ਇਜਰਾਈਲ ਵਲੋਂ ਹਮਾਸ ਨੇਤਾਵਾਂ ਨੂੰ ਲੱਭਕੇ ਮਾਰਨ ਦੇ ਜਾਰੀ ਹੋਏ ਆਦੇਸ਼

ਇਜਰਾਈਲ ਵਲੋਂ ਹਮਾਸ ਨੇਤਾਵਾਂ ਨੂੰ ਲੱਭਕੇ ਮਾਰਨ ਦੇ  ਜਾਰੀ ਹੋਏ ਆਦੇਸ਼

ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿਚ ਹੋਇਆ ਖੁਲਾਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ: ਇਜ਼ਰਾਈਲ ਅਤੇ ਹਮਾਸ ਦਰਮਿਆਨ ਇੱਕ ਹਫ਼ਤੇ ਤੱਕ ਚੱਲੀ ਜੰਗਬੰਦੀ ਤੋਂ ਬਾਅਦ ਸ਼ੁੱਕਰਵਾਰ ਨੂੰ ਮੁੜ ਜੰਗ ਸ਼ੁਰੂ ਹੋ ਚੁਕੀ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਥਿਤ ਤੌਰ 'ਤੇ ਖੁਫੀਆ ਏਜੰਸੀਆਂ ਨੂੰ ਹਮਾਸ ਨੇਤਾਵਾਂ ਨੂੰ ਲੱਭਣ ਅਤੇ ਮਾਰਨ ਦੇ ਆਦੇਸ਼ ਦਿੱਤੇ ਹਨ। ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਨੇਤਨਯਾਹੂ ਨੇ ਖੁਫੀਆ ਏਜੰਸੀਆਂ ਨੂੰ ਗਾਜ਼ਾ 'ਚ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਹਮਾਸ ਦੇ ਨੇਤਾਵਾਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਮਾਰਨ ਲਈ ਕਿਹਾ ਹੈ।

ਇਸ ਹੁਕਮ ਤੋਂ ਬਾਅਦ ਇਜ਼ਰਾਇਲੀ ਖੁਫੀਆ ਏਜੰਸੀਆਂ ਇਸ ਹੁਕਮ ਨੂੰ ਪੂਰਾ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀਆਂ ਹਨ। ਇਸ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਨੂੰ ਇੱਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਵਿਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖੁਫੀਆ ਏਜੰਸੀਆਂ ਤੁਰਕੀ, ਲੇਬਨਾਨ ਅਤੇ ਕਤਰ ਵਿਚ ਹਮਾਸ ਨੇਤਾਵਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੀਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਹਮਾਸ ਦੇ ਕਈ ਨੇਤਾ ਕਤਰ ਵਿਚ ਰਹਿੰਦੇ ਹਨ। ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨੀਏ, ਹਮਾਸ ਦੇ ਮੁਖੀ ਯਾਹਿਆ ਸਿਨਵਰ ਅਤੇ ਖਾਨ ਯੂਨਿਸ ਦੇ ਸਲਾਹਕਾਰ ਵਜੋਂ ਜਾਣੇ ਜਾਂਦੇ ਹਨ, ਵੀ ਕਤਰ ਵਿੱਚ ਰਹਿੰਦੇ ਹਨ। ਹਮਾਸ ਦਾ ਕਤਰ ਵਿੱਚ ਰਾਜਨੀਤਿਕ ਦਫ਼ਤਰ ਵੀ ਹੈ। ਇਹ ਦਫ਼ਤਰ ਸਾਲ 2013 ਵਿੱਚ ਖੋਲ੍ਹਿਆ ਗਿਆ ਸੀ, ਜਦੋਂ ਅਮਰੀਕਾ ਨੇ ਇਸ ਨੂੰ ਬੰਦ ਕਰਨ ਦੀ ਹਰ ਕੋਸ਼ਿਸ਼ ਕੀਤੀ ਸੀ। ਗਾਜ਼ਾ ਵਿੱਚ ਸੱਤ ਦਿਨਾਂ ਦੀ ਜੰਗਬੰਦੀ ਨੂੰ ਅਮਲ ਵਿੱਚ ਲਿਆਉਣ ਵਿੱਚ ਕਤਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਕਾਰਨ ਹਮਾਸ ਨੇ ਗਾਜ਼ਾ ਤੋਂ 100 ਤੋਂ ਵੱਧ ਬੰਧਕਾਂ ਨੂੰ ਰਿਹਾਅ ਕਰਵਾਇਆ ਸੀ।

ਅਮਰੀਕੀ ਅਖਬਾਰ ਲਿਖਦਾ ਹੈ ਕਿ ਨੇਤਨਯਾਹੂ ਨੇ ਖੁਫੀਆ ਅਧਿਕਾਰੀਆਂ ਨੂੰ ਇਹ ਕੰਮ ਗੁਪਤ ਤਰੀਕੇ ਨਾਲ ਕਰਨ ਲਈ ਕਿਹਾ ਹੈ। ਹਾਲਾਂਕਿ 22 ਨਵੰਬਰ ਨੂੰ ਨੇਤਨਯਾਹੂ ਨੇ ਜਨਤਕ ਤੌਰ 'ਤੇ ਕੁਝ ਅਜਿਹਾ ਹੀ ਕਿਹਾ ਸੀ। ਉਸ ਨੇ ਕਿਹਾ ਸੀ ਕਿ ਉਸ ਨੇ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਨੂੰ ਹਮਾਸ ਨੇਤਾਵਾਂ ਨੂੰ ਮਾਰਨ ਦਾ ਹੁਕਮ ਦਿੱਤਾ ਸੀ। ਜਦੋਂ ਨੇਤਨਯਾਹੂ ਇਹ ਸਭ ਕਹਿ ਰਹੇ ਸਨ ਤਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਉਨ੍ਹਾਂ ਦੇ ਨਾਲ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਸੀ, ਹਮਾਸ ਦੇ ਨੇਤਾ ਉਧਾਰ ਦੀ ਜ਼ਿੰਦਗੀ ਜੀ ਰਹੇ ਹਨ, ਉਨ੍ਹਾਂ ਦੀ ਮੌਤ ਤੈਅ ਹੋ ਚੁੱਕੀ ਹੈ।