ਕਾਂਗਰਸ ਨੇ ਫੁਟ ਕਾਰਣ ਗਵਾਏ ਕਈ ਮਹਾਰਥੀ ਲੀਡਰ, ਫਿਰ ਵੀ ਨਹੀਂ ਮੁੱਕਿਆ 'ਕਲੇਸ਼'
*ਘਪਲਿਆਂ ਦੇ ਦੋਸ਼ਾਂ ਕਾਰਣ ਕੈਪਟਨ ਤੋਂ ਇਲਾਵਾ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਰਕਾਰ ਦੇ ਰਾਡਾਰ 'ਤੇ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਲਈ ਸ਼ੁਰੂ ਹੋਈ ਕਾਂਗਰਸ ਦੀ ਅੰਦਰੂਨੀ ਲੜਾਈ ਕਾਰਨ ਜਿੱਥੇ ਕਾਂਗਰਸ ਨੇ ਕਈ ਵੱਡੇ ਆਗੂ ਗਵਾ ਲਏ ਉੱਥੇ ਸੱਤਾ ਹੱਥੋਂ ਖੁੱਸਣ ਦੇ ਬਾਅਦ ਵੀ ਪਾਰਟੀ ਦਾ ਅੰਦਰੂਨੀ ਕਲੇਸ਼ ਖ਼ਤਮ ਨਹੀਂ ਹੋ ਸਕਿਆ ।ਸੂਬੇ 'ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਭਿ੍ਸ਼ਟਾਚਾਰ ਦੇ ਕੇਸਾਂ 'ਵਿਚ ਸਾਬਕਾ ਮੰਤਰੀਆਂ ਖ਼ਿਲਾਫ਼ ਚੱਲ ਰਹੀ ਵਿਜੀਲੈਂਸ ਕਾਰਵਾਈ ਦੇ ਚੱਲਦੇ ਜਿੱਥੇ ਵਿਰੋਧੀ ਧਿਰ 'ਵਿਚ ਹੁੰਦੇ ਹੋਏ ਕਾਂਗਰਸ ਫ਼ਿਲਹਾਲ ਆਪਣੀ ਹੋਂਦ ਦੀ ਲੜਾਈ ਲੜ ਰਹੀ ਨਜ਼ਰ ਆ ਰਹੀ ਹੈ ਉੱਥੇ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਸਾਬਕਾ ਮੰਤਰੀਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੇ ਵਰਕਰਾਂ ਦੇ ਕਾਡਰ ਨੂੰ ਵੱਡੀ ਢਾਹ ਤਾਂ ਲਾਈ ਹੀ ਹੈ ਉੱਥੇ ਵਰਕਰਾਂ ਵਿਚ ਭੈਅ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ।ਕੁਝ ਕਾਂਗਰਸੀ ਵਰਕਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁਖ ਮੰਤਰੀ ਰਹਿੰਦਿਆਂ ਪਾਰਟੀ ਦੇ ਸੀਨੀਅਰ ਆਗੂਆਂ 'ਵਿਚ ਸ਼ੁਰੂ ਹੋਈ ਕੁਰਸੀ ਦੀ ਲੜਾਈ ਨੇ ਵਿਧਾਨ ਸਭਾ ਚੋਣਾਂ 'ਵਿਚ ਪਾਰਟੀ ਨੂੰ ਵੱਡੀ ਹਾਰ ਦਿੱਤੀ ਹੈ ।ਉਨ੍ਹਾਂ ਕਿਹਾ ਕਿ ਇਹ ਲੜਾਈ ਅਤੇ ਖਿੱਚੋਤਾਣ ਅਜੇ ਵੀ ਕੀਤੇ ਨਾ ਕੀਤੇ ਦਿਖਾਈ ਦੇ ਰਹੀ ਹੈ ਜਿਸ ਦੇ ਚੱਲਦੇ ਆਮ ਵਰਕਰ ਨੂੰ ਕੋਈ ਰਸਤਾ ਦਿਸਣਾ ਤਾਂ ਦੂਰ ਵਰਕਰਾਂ ਵਿਚ ਬੇਵਜ੍ਹਾ ਕਿਸੇ ਨਾ ਕਿਸੇ ਕੇਸ
'ਵਿਚ ਕਾਰਵਾਈ ਨੂੰ ਲੈ ਕੇ ਡਰ ਦਾ ਮਾਹੌਲ ਹੈ । ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਦੇ ਚੱਲਦਿਆਂ ਜਿੱਥੇ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜ ਆਗੂ ਨੂੰ ਗਵਾ ਲਿਆ, ਉੱਥੇ ਇਸੇ ਲੜਾਈ ਦੇ ਚੱਲਦਿਆਂ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ । ਜਾਖੜ ਜੋ ਕੈਪਟਨ ਨੂੰ ਹਟਾਉਣ ਮਗਰੋਂ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ, ਵਿਧਾਨ ਸਭਾ ਚੋਣਾਂ ਮਗਰੋਂ ਮਾਯੂਸੀ 'ਵਿਚ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਇਸੇ ਦੌਰ ਵਿਚ ਕੈਪਟਨ ਦੇ ਕਰੀਬੀ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਰਾਜ ਕੁਮਾਰ ਵੇਰਕਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਅਤੇ ਫਤਿਹਜੰਗ ਬਾਜਵਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਏ । ਕਾਂਗਰਸ ਦੀ ਅੰਦਰੂਨੀ ਲੜਾਈ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਕੈਪਟਨ ਖ਼ਿਲਾਫ਼ ਝੰਡਾ ਬੁਲੰਦ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨਾ ਖ਼ੁਦ ਮੁੱਖ ਮੰਤਰੀ ਬਣ ਸਕੇ ਨਾ ਹੀ ਵਿਧਾਨ ਸਭਾ ਚੋਣਾਂ ਜਿੱਤ ਸਕੇ । ਵਿਧਾਨ ਸਭਾ ਚੋਣਾਂ 'ਵਿਚ ਕਾਂਗਰਸ ਦੇ ਟਕਰਾਅ ਦੌਰਾਨ ਅੰਦਰਖਾਤੇ ਉੱਭਰੀ ਆਮ ਆਦਮੀ ਪਾਰਟੀ ਨੇ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦੀ ਹੋਂਦ ਨੂੰ ਖ਼ਤਰੇ 'ਵਿਚ ਪਾ ਦਿੱਤਾ ਹੈ ।ਇੰਨਾ ਕੁਝ ਹੋਣ ਦੇ ਬਾਵਜੂਦ ਕਾਂਗਰਸੀ ਆਗੂ ਇਕ ਵਾਰ ਫਿਰ ਆਪਸ ਵਿਚ ਉਲਝੇ ਨਜ਼ਰ ਆ ਰਹੇ ਹਨ । ਹਾਈਕਮਾਂਡ ਦਾ ਵੀ ਪੰਜਾਬ ਵੱਲ ਬਹੁਤਾ ਧਿਆਨ ਨਹੀਂ ਨਜ਼ਰ ਆ ਰਿਹਾ ਹੈ ।ਅਜਿਹੇ 'ਵਿਚ ਪੰਜਾਬ 'ਚ ਕਾਂਗਰਸ ਲਈ ਆਪਣੀ ਹੋਂਦ ਬਚਾਉਣੀ ਵੱਡੀ ਚੁਣੌਤੀ ਬਣ ਗਈ ਹੈ ।
ਕਈ ਹੋਰ ਕਾਂਗਰਸ ਆਗੂ ਸਰਕਾਰ ਦੇ ਰਾਡਾਰ 'ਤੇ
ਕਾਂਗਰਸ ਦੇ ਸਾਬਕਾ ਮੰਤਰੀਆਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨੂੰ ਲੈ ਕੇ ਪਾਰਟੀ ਕਾਡਰ ਵਿਚ ਵੱਡੀ ਬੇਚੈਨੀ ਦੇਖਣ ਨੂੰ ਮਿਲ ਰਹੀ ਹੈ | ਉਧਰ ਸਰਕਾਰ ਇਸ ਮਾਮਲੇ ਵਿਚ ਕਿਸੇ ਵੀ ਦਬਾਅ 'ਵਿਚ ਆਉਂਦੀ ਨਜ਼ਰ ਨਹੀਂ ਆ ਰਹੀ | ਆਪਣੀ ਪਾਰਟੀ ਬਣਾ ਕੇ ਭਾਜਪਾ ਦਾ ਸਾਥ ਦੇਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਲਾਵਾ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਰਕਾਰ ਦੇ ਰਾਡਾਰ 'ਤੇ ਦੱਸੇ ਜਾ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਆਉਂਦੇ ਸਮੇਂ ਦੌਰਾਨ ਕਾਰਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।
Comments (0)