ਜਲੰਧਰ ਦੀ ਤਾਜਪੁਰ ਚਰਚ ਫਿਰ ਵਿਵਾਦ ਵਿਚ, ਇਲਾਜ ਲਈ ਆਇਆ ਯੂਪੀ ਦਾ ਵਿਅਕਤੀ ਬਾਥਰੂਮ ਵਿਚੋਂ ਗਾਇਬ   

ਜਲੰਧਰ ਦੀ ਤਾਜਪੁਰ ਚਰਚ ਫਿਰ ਵਿਵਾਦ ਵਿਚ, ਇਲਾਜ ਲਈ ਆਇਆ ਯੂਪੀ ਦਾ ਵਿਅਕਤੀ ਬਾਥਰੂਮ ਵਿਚੋਂ ਗਾਇਬ   

ਅੰਮ੍ਰਿਤਸਰ ਟਾਈਮਜ਼                        

ਲਾਂਬੜਾ - ਜਲੰਧਰ ਦੇ ਥਾਣਾ ਲਾਂਬੜਾ ਅਧੀਨ ਆਉਂਦੀ ਤਾਜਪੁਰ ਸਥਿਤ ਚਰਚ ਇਕ ਵਾਰ ਫਿਰ ਤੋਂ ਚਰਚਾ ’ਵਿਚ ਹੈ। ਇਥੇ ਦੱਸ ਦਈਏ ਕਿ ਇਸ ਵਾਰ ਪ੍ਰਾਥਨਾ ਦੌਰਾਨ ਇਲਾਜ ਕਰਵਾਉਣ ਆਏ ਕਿਸੇ ਵਿਅਕਤੀ ਦੇ ਮਰਨ ਕਾਰਨ ਨਹੀਂ ਸਗੋਂ ਇਸ ਵਾਰ ਕਿਸੇ ਵਿਅਕਤੀ ਦੇ ਗਾਇਬ ਹੋਣ ਕਾਰਨ ਚਰਚ ਵਿਵਾਦਾਂ ’ਵਿਚ ਆਈ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਆਪਣਾ ਇਲਾਜ ਕਰਵਾਉਣ ਆਇਆ ਇਕ 50 ਸਾਲਾ ਵਿਅਕਤੀ ਚਰਚ ਵਿਚੋਂ ਗਾਇਬ ਹੋ ਗਿਆ ਹੈ।

ਇਥੇ ਤਾਜਪੁਰ ਚਰਚ ’ਵਿਚ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਰੋਗੀਆਂ ਦੇ ਦੁੱਖ਼ ਦੂਰ ਕਰਨ ਲਈ ਵਿਸ਼ੇਸ਼ ਪ੍ਰਾਥਨਾ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਵੇਖ ਕੇ ਦੂਰ-ਦੂਰ ਤੋਂ ਲੋਕ ਇਥੇ ਪ੍ਰਾਥਨਾ ਨਾਲ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਇੰਝ ਹੀ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਕਰੀਬ 50 ਸਾਲਾ ਮੁੰਨਾ ਲਾਲ ਆਪਣੇ ਜਵਾਈ ਆਸ਼ੀਸ਼ ਦੇ ਨਾਲ ਚਰਚ ’ਵਿਚ ਇਲਾਜ ਕਰਵਾਉਣ ਲਈ ਆਏ ਸਨ। 

ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਤਾਜਪੁਰ ਚਰਚ ਵਿੱਚ ਆਪਣੇ ਸਹੁਰੇ ਦਾ ਇਲਾਜ ਕਰਵਾਉਣ ਆਈ ਅਸ਼ੀਸ਼ ਨੇ ਤਾਜਪੁਰ ਚਰਚ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੰਨਾ ਲਾਲ ਵਾਸੀ ਹਾਥਰਸ ਐਤਵਾਰ ਨੂੰ ਚਰਚ ਦੇ ਬਾਥਰੂਮ 'ਵਿਚੋਂ ਲਾਪਤਾ ਹੋ ਗਏ।

ਉਨ੍ਹਾਂ ਦੇ ਜਵਾਈ ਅਸ਼ੀਸ਼ ਮੁਤਾਬਕ ਉਹ ਐਤਵਾਰ ਦੇ ਦਿਨ ਚਰਚ ਵਿੱਚ ਪ੍ਰਾਰਥਨਾ ਦੌਰਾਨ ਪਿਸ਼ਾਬ ਕਰਨ ਲਈ ਬਾਥਰੂਮ ਵੱਲ ਗਏ ਸਨ ਪਰ ਵਾਪਸ ਨਹੀਂ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਆਸੇ ਪਾਸੇ ਭਾਲ ਕੀਤੀ ਪਰ ਨਹੀਂ ਮਿਲੇ। ਉਨ੍ਹਾਂ ਨੇ ਦੋਸ਼ ਲਾਏ ਕਿ ਜਦੋਂ ਇਸ ਬਾਰੇ ਚਰਚ ਪ੍ਰਬੰਧਕਾਂ ਨਾਲ ਇਸ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੋਬਾਇਲ ਫੋਨ ਫੜ ਲਿਆ ਗਿਆ। 

ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਪੁਲਸ ਵੀ ਇਨ੍ਹਾਂ ਦਾ ਸਾਥ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ 4 ਸਾਲ ਦੀ ਬੱਚੀ ਦੀ ਚਰਚ ਅੰਦਰ ਮੌਤ ਹੋ ਗਈ ਸੀ ਜੋਕਿ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਸੰਬੰਧੀ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਫੋਨ 'ਤੇ ਗੱਲ ਨਹੀਂ ਹੋ ਸਕੀ।