ਹਨੀਪ੍ਰੀਤ ਦੀ ਡੇਰੇ 'ਤੇ ਅਜ਼ਾਰੇਦਾਰੀ ਹੋਣ ਦੀ ਗੱਲ ਸਾਹਮਣੇ ਆਈ
ਅੰਮ੍ਰਿਤਸਰ ਟਾਈਮਜ਼
ਹਿਸਾਰ/ਚੰਡੀਗੜ੍ਹ : ਹਨੀਪ੍ਰੀਤ ਸਾਧ ਰਾਮ ਰਹੀਮ ਦੇ ਬੇਹੱਦ ਨੇੜੇ ਹੈ। ਰਾਮ ਰਹੀਮ ਉਸ ਨੂੰ ਰੂਹਾਨੀ ਧੀ ਬਣਾ ਚੁੱਕਾ ਹੈ ਤੇ ਸਮਾਜ ਵਿਚ ਇਸ ਰਿਸ਼ਤੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਵਿਚ ਜਦੋਂ ਦੋ ਧੀਆਂ ਤੋਂ ਬਾਅਦ ਰਾਮ ਰਹੀਮ ਦਾ ਬੇਟਾ ਵੀ ਵਿਦੇਸ਼ ਪੁੱਜਾ ਤਾਂ ਹਨੀਪ੍ਰੀਤ ਦੀ ਡੇਰੇ 'ਤੇ ਅਜ਼ਾਰੇਦਾਰੀ ਹੋਣ ਦੀ ਗੱਲ ਸਾਹਮਣੇ ਆਈ। ਹਾਲਾਂਕਿ ਡੇਰੇ ਨੇ ਇਸ ਗੱਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਹੀ ਡੇਰਾ ਦੇ ਮੁਖੀ ਹਨ। ਪਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਹੁਣ ਇਕ ਹੋਰ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਮ ਰਹੀਮ ਦੀ ਫੈਮਿਲੀ ਆਈਡੀ 'ਵਿਚ ਪਤਨੀ ਤੇ ਮਾਂ, ਪਿਤਾ ਦਾ ਨਾਂ ਨਹੀਂ, ਸਗੋਂ ਉਸ ਵਿਚ ਹਨੀਪ੍ਰੀਤ ਨੂੰ ਬੇਟੀ ਦੱਸ ਕੇ ਨਾਮ ਜੁੜਵਾਇਆ ਗਿਆ ਹੈ। ਪਰਿਵਾਰਕ ਆਈ ਡੀ 'ਵਿਚ ਸੋਧ ਇਸ ਸਾਲ ਦੇ ਜੁਲਾਈ ਮਹੀਨੇ ਦੀ ਦਿਖਾਈ ਗਈ ਹੈ। ਇਸ ਆਈਡੀ ਦੇ ਜਨਤਕ ਹੋਣ ਨਾਲ ਰਾਮ ਰਹੀਮ ਤੇ ਪਰਿਵਾਰ ਵਿਚਾਲੇ ਵਧਦੀ ਦੂਰੀ ਦਾ ਕਾਰਨ ਵੀ ਇਕ ਤਰ੍ਹਾਂ ਨਾਲ ਸਪੱਸ਼ਟ ਹੋ ਗਿਆ ਹੈ।
ਹਰਿਆਣਾ ਦੀ ਸੁਨਾਰੀਆ ਜੇਲ੍ਹ 'ਵਿਚ ਬੰਦ ਰਾਮ ਰਹੀਮ ਨੇ ਆਪਣੀ ਫੈਮਿਲੀ ਆਈ ਡੀ 'ਵਿਚ ਨਾ ਤਾਂ ਆਪਣੀ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਤੇ ਨਾ ਹੀ ਆਪਣੀ ਮਾਂ ਨਸੀਬ ਕੌਰ ਤੇ ਨਾ ਹੀ ਪਿਤਾ ਦਾ, ਪਰ ਹਨੀਪ੍ਰੀਤ ਦਾ ਨਾਂ ਦਰਜ ਹੈ। ਯੂਪੀ ਦੇ ਬਾਗਪਤ ਆਸ਼ਰਮ 'ਵਿਚ ਰਹਿਣ ਦੌਰਾਨ ਬਣੀ ਆਈ ਡੀ 'ਵਿਚ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਮੁੱਖ ਸ਼ਿਸ਼ ਤੇ ਮੂੰਹ-ਬੋਲੀ ਧੀ ਦੱਸਿਆ ਗਿਆ ਹੈ। ਰਾਮ ਰਹੀਮ ਨੇ ਆਪਣੇ ਪਿਤਾ ਤੇ ਮਾਤਾ ਦੇ ਨਾਂ ਵਾਲੇ ਕਾਲਮ 'ਚ ਸ਼ਿਸ਼ ਅਤੇ ਗੱਦੀਨਸ਼ੀਨ ਸ਼ਾਹ ਸਤਨਾਮ ਸਿੰਘ ਮਹਾਰਾਜ ਅੰਕਿਤ ਕਰਵਾਇਆ ਹੈ, ਜਦਕਿ ਹਨੀਪ੍ਰੀਤ ਦੇ ਪਿਤਾ ਤੇ ਮਾਤਾ ਦੇ ਨਾਂ ਵਾਲੇ ਕਾਲਮ 'ਚ ਮੁੱਖ ਸ਼ਿਸ਼ ਤੇ ਮੂੰਹ-ਬੋਲੀ ਧੀ ਸਾਧ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦਰਜ ਕਰਵਾਇਆ ਹੈ।
Comments (0)