ਝਾਰਖੰਡ ਵਿਚ 150 ਸਿੱਖਾਂ ਦਾ ਈਸਾਈਕਰਨ
* ਭੰਨਤੋੜ ਤੇ ਸਾੜਫੂਕ ਕਰਨ ’ਤੇ 100 ਖਿਲਾਫ਼ ਐੱਫਆਈਆਰ
*ਧਰਮ ਪਰਿਵਰਤਨ ਨੂੰ ਲੈ ਕੇ ਹਿੰਦੂ ਸੰਗਠਨਾਂ ਤੇ ਸਿੱਖ ਸੰਗਠਨਾਂ ਵਿਚ ਗੁੱਸਾ
ਅੰਮ੍ਰਿਤਸਰ ਟਾਈਮਜ਼
ਜਮਸ਼ੇਦਪੁਰ : ਝਾਰਖੰਡ ਦੇ ਗੋਲਮੁਰੀ ਦੇ ਟਿਨਪਲੇਟ ਨਾਨਕ ਨਗਰ ਵਿਚ 150 ਸਿੱਖਾਂ ਦੇ ਧਰਮ ਪਰਿਵਰਤਨ ਤੇ ਉਸ ਤੋਂ ਪੈਦਾ ਗੁੱਸੇ ਨੂੰ ਲੈ ਕੇ ਹੰਗਾਮਾ ਕਰਨ ਵਿਚ ਚਾਰ ਅਲੱਗ-ਅਲੱਗ ਐੱਫਆਈਆਰ ਦਰਜ ਹੋਈਆਂ ਹਨ। ਧਰਮ ਪਰਿਵਰਤਨ ਦੇ ਵਿਰੋਧ ਵਿਚ ਬੀਤੇ ਦਿਨੀਂ ਪੰਜ ਘੰਟੇ ਤਕ ਹੰਗਾਮਾ ਹੋਇਆ ਸੀ। ਇਸ ਦੌਰਾਨ ਭੰਨਤੋੜ ਤੇ ਸਾੜਫੂਕ ਵੀ ਕੀਤੀ ਗਈ ਸੀ। ਸਰਕਾਰੀ ਕੰਮ ਵਿਚ ਰੁਕਾਵਟ ਪਹੁੰਚਾਉਣ, ਜਲੂਸ ਕੱਢ ਕੇ ਪ੍ਰਦਰਸ਼ਨ ਕਰਨ, ਭੰਨਤੋੜ ਤੇ ਸਾਡ਼ਫੂਕ ਕਰਨ ਤੇ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 16 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਉੱਥੇ 100 ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ ਤੋਂ ਕੇਸ ਦਰਜ ਕੀਤੇ ਗਏ ਹਨ। ਨਿਆਇਕ ਅਧਿਕਾਰੀ ਕੇ ਰਵੀ ਸ਼ੰਕਰ ਭਾਰਤੀ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ।ਉੱਧਰ, ਰਵੀ ਸਿੰਘ ਤੇ ਵਿਸ਼ਵਜੀਤ ਸਿੰਘ ਖ਼ਿਲਾਫ਼ ਪੰਜ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਉਣ ਦਾ ਦੋਸ਼ ਲਗਾਉਂਦੇ ਹੋਏ ਗੋਬਿੰਦਪੁਰ ਥਾਣਾ ਖੇਤਰ ਦੀ ਮਹਿਲਾ ਐੱਮ ਸਾਈ ਕੁਮਾਰ ਪਦਮਾ ਦੀ ਸ਼ਿਕਾਇਤ ’ਤੇ ਝਾਰਖੰਡ ਫ੍ਰੀਡਮ ਆਫ ਰਿਲੀਜੀਅਨ ਐਕਟ ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਬੀਤੇ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਰਵੀ ਸਿੰਘ ਨੂੰ ਗੋਲਮੁਰੀ ਥਾਣੇ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਪੁਲਿਸ ਉਸ ’ਤੇ ਲੱਗੇ ਦੋਸ਼ ਦੀ ਜਾਂਚ ਕਰ ਰਹੀ ਹੈ।
ਘਰ ਵਾਪਸੀ ਲਈ ਹੋ ਰਹੀ ਕੋਸ਼ਿਸ਼
ਧਰਮ ਪਰਿਵਰਤਨ ਨੂੰ ਲੈ ਕੇ ਹਿੰਦੂ ਸੰਗਠਨਾਂ ਤੇ ਸਿੱਖ ਸੰਗਠਨਾਂ ਵਿਚ ਗੁੱਸਾ ਹੈ। ਇਹ ਸੰਗਠਨ ਪ੍ਰਸ਼ਾਸਨ ’ਤੇ ਇਸ ਮਾਮਲੇ ’ਚ ਕਾਰਵਾਈ ਕਰਨ ਲਈ ਦਬਾਅ ਬਣਾ ਰਹੇ ਹਨ। ਝਾਰਖੰਡ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪਰਿਵਰਤਨ ਕਰਨ ਵਾਲੇ ਪਰਿਵਾਰਾਂ ਦੀ ਘਰ ਵਾਪਸੀ ਕਰਾਉਣ ਦੀ ਗੱਲ ਕਹਿ ਰਹੀ ਹੈ। ਕਮੇਟੀ ਦੇ ਪ੍ਰਧਾਨ ਸਰਦਾਰ ਸ਼ੈਲੇਂਦਰ ਸਿੰਘ ਦਾ ਦਾਅਵਾ ਹੈ ਕਿ ਬਾਰੀਡੀਹ, ਬਿਰਸਾਨਗਰ, ਬਾਰੀਡੀਹ ਬਸਤੀ ਟਿਨਪਲੇਟ ’ਚ ਕਈ ਪਰਿਵਾਰ ਹਨ, ਜਿਹੜੇ ਘਰ ਵਾਪਸੀ ਲਈ ਤਿਆਰ ਹਨ। ਕਈ ਪਰਿਵਾਰਾਂ ਦੀ ਘਰ ਵਾਪਸੀ ਕਰਾਉਣ ਵਿਚ ਸਿੱਖ ਸੰਗਠਨ ਸਫਲ ਵੀ ਹੋਏ ਹਨ। ਸ਼ਹਿਰ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ ਇਸ ਮਾਮਲੇ ’ਚ ਆਪਣੇ-ਆਪਣੇ ਪੱਧਰ ’ਤੇ ਜਾਂਚ ਕਰਨ ਲਈ ਕਿਹਾ ਗਿਆ ਹੈ।
ਪਹਿਲਾਂ ਵੀ ਹੋਇਆ ਹੈ ਸਿੱਖਾਂ ਦਾ ਧਰਮ ਪਰਿਵਰਤਨ
ਗੋਲਮੁਰੀ ਵਿਚ ਧਰਮ ਪਰਿਵਰਤਨ ਕਰਨ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਸਤੰਬਰ, 2021 ’ਚ ਵੀ ਸਿੱਖ ਭਾਈਚਾਰੇ ਨੇ ਮਾਮਲੇ ਦੀ ਸ਼ਿਕਾਇਤ ਪੂਰਬੀ ਸਿੰਘਭੂਮ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੂੰ ਕੀਤੀ ਸੀ। ਠੋਸ ਕਾਰਵਾਈ ਨਹੀਂ ਹੋਣ ਕਾਰਨ ਧਰਮ ਪਰਿਵਰਤਨ ਦਾ ਸਿਲਸਿਲਾ ਜਾਰੀ ਰਿਹਾ।
Comments (0)