ਕਿਸਾਨ ਆਗੂ ਰਾਜੇਵਾਲ ਤੇ ਡਲੇਵਾਲ ਵਿਚਾਲੇ ਤਕਰਾਰ 

ਕਿਸਾਨ ਆਗੂ ਰਾਜੇਵਾਲ ਤੇ ਡਲੇਵਾਲ ਵਿਚਾਲੇ ਤਕਰਾਰ 

*ਆਰ ਐਸ ਐਸ ਨਾਲ ਸਬੰਧ ਵਾਲੇ ਬਿਆਨ 'ਤੇ ਭੜਕੇ ਕਿਸਾਨ ਆਗੂ ਡੱਲੇਵਾਲ, ਬਲਬੀਰ ਰਾਜੇਵਾਲ ਨੂੰ ਦਿੱਤਾ ਠੋਕਵਾਂ ਜਵਾਬ

ਅੰਮ੍ਰਿਤਸਰ ਟਾਈਮਜ਼

ਜਲੰਧਰ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ’ਤੇ ਆਰ. ਐੱਸ. ਐੱਸ. ਦਾ  ਮੈਂਬਰ ਹੋਣ ਦੇ ਲੱਗੇ ਇਲਜ਼ਾਮ ਉਤੇ ਆਪਣੀ ਸਫਾਈ ਦਿੱਤੀ ਹੈ। ਡੱਲੇਵਾਲ ਨੇ ਕਿਹਾ ਕਿ ਅਜਿਹੇ ਇਲਜ਼ਾਮ ਲਾਉਣਾ ਵਾਜਿਬ ਨਹੀਂ ਹੈ ਤੇ ਜਿਸ ਰਾਸ਼ਟਰੀ ਕਿਸਾਨ ਮਹਾਸੰਘ ਦਾ ਉਨ੍ਹਾਂ ਨੂੰ ਮੀਤ ਪ੍ਰਧਾਨ ਦੱਸਿਆ ਜਾ ਰਿਹਾ ਹੈ, ਉਸ ਸੰਗਠਨ ਵਿਚ ਤਾਂ ਨਾ ਕੋਈ ਪ੍ਰਧਾਨ ਹੈ, ਨਾ ਕੋਈ ਸੈਕਟਰੀ ਤੇ ਨਾ ਹੀ ਕੋਈ ਹੋਰ ਅਹੁਦਾ। ਉਨ੍ਹਾਂ ਕਿਹਾ ਕਿ ਇਸ ਸੰਘ ਵਿਚ ਮੇਰੇ ਤੋਂ ਪਹਿਲਾਂ ਤਾਂ ਬਲਬੀਰ ਸਿੰਘ ਰਾਜੇਵਾਲ ਫਾਊਂਡਰ ਹਨ। ਉਨ੍ਹਾਂ ਕਿਹਾ ਕਿ ਜੇ ਇਸ ਵਿਚ ਆਉਣ ਵਾਲਾ ਆਰ. ਐੱਸ. ਐੱਸ. ਦਾ ਵਿਅਕਤੀ ਹੈ ਤਾਂ ਰਾਜੇਵਾਲ ਸਾਹਿਬ ਤਾਂ ਫਿਰ ਮੇਰੇ ਤੋਂ ਵੀ ਪਹਿਲਾਂ ਆਏ ਸਨ।ਉਹਨਾਂ ਕਿਹਾ ਕਿ ਮੋਰਚੇ ਦੌਰਾਨ ਇਹ ਨਿਸ਼ਾਨ ਸਾਹਿਬ ਲਗਾਉਣ ਤੇ ਜੈਕਾਰੇ ਲਗਾਉਣ ,ਨਿਹੰਗ ਸਿੰਘਾਂ ਵਿਰੁਧ ਬੋਲਦੇ ਰਹੇ ,ਪਰ ਮੈਂ ਇਹਨਾਂ ਹਾਲਾਤਾਂ ਨੂੰ ਸ਼ਾਂਤ ਕਰਦਾ ਰਿਹਾ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਵੀਡੀਓ ਲੀਕ ਹੋਈ ਸੀ, ਜਿਸ ਵਿਚ ਡੱਲੇਵਾਲ ਕਹਿ ਰਹੇ ਸਨ ਕਿ ਕਿਸਾਨ ਅੰਦੋਲਨ ਦੌਰਾਨ ਜਥੇਬੰਦੀਆਂ ਨੇ ਕਰੋੜਾਂ ਰੁਪਏ ਵਿਦੇਸ਼ੀ ਫੰਡਿੰਗ ਦੇ ਨਾਂ ਉਤੇ ਮੰਗਵਾਏ। ਉਨ੍ਹਾਂ ਕਿਹਾ ਸੀ ਕਿ ਮੈਂ ਇਕ ਰੁਪਿਆ ਵੀ ਵਿਦੇਸ਼ਾਂ ਵਿਚੋਂ ਨਹੀਂ ਮੰਗਵਾਇਆ। ਉਨ੍ਹਾਂ ਕਿਹਾ ਸੀ ਕਿ ਕਈ ਜਥੇਬੰਦੀਆਂ ਦੇ ਆਗੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਸ ਮਗਰੋਂ ਬਲਬੀਰ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਆਰ. ਐੱਸ. ਐੱਸ. ਦੇ ਵਿਅਕਤੀ ਹਨ।

ਇਥੇ ਜਿਕਰਯੋਗ ਹੈ ਕਿ ਅਜੇ ਕਿਸਾਨਾਂ ਨੂੰ ਵਾਪਸ ਆਏ ਹਫ਼ਤਾ ਵੀ ਨਹੀਂ ਹੋਇਆ ਕਿ ਇਨ੍ਹਾਂ ਦੇ ਅੰਦਰ ਦੀ ਸਿਆਸਤ ਬਾਹਰ ਆਉਣੀ ਸ਼ੁਰੂ ਹੋ ਗਈ ਹੈਜਿਸ ਤੋਂ ਇਹ ਸਮਝ ਆਉਂਦਾ ਹੈ ਕਿ ਇਨ੍ਹਾਂ ਨੇ ਅਸਲ ਵਿਚ ਸਿਆਸਤਦਾਨਾਂ ਨੂੰ ਏਨਾ ਦੂਰ ਨਹੀਂ ਰਖਿਆ ਜਿੰਨਾ ਵਿਰੋਧੀ ਧਿਰ ਨੂੰ ਆਪਣੇ ਤੋਂ ਦੂਰ ਰਖਣ ਦਾ ਕੰਮ ਕੀਤਾ ,ਖਾਸ ਕਰਕੇ ਸਿਖ ਨੌਜਵਾਨਾਂ ਨੂੰ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਵਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੀਡੀਆ ਵਿਚ ਆਰ.ਐਸ.ਐਸ. ਦਾ ਆਗੂ ਦਸਿਆ ਗਿਆ ਹੈ। ਇਹ ਭੇਤ ਹੁਣ ਕਿਉਂ ਖੋਲ੍ਹਿਆ ਗਿਆ ਹੈ ਜਦਕਿ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਦਾ ਅਟੁੱਟ ਹਿੱਸਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਬਾਰੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਣ ਦੀ ਗੱਲ ਚਰਚਾ ਵਿਚ ਰਹੀ ਪਰ ਕਿਸਾਨ ਆਗੂਆਂ ਤੇ ਆਮ ਜਨਤਾ ਉਤੇ ਪੰਜਾਬ ਤੇ ਹਰਿਆਣਾ ਦਾ ਦਬਾਅ ਅਜਿਹਾ ਸੀ ਕਿ ਕੋਈ ਆਪਣੀ ਸਿਆਸੀ ਸੋਚ ਨੂੰ ਖੁਲ੍ਹ ਕੇ ਨਾ ਪ੍ਰਗਟਾਅ ਸਕਿਆ।ਹੁਣ ਚਰਚਾ ਛਿੜੀ ਹੈ ਕਿ ਰਾਜੇਵਾਲ ਆਪ ਪਾਰਟੀ ਪੰਜਾਬ ਵਲੋ ਮੁਖ ਮੰਤਰੀ ਦਾ ਚਿਹਰਾ ਬਣ ਰਹੇ ਹਨ।

ਕੌਣ ਕਿਸੇ ਧੜੇ ਜਾਂ ਕਿਸ ਸੋਚ ਨਾਲ ਖੜਾ ਹੈ, ਇਸ ਬਾਰੇ ਕੁੱਝ ਨਹੀਂ ਆਖਿਆ ਜਾ ਸਕਦਾ ਪਰ ਇਹ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਹੁਣ ਕਿਸਾਨ ਆਗੂਆਂ ਦਾ ਵੱਡਾ ਹਿੱਸਾ ਆਪ ਸਿਆਸਤਦਾਨਾਂ ਦਾ ਹਮਜੋਲੀ ਬਣ ਚੁੱਕਾ ਹੈ। ਜਿਸ ਕਾਹਲੀ ਨਾਲ ਐਮ.ਐਸ.ਪੀ. ਤੇ ਲਖੀਮਪੁਰ ਕਾਂਡ ਦੀ ਜੰਗ ਅੱਧ ਵਿਚਕਾਰ ਛੱਡ ਕੇ ਕਿਸਾਨ ਆਗੂ ਪਰਤੇ ਹਨ, ਇਹ ਪੰਜਾਬ ਚੋਣਾਂ ਸਦਕੇ ਹੋਇਆ ਹੈ। ਜਦ ਕਿ ਕਿਸਾਨ ਆਗੂ ਟਿਕੈਤ ਇਸ ਦੇ ਹਕ ਵਿਚ ਨਹੀੰ ਸਨ।ਹੁਣ ਕਿਸਾਨ ਆਗੂਆਂ ਬਾਰੇ ਛੇਤੀ ਹੀ ਬਹੁਤ ਕੁਝ ਬਾਹਰ ਆਵੇਗਾ।  ਅਫ਼ਸੋਸ ਇਸ ਗੱਲ ਦਾ ਹੈ ਕਿ ਜਿਹੜੇ ਸੂਬੇ ਦੇ ਸਿਰ ਉਤੇ ਕਿਸਾਨੀ ਸੰਘਰਸ਼ ਦੀ ਬੇਮਿਸਾਲ ਸਫ਼ਲਤਾ ਦਾ ਤਾਜ ਸਜਿਆ, ਅੱਜ ਉਸੇ ਹੀ ਰਾਜ ਦੇ ਕਿਸਾਨ ਨੇਤਾ,ਆਪਣੀਆਂ ਨਿਜੀ ਸਿਆਸੀ  ਹਿਤਾਂ ਨੂੰ ਪੂਰਾ ਕਰਨ ਲਈ ਪੰਜਾਬ ਦਾ ਨੁਕਸਾਨ ਕਰਵਾਉਣ ਲੱਗ ਪਏ ਹਨ। ਲੋੜ ਇਸ ਗੱਲ ਦੀ ਸੀ ਕਿ ਇਹ ਸਾਰੇ ਇਕੱਠੇ ਹੋ ਕੇ ਖੇਤੀ ਦਾ ਕੁਦਰਤੀ ਪੰਜਾਬ ਮਾਡਲ ਸਿਰਜਕੇ ਪੰਜਾਬ ਨੂੰ ਬਚਾਉਣ ਤੇ ਫੈਲਾਉਣ ਦੀਆਂ ਯੋਜਨਾਵਾਂ ਬਣਾਉਂਂਦੇ,ਸਿਆਸਤ ਵਿਚ ਕਿਸਾਨ ਦੀ ਆਵਾਜ਼ ਉੱਚੀ ਕਰਨ ਦੀ ਰਣਨੀਤੀ ਬਣਾਉਣ ਪਰ ਉਹ ਹੀ ਕਿਸਾਨੀ ਮੁੱਦੇ ਤੇ ਇਕ ਦੂਜੇ ਨੂੰ ਰੋਲ ਕੇ, ਕੁਰਸੀਆਂ ਵਲ ਦੌੜਨ ਲੱਗ ਪਏ ਹਨ। ਇਹ ਸੰਗਤ ਦਾ ਸਿਦਕ ਹੈ, ਉਹ ਖੇਤੀ ਕਾਨੂੰਨ ਰੱਦ ਕਰਵਾਉਣ ਤਕ  ਇਹਨਾਂ ਨੂੰ ਇਕਜੁਟ ਕਰ ਸਕੇ।ਪਰ ਕਿਸਾਨ ਆਗੂਆਂ ਵਿਚ ਫੁਟ ਕਿਸਾਨੀ ਲਹਿਰ ਨੂੰ ਪ੍ਰਭਾਵਿਤ ਕਰੇਗੀ।