ਕਬੱਡੀ ਖੇਡ ਮੇਲੇ ਦੌਰਾਨ ਗੈਂਗਸਟਰ ਪਿੰਟਾਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮੋਗਾ: ਇੱਥੇ ਥਾਣਾ ਬਾਘਾਪੁਰਾਣਾ ਅਧੀਨ ਪਿੰਡ ਮਾੜੀ ਮੁਸਤਫ਼ਾ ਵਿੱਚ ਕਬੱਡੀ ਖੇਡ ਮੇਲੇ ਦੌਰਾਨ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿਚ ਇੱਕ ਹੋਰ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਬਾਘਾਪੁਰਾਣਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਪਿੰਡ ਵਿੱਚ ਖੇਡ ਮੇਲੇ ਦੌਰਾਨ ਵਾਪਰੀ ਵਾਰਦਾਤ ਤੋਂ ਦਹਿਸ਼ਤ ਦਾ ਮਾਹੌਲ ਹੈ। ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਹਰਜੀਤ ਸਿੰਘ ਉਰਫ਼ ਪਿੰਟਾਂ ਅਤੇ ਜ਼ਖ਼ਮੀ ਨੌਜਵਾਨ ਗੁਰਪ੍ਰੀਤ ਸਿੰਘ ਖੇਡ ਮੇਲੇ ਵਿੱਚੋਂ ਹੋ ਕੇ ਮੋਟਰਸਾਈਕਲ ਉੱਤੇ ਘਰ ਜਾ ਰਹੇ ਸਨ। ਇਸ ਦੌਰਾਨ ਪਿੰਡ ਦੀ ਅਨਾਜ ਮੰਡੀ ਕੋਲ ਇੱਕ ਮੋਟਰਸਾਈਕਲ ਉੱਤੇ ਸਵਾਰ 4 ਹਮਲਾਵਾਰਾਂ ਵੱਲੋਂ ਚਲਾਈ ਗੋਲੀ ਨਾਲ ਪਿੰਟਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ। ਪੁਲੀਸ ਮੁਤਾਬਕ ਮ੍ਰਿਤਕ ਨੌਜਵਾਨ ਦਾ ਪਿਛੋਕੜ ਬੰਬੀਹਾ ਗਰੁੱਪ ਨਾਲ ਰਿਹਾ ਹੈ। ਉਸ ਖ਼ਿਲਾਫ਼ ਥਾਣਾ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਸਿਟੀ ਫ਼ਰੀਦਕੋਟ, ਜੈਤੋ, ਬੱਧਨੀ ਕਲਾਂ ਥਾਣਿਆਂ ਵਿੱਚ ਕਤਲ ਤੇ ਹੋਰ ਸੰਗੀਨ ਜੁਰਮਾਂ ਸਮੇਤ 10 ਕੇਸ ਦਰਜ ਸਨ ਅਤੇ ਬਹੁਤੇ ਕੇਸਾਂ ਵਿੱਚੋਂ ਉਹ ਬਰੀ ਹੋ ਚੁੱਕਾ ਸੀ। ਹੁਣ ਉਹ ਆਮ ਜ਼ਿੰਦਗੀ ਬਤੀਤ ਕਰਦੇ ਹੋਏ ਪਿੰਡ ਵਿੱਚ ਸਮਾਜ ਸੇਵੀ ਦੇ ਤੌਰ ਉੱਤੇ ਵਿਚਰਦਾ ਸੀ। ਜ਼ਖ਼ਮੀ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹਰਜੀਤ ਪਿੰਟਾਂ ਨੂੰ ਘਰ ਛੱਡਣ ਜਾ ਰਿਹਾ ਸੀ।
Comments (0)