ਮੁੱਖ ਮੰਤਰੀ ਵਲੋਂ ਕੈਬਨਿਟ ਦੀ ਸੀਨੀਆਰਤਾ ਸੂਚੀ ਤਬਦੀਲ, ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਰੈਂਕ

ਮੁੱਖ ਮੰਤਰੀ ਵਲੋਂ ਕੈਬਨਿਟ ਦੀ ਸੀਨੀਆਰਤਾ ਸੂਚੀ ਤਬਦੀਲ, ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਰੈਂਕ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਵਜ਼ਾਰਤ ਦੇ ਵਜ਼ੀਰਾਂ ਦੀ ਸੀਨੀਆਰਤਾ ਸੂਚੀ ਬਦਲ ਦਿੱਤੀ ਹੈ। ਨਵੀਂ ਸੀਨੀਆਰਤਾ ਸੂਚੀ ਮੁਤਾਬਕ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਤੀਜੇ ਨੰਬਰ 'ਤੇ ਆ ਗਏ ਹਨ ਜਦਕਿ ਉਹ ਪਹਿਲਾਂ ਦਸਵੇਂ ਸਥਾਨ 'ਤੇ ਸਨ। ਇਸ ਤੋਂ ਪਹਿਲਾਂ ਤੀਜੇ ਨੰਬਰ 'ਤੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਸੀ।ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਮੁੱਖ ਮੰਤਰੀ ਵੱਲੋਂ ਬਣਾਈ ਗਈ ਕੈਬਨਿਟ 'ਵਿਚ ਪਹਿਲਾਂ 10 ਮੰਤਰੀਆਂ ਵਿਚ ਅਮਨ ਅਰੋੜਾ ਦਾ ਨਾਮ ਸ਼ਾਮਲ ਨਹੀਂ ਸੀ। ਹਾਲਾਂਕਿ ਭਗਵੰਤ ਮਾਨ ਦੀ ਕੈਬਨਿਟ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਵਿੱਤ ਮੰਤਰੀ ਬਣਾਉਣ ਬਾਰੇ ਚਰਚਾ ਚੱਲ ਰਹੀ ਸੀ ਪਰ ਅਮਨ ਅਰੋੜਾ ਸਮੇਤ ਕਈ ਹੋਰ ਵਿਧਾਇਕ ਜੋ ਦੂਜੀ ਵਾਰ ਬਣੇ ਵਿਧਾਇਕ ਬਣੇ ਹਨ, ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਾ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ ਦੇ ਕਾਡਰ ਵਿਚ ਕਾਫ਼ੀ ਨਿਰਾਸ਼ਤਾ ਪਾਈ ਗਈ। ਪਾਰਟੀ ਦੇ ਅਨੁਸ਼ਾਸਨ ਕਾਰਨ ਭਾਵੇਂ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਪੁਰਾਣੇ ਵਿਧਾਇਕ ਨਿਰਾਸ਼ ਹੋ ਗਏ।

ਸੰਗਰੂਰ ਉਪ ਚੋਣ ਵਿਚ ਭਾਵੇਂ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਅਮਨ ਅਰੋੜਾ ਨੇ ਆਪਣੇ ਵਿਧਾਨ ਸਭਾ ਹਲਕਾ ਸੁਨਾਮ ਤੋਂ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਵੱਡੀ ਲੀਡ ਦਰਜ ਕਰਵਾਈ ਹੈ। ਜ਼ਿਮਨੀ ਚੋਣ ਵਿਚ ਹਾਰ ਤੋਂ ਬਾਅਦ ਜਦੋਂ ਭਗਵੰਤ ਮਾਨ ਨੇ ਆਪਣੀ ਕੈਬਨਿਟ ਦਾ ਵਿਸਥਾਰ ਕਰਦਿਆਂ ਪੰਜ ਨਵੇਂ ਮੰਤਰੀ ਬਣਾਏ ਤਾਂ ਉਨ੍ਹਾਂ ਵਿਚ ਅਮਨ ਅਰੋੜਾ ਨੂੰ ਵੀ ਸ਼ਾਮਲ ਕੀਤਾ ਗਿਆ। ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿਚੋਂ ਹਟਾਏ ਜਾਣ ਤੋਂ ਬਾਅਦ ਅਮਨ ਅਰੋੜਾ ਨੂੰ ਸੀਨੀਆਰਤਾ ਵਿਚ 10ਵਾਂ ਰੈਂਕ ਮਿਲਿਆ ਹੈ। ਹੁਣ ਦੋਵਾਂ ਸੂਚੀਆਂ ਨੂੰ ਮਿਲਾ ਕੇ ਨਵੀਂ ਸੀਨੀਆਰਤਾ ਸੂਚੀ ਤਿਆਰ ਕੀਤੀ ਗਈ ਹੈ।

ਨਵੀਂ ਸੂਚੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਦੂਜੇ ਨੰਬਰ 'ਤੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਤੀਜੇ ਨੰਬਰ 'ਤੇ ਅਮਨ ਅਰੋੜਾ, ਚੌਥੇ 'ਤੇ ਡਾ. ਬਲਜੀਤ ਕੌਰ, ਪੰਜਵੇਂ 'ਤੇ ਗੁਰਮੀਤ ਸਿੰਘ ਮੀਤ ਹੇਅਰ, ਛੇਵੇਂ 'ਤੇ ਕੁਲਦੀਪ ਸਿੰਘ ਧਾਲੀਵਾਲ, ਸੱਤਵੇਂ 'ਤੇ ਬ੍ਰਹਮ ਸ਼ੰਕਰ ਜਿੰਪਾ, ਅੱਠਵੇਂ 'ਤੇ ਲਾਲ ਚੰਦ ਕਟਾਰੂਚੱਕ, ਨੌਵੇਂ 'ਤੇ ਇੰਦਰਬੀਰ ਨਿੱਝਰ, ਦਸਵੇਂ 'ਤੇ ਲਾਲਜੀਤ ਭੁੱਲਰ, ਗਿਆਰਵੇਂ ਸਥਾਨ 'ਤੇ ਹਰਜੋਤ ਬੈਂਸ, ਬਾਰ੍ਹਵੇਂ 'ਤੇ ਹਰਭਜਨ ਸਿੰਘ ਈਟੀਓ, 13ਵੇਂ 'ਤੇ ਫੌਜਾ ਸਿੰਘ ਸਰਾਰੀ, ਚੌਦਵੇਂ 'ਤੇ ਚੇਤਨ ਸਿੰਘ ਜੌੜੇਮਾਜਰਾ ਅਤੇ ਪੰਦਰਵੇਂ ਸਥਾਨ 'ਤੇ ਅਨਮੋਲ ਗਗਨ ਮਾਨ ਹਨ।