ਪ੍ਰੋਫੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ

ਪ੍ਰੋਫੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ

ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਇਸ ਲੈਕਚਰ ਦੀ ਪ੍ਰਧਾਨਗੀ ਕੀਤੀ

ਪਿਛਲੇ ਦਿਨੀਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਿਤ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਸੈਂਟਰ ਦੇ ਪੂਰਵ ਡਾਇਰੈਕਟਰ ਪ੍ਰੋਫ਼ੈਸਰ ਬਲਵੰਤ ਸਿੰਘ ਢਿਲੋਂ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਸਬੰਧੀ ਪੁਨਰ ਵਿਚਾਰ ਵਿਸ਼ੇ 'ਤੇ ਆਪਣਾ ਮੁੱਖ ਭਾਸ਼ਣ ਪੇਸ਼ ਕੀਤਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਇਸ ਲੈਕਚਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ , ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ  ਦੇ ਵਾਈਸ ਚਾਂਸਲਰ ਡਾ. ਪਿਰਪਾਲ ਸਿੰਘ ਅਤੇ ਭਾਰਤ ਸਰਕਾਰ ਦੀ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ ਦੀ ਪਬਲੀਕੇਸ਼ਨ ਡਿਵੀਜ਼ਨ ਤੋਂ ਸ੍ਰੀਮਤੀ ਰੋਮਾ ਚੈਟਰਜੀ ਅਤੇ ਸ੍ਰੀ ਰਾਕੇਸ਼ ਕੁਮਾਰ ਰੇਨੂ ਹਾਜ਼ਰ ਸਨ। ਇਸ ਮੌਕੇ ਭਾਰਤ ਸਰਕਾਰ ਦੁਆਰਾ ਗੁਰੂ ਤੇਗ਼ ਬਹਾਦਰ ਜੀ : ਹਿਜ਼ ਲਾਈਫ਼, ਟ੍ਰੈਵਲਜ਼ ਐਂਡ ਮੈਸੇਜ ਵਿਸ਼ੇ `ਤੇ ਡਾ. ਪਰਮਵੀਰ ਸਿੰਘ ਅਤੇ ਧਰਮ ਸਿੰਘ ਵੱਲੋਂ ਵਿਸ਼ੇ ਸਾਂਝੇ ਤੌਰ `ਤੇ ਤਿਆਰ ਕੀਤੀ ਗਈ ਪੁਸਤਕ ਰਿਲੀਜ਼ ਕੀਤੀ ਗਈ।

ਇਸ ਮੌਕੇ ਪ੍ਰੋਫੈਸਰ ਅਰਵਿੰਦ ਨੇ ਇਸ ਪੁਸਤਕ ਦੇ ਲੇਖਕ ਡਾ. ਪਰਮਵੀਰ ਸਿੰਘ ਅਤੇ ਡਾ. ਧਰਮ ਸਿੰਘ ਅਤੇ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਇਨਫਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੇ ਪਬਲੀਕੇਸ਼ਨਜ਼ ਵਿਭਾਗ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਸ ਨਾਲ ਸਾਡੀ ਯੂਨਿਵਰਸਿਟੀ ਦਾ ਵੀ ਮਾਣ ਵਧਿਆ ਹੈ। ਇਹ ਪੁਸਤਕ ਖੋਜਾਰਥੀਆਂ ਦਾ ਮਾਰਗ ਦਰਸ਼ਨ ਕਰਨ ਵਿਚ ਸਹਾਈ ਹੋਵੇਗੀ। ਡਾ ਬਲਵੰਤ ਸਿੰਘ ਢਿਲੋਂ ਨੇ ਇਸ ਮੈਮੋਰੀਅਲ ਲੈਕਚਰ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਇਤਿਹਾਸ, ਸਿਧਾਂਤ, ਯਾਤਰਾਵਾਂ, ਹੁਕਮਨਾਮਿਆਂ ਦੇ ਸੰਦਰਭ ਵਿਚ ਉਹਨਾਂ ਦੇ ਜੀਵਨ ਨਾਲ ਸਬੰਧਿਤ ਗੁਰਮੁਖੀ ਅਤੇ ਫ਼ਾਰਸੀ ਸਰੋਤਾਂ ਦਾ ਅਧਿਐਨ ਕਰਨ ਦੀ ਲੋੜ ਹੈ। ਇਸ ਨਾਲ ਇਹਨਾਂ ਨੇ ਗੁਰੂ ਜੀ ਦੀ ਮਹਾਨ ਸ਼ਖ਼ਸੀਅਤ ਦੇ ਵਿਭਿੰਨ ਪੱਖਾਂ ਬਾਰੇ ਖੋਜ ਭਰਪੂਰ ਜਾਣਕਾਰੀ ਵੀ ਸਾਂਝੀ ਕੀਤੀ। ਡਾ ਪਰਿਤਪਾਲ ਸਿੰਘ ਨੇ ਡਾ. ਪਰਮਵੀਰ ਸਿੰਘ ਅਤੇ ਡਾ. ਧਰਮ ਸਿੰਘ ਦੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸੇ ਵੀ ਪੁਸਤਕ ਨੂੰ ਸਹੀ ਸੰਦਰਭ ਵਿਚ ਸਮਝਣ ਲਈ ਉਸ ਦੇ ਲੇਖਕ ਦੀ ਰਾਜਨਿਤਕ ਸੂਝ ਅਤੇ ਧਾਰਮਿਕ ਵਿਸ਼ਵਾਸ ਨੂੰ ਵੀ ਸਮਝਣ ਦੀ ਲੋੜ ਹੈ।

ਇਸ ਸਮੇਂ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਕਾਲ ਤੋਂ ਲੈਕੇ ਹੁਣ ਤੱਕ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦਾ ਯਤਨ ਕੀਤੇ ਜਾਂਦੇ ਰਹੇ ਹਨ। ਇਸ ਸਬੰਧੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਇਸ ਕਾਰਜ ਲਈ ਨਵੇਂ ਖੋਜਾਰਥੀਆਂ ਨੂੰ ਚੇਤੰਨ ਹੋਣ ਦੀ ਲੋੜ ਹੈ। ਇਸ ਸਮੇਂ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਇਨਫਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੇ ਪਬਲੀਕੇਸ਼ਨਜ਼ ਡਿਵੀਜ਼ਨ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀਮਤੀ ਰੋਮਾ ਚੈਟਰਜੀ ਨੇ ਕਿਹਾ ਸਾਡੇ ਵਿਭਾਗ ਵਲੋਂ ਸਿੱਖ ਗੁਰੂ ਸਾਹਿਬਾਨ ਵਲੋਂ ਪ੍ਰਕਾਸ਼ਿਤ ਕੀਤੀ ਗਈ ਇਹ ਦੂਸਰੀ ਪੁਸਤਕ ਹੈ। ਸਭ ਤੋਂ ਵੱਡੀ ਗੱਲ ਕਿ ਅਸੀਂ ਇਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਹੀ ਪ੍ਰਕਾਸ਼ਿਤ ਕਰਕੇ ਪਾਠਕਾਂ ਤੱਕ ਪਹੁੰਚਾਉਣ ਦੀ ਖ਼ੁਸੀ ਹਾਸ਼ਲ ਕਰ ਸਕੇ ਹਾਂ।

ਇਹਨਾਂ ਨੇ ਇਸ ਪੁਸਤਕ ਦੇ ਲੇਖਕਾਂ ਵਲੋਂ ਕੀਤੀ ਖੋਜ ਅਤੇ ਭਾਰਤ ਸਰਕਾਰ ਨੂੰ ਦਿੱਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਵਿੱਚ ਆਏ ਮਹਿਮਾਨਾਂ, ਪ੍ਰੋਫੈਸਰ ਸਾਹਿਬਾਨ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਵਿਭਾਗ ਦੇ ਪ੍ਰੋਫ਼ੈਸਰ ਜਸਪ੍ਰੀਤ ਕੌਰ ਸੰਧੂ ਵਲੋਂ ਧੰਨਵਾਦ ਕੀਤਾ ਗਿਆ।

ਇਸ ਸਮੇਂ ਡਾ.ਮਲਕਿੰਦਰ ਕੌਰ, ਡਾ.ਚਮਕੌਰ ਸਿੰਘ, ਡਾ.ਰਮਿੰਦਰਜੀਤ ਕੌਰ, ਡਾ. ਅਬਨੀਸ ਕੌਰ, ਡਾ. ਗੁਰਮੀਤ ਸਿੰਘ ਸਿੱਧੂ, ਡਾ. ਗੁਰਮੇਲ ਸਿੰਘ, ਡਾ. ਮੁਹੰਮਦ ਹਬੀਬ, ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਵਿੰਦਰਜੀਤ ਕੌਰ ਭੱਟੀ, ਡਾ. ਗੁਰਨਾਇਬ ਸਿੰਘ, ਡਾ.ਗੁਜਨਜੋਤ ਕੌਰ, ਡਾ.ਭੁਪਿੰਦਰਪਾਲ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਹਰਪ੍ਰੀਤ ਕੌਰ, ਸ੍ਰੀਮਤੀ ਗਰੀਮਾ ਰਾਣੀ, ਗੁਰਮੇਲ ਸਿੰਘ, ਮੁਕੇਸ਼ ਕੁਮਾਰ, ਗੁਰਤੇਜ ਸਿੰਘ ਇਲਾਵਾ ਬਹੁਤ ਸਾਰੇ ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ। 

         ਕਸ਼ਮੀਰ ਸਿੰਘ

ਪੰਜਾਬੀ ਯੂਨੀਵਰਸਿਟੀ ਪਟਿਆਲਾ