ਰੂਸ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ-ਜੋ ਬਾਈਡਨ

ਰੂਸ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ-ਜੋ ਬਾਈਡਨ

* ਰੂਸ ਉਪਰ ਆਰਥਕ ਪਾਬੰਦੀਆਂ ਲਾਉਣ ਦਾ ਕੀਤਾ ਐਲਾਨ

* ਰੂਸੀ ਨਾਗਰਿਕਾਂ 'ਤੇ ਵੀ ਲਾਈਆਂ ਰੋਕਾਂ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਨੇ ਯੁਕਰੇਨ ਉਪਰ ਹਮਲੇ ਨੂੰ ਲੈ ਕੇ ਰੂਸ ਵਿਰੁੱਧ ਵਿੱਤੀ ਪਾਬੰਦੀਆਂ ਲਾਉਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਮਾਸਕੋ ਨੂੰ ਆਪਣੇ ਕੀਤੇ ਦੀ ਕੀਮਤ ਚੁਕਾਉਣੀ ਪਵੇਗੀ। ਬਾਈਡਨ ਨੇ ਕਿਹਾ ਹੈ ਕਿ ਜੇਕਰ ਰੂਸ ਯੁਕਰੇਨ 'ਤੇ ਆਪਣੀ ਹਮਲਾਵਰ ਕਾਰਵਾਈ ਜਾਰੀ ਰਖਦਾ ਹੈ ਤਾਂ ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਨਾਂ ਨੇ ਰੂਸ ਦੀਆਂ ਦੋ ਵੱਡੀਆਂ ਵਿੱਤੀ ਸੰਸਥਾਵਾਂ ਉਪਰ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਸੁਤੰਤਰ ਕਰਜਾ ਵਿਵਸਥਾ ਵੀ ਠੱਪ ਕਰਨ ਦਾ ਐਲਾਨ ਕੀਤਾ। ਬਾਈਡਨ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਅਸੀਂ ਰੂਸ ਦੀ ਸਰਕਾਰ ਨੂੰ ਪੱਛਮੀ ਵਿੱਤੀ ਵਿਵਸਥਾ ਨਾਲੋਂ ਅਲੱਗ ਥਲੱਗ ਕਰ ਦਿੱਤਾ ਹੈ। ਰੂਸ ਪੱਛਮ ਤੋਂ ਪੈਸਾ ਨਹੀਂ ਜੁਟਾ ਸਕੇਗਾ ਤੇ ਨਾ ਹੀ ਉਹ ਸਾਡੀਆਂ ਮੰਡੀਆਂ ਜਾਂ ਯੂਰਪੀ ਮੰਡੀਆਂ ਵਿਚ ਨਵੀਂ ਕਰਜਾ ਵਿਵਸਥਾ ਤਹਿਤ ਵਪਾਰ ਕਰ ਸਕੇਗਾ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਦੇ ਉੱਚ ਵਰਗ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਉਪਰ ਵੀ ਪਾਬੰਦੀਆਂ ਲਾਈਆਂ ਜਾਣਗੀਆਂ ਤੇ ਇਹ ਪਾਬੰਦੀਆਂ ਬੁੱਧਵਾਰ ਤੋਂ ਲਾਗੂ ਹੋ ਜਾਣਗੀਆਂ। ਬਾਈਡਨ ਨੇ ਕਿਹਾ ਕਿ ਰੂਸੀ ਨਾਗਰਿਕ ਕਰੈਮਲਿਨ ਨੀਤੀਆਂ ਦੀਆਂ ਭ੍ਰਿਸ਼ਟ ਢੰਗ ਤਰੀਕੇ ਨਾਲ ਪ੍ਰਾਪਤੀਆਂ ਉਪਰ ਖੁਸ਼ੀ ਪ੍ਰਗਟਾਉਂਦੇ ਹਨ ਇਸ ਲਈ ਉਨਾਂ ਨੂੰ ਦੁੱਖਾਂ ਵਿਚ ਵੀ ਬਰਾਬਰ ਦੇ ਹਿੱਸੇਦਾਰ ਬਣਨਾ ਪਵੇਗਾ। ਬਾਈਡਨ ਨੇ ਕਿਹਾ ਕਿ ਉਹ ਪਹਿਲਾਂ ਹੀ ਯੂਰਪ ਵਿਚ ਅਮਰੀਕੀ ਫੋਰਸਾਂ ਦੀ ਹੋਰ ਸਰਗਰਮੀ ਲਈ ਆਦੇਸ਼ ਦੇ ਚੁੱਕੇ ਹਨ। ਉਨਾਂ ਕਿਹਾ ਕਿ ਅਸੀਂ ਠੋਸ ਸੁਨੇਹਾ ਦੇਣਾ ਚਹੁੰਦੇ ਹਾਂ ਕਿ ਅਮਰੀਕਾ ਆਪਣੇ ਮਿੱਤਰ ਦੇਸ਼ਾਂ ਨਾਲ ਮਿਲ ਕੇ ਨਾਟੋ ਖੇਤਰ ਦੇ ਇਕ -ਇਕ ਇੰਚ ਦੀ ਰਾਖੀ ਕਰੇਗਾ ਤੇ ਉਸ ਨੂੰ ਹੋਰ ਕਿਸੇ ਨੂੰ ਹਥਿਆਉਣ ਨਹੀਂ ਦੇਵੇਗਾ। ਬਾਈਡਨ ਨੇ ਯੂਰਪੀ ਸਾਥੀਆਂ ਨੂੰ ਇਕਜੁੱਟ ਰਹਿਣ ਲਈ ਕਿਹਾ। ਇਥੇ ਜਿਕਰਯੋਗ ਹੈ ਕਿ ਅਫਗਾਨਿਸਤਾਨ ਵਿਚੋਂ ਅਮਰੀਕੀ ਫੋਰਸਾਂ ਕੱਢਣ ਤੋਂ ਬਾਅਦ ਲੋਕਪ੍ਰਿਯਤਾ ਵਿਚ ਆਈ ਕਮੀ ਉਪਰੰਤ ਯੁਕਰੇਨ ਘਟਨਾਕ੍ਰਮ ਨੇ  ਰਾਸ਼ਟਰਪਤੀ ਬਾਈਡਨ ਲਈ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ। ਇਹ ਵੀ ਸੱਚਾਈ ਹੈ ਕਿ ਜੇਕਰ ਯੁਕਰੇਨ ਦਾ ਮਾਮਲਾ ਕੂਟਨੀਤਿਕ ਢੰਗ ਤਰੀਕੇ ਨਾਲ ਹੱਲ ਨਹੀਂ ਹੁੰਦਾ ਤੇ ਫੌਜੀ ਟਕਰਾਅ ਹੁੰਦਾ ਹੈ ਤਾਂ ਇਸ ਨਾਲ ਯੂਰਪ ਵਿਚ ਅਸਥਿੱਰਤਾ ਆਵੇਗੀ ਤੇ ਵਿਸ਼ਵ  ਅਰਥ ਵਿਵਸਥਾ ਵੀ ਬੁਰੀ ਤਰਾਂ ਪ੍ਰਭਾਵਿਤ ਹੋਵੇਗੀ।