਡੂ, ਜਲੇਬੀਆਂ, ਪੁੂੜੀ ਛੋਲੇ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪਕਵਾਨ 24 ਘੰਟੇ ਤਿਆਰ ਕਰਕੇ ਵਰਤਾਏ ਗਏ ਹਨ ।                      

ਪ੍ਰਧਾਨ ਮੰਤਰੀ ਮੋਦੀ ਵਲੋਂ ਪ੍ਰਕਾਸ਼ ਪੁਰਬ ਦੀ ਵਧਾਈ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੰਦਿਆਂ ਗੁਰੂ ਜੀ ਵਲੋਂ ਸੇਵਾ ਤੇ ਦਇਆ 'ਤੇ ਜ਼ੋਰ ਦੇ ਕੇ ਸਿੱਖ ਇਤਿਹਾਸ ਤੇ ਸੱਭਿਆਚਾਰ 'ਵਿਚ ਅਮਿੱਟ ਯੋਗਦਾਨ ਪਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ । ਪ੍ਰਧਾਨ ਮੰਤਰੀ ਮੋਦੀ ਨੇ ਕੀਤੇ ਟਵੀਟ ਵਿਚ ਲਿਖਿਆ ਕਿ ਸਿੱਖ ਧਰਮ ਦੇ 10 ਗੁਰੂਆਂ 'ਚੋਂ ਚੌਥੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ 'ਤੇ ਉਨ੍ਹਾਂ ਨੂੰ ਨਮਸਕਾਰ ਕਰਦਾ ਹਾਂ, ਜਿਨ੍ਹਾਂ ਸੇਵਾ ਤੇ ਦਇਆ 'ਤੇ ਜ਼ੋਰ ਦੇ ਕੇ ਸਿੱਖ ਇਤਿਹਾਸ ਤੇ ਸੱਭਿਆਚਾਰ 'ਵਿਚ ਅਮਿੱਟ ਯੋਗਦਾਨ ਪਾਇਆ ਹੈ ।ਉਨ੍ਹਾਂ ਅੱਗੇ ਲਿਖਿਆ ਕਿ ਗੁਰੂ ਰਾਮਦਾਸ ਜੀ ਦੀ ਬਾਣੀ 'ਵਿਚੋਂ ਸ਼ਰਧਾ ਤੇ ਭਗਤੀ ਦੀ ਸ਼ੁੱਧ ਭਾਵਨਾ ਝਲਕਦੀ ਹੈ ।