ਨਸ਼ਿਆਂ ਬਾਰੇ ਹਾਈਕੋਰਟ ਵਿਰੁੱਧ ਟਿਪਣੀ ਕਾਰਣ  ਸਾਬਕਾ ਡੀਐੱਸਪੀ.ਸੇਖੋਂ ਗ੍ਰਿਫ਼ਤਾਰ

ਨਸ਼ਿਆਂ ਬਾਰੇ ਹਾਈਕੋਰਟ ਵਿਰੁੱਧ ਟਿਪਣੀ ਕਾਰਣ  ਸਾਬਕਾ ਡੀਐੱਸਪੀ.ਸੇਖੋਂ ਗ੍ਰਿਫ਼ਤਾਰ

 ਕਿਹਾ ਸੀ ਕਿ ਅਜਿਹੇ ਜੱਜ ਡੁੱਬ ਕੇ ਮਰ ਜਾਣ ਜੋ ਡਰਗ ਮਾਫੀਆ ਵਿਰੁੱਧ ਫੈਸਲਾ ਨਹੀਂ ਸੁਣਾ ਰਹੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੁਧਿਆਣਾ :  ਨਸ਼ਿਆਂ ਬਾਰੇ ਹਾਈਕੋਰਟ ਵਿਰੁੱਧ ਸਖਤ ਟਿਪਣੀ ਕਾਰਣ  ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਸ ਦੇ ਸਾਬਕਾ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। 

ਦਰਅਸਲ ਸੇਖੋਂ ਨੇ ਸੂਬੇ ਵਿਚ ਵੱਧ ਰਹੇ ਨਸ਼ੇ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ,  ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ, ਦਿਨਕਰ ਗੁਪਤਾ ਅਤੇ ਅਕਾਲੀ ਦਲ ਸਮੇਤ ਕਈ ਪਾਰਟੀਆਂ ਦੇ ਆਗੂਆਂ ‘ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਹਨ। ਸੇਖੋਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਜਾ ਰਹੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸੇਖੋਂ ਨੇ ਕਿਹਾ ਸੀ ਕਿ  ਅਜਿਹੇ ਜੱਜ ਡੁੱਬ ਕੇ ਮਰ ਜਾਣ ਜੋ  ਜੋ ਡਰਗ ਮਾਫੀਆ ਵਿਰੁੱਧ ਫੈਸਲਾ ਨਹੀਂ ਸੁਣਾ ਰਹੇ ਤੇ ਇਹਨਾਂ ਨਾਲ ਮਿਲੇ ਹੋਏ ਹਨ, ਜਿਸ ਕਾਰਨ  ਸੇਖੋਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੂਜੇ ਪਾਸੇ ਸੇਖੋਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਲੜ ਰਹੇ ਹਨ। ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ।ਵਰਨਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਹਾਈ ਕੋਰਟ ਲਈ ਸੇਖੋਂ ਨੇ ਅਪਮਾਨਜਨਕ ਸ਼ਬਦ ਵਰਤੇ ਗਏ ਸਨ। ਹਾਈ ਕੋਰਟ ਦਾ ਕਹਿਣਾ ਹੈ ਕਿ ਹਾਈ ਕੋਰਟ ਲਈ ਅਪਮਾਨਜਨਕ ਸ਼ਬਦਾਵਲੀ ਵਰਤਣੀ ਮੰਦਭਾਗੀ ਹੈ।