ਰਾਸ਼ਟਰਪਤੀ ਕੰਗਣਾ ਰਣੌਤ ਤੋਂ ਪਦਮ ਸ੍ਰੀ ਐਵਾਰਡ ਵਾਪਸ ਲੈਣ: ਗੁਰਮਿੰਦਰ ਸਿੰਘ ਮਠਾਰੂ
ਕੰਗਣਾ ਵਰਗੀ ਸੌੜੀ ਸੋਚ ਵਾਲੀ ਅਦਾਕਾਰਾ ਨੂੰ ਇਹ ਐਵਾਰਡ ਰੱਖਣ ਦਾ ਕੋਈ ਹੱਕ ਨਹੀਂ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖ਼ਾਲਸਾ): ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੂੰ ਅਪੀਲ ਕਰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜਦ ਮੈਂਬਰ, ਪ੍ਰਸਿੱਧ ਉਦਯੋਗਪਤੀ, ਇੰਟਰਨੈਸ਼ਨਲ ਸਿੱਖ ਕੌਂਸਲ ਦੇ ਮੀਤ ਪ੍ਰਧਾਨ, ਉੱਘੇ ਸਮਾਜ ਸੇਵੀ ਅਤੇ ਰਾਮਗੜ੍ਹੀਆ ਸਹਿਕਾਰੀ ਬੈਂਕ ਸ਼ੇਅਰ ਹੋਲਡਰ ਐਸੋਸੀਏਸ਼ਨ (ਰਜਿ:)ਦਿੱਲੀ ਦੇ ਐਕਟਿੰਗ ਪ੍ਰਧਾਨ ਸ. ਗੁਰਮਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਵਿਵਾਗ੍ਰਸਤ ਅਦਾਕਾਰਾ ਕੰਗਣਾ ਰਣੌਤ ਨੂੰ ਦਿੱਤਾ ਗਿਆ ਪਦਮ ਸ੍ਰੀ ਐਵਾਰਡ ਤੁਰਤ ਵਾਪਸ ਲਿਆਜਾਵੇ।ਉਨ੍ਹਾਂ ਕਿਹਾ ਕਿ ਆਪਣੀਆਂ ਬੇਹੱਦ ਨਿੰਦਣਯੋਗ ਸੋਸ਼ਲ ਮੀਡੀਆ ਪੋਸਟਾਂ ਨਾਲ ਕੰਗਣਾ ਸਮਾਜ ’ਤੇ ਧੱਬਾ ਸਾਬਤ ਹੋ ਰਹੀ ਹੈ।
ਸ. ਗੁਰਮਿੰਦਰ ਸਿੰਘ ਮਠਾਰੂ ਨੇ ਰਾਸ਼ਟਰਪਤੀ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਪਦਮ ਸ੍ਰੀ ਐਵਾਰਡ ਜੇਤੂ ਅਦਾਕਾਰਾ ਕੰਗਣਾ ਰਣੌਤ ਨੇ ਇਕਵਾਰ ਫਿਰ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਖਾਸ ਤੌਰ ’ਤੇ ਸਿੱਖਾਂ ਨੂੰ ਖਾਲਿਸਤਾਨੀ ਅਤਿਵਾਦੀ ਕਹਿ ਕੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।ਉਨ੍ਹਾਂ ਦੱਸਿਆ ਕਿ ਇਸ ਨੇ1984 ਦੇ ਹਵਾਲਾ ਦੇ ਕੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਪਾਈ ਹੈ ਜਿਸ ਵਿਚ ਲਿਖਿਆ ਹੈ ਕਿ ਕਿਸਾਨ ਖਾਲਿਸਤਾਨੀ, ਅਤਿਵਾਦੀ ਹਨ ਤੇ ਸਾਬਕਾ ਪ੍ਰਧਾਨ ਸ਼੍ਰੀਮਤੀ ਮੰਤਰੀ ਇੰਦਰਾ ਗਾਂਧੀ ਨੇ ਇਨ੍ਹਾਂ ਨੂੰ ਮੱਛਰਾਂ ਵਾਂਗ ਮਸਲ ਦਿੱਤਾ ਸੀ। ਸ. ਮਠਾਰੂ ਨੇ ਕਿਹਾ ਕਿ ਇਹ
ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੇ ਸੰਘਰਸ਼ ਕਰ ਰਹੇ ਕਿਸਾਨਾਂ ਖਾਸ ਤੌਰ ’ਤੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੋਵੇ।ਸ. ਗੁਰਮਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਪਹਿਲਾਂ ਇਸ ਨੇ ਸਿੰਘੂ ਬਾਰਡਰ ’ਤੇ ਸੰਘਰਸ਼ ਦਾ ਹਿੱਸਾ ਬਣੀ ਬਜ਼ੁਰਗ ਮਾਤਾ ਨੁੂੰ ਪੈਸੇ ਲੈ ਕੇ ਪ੍ਰਦਰਸ਼ਨ ਕਰਨ ਵਾਲੀ ਦੱਸਿਆ ਸੀ। ਇੰਨਾ ਹੀ ਨਹੀਂ ਬਲਕਿ ਇਹ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾਉਦੀ ਆ ਰਹੀ ਹੈ।ਹਾਲ ਵਿਚ ਹੀ ਇਸ ਨੇ ਸਮੁੱਚੇ ਦੇਸ਼ ਤੇ ਇਸ ਦੇ ਮਹਾਨ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ ਆਦਿ ਦਾ ਇਹ ਕਹਿ ਕੇਅਪਮਾਨ ਕੀਤਾ ਕਿ ਭਾਰਤ ਨੂੰ 1947 ਵਿਚ ਆਜ਼ਾਦੀ ਨਹੀਂ ਬਲਕਿ ਭੀਖ ਮਿਲੀ ਸੀ। ਇਸ ਨੇ ਮਹਾਤਮਾ ਗਾਂਧੀ ਦਾ ਵੀ ਅਪਮਾਨ ਕੀਤਾ।ਸ. ਗੁਰਮਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਪਦਮ ਸ੍ਰੀ ਐਵਾਰਡ ਬਹੁਤ ਹੀ ਸਨਮਾਨਯੋਗ ਐਵਾਰਡ ਹੈ ਜਿਸ ਨੁੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਮਿਲੀ ਹੋਈ ਹੈ ਤੇ ਕੰਗਣਾ ਰਣੌਤ ਵਰਗੀ ਸੌੜੀ ਸੋਚ ਵਾਲੀ ਅਦਾਕਾਰਾ ਨੂੰ ਇਹ ਐਵਾਰਡ ਰੱਖਣ ਦਾ ਕੋਈ ਹੱਕ ਨਹੀਂ ਬਣਦਾ। ਸ. ਮਠਾਰੂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਕਿਸਾਨਾਂ ਤੇ ਆਮ ਆਦਮੀ ਦੀਆਂ ਭਾਵਨਾਵਾਂ ਦਾ ਖਿਆਲ ਕਰਦਿਆਂ ਕਿਸਾਨਾਂ, ਸਿੱਖਾਂ ਤੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨ ਲਈ ਇਸ ਤੋਂ ਪਦਮ ਸ੍ਰੀ ਐਵਾਰਡ ਤੁਰਤ ਵਾਪਸ ਲਿਆ ਜਾਵੇ।
Comments (0)