ਅਕਾਲੀ ਦਲ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਇਆ ਜਾਵੇਗਾ

ਅਕਾਲੀ ਦਲ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਇਆ ਜਾਵੇਗਾ

ਅਕਾਲੀ ਦਲ ਦੇ ਸਥਾਪਨਾ ਦਿਵਸ ’ਤੇ ਟਕਸਾਲੀ ਅਕਾਲੀਆਂ ਨੇ ਲਿਆ ਸੰਕਲਪ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 14 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਅਕਾਲੀ ਦਲ ਦੇ 102 ਸਾਲ ਪੂਰੇ ਹੋਣ ’ਤੇ ਟਕਸਾਲੀ ਅਕਾਲੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਦਿੱਲੀ ਨਿਵਾਸ ਵਿਖੇ ਹੋਈ, ਜਿਸ ਵਿੱਚ ਸਾਰਿਆਂ ਨੇ ਅਕਾਲੀ ਦਲ ਨੂੰ ਪਰਿਵਾਰਵਾਦ ਤੋਂ ਸਮਾਪਤ ਕਰਨ ਅਤੇ ਪੁਰਾਤਨ ਰਵਾਇਤਾਂ ਅਨੁਸਾਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦਾ ਫ਼ੈਸਲਾ ਲਿਆ।

ਇਸ ਮੌਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਹਰਮਨਜੀਤ ਸਿੰਘ, ਹਰਪ੍ਰੀਤ ਸਿੰਘ ਬੰਨੀ ਜੌਲੀ, ਹਰਿੰਦਰਪਾਲ ਸਿੰਘ, ਤਰਲੋਚਨ ਸਿੰਘ ਹਰਪਾਲ ਸਿੰਘ ਬਖਸ਼ੀ ਆਦਿ ਹਾਜ਼ਰ ਸਨ।

ਸਾਰਿਆਂ ਨੇ ਇੱਕਸੁਰ ਹੋ ਕੇ ਵਿਚਾਰ ਕੀਤੀ ਕਿ ਜਦੋਂ ਤੱਕ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਨਹੀਂ ਕਰਾ ਲਿਆ ਜਾਂਦਾ ਉਦੋਂ ਤੱਕ ਇਸ ਨੂੰ ਲੀਹਾਂ ਤਕ ਨਹੀਂ ਲੈ ਜਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਜਿਸ ਦੀ ਸਥਾਪਨਾ ਕਈ ਸ਼ਹਾਦਤਾਂ ਮਗਰੋਂ ਹੋਈ ਪਰ ਬਾਦਲ ਪਰਿਵਾਰ ਦੇ ਕਬਜ਼ੇ ਦੇ ਚਲਦੇ ਪਾਰਟੀ ਨਿਘਾਰ ਵੱਲ ਜਾਂਦੀ ਰਹੀ ਅਤੇ ਇਕ-ਇਕ ਕਰਕੇ ਸਾਰੇ ਟਕਸਾਲੀ ਪਾਰਟੀ ਤੋਂ ਦੂਰ ਹੁੰਦੇ ਗਏ, ਪਰ ਹੁਣ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਮੁੜ੍ਹ ਸੁਰਜੀਤ ਕਰਨਗੇ।