ਸ਼੍ਰੋਮਣੀ ਅਕਾਲੀ ਦਲ ਬਚਾਉਣ ਦੀ ਜ਼ਰੂਰਤ
ਸਿੱਖ ਕੌਮ ਦੀ ਸਿਆਸੀ ਆਵਾਜ਼ ਬੁਲੰਦ ਕਰਨ ਵਾਲੀ ਪਹਿਲੀ ਜੱਥੇਬੰਦੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਸੀ। ਉਸ ਦਾ ਆਪਣਾ ਸੰਵਿਧਾਨ ਬਣਿਆ ਸੀ ਤੇ ਨਿਸ਼ਾਨਾ ਤਹਿ ਕੀਤਾ ਗਿਆ ਸੀ। ਉਸ ਦੋ ਮਹਾਨ ਪੰਥ ਪ੍ਸਤ ਸੇਵਕਾਂ ਨੇ ਕੀ ਕੁਝ ਕੀਤਾ ਤੇ ਕਿਵੇਂ ਕੀਤਾ ਇਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚੋਂ ਪੜ੍ਹਿਆ ਵਿਚਾਰਿਆ ਜਾ ਸਕਦਾ ਹੈ।
ਸੰਨ ੧੯੬੨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤ ਤੇ ਨਿਸ਼ਾਨੇ ਵਿਹੂਣਾ ਕਰਨ ਲਈ ਭਾਰਤੀ ਸਟੇਟ ਨੇ ਕਾਮਯਾਬ ਹੋਣ ਦਾ ਰਾਹ ਪੱਧਰਾ ਕਰ ਲਿਆ ਸੀ ਜਦੋਂ ਇਕ ਡੇਰੇਦਾਰ ਫਤਹਿ ਸਿੰਘ ਨਾਮੀ ਵਿਅਕਤੀ ਨੂੰ ਇਸ ਦੀ ਵਾਗਡੋਰ ਸੌਂਪ ਦਿੱਤੀ ਗਈ ਸੀ। ਨਾਲ ਦੇ ਨਾਲ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਵੀ ਡੇਰੇਦਾਰ ਚੰਨਣ ਸਿੰਘ ਨੂੰ ਸੌਂਪ ਦਿੱਤੀ ਗਈ ਸੀ।
ਅਸੀਂ ਵਰਤਮਾਨ ਨਿਘਾਰ ਨੂੰ ਕੇਵਲ ਆਗੂਆਂ ਦੀਆਂ ਕਮਜ਼ੋਰੀਆਂ ਵਿੱਚੋਂ ਵੇਖਣ ਤੱਕ ਹੀ ਅਟਕ ਜਾਂਦੇੇ ਹਾਂ ਇਹ ਸਾਡੀ ਵੱਡੀ ਭੁੱਲ ਹੈ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਅਸੀਂ ਆਗੂਆਂ ਦੀਆਂ ਕਮਜ਼ੋਰੀਆਂ ਨੂੰ ਨਹੀਂ ਵੇਖਣਾ। ਵੇਖਣਾ ਹੈ ਜ਼ਰੂਰ ਵੇਖਣਾ ਹੈ।
ਦਾਸ ਨੇ ਲੇਖ ਸੰਨ ੨੦੦੦ ਦੇ ਨੇੜੇ ਤੇੜੇ ਲਿਖਿਆ ਸੀ ਕਿ "ਸਿੱਖ ਕੌਮ ਨੂੰ ਨਵੀਂ ਸਿਆਸੀ ਜਥੇਬੰਦੀ ਦੀ ਲੋੜ " ਇਹ ਲੇਖ ਅਜੀਤ ਅਖਬਾਰ ਜਲੰਧਰ ਵਿਚ ਛਪਿਆ ਸੀ। ਉਸ ਸਮੇਂ ਵੀ ਪੰਥ ਦਰਦੀਆਂ ਨੇ ਵੱਡਾ ਹੁੰਗਾਰਾ ਭਰਿਆ ਸੀ।
ਅੱਜ ਜਦੋਂ " ਸ਼੍ਰੋਮਣੀ ਅਕਾਲੀ ਦਲ " ਸ਼ਬਦ ਹੀ ਪੰਥਕ ਕਹਾਉਣ ਵਾਲਿਆਂ ਦੀ ਰੱਸਾਕਸ਼ੀ ਦਾ ਸ਼ਿਕਾਰ ਹੋ ਚੁੱਕਾ ਹੈ। ਕਈ ਸਿੱਖ ਸਿਆਸੀ ਧੜਿਆਂ ਨੇ ਇਸ ਸ਼ਬਦ " ਸ਼੍ਰੋਮਣੀ ਅਕਾਲੀ ਦਲ " ਨੂੰ ਧੜੇ ਦੇ ਪ੍ਰਗਟਾਵੇ ਲਈ ਵਰਤਣਾ ਜਾਰੀ ਰੱਖਿਆ ਹੋਇਆ ਹੈ। ਧੜਿਆਂ ਦੀ ਦਲ ਦਲ ਵਿਚ ਇਸ ਮੌਕੇ ਘਿਰੀ ਹੋਈ ਹੈ ਸਿੱਖ ਕੌਮ।
ਕੌਮੀ ਸੱੱਥਾਂ ਵਿਚ ਫਿਕਰਮੰਦ ਪੰਥਕ ਪਿਆਰ ਵਾਲੇ ਇਸ ਸਮੇਂ ਇਹ ਸਵਾਲ ਸਾਹਮਣੇ ਰੱਖ ਕੇ ਬੈਠੇ ਹਨ ਕਿ " ਸ਼੍ਰੋਮਣੀ ਅਕਾਲੀ ਦਲ " ਤੋਂ ਬਗੈਰ ਸਿੱਖ ਸਿਆਸਤ ਦਾ ਕੋਈ ਖੈਰ ਖਵਾਹ ਹੋ ਸਕਦਾ ਹੈ? ਇਹ ਵੀ ਆਪੇ ਹੀ ਉੱਤਰ ਦੇਂਦੇ ਮਿਲਦੇ ਹਨ ਕਿ ਨਹੀਂ " ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਕੋਈ ਵੀ ਸਿੱਖ ਸਿਆਸਤ ਨੂੰ ਸਮਝਣ ਵਾਲਾ ਇਸ ਲਈ ਲੜਨ ਵਾਲਾ ਨਹੀਂ ਹੈ। "
ਐਸੀ ਪੰਥਕ ਸੋਚ ਦੇ ਵਾਰਸਾਂ ਦੀ ਪੀੜ ਵਿਚੋਂ ਇਹ ਸ਼ਬਦ ਆਮ ਮੁਹਾਰੇ ਨਿਕਲਦੇ ਹਨ " ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਬਹੁਤ ਜਰੂਰੀ ਹੈ"।
ਹੁਣ ਸਵਾਲ ਉੱਠਦਾ ਹੈ ਕਿ ਬਚਾਇਆ ਕਿਵੇਂ ਜਾਵੇ?
ਕੀ ਕੁਰਸੀਆਂ ਤਥਾ ਸੱਤਾ ਦੀ ਭੁੱਖ ਦੇ ਸ਼ਿਕਾਰ ਚੌਧਰੀ ਬਿਰਤੀ ਵਾਲੇ ਹੀ ਬਚਾਅ ਸਕਦੇ ਹਨ ਜਾਂ ਕੋਈ ਹੋਰ ਵੀ ਢੰਗ ਤਰੀਕਾ ਹੈ ? ਸ਼੍ਰੋਮਣੀ ਅਕਾਲੀ ਦਲ ਦੀ ਕੌਮੀ ਘਰ ਅੰਦਰ ਬੱਚੇ ਬੱਚੇ ਤੱਕ ਹੋ ਚੁੱਕੀ ਰਸਾਈ ਜਿੱਥੇ ਇਸ ਦੀ ਬੀਤੇ ਦੀ ਘਾਲਣਾ ਨੂੰ ਉਜਾਗਰ ਕਰਦੀ, ਉੱਥੇ ਇਹ ਧਾਰਨਾ ਨੂੰ ਪੁੱਖਤਾ ਕਰਦੀ ਹੈ ਕਿ ਸਿੱਖ ਸਿਆਸਤ ਦੇ ਪ੍ਰਗਟਾਵੇ ਲਈ ਸ਼੍ਰੋਮਣੀ ਅਕਾਲੀ ਦਲ ਲਾਜ਼ਮੀ ਚਾਹੀਦਾ ਹੈ।
ਇੱਥੇ ਦੂਜਾ ਵੱਡਾ ਸਵਾਲ ਇਹ ਹੈ ਕਿ ਕੀ ਬਾਦਲਕਿਆਂ ਵਾਲਾ ਧੜਾ ਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ? ਭਾਵੇਂ ਉਪਰੋਕਤ ਸਵਾਲ ਬਾਰੇ ਕਹਿ ਸਕਦੇ ਹਾਂ ਨਹੀਂ! ਇਕੱਲਾ ਧੜਾ ਕੌਮੀ ਮਾਨਤਾ ਵਾਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ੳੁਹ ਇਕ ਪ੍ਭਾਵਸ਼ਾਲੀ ਧੜਾ ਹੀ ਹੈ। ਪੈਸੇ ਤੇ ਸੱਤਾਧਾਰੀ ਹੋਣ ਕਰਕੇ ਸਿੱਖ ਸਮਾਜ ਦੇ ਵੱਡੇ ਹਿੱਸੇ ਨੂੰ ਇਹ ਜਚਾਅ ਗਿਆ ਸੀ।
ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਬਚਾਉਣ ਦਾ ਖਿਆਲ ਉੱਠ ਰਿਹਾ ਹੈ ਤਾਂ ਇਸ ਦੇ ਮਗਰ ਉਹ ਸ਼੍ਰੋਮਣੀ ਅਕਾਲੀ ਦਲ ਵੇਖਣ ਦੀ ਧਾਰਨਾ ਹੈ ਜੋ ੧੯੨੦ ਵਿਚ ਹੋਂਦ ਵਿਚ ਆਇਆ ਸੀ ੳੁਹ ਚਾਹੀਦਾ ਹੈ। ਜਿਸਦੇ ਵਾਰਸ ਇਹ ਕਹਿੰਦੇ ਥੱਕਦੇ ਨਹੀਂ " ਪੰਥ ਵਸੇ ਮੈਂ ਉੱਜੜਾਂ ਮਨ ਚਾਓ ਘਨੇਰਾ "। ਅੱਜ ਦੇ ਅਕਾਲੀ ਕਹਾਉਣ ਵਾਲੇ ਬਹੁਤੇ ਅਕਾਲੀ ਖੂਬੀਆਂ ਤੋਂ ਸੱਖਣੇ ਹਨ।
ਇਸ ਮੌਕੇ ਅਕਾਲੀ ਸਿਆਸਤ ਦੇ ਠੇਕੇਦਾਰ ਫਿਰ ਦਾਅਵੇਦਾਰ ਬਣਨ ਲਈ ਖਸਤਾ ਬਸਤਰ ਨੂੰ ਟਾਕੀਆਂ ਲਾ ਸੰਤੁਸ਼ਟ ਹੋ ਰਹੇ ਹਨ। ਦੂਜੇ ਪਾਸੇ ਹੋਰ ਧੜਿਆਂ ਵਾਲੇ ਕੇਵਲ ਬਾਦਲਕਿਆਂ ਨੂੰ ਢਾਹੁਣ ਦੀ ਗੱਲ ਆਪਣੇ ਆਪਣੇ ਧੜਿਆਂ ਵਿਚ ਖਲੋ ਕੇ ਕਰਦੇ ਦਿਸਦੇ ਹਨ। ਇਕ ਕੌਮੀ ਸਿਆਸੀ ਦੱਲ ਲਈ ਪੂਰੇ ਗੰਭੀਰ ਨਹੀਂ ਹਨ।
ਇਕ ਧਾਰਨਾ ਇਹ ਵੀ ਚਰਚਾ ਵਿਚ ਹੈ ਕਿ ਬਿਨਾ ਸੁਖਬੀਰ ਸਿੰਘ ਬਾਦਲ ਤੇ ਉਸ ਖਾਨਦਾਨ ਵਾਲਿਆਂ ਦੇ ਅੱਗੇ ਰਹਿੰਦਿਆਂ ਕੌਮ ਕਦੀ ਵੀ ਕਿਸੇ ਨੂੰ ਪਰਵਾਨ ਨਹੀਂ ਕਰ ਸਕਦੀ।
ਇੱਥੇ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਕੀ ਧੜਿਆਂ ਦੀ ਰਹਿੰਦਿਆਂ ਸਿੱਖ ਕੌਮ ਦੀ ਸਿਆਸੀ ਹੋਣੀ ਸਿਰਜੀ ਜਾ ਸਕੇਗੀ ?
ਕੌਮੀ ਸਿਧਾਂਤ ਮਰਯਾਦਾ ਨਾਲ ਜੁੜਿਆ ਹੋਇਆ ਹਿੱਸਾ ਸਿੱਖ ਸਿਆਸਤ ਦੀ ਸਹੀ ਹੋਣੀ ਲਈ ੳੁਸ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਰਕਰਾਰ ਵੇਖਣ ਦਾ ਚਾਹਵਾਨ ਹੈ, ਜੋ ਵਾਸਤਵ ਵਿਚ ਗੁਰਸਿੱਖੀ ਜੀਵਨ ਵਾਲਿਆਂ ਦੀ ਸ਼ਮੂਲੀਅਤ ਵਾਲਾ ਹੋਵੇ। ਇਹ ਸੰਕਲਪ ਤਥਾ ਚਾਹਤ ਸਭ ਤੋਂ ਵਧੇਰੇ ਸਾਰਥਿਕ ਤੇ ਕੌਮੀ ਚਾਹਤ ਦੀ ਪੂਰਤੀ ਵਾਲਾ ਹੈ।
ਇਸ ਕੌਮੀ ਚਾਹਤ ਦੀ ਪੂਰਤੀ ਲਈ ਵਰਤਮਾਨ ਸਮੇਂ ਦੇ ਪੰਥ ਪ੍ਸਤਾਂ ਨੂੰ ਪਹਿਲ ਕਰਨ ਲਈ ਖਾਸ ਵਿਉਂਤਬੰਦੀ ਨਾਲ ਅੱਗੇ ਆਉਣਾ ਜ਼ਰੂਰੀ ਹੈ। ਸਿਆਸਤ ਨੂੰ ਨਫ਼ਰਤ ਕਰਕੇ ਕਲਪਨਾ ਨਾਲ ਸੁਧਾਰ ਲਈ ਅੱਗੇ ਨਹੀਂ ਵਧਿਆ ਜਾ ਸਕਦਾ।
ਇਹ ਹੱਥਲੇ ਵੀਚਾਰ ਲਿਖਣ ਦਾ ਮੁੱਖ ਕਾਰਣ ਇਕ ਵਿਦਵਾਨ ਸਿੱਖ ਵੱਲੋਂ ਕਹੇ ਗਏ ਇਹ ਸ਼ਬਦ ਬਣੇ ਹਨ " ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਚਾਓ " ।
ਉਨ੍ਹਾਂ ਵਲੋਂ ਇਹ ਸ਼ਬਦ ਉਸ ਧੜੇ ਵਿਚ ਸੁਧਾਰ ਕਰਨ ਦੀ ਭਾਵਨਾ ਨਾਲ ਹੀ ਕਹੇ ਗਏ ਮਹਿਸੂਸ ਹੋਏ। ਜਿਸ ਨੂੰ ਬਾਦਲਕਿਆਂ ਦਾ ਧੜਾ ਆਖਦੇ ਹਾਂ!
ਦਾਸ ਵੀ ਹੈਰਾਨ ਸੀ ਇਹ ਸ਼ਬਦ ਮੈਨੂੰ ਕਿਉਂ ਕਹੇ ਹਨ? ਦਾਸ ਦਾ ਤਾਂ ਉਸ ਧੜੇ ਨਾਲ ਵਾਹਵਾਸਤਾ ਨਹੀਂ !
ਉਨ੍ਹਾਂ ਇਕ ਵੱਡਾ ਤਰਕ ਵੀ ਦਿੱਤਾ, ਕਿ ਇਸ ਧੜੇ ਵਾਲੇ ਅਕਾਲੀ ਦਲ ਨੂੰ ਬਚਾਉਣ ਦੇ ਹੱਕ ਵਿਚ ਇਹ ਕਿਹਾ ਕਿ ਬਾਕੀ ਅਕਾਲੀ ਧੜਿਆਂ ਵਾਲੇ ਖਾਲਿਸਤਾਨ ਦੀ ਮੰਗ ਨਾਲ ਜੁੜੇ ਹੋਏ ਹਨ ਜਦੋਂ ਕਿ ਕੌਮ ਇਸ ਮੰਗ ਨਾਲ ਸਹਿਮਤ ਨਹੀਂ ਹੈ।
ਸੋ ਇਸ ਤਰ੍ਹਾਂ ਦੀ ਡਿੱਗਦੀ ਢਹਿੰਦੀ ਦਸ਼ਾ ਦੇ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਕਿਵੇਂ ਬਚ ਸਕਦਾ ਹੈ? ਕੌਮਪ੍ਸਤਾਂ ਸਿੱਖਾਂ ਅੱਗੇ ਇਸ ਕੱਚੇ ਪੱਕੇ ਖੜ੍ਹੇ ਸਵਾਲ ਨੂੰ ਰੱਖਿਆ ਹੈ। ਸੁਝਾਅ ਇਕੱਠੇ ਕਰਨ ਦੀ ਮਨਸ਼ਾ ਹੈ ਜੋ ਫਿਰ ਕੌਮ ਅੱਗੇ ਰੱਖੇ ਜਾਣਗੇ । ਜਿਸ ਨੂੰ ਪੰਥ ਦਰਦੀ ਸਹੀ ਲਾਮਬੰਦੀ ਲਈ ਵਰਤ ਕੇ ਕੌਮੀ ਮਨਸ਼ਾ ਦੀ ਪੂਰਤੀ ਕਰ ਸਕਣਗੇ।
ਗਿਆਨੀ ਕੇਵਲ ਸਿੰਘ
ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ
Comments (0)