ਕੇਜਰੀਵਾਲ ਪੰਜਾਬੀ ਭਾਸ਼ਾ ਨਾਲ ਮਤਰੇਆ ਸਲੂਕ ਕਰਨਾ ਬੰਦ ਕਰਨ : ਕਾਲਕਾ-ਕਾਹਲੋਂ

ਕੇਜਰੀਵਾਲ ਪੰਜਾਬੀ ਭਾਸ਼ਾ ਨਾਲ ਮਤਰੇਆ ਸਲੂਕ ਕਰਨਾ ਬੰਦ ਕਰਨ : ਕਾਲਕਾ-ਕਾਹਲੋਂ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤਸਿੰਘ ਖਾਲਸਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਨਾਲ ਮਤਰੇਆ ਸਲੂਕ ਕਰਨ ਲਈ ਸਖ਼ਤ ਹੱਥੀਂ ਲਿਆ ਹੈ । ਦਰਅਸਲ ਦਿੱਲੀ ਸਰਕਾਰ ਦੇ ਸਟੇਟ ਕੌਂਸਿਲ ਆਫ ਐਜ਼ੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਵਿਭਾਗ ਦੁਆਰਾ ਪਾਠਕ੍ਰਮ ਸੁਧਾਰ ਕਮੇਟੀ ਦਾ ਗਠਨ ਕਰਕੇ ਸਕੂਲਾਂ ਚ ਪੜ੍ਹਾਈ ਜਾਣ ਵਾਲੀਆਂ ਭਾਸ਼ਾਵਾਂ ਅਤੇ ਵਿਸ਼ਿਆਂ ਦੇ ਪਾਠਕ੍ਰਮ ਚ ਸੋਧ ਕਰਨ ਲਈ ਕਿਹਾ ਹੈ ਜਿਸ ਚ ਪੰਜਾਬੀ ਭਾਸ਼ਾ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ।ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕੇਜਰੀਵਾਲ ਸਰਕਾਰ ਦੀ ਪੱਖਪਾਤੀ ਅਤੇ ਗਲਤ ਨੀਤੀਆਂ ਕਾਰਨ ਦਿੱਲੀ ਚ ਪੰਜਾਬੀ ਭਾਸ਼ਾ ਦਾ ਵਜ਼ੂਦ ਖਤਮ ਹੋਣ ਕੰਡੇ ਹੈ । ਸਰਕਾਰੀ ਸਕੂਲਾਂ ਚ ਪੰਜਾਬੀ ਅਧਿਆਪਕਾਂ ਦੀ ਗਿਣਤੀ ਚ ਲਗਾਤਾਰ ਗਿਰਾਵਟ ਆ ਰਹੀ ਹੈ । ਅਜਿਹੇ ਚ ਦਿੱਲੀ ਦੇ ਸਰਕਾਰੀ ਸਕੂਲਾਂ ਚ ਜਿਹੜੇ ਬਚੇ-ਖੁਚੇ ਪੰਜਾਬੀ ਦੇ ਅਧਿਆਪਕ ਹਨ ਉਨ੍ਹਾਂ ਨੂੰ ਵੀ ਨੌਕਰੀ ਚ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਮਾਮੂਲੀ ਤਨਖ਼ਾਹ ਅਦਾ ਕਰਕੇ ਇਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿਉਂਕਿ ਕੇਜਰੀਵਾਲ ਦਾ ਮੁੱਖ ਏਜੰਡਾ ਦਿੱਲੀ ਤੋਂ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਨੇਸਤਨਾਬੂਦ ਕਰਨਾ ਹੈ ।
ਕਾਲਕਾ-ਕਾਹਲੋਂ ਨੇ ਦੋਸ਼ ਲਗਾਇਆ ਕਿ ਇਕ ਪਾਸੇ ਤਾਂ ਕੇਜਰੀਵਾਲ ਪੰਜਾਬ ਚ ਚੋਣ ਜਿੱਤਣ ਲਈ ਖੁਦ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਦਾ ਸਭ ਤੋਂ ਵੱਡਾ ਹਮਦਰਦ ਦੱਸ ਕੇ ਵੋਟਾਂ ਮੰਗ ਰਿਹਾ ਹੈ ਅਤੇ ਉਥੇ ਹੀ ਦਿੱਲੀ ਚ ਲਗਤਾਰ ਤੀਜ਼ੀ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜ਼ੂਦ ਪੰਜਾਬੀ ਭਾਸ਼ਾ ਦਾ ਵਜ਼ੂਦ ਖਤਮ ਕਰਨ ਅਤੇ ਪੰਜਾਬੀ ਦੇ ਅਧਿਆਪਕਾਂ ਨੂੰ ਤਸੀਹੇ ਦੇਣ ਦੀ ਮੁੱਖ ਭੂਮਿਕਾ ਨਿਭਾ ਰਿਹਾ ਹੈ । ਇਹੋ ਨਹੀਂ ਦਿੱਲੀ ਚ ਪੰਜਾਬੀ ਅਕਾਦਮੀ ਦੇ ਸਾਲਾਨਾ ਬਜਟ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪੂਰੀ ਤਰ੍ਹਾਂ ਵਰਤੋਂ ਚ ਨਹੀਂ ਲਿਆਇਆ ਜਾ ਰਿਹਾ ਹੈ ।ਦਿੱਲੀ ਗੁਰਦੁਆਰਾ ਕਮੇਟੀ ਦੁਆਰਾ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਚਿੱਠੀ ਰਾਹੀਂ ਕਈ ਵਾਰੀ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਸਰਕਾਰੀ ਸਕੂਲਾਂ ਦੇ ਪਾਠਕ੍ਰਮ ਚ ਸ਼ਾਮਿਲ ਕੀਤੇ ਜਾਣ ਦੀ ਬੇਨਤੀ ਕੀਤੀ ਗਈ ਬਾਵਜ਼ੂਦ ਇਸ ਮੰਗ ਨੂੰ ਹਮੇਸ਼ਾ ਠੰਡੇ ਬਸਤੇ ਚ ਪਾ ਦਿੱਤਾ ਗਿਆ।