ਫਾਜ਼ਿਲਕਾ ਦੇ ਅਨੇਕਾਂ ਪਿੰਡ ਜਿੱਥੇ ਬੱਚੇ ਮਾਨਸਿਕ ਰੋਗੀ ,ਨੇਤਰਹੀਣ ਤੇ ਬੁੱਢੇ ਹੋ ਜਾਂਦੇ ਨੇ
ਪਾਣੀ ਵਿੱਚ ਭਾਰੀ ਧਾਤਾਂ ਦਾ ਵੱਡੀ ਮਾਤਰਾ ਵਿੱਚ ਮੌਜੂਦ ਹੋਣਾ ਇਸ ਬਿਮਾਰੀ ਦਾ ਕਾਰਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਾਜਿਲਕਾ : ਵਿਧਾਨ ਸਭਾ ਹਲਕਾ ਜਲਾਲਬਾਦ ਅਤੇ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਬਿਲਾਸਰਾ, ਕਾਂਵਾਂਵਾਲੀ, ਤੇਜਾ ਰਹੇਲਾ, (3- ਨੰਬਰ ਪੱਟੀ ), ਦੋਨਾ ਨਾਨਕਾ, ਦੋਨਾ ਸਕੰਦਰੀ, ਝੰਗੜ ਭੈਣੀ, ਸ਼ਮਸ਼ਾਬਾਦ, ਗੁਲਾਬ ਭੈਣੀ, ਮਨਸਾ ਭਵਾਨੀ, ਮਾਤਮ ਨਗਰ ਅਤੇ ਗੋਦੜ ਭੈਣੀ ਆਦਿ ਦਰਜਨ ਦੇ ਕਰੀਬ ਪਿੰਡ ਪਾਕਿਸਤਾਨ ਦੀ ਸਰਹੱਦ ਦੇ ਨਾਲ ਅਤੇ ਪੰਜਾਬ ਦੇ ਦਰਿਆ ਸਤਲੁਜ ਅਤੇ ਲੁਧਿਆਣਾ, ਬਠਿੰਡਾ ਅਤੇ ਹੋਰ ਸ਼ਹਿਰਾਂ ਦੀਆਂ ਫੈਕਟਰੀਆਂ ਵਿੱਚੋਂ ਨਿਕਲਣ ਵਾਲੇ ਗੰਦੇ ਜ਼ਹਿਰੀਲੇ ਪਾਣੀ ਵਾਲੀ ਲਾਦੂਕਾ ਡਰੇਨ (ਮੋਜਮ ਡਰੇਨ) ਦੇ ਵਿਚਕਾਰ ਵਸਦੇ ਹਨ। ਇਹਨਾਂ ਪਿੰਡਾਂ ਦੇ ਲੋਕਾਂ ਦਾ ਰਹਿਣ ਸਹਿਣ ਪੰਜਾਬ ਦੇ ਹੋਰ ਹਲਕਿਆਂ ਨਾਲੋਂ ਅਲੱਗ ਹੀ ਕਿਹਾ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੈ। ਇਹਨਾਂ ਪਿੰਡਾਂ ਨੂੰ ਜਾਣ ਲਈ ਕੋਈ ਵੀ ਪੱਕੀ ਸੜਕ ਨਹੀਂ ਅਤੇ ਨਾ ਹੀ ਪਿੰਡਾਂ ਵਿਚ ਗਲੀਆਂ ਅਤੇ ਨਾਲੀਆਂ ਹਨ। ਦਰਿਆ ਅਤੇ ਡਰੇਨ ਵਿਚ ਵਗਦੇ ਜ਼ਹਿਰੀਲੇ ਪਾਣੀ ਨੇ ਉਕਤ ਪਿੰਡਾਂ ਦੀ ਜ਼ਮੀਨ ਨੂੰ ਅਜਿਹਾ ਕੈਂਸਰ ਬਣਾਕੇ ਬਾਂਝ ਕੀਤਾ ਕਿ ਹੁਣ ਇਹਨਾਂ ਪਿੰਡਾਂ ਦੇ ਲੋਕ ਖੁਦ ਕੈਂਸਰ, ਪੋਲੀਓ, ਕੋਹੜ, ਅੰਨ੍ਹੇਪਣ ਅਤੇ ਦੰਦਾਂ ਦੀਆਂ ਭਿਆਨਕ ਬਿਮਾਰੀਆਂ ਦੇ ਮਰੀਜ਼ ਬਣੇ ਹੋਏ ਹਨ। ਡਰੇਨ ਵਿਚ ਵਗਦਾ ਪਾਣੀ ਐਨਾ ਤੇਜ਼ਾਬੀ ਹੈ ਕਿ ਉਕਤ ਪਾਣੀ ਵਿਚ ਕੋਈ ਵੀ ਕੀੜਾ ਜਿਉਂਦਾ ਦਿਖਾਈ ਨਹੀਂ ਦਿੰਦਾ।ਬਚਿਆਂ ਦੇ ਵਾਲ ਚਿਟੇ ਹੋ ਰਹੇ ਹਨ।
ਫਾਜ਼ਿਲਕਾ ਦਾ ਇੱਕ ਅਜਿਹਾ ਪਿੰਡ ਦੋਨਾ ਨਾਨਕਾ ਹੈ ਜਿੱਥੇ ਬੱਚੇ ਜੰਮਦੇ ਹੀ ਬੁੱਢੇ ਹੋ ਜਾਂਦੇ ਹਨ । ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਸੂਬੇ ਦੇ ਸਰਹੱਦੀ ਇਲਾਕੇ ਦਾ ਪਿੰਡ ਵਿੱਚ ਕੁਝ ਇਸੇ ਤਰ੍ਹਾਂ ਦੇ ਹਾਲਾਤ ਹਨ। 3 ਤੋਂ 4 ਸਾਲ ਦੇ ਬੱਚਿਆਂ ਦੇ ਵਾਲ ਸਫੇਦ ਹੁੰਦੇ ਜਾ ਰਹੇ ਹਨ । ਨੌਬਤ ਇੱਥੋ ਤੱਕ ਆ ਗਈ ਹੈ ਕਿ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਬੱਚਿਆਂ ਦੇ ਵਾਲ ਰੰਗਣ ਪੈਂਦੇ ਹਨ । ਇੱਥੇ 6 ਸਾਲ ਦਾ ਬੱਚਾ ਵੀ ਆਪਣੇ ਵਾਲਾਂ ਤੇ ਡਾਈ ਲਗਾਉਂਦਾ ਹੈ । ਇਹ ਕੋਈ ਇੱਕ ਜਾਂ ਫਿਰ 2 ਬੱਚਿਆਂ ਦੀ ਗੱਲ ਨਹੀਂ ਹੈ ਜ਼ਿਆਦਾਤਰ ਬੱਚਿਆਂ ਦਾ ਇਹ ਹੀ ਹਾਲ ਹੈ । ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ ‘ਤੇ ਵੀ ਪੈ ਰਿਹਾ ਹੈ ਉਹ ਮਾਨਸਿਕ ਦਬਾਅ ਹੇਠ ਹਨ । ਸਿਰਫ਼ ਏਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰ ਆਪਣੀ ਸਪੀਚ ਵਿੱਚ ਫਾਜ਼ਿਲਕਾ ਦੇ ਦੋਨਾ ਨਾਨਕਾ ਪਿੰਡ ਦਾ ਜ਼ਿਕਰ ਕਰ ਚੁੱਕੇ ਹਨ ਅਤੇ ਲੋਕਾਂ ਨੂੰ ਅਗਾਹ ਕਰਦੇ ਹਨ ਕਿ ਤੁਹਾਡੇ ਪਿੰਡ ਵਿੱਚ ਅਜਿਹੇ ਹਾਲਾਤ ਨਾ ਬਣਨ ਇਸ ਲਈ ਸਬਕ ਸਿਖਣ ਦੀ ਜ਼ਰੂਰਤ ਹੈ।
ਮਿਡਲ ਸਕੂਲ ਵਿੱਚ ਪੜ੍ਹਦੇ ਪਿੰਡ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਤਿੰਨ ਸਾਲ ਤੋਂ ਸਫੇਦ ਵਾਲਾਂ ਦੀ ਵਜ੍ਹਾ ਕਰਕੇ ਡਾਈ ਲੱਗਾ ਰਿਹਾ ਹੈ । ਬੱਚੇ ਦੀ ਮਾਂ ਦੱਸਦੀ ਹੈ ਕਿ ਉਸ ਦੇ ਬੱਚੇ ਦੇ ਵਾਲ ਵੀ ਆਮ ਲੋਕਾਂ ਵਾਂਗ ਕਾਲੇ ਸਨ ਪਰ ਜਦੋਂ ਉਹ 9 ਸਾਲ ਦਾ ਹੋਇਆ ਤਾਂ ਉਹ ਸਫ਼ੇਦ ਹੋਣੇ ਸ਼ੁਰੂ ਹੋ ਗਏ । ਹੁਣ ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਵਿਦਿਆਰਥੀ ਉਸ ਨੂੰ ਬੁੱਢਾ ਕਹਿਕੇ ਛੇੜਦੇ ਹਨ । ਇਸੇ ਲਈ ਉਸ ਨੇ ਡਾਈ ਲਗਾਉਣੀ ਸ਼ੁਰੂ ਕਰ ਦਿੱਤੀ ਹੈ । ਮਾਂ ਨੇ ਦੱਸਿਆ ਕਿ ਇਸ ਦੀ ਵਜ੍ਹਾ ਕਰਕੇ ਬੱਚੇ ਨੇ ਪਹਿਲਾਂ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਉਸ ਦੀ ਮਾਨਸਿਕ ਹਾਲਤ ਤੇ ਵੀ ਇਸ ਦਾ ਬੁਰਾ ਅਸਰ ਪਿਆ ਹੈ । ਮਨੋਵਿਗਿਆਨੀ ਡਾਕਟਰ ਵੀ ਇਸ ਨੂੰ ਗੰਭੀਰ ਪਰੇਸ਼ਾਨੀ ਦੱਸਦੇ ਹਨ ।
ਇਹ ਹੈ ਰੋਗ ਦਾ ਕਾਰਣ
ਦਰਅਸਲ ਬੱਚਿਆਂ ਦੇ ਜਿਹੜੇ ਵਾਲ ਸਫ਼ੇਦ ਹੋ ਰਹੇ ਹਨ ਉਸ ਦੇ ਪਿੱਛੇ ਵੱਡੀ ਵਜ੍ਹਾ ਹੈ ਇਲਾਕੇ ਦਾ ਪਾਣੀ। ਦੋਨਾ ਨਾਨਕਾ ਪਿੰਡ ਦੀ ਪੰਚਾਇਤ ਦੇ ਮੈਂਬਰ ਓਮ ਪ੍ਰਕਾਸ਼ ਨੇ ਦੱਸਿਆ ਸਾਡੇ ਇਲਾਕੇ ਦਾ ਪਾਣੀ ਬਹੁਤ ਹੀ ਮਾੜਾ ਹੈ । ਓਮ ਪ੍ਰਕਾਸ਼ ਨੇ ਕਿਹਾ ਅਸੀਂ ਪੀਣ ਲਈ ਆਰ ਓ ਦੀ ਵਰਤੋਂ ਕਰਦੇ ਹਾਂ ਪਰ ਹੋਰ ਕੰਮਾਂ ਦੇ ਲਈ ਇਸੇ ਪਾਣੀ ਨੂੰ ਵਰਤਨਾ ਪੈਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐੱਮਪੀ ਸਨ ਤਾਂ ਉਨ੍ਹਾਂ ਨੇ ਪਿੰਡ ਦਾ ਦੌਰਾ ਕੀਤਾ ਸੀ ਅਤੇ ਪਿੰਡ ਦੇ ਸਕੂਲਾਂ ਨੂੰ ਮੋਟਰ ਲਈ 50 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ। ਪੰਚਾਇਤ ਮੈਂਬਰ ਨੇ ਦੱਸਿਆ ਕਿ ਸਤਲੁਜ ਦਾ ਡਰੇਨ ਪਿੰਡ ਦੇ ਨਾਲੋਂ ਲੰਘਦਾ ਹੈ । ਉਸ ਵਿੱਚ ਦੂਸ਼ਿਤ ਪਾਣੀ ਹੈ । ਅਸੀਂ ਅਪੀਲ ਕੀਤੀ ਕਿ ਪਾਣੀ ਨੂੰ ਟਰੀਟ ਕੀਤਾ ਜਾਵੇ,ਇਸ ਦਾ ਅਸਰ ਸਾਡੀ ਫਸਲਾਂ ਤੇ ਵੀ ਮਾੜਾ ਪੈਂਦਾ ਹੈ,ਪਾਣੀ ਵਿੱਚ ਆਰਸਨਿਕ ਦੀ ਵਜ੍ਹਾ ਫਸਲਾਂ ਜ਼ਹਿਰੀਲੀਆਂ ਹੁੰਦੀਆਂ ਜਾ ਰਹੀਆਂ ਹਨ ।
ਵਿਸ਼ਵ ਵਾਤਾਵਰਣ ਦਿਹਾੜੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਨਾ ਨਾਨਕਾ ਪਿੰਡ ਦੇ ਬੱਚਿਆਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਪਾਣੀ ਦੀ ਵਜ੍ਹਾ ਕਰਕੇ ਬੱਚਿਆਂ ਦੇ ਵਾਲ ਸਫੇਦ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਨੰਗਲ ਵਿੱਚ ਪਾਣੀ ਨੀਲਾ ਹੁੰਦਾ ਹੈ ਅਤੇ ਲੁਧਿਆਣਾ ਪਹੁੰਚਦੇ ਪਹੁੰਚਦੇ ਉਹ ਕਾਲਾ ਹੋ ਜਾਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਸਨਅਤਾਂ ਵੱਲੋਂ ਛੱਡਿਆ ਗੰਦਾ ਪਾਣੀ ਸਤਲੁਜ ਵਿੱਚ ਮਿਲ ਜਾਂਦਾ ਹੈ। ਪਾਕਿਸਤਾਨ ਦੇ ਕਸੂਰ ਖੇਤਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਚਮੜੇ ਦੀਆਂ ਫੈਕਟਰੀਆਂ ਦਾ ਪਾਣੀ ਦਰਿਆ ਵਿੱਚ ਮਿਲ ਜਾਂਦਾ ਹੈ ।
ਉਧਰ ਫਾਜ਼ਿਲਕਾ ਦੇ ਐੱਸਡੀਐੱਮ ਰਵਿੰਦਰ ਸਿੰਘ ਮੁਤਾਬਿਕ ਦੋਨਾ ਨਾਨਕਾ ਪਿੰਡ ਵਿੱਚ 27 ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਗਏ ਹਨ ਅਤੇ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਦੇ 2 ਪਲਾਂਟ ਵੀ ਮਨਜ਼ੂਰ ਹਨ ਅਤੇ ਜਲਦ ਇਸ ‘ਤੇ ਕੰਮ ਸ਼ੁਰੂ ਹੋਵੇਗਾ ।
ਕੀ ਕਹਿਣਾ ਹੈ ਮੈਡੀਕਲ ਮਾਹਿਰਾਂ ਦਾ
ਡਾਕਟਰਾਂ ਦਾ ਕਹਿਣਾ ਹੈ ਕਿ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਮਰੀਜ਼ ਪੌਜ਼ੀਟਿਵ ਆਉਂਦੇ ਹਨ । ਅਸੀਂ ਪਿੰਡ ਦੇ ਬੱਚਿਆਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਾਂ । ਬੱਚਿਆਂ ਵਿੱਚ ਖਣਿਜ ਅਤੇ ਵਿਟਾਮਿਨ ਦੀ ਕਮੀ ਉਨ੍ਹਾਂ ਦੇ ਸਫੇਦ ਵਾਲਾਂ ਦਾ ਇੱਕ ਸੰਭਾਵੀ ਕਾਰਨ ਹੋ ਸਕਦਾ ਹੈ । ਫਰੀਦਕੋਟ ਸਥਿਤ ਸੰਸਥਾ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਬੱਚਿਆਂ ਦੀ ਸਿਹਤ ਦੇ ਸਬੰਧ ਵਿੱਚ ਕੰਮ ਕਰਦੀ ਹੈ।ਇਸ ਕੇਂਦਰ ਦੇ ਮਾਹਿਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਸਫੈਦ ਵਾਲਾਂ ਦਾ ਮੁੱਖ ਕਾਰਨ ਪਾਣੀ ਵਿੱਚ ਭਾਰੀ ਧਾਤਾਂ ਦਾ ਵੱਡੀ ਮਾਤਰਾ ਵਿੱਚ ਮੌਜੂਦ ਹੋਣਾ ਹੈ, ਜਿਸ ਨਾਲ ਹੋਰ ਵੀ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ।ਉਨ੍ਹਾਂ ਮੁਤਾਬਕ ਤਾਜ਼ਾ ਅਧਿਐਨ ਇਹ ਵੀ ਇਸ਼ਾਰਾ ਕਰਦੇ ਹਨ ਕਿ ਇਹ ਸਮੱਸਿਆ ਡੀਐੱਨਏ ਕਾਰਨ ਵੀ ਹੁੰਦੀ ਹੈ।
ਉਨ੍ਹਾਂ ਕਿਹਾ, ‘‘ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ ਜ਼ਮੀਨੀ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਚਮੜੀ ਦੇ ਰੋਗਾਂ ਦਾ ਵੱਡਾ ਕਾਰਨ ਪਾਣੀ ਵਿੱਚ ਆਰਸੈਨਿਕ ਦਾ ਹੋਣਾ ਹੈ ਅਤੇ ਇਸ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਕਾਰਨ ਲੋਕਾਂ ਨੂੰ ਗੁਰਦੇ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।’’ ਮਾਹਿਰਾਂ ਨੇ ਕਿਹਾ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਜ਼ਮੀਨੀ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ । ਚਮੜੀ ਦੇ ਰੋਗਾਂ ਦਾ ਵੱਡਾ ਕਾਰਨ ਪਾਣੀ ਵਿੱਚ ਆਰਸੈਨਿਕ ਦਾ ਹੋਣਾ ਹੈ ਅਤੇ ਇਸੇ ਲਈ ਇਸ ਦੇ ਇਲਾਜ ਲਈ ਵਰਤੀ ਜਾਂਦੀਆਂ ਦਵਾਈਆਂ ਨਾਲ ਲੋਕਾਂ ਨੂੰ ਗੁਰਦੇ ਨਾਲ ਸਬੰਧਤ ਪਰੇਸ਼ਾਨੀਆਂ ਹੁੰਦੀਆਂ ਹਨ। 2020-21 ਦੀ ਰਿਪੋਰਟ ਦੇ ਮੁਤਾਬਿਕ ਫ਼ਾਜ਼ਿਲਕਾ ਦੇ ਪਾਣੀ ਵਿੱਚ ਯੂਰੇਨੀਅਮ ਦੀ ਕਾਫੀ ਮਾਨਤਾ ਵੇਖਣ ਨੂੰ ਮਿਲੀ ਹੈ ।
Comments (0)