ਆਪ ਸਰਕਾਰ ਦੇ ਰਾਜ ਕਾਲ ਵਿਚ ਪੰਜਾਬ ਦੇ 20 ਫ਼ੀਸਦੀ ਲੋਕ ਕਰ ਰਹੇ ਨਸ਼ਾ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮੁਤਾਬਕ ਪਿਛਲੇ 20 ਮਹੀਨਿਆਂ ਦੌਰਾਨ 310 ਲੋਕਾਂ ਨੇ ਆਪਣੀ ਜਾਨ ਗੁਆਈ
*18,100 ਬੱਚੇ ਕੋਕੀਨ ਵਰਗੇ ਨਸ਼ਿਆਂ ਦਾ ਸ਼ਿਕਾਰ
ਜਾਬ ਵਿਚ ਨਸ਼ਿਆਂ ਦਾ ਰੁਝਾਣ ਇਸ ਕਦਰ ਖਤਰਨਾਕ ਹੱਦ ਤੱਕ ਵਧ ਚੁੱਕਾ ਹੈ ਕਿ ਅੱਜ ਨਸ਼ਿਆਂ ਦੀ ਹੋਮ ਡਿਲੀਵਰੀ ਤੱਕ ਹੋਣ ਲੱਗ ਪਈ ਹੈ ।ਨਸ਼ੇ ਲੈਣ ਲਈ ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਤੇ ਉਨ੍ਹਾਂ ਨੂੰ ਘਰ ਬੈਠਿਆਂ ਨੂੰ ਹੀ ਨਸ਼ਾ ਮਿਲਣ ਲੱਗਾ ਹੈ ।ਲੋਕਾਂ ਨੂੰ ਖੰਡ-ਪੱਤੀ ਲੈਣ ਤਾਂ ਘਰ ਤੋਂ ਬਾਹਰ ਦੁਕਾਨ ਤੱਕ ਜਾਣਾ ਹੀ ਪੈਂਦਾ ਹੈ ਪਰ ਨਸ਼ਾ ਘਰ ਬੈਠਿਆਂ ਹੀ ਆਨਲਾਈਨ ਆਸਾਨੀ ਨਾਲ ਮੰਗਵਾਇਆ ਜਾ ਸਕਦਾ ਹੈ । ਕਿਹੜੀ ਕੁਆਲਿਟੀ ਤੇ ਕਿੰਨਾ ਨਸ਼ਾ ਚਾਹੀਦਾ ਹੈ ਇਹ ਸਭ ਕੁੱਝ ਵੀ ਗਾਹਕ ਦੀ ਮਰਜ਼ੀ ਮੁਤਾਬਿਕ ਸਪਲਾਈ ਕੀਤਾ ਜਾ ਰਿਹਾ ਹੈ ।ਪੰਜਾਬ ਵਿੱਚ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ।ਇਸੇ ਕਾਰਨ ਪੰਜਾਬ ਵਿੱਚ ਹੈਪੇਟਾਈਟਸ- ਬੀ, ਕਾਲਾ ਪੀਲੀਆ ਅਤੇ ਐੱਚਆਈਵੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਪਿਛਲੇ 20 ਮਹੀਨਿਆਂ ਵਿਚ ਨਸ਼ੇ ਕਾਰਨ 310 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਵਿਚ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ। ਜਾਰੀ ਕੀਤੇ ਗਏ ਅੰਕੜਿਆਂ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਪੰਜਾਬ ਵਿਚ ਲਗਭਗ 20 ਫ਼ੀਸਦੀ ਲੋਕ ਨਸ਼ਾ ਕਰ ਰਹੇ ਹਨ। ਇਸ ਰਿਪੋਰਟ ਦੇ ਮੁਤਾਬਕ ਪੰਜਾਬ ਵਿਚ 10 ਤੋਂ 17 ਸਾਲ ਦੀ ਉਮਰ ਦੇ 6.97 ਲੱਖ ਬੱਚੇ ਨਸ਼ੇ ਦੇ ਸ਼ਿਕਾਰ ਹਨ ਅਤੇ ਇਨ੍ਹਾਂ ਵਿੱਚੋਂ 18,100 ਬੱਚੇ ਕੋਕੀਨ ਵਰਗੇ ਨਸ਼ੇ ਦਾ ਵੀ ਸੇਵਨ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਲਗਭਗ 3.43 ਲੱਖ ਬੱਚੇ ਓਪੀਔਡ ਡਰੱਗ ਲੈ ਰਹੇ ਹਨ ਜਿਸ ਵਿੱਚ ਹੈਰੋਇਨ ਵੀ ਸ਼ਾਮਲ ਹੈ।
ਇਸ ਰਿਪੋਰਟ ਵਿੱਚ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲਾ ਖੁਲਾਸਾ ਇਹ ਸੀ ਕਿ ਪੰਜਾਬ ਵਿੱਚ 66.70 ਲੱਖ ਤੋਂ ਵੱਧ ਲੋਕ (ਯਾਨੀ ਸੂਬੇ ਦੇ ਲਗਭਗ 20 ਫ਼ੀਸਦੀ ਲੋਕ) ਨਸ਼ਾ ਕਰ ਰਹੇ ਹਨ, ਜਿਨ੍ਹਾਂ ਵਿੱਚ 21.36 ਲੱਖ ਵੱਖ-ਵੱਖ ਕਿਸਮਾਂ ਦੇ ਨਸ਼ੇ ਦਾ ਸੇਵਨ ਕਰਦੇ ਹਨ।
ਪੰਜਾਬ ਵਿੱਚ ਜਿੱਥੇ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਦਾਅਵੇ ਕੀਤੇ ਜਾਂਦੇ ਹਨ ਕਿ ਉਹ ਸੂਬੇ ਵਿਚ ਨਸ਼ੇ ਨੂੰ ਖਤਮ ਕਰਨ ਲਈ ਵਚਨਬੱਧ ਹਨ, ਅਜਿਹੇ ਵਿਚ ਇਸ ਰਿਪੋਰਟ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।
ਦੱਸ ਦਈਏ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਸੰਸਦੀ ਸਥਾਈ ਕਮੇਟੀ ਵੱਲੋਂ ਰਿਪੋਰਟ "ਨੌਜਵਾਨ ਵਿਅਕਤੀਆਂ ਵਿੱਚ ਨਸ਼ਿਆਂ ਦੀ ਦੁਰਵਰਤੋਂ: ਸਮੱਸਿਆਵਾਂ ਅਤੇ ਹੱਲ" ਵਿੱਚ ਭਾਰਤ ਦੇ ਬਾਲਗਾਂ, ਨੌਜਵਾਨਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਵਿੱਚ ਤੇਜ਼ੀ ਨਾਲ ਫੈਲ ਰਹੀ ਨਸ਼ੇ ਦੀ ਲਤ ਦੇ ਖਤਰੇ 'ਤੇ ਹੈਰਾਨੀ ਪ੍ਰਗਟਾਈ ਗਈ ਅਤੇ ਇਹ ਰਿਪੋਰਟ ਹਾਲ ਹੀ ਵਿੱਚ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਸੀ।ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ, ਦਿੱਲੀ-ਐਨਸੀਆਰ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਅਤੇ ਪੱਛਮੀ ਬੰਗਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਅਤੇ ਯੂਟੀ ਸਨ।ਇਨ੍ਹਾਂ ਸੂਬਿਆਂ ਤੇ ਯੂਟੀ ਵਿੱਚ 18-75 ਸਾਲ ਦੀ ਉਮਰ ਦੇ ਬਾਲਗਾਂ ਦੀ ਸਥਿਤੀ ਵੀ ਖਰਾਬ ਪਾਈ ਗਈ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ 102 ਕਰੋੜ ਰੁਪਏ ਹਰ ਸਾਲ ਨਸ਼ੇ ਦੀ ਰੋਕਥਾਮ ਉੱਤੇ ਖ਼ਰਚ ਹੁੰਦੇ ਹਨ ਜਿਸ ਵਿੱਚ ਨਸ਼ਾ ਛੁਡਾਓ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ, ਨਸ਼ਿਆਂ ਦੀ ਰੋਕਥਾਮ ਉੱਤੇ ਖ਼ਰਚ ਵੀ ਵੱਧ ਰਿਹਾ ਹੈ ਪਰ ਨਾਲ ਹੀ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋ ਰਿਹਾ ਹੈ।
ਨਸ਼ਿਆਂ ਊਪਰ ਕਾਬੂ ਪਾਉਣ ਵਿਚ ਆਪ ਸਰਕਾਰ ਫੇਲ
ਸੂਬੇ ਦੀ 'ਆਪ' ਸਰਕਾਰ ਨਸ਼ਿਆਂ ਦੇ ਇਸ ਤੂਫਾਨ ਨੂੰ ਠੱਲ੍ਹਣ ਵਿਚ ਨਾਕਾਮ ਸਾਬਤ ਹੋਈ ਹੈ ਤੇ ਪਿਛਲੀਆਂ ਸਰਕਾਰਾਂ ਵਾਂਗ ਹੀ ਇਹ ਸਰਕਾਰ ਵੀ ਕੇਵਲ ਨਸ਼ਿਆਂ ਦੇ ਮੁੱਦੇ 'ਤੇ ਰਾਜਨੀਤੀ ਕਰਨ ਤੋਂ ਸਿਵਾਏ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਹੀ ।
ਕਿਸਾਨਾਂ ਦੀ ਪ੍ਰਮੁੱਖ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ 'ਪੰਜਾਬ ਵਿਚ ਨਸ਼ਿਆਂ ਦੇ ਵਧ ਰਹੇ ਚਲਣ ਲਈ ਸਿਆਸੀ ਆਗੂਆਂ, ਪੁਲਿਸ ਅਧਿਕਾਰੀਆਂ ਅਤੇ ਗੈਂਗਸਟਰਾਂ ਦੇ ਆਪਸੀ ਗਠਜੋੜ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਜਿੰਨਾ ਚਿਰ ਇਸ ਗਠਜੋੜ ਨੂੰ ਤੋੜਨ ਲਈ ਸਖਤ ਕਦਮ ਨਹੀਂ ਚੁੱਕੇ ਜਾਂਦੇ ਤਦ ਤੱਕ ਪੰਜਾਬ ਦੀ ਜਵਾਨੀ ਇਸੇ ਤਰ੍ਹਾਂ ਮੌਤ ਦੇ ਮੂੰਹ ਵਿਚ ਜਾਂਦੀ ਰਹੇਗੀ । ਉਗਰਾਹਾਂ ਨੇ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਦੀ ਜਥੇਬੰਦੀ ਵਲੋਂ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਜਗਾਉਣ ਲਈ ਜ਼ਿਲ੍ਹਾ ਪੱਧਰ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਬਦੀ ਹਮਲਾ ਸੇਧਦਿਆਂ ਕਿਹਾ ਕਿ ਰਾਜ ਚਲਾਉਣ ਵਾਲੇ ਸਿਰਫ਼ ਸੱਤਾ ਦੇ ਨਸ਼ੇ ਵਿਚ ਹਨ ਜਦਕਿ ਸੂਬਾ ਨਸ਼ੇ ਦੀ ਲਪੇਟ ਵਿੱਚ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਵੀ ਉਨ੍ਹਾਂ ਅੱਗੇ ਸਮਰਪਣ ਕਰ ਚੁੱਕੀ ਹੈ। ਜਾਖੜ ਨੇ ਪੰਜਾਬ ਪੁਲੀਸ ਦੀ ਸਹਾਇਤਾ ਨਾਲ ‘ਆਪ’ ਦੀ ਸਮਗਲਰਾਂ ਨਾਲ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ।ਜਾਖੜ ਨੇ ਜਲੰਧਰ ਪੁਲੀਸ ਦੇ ਅਧਿਕਾਰੀ ਦੇ ਫਿਰੋਜ਼ਪੁਰ ਖੇਤਰ ਵਿੱਚ ਹੈਰੋਇਨ ਸਮੇਤ ‘ਫੜੇ’ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੁਲੀਸ ਅਧਿਕਾਰੀਆਂ ਨੂੰ ਇੱਕ ਪਾਰਟੀ ਵਿੱਚ ਇੱਕ ਗੈਂਗਸਟਰ ਨਾਲ ਦੇਖਿਆ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਬਾਅਦ ਵਿੱਚ ਇਹ ਮਾਮਲਾ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਤੱਕ ਸੀਮਤ ਹੋ ਕੇ ਰਹਿ ਗਿਆ।ਪੰਜਾਬ ਭਾਜਪਾ ਪ੍ਰਧਾਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਦਾ ਮਜ਼ਾਕ ਉਡਾਇਆ ਕਿ ਭਗਵੰਤ ਮਾਨ ਨਾਲੋਂ ਪੰਜਾਬ ਦਾ ਬਿਹਤਰ ਮੁੱਖ ਮੰਤਰੀ ਕਦੇ ਨਹੀਂ ਹੋਇਆ।
ਸ੍ਰੋਮਣੀ ਅਕਾਲੀ ਦਲ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਫਿਰੋਜ਼ਪੁਰ ਵਿਚ ਸਰਹੱਦ ਨੇੜਲੇ ਪਿੰਡ ਢਾਂਡੀਵਾਲ ਵਿਚ ਦੋ ਪੁਲਿਸ ਮੁਲਾਜ਼ਮ ਸ਼ੱਕੀ ਹਾਲਾਤ ਵਿਚ ਦਿਸਣ ਮਗਰੋਂ ਬੀਐੱਸਐੱਫ ਤੇ ਪਿੰਡਾਂ ਵਾਲਿਆਂ ਵੱਲੋਂ ਬਣਾਈ ਨਸ਼ੇ ਦੀ ਰੋਕਥਾਮ ਦੀ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਲਾਏ ਨਾਕੇ ’ਤੇ ਇਹਨਾਂ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਹੈਰੋਇਨ ਸਮੇਤ ਫੜਿਆ ਗਿਆ। ਉਹਨਾਂ ਕਿਹਾ ਕਿ ਹੈਰੋਇਨ ਕਾਰ ਦੇ ਬੋਨਟ ਹੇਠੋਂ ਫੜੀ ਗਈ। ਉਹਨਾਂ ਕਿਹਾ ਕਿ ਜਦੋਂ ਇਸ ਮਾਮਲੇ ਦੀ ਵੀਡੀਓ ਬਣਾਈ ਜਾ ਰਹੀਸੀ ਤਾਂ ਪੁਲਿਸ ਮੁਲਾਜ਼ਮਾਂ ਨੇ ਆਪਣੇ ਚੇਹਰੇ ਛੁਪਾਉਣ ਦੀ ਕੋਸ਼ਿਸ਼ ਕੀਤੀ।ਉਹਨਾਂ ਕਿਹਾ ਕਿ ਇਕ ਪਾਸੇ ਤਾਂ ਫਿਰੋਜ਼ਪੁਰ ਪੁਲਿਸ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਲੰਧਰ ਦੇ ਦੋ ਪੁਲਿਸ ਅਧਿਕਾਰੀ ਦੋ ਕਿਲੋ ਹੈਰੋਇਨ ਨਾਲ ਫੜੇ ਗਏ ਹਨ ਪਰ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਦਾਅਵੇ ਕਰ ਰਹੇ ਹਨ ਕਿ 9 ਸਤੰਬਰ ਨੂੰ ਫੜੇ ਗਏ ਨਸ਼ਾ ਤਸਕਰ ਮਲਕੀਤ ਸਿੰਘ ਕਾਲੀ ਨੇ ਇਸ 2 ਕਿਲੋ ਹੈਰੋਇਨ ਬਾਰੇ ਦੱਸਿਆ ਸੀ ਤੇ ਪੁਲਿਸ ਮੁਲਾਜ਼ਮ ਸਿਰਫ ਉਥੋਂ ਬਰਾਮਦਗੀ ਵਾਸਤੇ ਗਏ ਸਨ।ਉਹਨਾਂ ਕਿਹਾ ਕਿ ਐੱਸਐੱਸਪੀ ਦਾ ਬਿਆਨ ਵੀ ਹੈਰਾਨੀਜਨਕ ਹੈ ਜੋ ਕਹਿ ਰਹੇ ਹਨ ਕਿ ਬੋਨਟ ਹੇਠਾਂ ਹੈਰੋਇਨ ਤਾਂ ਰੱਖੀ ਸੀ ਤਾਂ ਜੋ ਕੋਈ ਪੁਲਿਸ ਮੁਲਾਜ਼ਮਾਂ ਤੋਂ ਹੈਰੋਇਨ ਖੋਹ ਨਾ ਲਵੇ। ਉਹਨਾਂ ਹੈਰਾਨੀ ਪ੍ਰਗਟਾਈ ਕਿ ਜਦੋਂ ਪੁਲਿਸ ਵਾਲੇ ਹੀ ਡਰ ਰਹੇ ਹਨ ਤਾਂ ਫਿਰ ਪੰਜਾਬੀ ਆਪਣੀ ਸੁਰੱਖਿਆ ਲਈ ਕਿਸ ’ਤੇ ਭਰੋਸਾ ਕਰ ਸਕਦੇ ਹਨ। ਉਹਨਾਂ ਦੋਸ਼ ਲਾਇਆ ਕਿ ਪੁਲਿਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦ ਕਿ ਪੁਲਿਸ ਆਪ ਨਸ਼ੇ ਧੰਦੇ ਵਿਚ ਸ਼ਾਮਲ ਹੈ।
ਵਲਟੋਹਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਆਖਿਆ ਕਿ ਉਹ ਦੱਸਣ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਨਸ਼ੇ ਦੇ ਕਾਰੋਬਾਰ ਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ ਹੈ ? ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਦੱਸਣ ਕਿ ਪੁਲਿਸ ਵਿਚ ਇਹ ਨਸ਼ਾ ਕਾਰੋਬਾਰ ਕੌਣ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਪਹਿਲਾਂ ਤਤਕਾਲੀ ਏ ਆਈ ਜੀ ਰਾਜਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਗੁਨਾਹਾਂ ਬਾਰੇ ਆਵਾਜ਼ ਬੁਲੰਦ ਕੀਤੀ ਸੀ ਤੇ ਹੁਣ ਅਜਿਹਾ ਜਾਪਦਾ ਹੈ ਕਿ ਕਈ ਰਾਜਜੀਤ ਹਾਲੇ ਵੀ ਪੰਜਾਬ ਪੁਲਿਸ ਵਿਚ ਹਨ ਜੋ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।ਉਹਨਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਆਖਦੇ ਹੁੰਦੇ ਸਨ ਕਿ ਸਰਕਾਰਾਂ ਹੀ ਨਸ਼ਾ ਮਾਫੀਆ ਦੀ ਪੁਸ਼ਤ ਪਨਾਹੀ ਕਰਦੀਆਂ ਹਨ ਤੇ ਹੁਣ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਵਿਚ ਇਸ ਨਸ਼ਾ ਕਾਰੋਬਾਰ ਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ ਹੈ।
ਪਿੰਡਾਂ ਦੇ ਲੋਕ ਨਸ਼ਿਆਂ ਖਿਲਾਫ ਸਰਗਰਮ
ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕ ਨਸ਼ਾ ਵੇਚਣ ਵਾਲਿਆਂ ਖ਼ਿਲਾਫ ਖੁੱਲ੍ਹ ਕੇ ਸਾਹਮਣੇ ਆਏ ਹਨ।ਸੰਗਰੂਰ, ਮਾਨਸਾ, ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਬਠਿੰਡਾ ਦੇ ਕਈ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ, ਗਰਾਮ ਪੰਚਾਇਤਾਂ ਅਤੇ ਸਥਾਨਕ ਲੋਕਾਂ ਵੱਲੋਂ ਬਣਾਈਆਂ ਨਸ਼ਾ ਵਿਰੋਧੀ ਕਮੇਟੀਆਂ ਨਸ਼ੇ ਖਿਲਾਫ਼ ਕੰਮ ਕਰ ਰਹੀਆਂ ਹਨ।
ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਚੋਣਾਂ ਵਿਚ ਦਾਅਵਾ ਕੀਤਾ ਸੀ ਕਿ ਜੇਕਰ ਆਪ ਸੱਤਾ ਵਿਚ ਆਈ ਤਾਂ ਤਿੰਨ ਮਹੀਨਿਆਂ ਵਿਚ ਨਸ਼ਾ ਖਤਮ ਕਰ ਦੇਵੇਗੀ। ਉਹਨਾਂ ਕਿਹਾ ਕਿ ਹੁਣ ਆਪ ਸਰਕਾਰ ਬਣੀ ਨੂੰ ਡੇਢ ਸਾਲ ਬੀਤ ਚੁੱਕਾ ਹੈ ਤੇ ਨਸ਼ੇ ਦਾ ਇਹ ਕਾਰੋਬਾਰ ਪਿੰਡ-ਪਿੰਡ, ਗਲੀ-ਗਲੀ ਫੈਲ ਚੁੱਕਾ ਹੈ। ਸਰਕਾਰ ਇਸ ਬਾਰੇ ਸੁਹਿਰਦ ਨਹੀਂ।ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
Comments (0)