ਸਿੱਖ ਨਸਲਕੁਸ਼ੀ - ਨਵੰਬਰ 1984 ਬਾਰੇ ਅਹਿਮ ਦਸਤਾਵੇਜ਼ "ਸਿੱਖ ਨਸਲਕੁਸ਼ੀ ਦਾ ਖੁਰਾ ਖੋਜ" ਕਿਤਾਬ ਜਾਰੀ

ਸਿੱਖ ਨਸਲਕੁਸ਼ੀ - ਨਵੰਬਰ 1984 ਬਾਰੇ ਅਹਿਮ ਦਸਤਾਵੇਜ਼

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੋਧੇ ਤੋਂ ਬਾਅਦ ਸਟੇਟ ਵੱਲੋਂ ਕੀਤੀ ਗਈ ਸਿੱਖ ਨਸਲਕੁਸ਼ੀ ਬਾਰੇ ਆਮ ਲੋਕਾਂ, ਸਿੱਖਾਂ, ਸਿੱਖ ਆਗੂਆਂ ਅਤੇ ਪ੍ਰਚਾਰਕਾਂ ਦੀ  ਜਾਣਕਾਰੀ ਦਿੱਲੀ, ਬੁਕਾਰੋ, ਕਾਨਪੁਰ ਅਤੇ ਹੋਂਦ ਚਿੱਲੜ ਤਕ ਹੀ ਸੀਮਤ ਹੈ  ।  ਪਰ ਇਹ ਵਰਤਾਰਾ ਇਸ ਤੋਂ ਕਿਤੇ ਵੱਡੇ ਪੱਧਰ ਤੇ ਵਾਪਰਿਆ  । ਇਸ ਦੌਰਾਨ ਭਾਰਤ ੬ ਰਾਜਾਂ  ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲਨਾਡੂ , ਉੜੀਸਾ, ਆਂਧਰਾ ਪ੍ਰਦੇਸ਼ ਅਤੇ  ਤੇਲੰਗਾਨਾ  ਚ ਹੋਈਆਂ ਘਟਨਾਵਾਂ ਦਾ ਵਿਸਥਾਰਪੂਰਵਕ ਜ਼ਿਕਰ ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਚ ਕੀਤਾ ਗਿਆ ਹੈ  ।

ਕਿਤਾਬ ਚ ਦਿੱਤੀ ਗਈ ਜਾਣਕਾਰੀ ਚਸ਼ਮਦੀਦਾਂ ਅਤੇ ਸਬੂਤਾਂ ਦੇ ਹਵਾਲੇ ਨਾਲ ਲਿਖੀ ਗਈ ਹੈ। ਜ਼ਿਕਰਯੋਗ ਹੈ ਕਿ ਕਿਤਾਬ ਚ  ਸਿੱਖ ਨਸਲਕੁਸ਼ੀ ਦੀ ਪ੍ਰੋੜ੍ਹਤਾ ਕਰਦੇ  ੪੨ ਸਰਕਾਰੀ ਅਤੇ ਗੈਰ ਸਰਕਾਰੀ ਦਸਤਾਵੇਜ਼ ਲਗਾਏ ਗਏ ਹਨ  । ਸਿੱਖ ਨਸਲਕੁਸ਼ੀ ਉੱਪਰ ਇਹ ਕਿਤਾਬ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਬੜਾ ਅਹਿਮ ਦਸਤਾਵੇਜ਼ ਹੈ  ਕਿਉਂਕਿ ਕਿਤਾਬ ਸਿੱਖ ਨਸਲਕੁਸ਼ੀ ਬਾਰੇ ਆਮ ਲੋਕਾਂ ਦੀ ਸਮਝ ਤੋਂ ਪਰੇ ਇਸ ਵਰਤਾਰੇ ਦੀ ਵਿਸ਼ਾਲਤਾ ਦੇ ਘੇਰੇ ਨੂੰ  ਦਰਸਾਉਂਦੀ ਹੈ  । 

ਸੱਚਖੰਡ  ਸ੍ਰੀ ਹਰਿਮੰਦਰ ਸਾਹਿਬ ਜੀ ਕੋਲ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ   ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਨਮਿਤ ਅਰਦਾਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਕੋਲ ਇਹ ਕਿਤਾਬ ਜਾਰੀ ਕੀਤੀ ਗਈ  ।

ਕਿਤਾਬ ਜਾਰੀ ਕਰਨ ਮੌਕੇ ਸ਼ਹੀਦ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਰਜਿੰਦਰ ਸਿੰਘ  ਇੰਗਲੈਂਡ, ਭਾਈ ਮਨਧੀਰ ਸਿੰਘ, ਪਰਮਜੀਤ ਸਿੰਘ ਗਾਜ਼ੀ, ਸਤਨਾਮ ਸਿੰਘ ਖੰਡਾ, ਪ੍ਰਿੰਸੀਪਲ ਕੰਵਲਜੀਤ ਸਿੰਘ, ਭਗਵੰਤ ਸਿੰਘ ਸਿਆਲਕਾ, ਕੰਵਰਪਾਲ ਸਿੰਘ ਦਲ ਖਾਲਸਾ, ਸਰਬਜੀਤ ਸਿੰਘ ਘੁਮਾਣ, ਗੁਰਚਰਨ ਸਿੰਘ ਗਰੇਵਾਲ, ਪਰਮਿੰਦਰ ਸਿੰਘ ਸ਼ਤਰਾਣਾ ਅਤੇ ਪਰਮਜੀਤ ਸਿੰਘ ਮੰਡ ਹਾਜ਼ਰ ਸਨ  ।