ਪਾਕਿ ਵਿਚ ਮੌਜੂਦ ਸਿੱਖ ਰਾਜ ਦੇ ਦਸਤਾਵੇਜ਼ਾਂ ਦੀਆਂ ਨਕਲਾਂ ਭਾਰਤ ਲਿਆਂਦੇ ਜਾਣ

ਪਾਕਿ ਵਿਚ ਮੌਜੂਦ ਸਿੱਖ ਰਾਜ ਦੇ ਦਸਤਾਵੇਜ਼ਾਂ ਦੀਆਂ ਨਕਲਾਂ ਭਾਰਤ ਲਿਆਂਦੇ ਜਾਣ

ਲਾਹੌਰ, ਪਿਸ਼ਾਵਰ, ਮੁਲਤਾਨ ਦੇ ਅਜਾਇਬ-ਘਰਾਂ 'ਵਿਚ ਸਿੱਖ ਦਰਬਾਰ ਨਾਲ ਸੰਬੰਧਿਤ ਕਈ ਦਸਤਾਵੇਜ਼ ਸੁਰੱਖਿਅਤ-ਤਰਲੋਚਨ ਸਿੰਘ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਪਾਕਿਸਤਾਨ ਦੇ ਲਾਹੌਰ, ਪਿਸ਼ਾਵਰ, ਮੁਲਤਾਨ ਆਦਿ ਸ਼ਹਿਰਾਂ ਦੇ ਅਜਾਇਬ-ਘਰਾਂ ਅਤੇ ਲਾਇਬ੍ਰੇਰੀਆਂ 'ਵਿਚ ਸਿੱਖ ਦਰਬਾਰ ਅਤੇ ਇਤਿਹਾਸ ਨਾਲ ਸੰਬੰਧਿਤ ਮੌਜੂਦ ਦਸਤਾਵੇਜ਼ਾਂ ਅਤੇ ਵਸਤੂਆਂ ਦੀਆਂ ਨਕਲਾਂ ਨੂੰ ਭਾਰਤ ਲਿਆਉਣ ਲਈ ਜਲਦੀ ਪਾਕਿ ਸਰਕਾਰ ਨਾਲ ਗੱਲਬਾਤ ਕਰਨੀ ਬਣਦੀ ਹੈ।

ਸਾਬਕਾ ਸੰਸਦ ਮੈਂਬਰ ਸ: ਤਰਲੋਚਨ ਸਿੰਘ ਨੇ ਦੱਸਿਆ ਕਿ ਪਾਕਿ ਦੇ ਵੱਖ-ਵੱਖ ਸ਼ਹਿਰਾਂ ਦੇ ਅਜਾਇਬ-ਘਰਾਂ ਵਿਚ ਰੱਖੇ ਸਿੱਖ ਦਰਬਾਰ ਅਤੇ ਇਤਿਹਾਸ ਨਾਲ ਸੰਬੰਧਿਤ ਦਸਤਾਵੇਜ਼ਾਂ ਅਤੇ ਤਸਵੀਰਾਂ ਦੀ ਹੋਂਦ ਬਾਰੇ ਭਾਰਤੀ ਇਤਿਹਾਸ ਜਾਂ ਪੁਰਾਤਤਵ ਮਾਹਿਰਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ | ਇਸ ਲਈ ਇਨ੍ਹਾਂ ਅਤਿ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਵਸਤੂਆਂ ਦੀ ਪ੍ਰਤੀਕਿ੍ਤੀ (ਨਕਲ) ਤਿਆਰ ਕਰਕੇ ਭਾਰਤ ਲਿਆਉਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਇਨ੍ਹਾਂ ਦੀ ਅੰਮਿ੍ਤਸਰ, ਦਿੱਲੀ, ਚੰਡੀਗੜ੍ਹ ਆਦਿ ਦੇ ਅਜਾਇਬ-ਘਰਾਂ 'ਚ ਸਥਾਈ ਪ੍ਰਦਰਸ਼ਨੀ ਲਗਾਈ ਜਾ ਸਕੇ ਅਤੇ ਇਤਿਹਾਸ ਪ੍ਰੇਮੀ ਅਜੇ ਤੱਕ ਲੁਪਤ ਹੋਏ ਸਮਝੇ ਜਾ ਰਹੇ ਇਤਿਹਾਸ ਤੋਂ ਜਾਣੂ ਹੋ ਸਕਣ । ਦੱਸਣਯੋਗ ਹੈ ਕਿ ਲਾਹੌਰ ਸਥਿਤ ਸਿਵਲ ਸਕੱਤਰੇਤ ਵਿਖੇ ਅਨਾਰਕਲੀ ਦੇ ਮਕਬਰੇ 'ਵਿਚ ਸਥਾਪਿਤ ਹਿਸਟੋਰੀਕਲ ਰਿਕਾਰਡ ਆਫ਼ਿਸ ਲਾਇਬ੍ਰੇਰੀ ਅਤੇ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਆਰਟ ਗੈਲਰੀ ਦੀ 'ਸ਼ਹਿਜ਼ਾਦੀ ਬੰਬਾ ਕਲੈਕਸ਼ਨ' ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ ਚਿੱਤਰਕਾਰਾਂ ਦੁਆਰਾ ਬਣਾਏ ਬੇਸ਼ਕੀਮਤੀ ਤੇਲ ਚਿੱਤਰ, ਜਲ ਚਿੱਤਰ, ਹਾਥੀ-ਦੰਦ ਚਿੱਤਰ, ਧਾਤੂ ਦੇ ਬਣੇ ਮਾਡਲ ਸਮੇਤ ਸੈਂਕੜੇ ਫ਼ਾਰਸੀ 'ਵਿਚ ਲਿਖੇ ਸਿੱਖ ਰਾਜ ਦੇ ਹਸਤ ਲਿਖਤ ਸ਼ਾਹੀ ਫ਼ਰਮਾਨ, ਮੁਰਾਸਲੇ, ਪਰਵਾਨੇ, ਫ਼ੌਜੀ ਅਤੇ ਦਫ਼ਤਰੀ ਰਿਕਾਰਡ, ਅਖ਼ਬਾਰਾਤ-ਏ-ਸਿੱਖਾਂ, ਖ਼ਾਲਸਾ ਫ਼ੌਜ ਦਾ ਬਰਾਵੁਰਦ (ਤਲਬ/ਤਨਖ਼ਾਹ ਦਾ ਰਜਿਸਟਰ), ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਦਰਬਾਰ ਵਲੋਂ ਛੋਟੀਆਂ ਰਿਆਸਤਾਂ ਅਤੇ ਬਿ੍ਟਿਸ਼ ਈਸਟ ਇੰਡੀਆ ਕੰਪਨੀ ਨਾਲ ਹੋਈਆਂ ਸੰਧੀਆਂ, ਲੁਧਿਆਣਾ ਏਜੰਸੀ, ਕਰਨਾਲ ਏਜੰਸੀ, ਅੰਬਾਲਾ ਏਜੰਸੀ ਅਤੇ ਨਾਰਥ ਵੈਸਟ ਫ਼ਰੰਟੀਅਰ ਏਜੰਸੀ ਆਦਿ ਨੂੰ ਖ਼ਾਲਸਾ ਦਰਬਾਰ ਵਲੋਂ ਅਤੇ ਇਨ੍ਹਾਂ ਏਜੰਸੀਆਂ ਵਲੋਂ ਖ਼ਾਲਸਾ ਦਰਬਾਰ ਨੂੰ ਲਿਖੇ ਗਏ ਪੱਤਰ, ਅੰਗਰੇਜ਼-ਸਿੱਖ ਜੰਗਾਂ ਦਾ ਰਿਕਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਸਮੇਂ ਬਣਾਈਆਂ ਗਈਆਂ ਤਸਵੀਰਾਂ ਅਤੇ ਨਕਸ਼ੇ ਮੌਜੂਦ ਹਨ ।