ਜਲੰਧਰ ਵਿੱਚ 13 ਸ਼ੂਟਰ ਵਿਦੇਸ਼ੀ ਕਰੰਸੀ ਸਣੇ ਕਾਬੂ

ਜਲੰਧਰ ਵਿੱਚ 13 ਸ਼ੂਟਰ ਵਿਦੇਸ਼ੀ ਕਰੰਸੀ ਸਣੇ ਕਾਬੂ

ਪੰਜਾਬ ਵਿਚ ਗੈਂਗਸਟਰਾਂ ਦਾ ਰਾਜ, ਕਾਰੋਬਾਰੀਆਂ ਤੋਂ ਮੰਗੀਆਂ ਫਿਰੌਤੀਆਂ

ਅੰਮ੍ਰਿਤਸਰ ਟਾਈਮਜ਼

ਸ੍ਰੀ ਫ਼ਤਹਿਗੜ੍ਹ ਸਾਹਿਬ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗਰੋਹ ਦੇ ਨਾਮ ’ਤੇ ਕਾਰੋਬਾਰੀਆਂ ਨੂੰ ਫਿਰੌਤੀਆਂ ਲਈ ਧਮਕਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਕੁਝ ਦਿਨ ਪਹਿਲਾਂ ਖਮਾਣੋਂ ਦੇ ਠੇਕੇਦਾਰ ਨੂੰ ਅਜਿਹੀ ਧਮਕੀ ਮਿਲੀ ਸੀ ਤੇ ਹੁਣ ਦੋ ਹੋਰ ਕਾਰੋਬਾਰੀਆਂ ਨੇ ਧਮਕੀ ਭਰੇ ਫੋਨ ਆਉਣ ਦੀ ਸ਼ਿਕਾਇਤਾਂ ਪੁਲੀਸ ਕੋਲ ਦਰਜ ਕਰਵਾਈਆਂ ਹਨ।

ਵੇਰਵਿਆਂ ਅਨੁਸਾਰ ਚੁੰਨੀ ਕਲਾਂ ਵਿੱਚ ਗੇਟ ਦੀਆਂ ਗਰਿੱਲਾਂ ਬਣਾਉਣ ਦਾ ਕੰਮ ਕਰਨ ਵਾਲੇ ਮਨਪ੍ਰੀਤ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’,ਵਿਚ ਦੱਸਿਆ ਗਿਆ ਹੈ ਕਿ ਉਸ ਦੇ ਮੋਬਾਈਲ ਫੋਨ ’ਤੇ ਅਣਪਛਾਤੇ ਨੰਬਰ ਤੋਂ ਵਟਸਐੱਪ ਕਾਲ ਆਈ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ ਬੋਲ ਰਿਹਾ ਹੈ ਤੇ ਉਸ ਦੇ ਬੰਦਿਆਂ ਵੱਲੋਂ ਰੇਕੀ ਕੀਤੀ ਜਾ ਰਹੀ ਹੈ। ਫੋਨ ਕਰਨ ਵਾਲੇ ਨੇ ਉਸ ਤੋਂ ਪੈਸਿਆਂ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਗੋਲੀ ਮਾਰ ਦਿੱਤੀ ਜਾਵੇਗੀ।

ਇਸੇ ਤਰ੍ਹਾਂ ਪਿੰਡ ਭਗੜਾਣਾ ਦੇ ਵਸਨੀਕ ਅਤੇ ਲਾਂਡਰਾਂ ਵਿੱਚ ਡੀਜੇ ਦਾ ਕੰਮ ਕਰਨ ਵਾਲੇ ਰਣਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਫੋਨ ’ਤੇ ਕਿਸੇ ਵਿਅਕਤੀ ਨੇ ਕਾਲ ਕਰਕੇ 5 ਲੱਖ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਗੋਲਡੀ ਬਰਾੜ ਗੈਂਗ ਦਾ ਬੰਦਾ ਬੋਲ ਰਿਹਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ’ਵਿਚ ਪੁਲੀਸ ਨੇ ਕੇਸ ਦਰਜ ਕਰ ਲਏ ਹਨ।

 13 ਸ਼ੂਟਰ ਕਾਬੂ

ਸਥਾਨਕ ਦਿਹਾਤੀ ਦੀ ਪੁਲੀਸ ਨੇ  ਗੈਂਗਸਟਰ ਪਿੰਦਾ ਨਿਹਾਲੂਵਾਲੀਆ ਗਰੋਹ ਦੇ 19 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ 13 ਸ਼ੂਟਰ ਸ਼ਾਮਲ ਹਨ। ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ 11 ਹਥਿਆਰ, ਦੋ ਗੱਡੀਆਂ ਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਖ਼ਿਲਾਫ਼ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਤਰਨ ਤਾਰਨ ਤੇ ਬਠਿੰਡਾ ਵਿੱਚ 24 ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਗ੍ਰਿਫ਼ਤਾਰ ਕੀਤੇ ਗਏ ਸਾਰੇ ਸ਼ੂਟਰ ਸਿਖਲਾਈ ਪ੍ਰਾਪਤ ਹਨ ਤੇ ਬਾਕੀ ਛੇ ਮੁਲਜ਼ਮ ਇਨ੍ਹਾਂ ਨੂੰ ਪਨਾਹ ਦੇਣ ਤੇ ਹਥਿਆਰ ਆਦਿ ਸਪਲਾਈ ਕਰਨ ਵਾਲੇ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਹੁਣ ਇਸ ਗੈਂਗ ਦਾ ਸਰਗਨਾ ਹੈ ਤੇ ਉਹ ਇਸ ਵੇਲੇ ਗਰੀਸ ’ਵਿਚ ਰਹਿ ਰਹੇ ਗਰੋਹ ਦੇ ਇੱਕ ਹੋਰ ਸਾਥੀ ਪਰਮਜੀਤ ਪੰਮਾ  ਸ਼ਾਹਕੋਟ ਨਾਲ ਰਲ ਕੇ ਸਭ ਕੁਝ ਸੰਭਾਲ ਰਿਹਾ ਹੈ।