ਮਿਸ਼ਨ-2022 ਚੋਣਾਂ: ਸੰਯੁਕਤ ਸਮਾਜ ਮੋਰਚਾ ਨੇ ਵਿਧਾਨ ਸਭਾ ਚੋਣਾਂ ਲਈ ਕਮਰ ਕਸੀ     

ਮਿਸ਼ਨ-2022 ਚੋਣਾਂ: ਸੰਯੁਕਤ ਸਮਾਜ ਮੋਰਚਾ ਨੇ ਵਿਧਾਨ ਸਭਾ ਚੋਣਾਂ ਲਈ ਕਮਰ ਕਸੀ     

 *  ਮੁਹਾਲੀ ਵਿੱਚ ਖੋਲ੍ਹਿਆ ਮੁੱਖ ਚੋਣ ਦਫ਼ਤਰ 

 * ਉਮੀਦਵਾਰ ਬਣਨ ਲਈ ਤੋਂ 14 ਤੱਕ  ਅਰਜ਼ੀਆਂ ਮੰਗੀਆਂ

  *ਚੜੂਨੀ ਦੀ ਪਾਰਟੀ ਨਾਲ ਵੀ ਹੋਵੇਗਾ ਗੱਠਜੋੜ

   ਅੰਮ੍ਰਿਤਸਰ ਟਾਈਮਜ਼ 

ਮੁਹਾਲੀ: ਸੰਯੁਕਤ ਸਮਾਜ ਮੋਰਚਾ ਨੇ ਆਪਨਾਲ ਗੱਲਬਾਤ ਟੁੱਟਣ ਮਗਰੋਂ  ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੀ ਸੰਯੁਕਤ ਸੰਘਰਸ਼ ਪਾਰਟੀ ਨਾਲ ਚੋਣ ਗੱਠਜੋੜ ਕਰਨ ਦਾ ਫ਼ੈਸਲਾ ਕੀਤਾ ਹੈ।ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੜੂਨੀ ਦੀ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਲਈ ਕਮੇਟੀ ਬਣਾ ਦਿੱਤੀ ਗਈ ਹੈ ਜੋ ਟਿਕਟਾਂ ਦੀ ਅਡਜਸਟਮੈਂਟ ਬਾਰੇ ਗੱਲਬਾਤ ਕਰੇਗੀ।  ਚੋਣ ਜ਼ਾਬਤਾ ਲੱਗਣ ਮਗਰੋਂ ਸੰਯੁਕਤ ਸਮਾਜ ਮੋਰਚਾ ਨੇ  ਸਾਰੀਆਂ 117 ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਮੋਰਚੇ ਨੇ ਚੋਣਾਂ ਵਿਚ ਸਭ ਵਰਗਾਂ ਦੇ ਉਮੀਦਵਾਰ ਉਤਾਰਨ ਦਾ ਫ਼ੈਸਲਾ ਲਿਆ ਹੈ। ਮੋਰਚੇ ਦਾ ਮੁੱਖ ਦਫ਼ਤਰ ਲੁਧਿਆਣਾ ਵਿਚ ਅਤੇ ਪਾਰਟੀ ਨੂੰ ਰਜਿਸਟਰਡ ਕਰਾ ਦਿੱਤਾ ਗਿਆ ਹੈ।ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਅਤੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ  ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਚੋਣ ਦਫ਼ਤਰ ਖੋਲ੍ਹ ਕੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਵਿੱਚ 117 ਸੀਟਾਂ ਤੇ ਵਿਧਾਨ ਸਭਾ ਦੀ ਚੋਣ ਲੜੇਗੀ ਅਤੇ 14 ਜਨਵਰੀ ਤੱਕ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਕੋਲੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਉਂਝ ਕਾਫ਼ੀ ਅਰਜ਼ੀਆਂ ਪ੍ਰਾਪਤ ਵੀ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਚਿਹਰੇ ਹਨ। ਕਈ ਥਾਵਾਂ ਤੇ ਸੀਨੀਅਰ ਸਿਟੀਜਨਾਂ ਨੇ ਵੀ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨੀ ਝੰਡੇ ਹੇਠ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਪਹਿਲੀ ਸੂਚੀ ਛੇਤੀ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਇਸੇ ਹਫ਼ਤੇ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ, ਜਿਸ ਵਿੱਚ ਕਿਸਾਨਾਂ ਅਤੇ ਮੁਲਾਜ਼ਮ ਵਰਗ ਸਮੇਤ ਪੰਜਾਬ ਦੇ ਸਾਰੇ ਭਖਦੇ ਮੁੱਦੇ ਸ਼ਾਮਲ ਕੀਤੇ ਜਾਣਗੇ। ਕਿਸਾਨ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬੇ ਦੇ ਲੋਕਾਂ ਨਾਲ ਸਿਰਫ਼ ਉਹੀ ਵਾਅਦੇ ਕੀਤੇ ਜਾਣਗੇ, ਜਿਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ। ਰਾਜੇਵਾਲ ਨੇ ਕਿਹਾ ਕਿ ਫਿਲਹਾਲ 32 ’ਚੋਂ 22 ਕਿਸਾਨ ਜਥੇਬੰਦੀਆਂ ਦੀ ਹਾਮੀ ਭਰੀ ਹੈ ਅਤੇ ਬਾਕੀ ਜਥੇਬੰਦੀਆਂ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਾਂਗ ਹਨ, ਉਨ੍ਹਾਂ ਵਿਚੋਂ ਵੀ ਕਾਫ਼ੀ ਸਹਿਮਤ ਹੋ ਜਾਣਗੇ।

ਦੂਜੀਆਂ ਪਾਰਟੀਆਂ ਦੇ ਨਾਰਾਜ਼ ਆਗੂਆਂ ਨੂੰ ਟਿਕਟਾਂ ਦੇਣ ਬਾਰੇ ਪੁੱਛੇ ਜਾਣ ਤੇ ਰਾਜੇਵਾਲ ਨੇ ਕਿਹਾ ਕਿ ਫਿਲਹਾਲ ਅਜਿਹਾ ਕੋਈ ਵਿਚਾਰ ਨਹੀਂ ਹੈ ਪਰੰਤੂ ਕਿਸੇ ਖਾਸ ਹਲਕੇ ਵਿੱਚ ਜੇਕਰ ਅਜਿਹਾ ਕੁੱਝ ਸੰਭਵ ਹੋਇਆ ਤਾਂ ਇਸ ਬਾਰੇ ਜ਼ਰੂਰ ਸੋਚਿਆ ਜਾ ਸਕਦਾ ਹੈ। ਸੰਯੁਕਤ ਕਿਸਾਨ ਮੋਰਚਾ ਦੀ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਬਾਰੇ ਸ੍ਰੀ ਰਾਜੇਵਾਲ ਨੇ ਕਿਹਾ ਕਿ ਉਹ ਜ਼ਰੂਰ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਮੀਟਿੰਗ ਵਿੱਚ ਐੱਮਐੱਸਪੀ, ਕਿਸਾਨੀ ਕਰਜ਼ਿਆਂ ਸਮੇਤ ਕਿਸਾਨਾਂ ਦੀਆਂ ਹੋਰ ਬਾਕੀ ਜਾਇਜ਼ ਮੰਗਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਜਾਵੇਗੀ ਅਤੇ ਅਗਲੇ ਸੰਘਰਸ਼ੀ ਪ੍ਰੋਗਰਾਮ ਦੀ ਰੂਪਰੇਖਾ ਉਲੀਕੀ ਜਾਵੇਗੀ।

ਆਪ ਵੇਚ ਰਹੀ ਹੈ ਟਿਕਟਾਂ 

 ਬਾਦਲ ਦਲ ਵਲੋਂ ਆਪ ਉਪਰ ਟਿਕਟਾਂ ਵੇਚਣ ਦੇ ਲਗਾਏ ਦੋਸ਼ਾਂ ਮਗਰੋਂ ਕਿਸਾਨ ਆਗੂ ਰਾਜੇਵਾਲ ਨੇ ਵੀ ਕਿਹਾ ਕਿ ਆਪਵਿਚ ਪੈਸੇ ਲੈ ਕੇ ਟਿਕਟਾਂ ਦਿੱਤੇ ਜਾਣ ਦੇ ਸਬੂਤ ਅਰਵਿੰਦ ਕੇਜਰੀਵਾਲ ਨੂੰ ਦਿੱਤੇ ਗਏ ਸਨ ਪ੍ਰੰਤੂ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿਚ ਭਾਈਚਾਰਕ ਰਿਸ਼ਤਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

 ਰੁਲਦੂ ਸਿੰਘ ਵਲੋਂ ਮਾਨਸਾ ਹਲਕੇ ਤੋਂ ਚੋਣ ਲੜਨ ਦਾ ਐਲਾਨ

​​​​​​​

ਸੰਯੁਕਤ ਸਮਾਜ ਮੋਰਚੇ ਦੇ ਅਹਿਮ ਆਗੂ ਰੁਲਦੂ ਸਿੰਘ ਮਾਨਸਾ ਨੇ 'ਮਾਨਸਾ' ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ । ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਉਹ ਚੋਣ ਪਿੜ ਵਿਚ ਕੁੱਦੇ ਹਨ । ਕਿਸਾਨ ਅੰਦੋਲਨ ਦੌਰਾਨ 'ਖੂੰਡੇ ਵਾਲਾ ਬਾਬਾ' ਨਾਲ ਚਰਚਿਤ ਹੋਏ ਮਾਨਸਾ ਦੇ ਵਸਨੀਕ ਰੁਲਦੂ ਸਿੰਘ ਕੁੱਲ ਹਿੰਦ ਕਿਸਾਨ ਮਹਾਂ ਸਭਾ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਨ ।71 ਵਰਿ੍ਹਆਂ ਦੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਇਸ ਵਾਰ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਤਰਜੀਹ ਦੇਣਗੇ । ਜ਼ਿਕਰਯੋਗ ਹੈ ਕਿ ਮਾਨਸਾ ਹਲਕੇ ਤੋਂ 2 ਸਿੱਧੂਆਂ ਵਿਚ ਦਿਲਚਸਪ ਟੱਕਰ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਰੁਲਦੂ ਸਿੰਘ ਵੀ ਸਿੱਧੂ ਹਨ ਅਤੇ ਕਾਂਗਰਸ ਵਲੋਂ ਉੱਘੇ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਮਿਲਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ ।                          ਰਾਜੇਵਾਲ ਵੱਲੋਂ ਸਮਰਾਲਾ ਤੋਂ ਚੋਣ ਲੜਨਗੇ .

ਦਿੱਲੀ ਕਿਸਾਨੀ ਅੰਦੋਲਨ ਦੌਰਾਨ ਕੌਮਾਂਤਰੀ ਪੱਧਰ ਤੇ ਪਛਾਣ ਬਣਾਉਣ ਵਾਲੇ ਤੇ 22 ਜਥੇਬੰਦੀਆਂ ਨੂੰ ਨਾਲ ਲੈ ਕੇ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾਬਣਾਉਣ ਵਾਲੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ  ਹਲਕਾ ਸਮਰਾਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ।ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਸਿਆਸਤ ਵਿੱਚ ਨਵੇਂ ਨਹੀਂ ਹਨ। ਕਈ ਸਾਲ ਪਹਿਲਾਂ ਉਨ੍ਹਾਂ ਦੀਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਦੀਕੀਆਂ ਵੀ ਰਹੀਆਂ ਹਨ। ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਨ ਦੀਆਂ ਚਰਚਾਵਾਂ ਵੀ ਜ਼ੋਰਾਂ ਤੇ ਰਹੀਆਂ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਜੇਵਾਲ ਵੱਲੋਂ ਆਪਦੇ ਉਮੀਦਵਾਰ ਸਰਬੰਸ ਸਿੰਘ ਮਾਣਕੀ ਦਾ ਸਮਰਥਨ ਵੀ ਕੀਤਾ ਗਿਆ ਸੀ। ਇੱਥੇ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਵੱਲੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਸਿੰਘ ਢਿੱਲੋਂ ਦੀ ਟਿਕਟ ਤੈਅ ਮੰਨੀ ਜਾ ਰਹੀ ਹੈ ਅਤੇ ਆਪਵੱਲੋਂ ਜਗਤਾਰ ਸਿੰਘ ਦਿਆਲਪੁਰਾ ਚੋਣ ਮੈਦਾਨ ਵਿੱਚ ਆ ਚੁੱਕੇ ਹਨ।

ਬੀਕੇਯੂ (ਕ੍ਰਾਂਤੀਕਾਰੀ) ਤੇ ਉਗਰਾਹਾਂ ਧੜੇ ਵਲੋਂ ਚੋਣਾਂ ਲੜਨ ਦਾ ਵਿਰੋਧ 

ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀ। ਚੋਣਾਂ ਚ ਭਾਗ ਨਾ ਲੈਣ ਵਾਲੀਆਂ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਸਾਡੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਹੀ ਕੰਮ ਕਰੇਗੀ ਤਾਂ ਜੋ ਸਿਆਸੀ ਪਾਰਟੀਆਂ ਤੇ ਦਬਾਅ ਬਣਾਇਆ ਜਾ ਸਕੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਪਿੰਡ ਗੁਰੂਸਰ ਵਿੱਚ ਜਥੇਬੰਦੀ ਅਤੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਸ. ਜੋਗਿੰਦਰ ਸਿੰਘ ਉਗਰਾਹਾਂ ਨੇ  ਕਿਹਾ ਕਿ ਸਾਡੇ ਮੁਲਕ ਵਿਚ ਪੰਜਾਬ ਦੇ ਮੁੱਦਿਆਂ ਦਾ ਹੱਲ ਉਸ ਸਮੇਂ ਤਕ ਨਹੀਂ ਹੋਣਾ ਜਿੰਨੀ ਦੇਰ ਤਕ ਵਿਧਾਨ ਸਭਾਵਾਂ ਤੇ ਦੇਸ਼ ਦੀ ਪਾਰਲੀਮੈਂਟ ਸਾਮਰਾਜੀ ਹਕੂਮਤਾਂ ਤੇ ਦੇਸ਼ੀ/ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਦਬਾਅ ਤੋਂ ਬਾਹਰ ਨਹੀਂ ਆ ਜਾਂਦੀਆਂ ਜੋ ਸਾਮਰਾਜੀ ਸਮਝੌਤਿਆਂ ਤੋਂ ਬਾਹਰ ਆਉਣ ਤਕ ਸਾਡੀ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ । ਉਹਨਾਂਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂਂ ਵਿਚ ਭਾਗ ਨਹੀਂ ਲੈਣਗੇ।

ਪੰਜਾਬ ਵਿਚ ਆਜ਼ਾਦੀ ਤੋਂ ਬਾਅਦ ਹੋਣ ਵਾਲੀਆਂ 16ਵੀਆਂ ਵਿਧਾਨ ਸਭਾ ਚੋਣਾਂ ਦਿਲਚਸਪ ਮੋੜ ਤੇ ਪੁੱਜ ਗਈਆਂ ਹਨ। ਕਿਸਾਨ ਜੱਥੇਬੰਦੀਆਂ ਦੇ ਤਕਰੀਬਨ 2/3 ਹਿੱਸੇ ਨੇ ਨਵਾਂ ਸਿਆਸੀ ਪੈਂਤੜਾ ਲੈ ਕੇ ਸੰਯੁਕਤ ਸਮਾਜ ਮੋਰਚਾ ਦੇ ਨਾਂ ਹੇਠ ਸਿਆਸੀ ਪਾਰਟੀ ਬਣਾਉਣ ਦੀ ਪਹਿਲ ਕੀਤੀ ਹੈ। ਸਾਰੀਆਂ ਕਿਸਾਨ ਜੱਥੇਬੰਦੀਆਂ ਦਾ ਇਸ ਦਾ ਹਿੱਸਾ ਨਾ ਬਣਨਾ, ਖ਼ਾਸਕਰ ਪੰਜਾਬ ਦੀ ਸਭ ਤੋਂ ਵੱਡੀ ਧਿਰ ਬੀਕੇਯੂ (ਏਕਤਾ)-ਉਗਰਾਹਾਂ  ਨੇ ਵੀ ਇਸ ਨਵੀਂ ਪਹਿਲ ਤੇ ਨਾ ਕੇਵਲ ਹੈਰਾਨੀ ਪ੍ਰਗਟਾਈ ਹੈ ਸਗੋਂ ਇਸ ਦੀ ਨੁਕਤਾਚੀਨੀ ਵੀ ਕੀਤੀ ਹੈ।  ਇਹ ਗੱਲ ਪੱਕੀ ਹੈ ਕਿ ਇਸ ਮੋਰਚੇ ਤੋਂ ਬਾਅਦ ਪੈਦਾ ਹੋਏ ਹਾਲਾਤ ਮੌਜੂਦਾ ਨਾਜ਼ੁਕ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਆਦਿ ਹਾਲਾਤ ਵਿਚ ਭਵਿੱਖ ਵਿਚ ਕਈ ਨਵੀਆਂ ਪੈੜਾਂ ਸ਼ੁਰੂ ਕਰਨਗੇ। ਚੋਣਾਂ ਲੜਨਾ ਅਤੇ ਮੋਰਚੇ ਲਾਉਣਾ ਤੇ ਸਫਲਤਾ ਪ੍ਰਾਪਤ ਕਰਨ ਵਿਚ ਕਾਫੀ ਫ਼ਰਕ ਹੁੰਦਾ ਹੈ। ਬਹੁਤ ਸਾਰੀਆਂ ਮਿਸਾਲਾਂ ਮਿਲ ਸਕਦੀਆਂ ਹਨ ਜਿਨ੍ਹਾਂ ਵਿਚ ਕਿਸਾਨ ਮੋਰਚਿਆਂ ਵਿਚ ਤਾਂ ਬਹੁਤ ਕਾਮਯਾਬ ਹੋਏ ਪਰ ਸਿਆਸੀ ਪਿੜ ਵਿਚ ਨਿਰਾਸ਼ਤਾ ਹੀ ਮਿਲੀ। ਉਂਜ, ਇਹ ਗੱਲ ਵੀ ਹੈ ਕਿ ਸਮਾਂ ਕਦੀ ਇੱਕੋ ਜਿਹਾ ਨਹੀਂ ਹੁੰਦਾ, ਬਦਲੇ ਹਾਲਾਤ ਵਿਚ ਸੰਭਾਵਨਾਵਾਂ ਵੀ ਬਦਲ ਜਾਂਦੀਆਂ ਹਨੜਜਦੋਂ ਕਿ ਪੰਜਾਬੀ ਰਵਾਇਤੀ ਪਾਰਟੀਆਂ ਤੋੋਂ ਨਿਰਾਸ਼ ਹਨ। ਕਿਸਾਨੀ ਸੰਘਰਸ਼ ਦੀ ਜਿੱਤ ਨੇ ਸਾਧਾਰਨ ਕਿਸਾਨਾਂ ਅਤੇ ਲੋਕਾਂ ਅੰਦਰ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ ਹੈ ਤੇ ਉਹ ਚੋਣ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂਂ ਆਪਣੇ ਤੌਰ ਤੇ ਚੋਣਾਂ ਵਿਚ ਧਿਰ ਵਜੋਂ ਉਭਰਨਾ ਚਾਹੁੰਦੇ ਹਨ। ਚੋਣਾਂ ਦੇ ਮੁੱਦੇ ਤੇ ਉਨ੍ਹਾਂ ਨੂੰ ਪੰਜਾਬ ਵਿਚ ਚਾਰ ਸਿਆਸੀ ਵਿਰੋਧੀਆਂ- ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ-ਬੀਐੱਸਪੀ ਗੱਠਜੋੜ, ਬੀਜੇਪੀ-ਅਮਰਿੰਦਰ-ਢੀਂਡਸਾ ਗੱਠਜੋੜ ਨਾਲ ਦੋ ਦੋ ਹੱਥ ਕਰਨੇ ਪੈਣੇ ਹਨ।  ਇਸ ਤੋਂ ਇਲਾਵਾ ਬਹੁਤ ਸਾਰੇ ਲੀਡਰ ਇਕੱਠੇ ਹੋ ਕੇ ਕਿਸਾਨਾਂ ਦੇ ਮੋਰਚੇ ਖਿਲਾਫ ਜੁਗਾੜ ਵੀ ਕਰ ਸਕਦੇ ਹਨ, ਜੇ ਕਿਸਾਨ ਮੋਰਚੇ ਦੀ ਜਿੱਤ ਦੀ ਕੋਈ ਸੰਭਾਵਨਾ ਬਣਦੀ ਹੈ।

ਕਿਸਾਨੀ ਮੋਰਚੇ ਦਾ ਰਵਾਇਤੀ ਪਾਰਟੀਆਂ ਨਾਲ ਟਾਕਰਾ ਇਸ ਦੁਆਰਾ ਤਿਆਰ ਕੀਤੇ ਮੈਨੀਫੈਸਟੋ ਤੇ ਪ੍ਰੋਗਰਾਮ ਤੇ ਨਿਰਭਰ ਕਰਦਾ ਹੈ। ਮੋਰਚੇ ਦੇ ਲੀਡਰ ਜਾਣਦੇ ਹਨ ਕਿ ਇਕੱਲੇ ਕਿਸਾਨ ਮੁੱਦਿਆਂ ਤੇ ਚੋਣਾਂ ਲੜੀਆਂ ਤਾਂ ਜਾ ਸਕਦੀਆਂ ਹਨ ਪਰ ਜਿੱਤੀਆਂ ਨਹੀਂ ਜਾ ਸਕਦੀਆਂ।  ਕਿਸਾਨ ਮੋਰਚੇ ਨੂੰ ਵੱਡੀ ਪੱਧਰ ਤੇ ਲੋਕਾਂ ਦਾ ਸਿਆਸੀ ਸਮਰਥਨ ਜੁਟਾਉਣ ਲਈ ਚੋਣ ਮਨੋਰਥ ਪੱਤਰ ਵਿਚ ਕਿਸਾਨ ਮੁੱਦਿਆਂ ਦੇ ਨਾਲ ਨਾਲ ਲੋਕਾਂ ਦੀਆਂ ਮੁਸ਼ਕਿਲਾਂ, ਮਸਲੇ ਤੇ ਮੁੱਦਿਆਂ ਨੂੰ ਤਰਜੀਹ ਦੇਣੀ ਪਵੇਗੀ।  ਦੂਜੇ ਪਾਸੇ ਸੰਯੁਕਤ ਸਮਾਜ ਮੋਰਚੇ ਦਾ ਚੋਣਾਂ ਵਿਚ ਕੁੱਦਣ ਨਾਲ ਰਵਾਇਤੀ ਪਾਰਟੀਆਂ, ਖਾਸਕਰ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਿਹਾਤੀ ਇਲਾਕਿਆਂ ਵਿਚ ਸਮੀਕਰਨ ਵਿਗੜ ਸਕਦੇ ਹਨ। ਮੋਰਚੇ ਦੀ ਸਭ ਤੋਂ ਵੱਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ- ਇਹ ਆਪਣੇ ਮੈਨੀਫੈਸਟੋ ਵਿਚ ਕਿਸਾਨੀ ਮੁੱਦਿਆਂ ਦੇ ਨਾਲ ਨਾਲ ਆਮ ਲੋਕਾਂ ਦੇ ਮੁੱਦੇ ਜਿਵੇਂ ਗੈਂਗਸਟਰਾਂ ਤੇ ਨਕੇਲ, ਬੇਰੁਜ਼ਗਾਰੀ, ਮਹਿੰਗਾਈ, ਰਿਸ਼ਵਤਖੋਰੀ, ਨਸ਼ਿਆਂ ਦਾ ਖਾਤਮਾ, ਰੇਤ ਬਜਰੀ ਤੇ ਨਸ਼ਾ ਤਸਕਰੀ ਤੇ ਰੋਕ, ਕਾਨੂੰਨ ਦਾ ਰਾਜ ਕਾਇਮ ਕਰਨਾ ਆਦਿ। ਇਸ ਤਰੀਕੇ ਨਾਲ ਮੋਰਚਾ ਹਾਸ਼ੀਏ ਤੇ ਬੈਠੇ ਲੋਕਾਂ ਲਈ ਕਿਰਨ ਦੀ ਆਸ ਪੈਦਾ ਕਰਨ ਵਿਚ ਸਫਲ ਹੋਵੇਗਾ।