ਬੀਜੇਪੀ ਵਿਚ ਜਾਣ ਵਾਲੇ ਸਿੱਖ ਆਗੂ ਸੁਰੱਖਿਆ ਲਈ ਕਿਉਂ ਪਾ ਰਹੇ ਹਨ ਚੀਕ-ਚਿਹਾੜਾ : ਮਾਨ

ਬੀਜੇਪੀ ਵਿਚ ਜਾਣ ਵਾਲੇ ਸਿੱਖ ਆਗੂ ਸੁਰੱਖਿਆ ਲਈ ਕਿਉਂ ਪਾ ਰਹੇ ਹਨ ਚੀਕ-ਚਿਹਾੜਾ : ਮਾਨ

ਜਿਹੜੇ ਸਿੱਖ ਆਗੂ ਆਪਣੀ ਸੁਰੱਖਿਆ ਲਈ ਚਿੰਤਤ ਹਨ, ਤਾਂ ਉਨ੍ਹਾਂ ਪਿੱਛੇ ਕੌਮ ਨਾਲ ‘ਗ਼ਦਾਰੀ’ ਦਾ ਠੱਪਾ ਵੀ ਲੱਗਦਾ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 23 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਬੀਤੇ ਕੁਝ ਸਮੇਂ ਤੋਂ ਹਕੂਮਤ ਪਾਰਟੀ ਵਿਚ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂ ਗਏ ਹਨ । ਜਿਨ੍ਹਾਂ ਨੂੰ ਹਕੂਮਤ ਪਾਰਟੀ ਨੇ ਐਕਸ ਕੈਟਾਗਿਰੀ ਦੀਆਂ ਸੁਰੱਖਿਆਵਾਂ ਦਿੱਤੀਆਂ ਹਨ ਅਤੇ ਇਹ ਆਗੂ ਸੁਰੱਖਿਆ ਗਾਰਡਾਂ, ਜੀਪਾਂ ਅਤੇ ਹੋਰ ਸਾਜੋ-ਸਮਾਨ ਦੀ ਮੰਗ ਕਰ ਰਹੇ ਹਨ । ਇਹ ਬਹੁਤ ਹੀ ਅਚੰਭੇ ਤੇ ਹੈਰਾਨੀ ਵਾਲੀ ਗੱਲ ਹੈ ਕਿ ਜੋ ਸਿੱਖ ਆਪਣੀਆ ਪਿਤਰੀ ਪਾਰਟੀਆਂ ਨੂੰ ਛੱਡਕੇ ਬੀਜੇਪੀ-ਆਰ.ਐਸ.ਐਸ ਹਕੂਮਤ ਪਾਰਟੀ ਵਿਚ ਜਾ ਰਹੇ ਹਨ, ਉਨ੍ਹਾਂ ਨੂੰ ਆਪਣੀ ਜਾਨ ਦਾ ਜੇਕਰ ਖ਼ਤਰਾ ਭਾਂਪਦਾ ਹੈ, ਤਾਂ ਇਸਦਾ ਦੂਸਰਾ ਮਤਲਬ ਇਹ ਵੀ ਹੈ ਕਿ ਜੇਕਰ ਇਹ ਸਿੱਖ ਆਗੂ ਆਪਣੀ ਸੁਰੱਖਿਆ ਲਈ ਚਿੰਤਤ ਹਨ, ਤਾਂ ਉਸ ਪਿੱਛੇ ਕੌਮ ਨਾਲ ‘ਗ਼ਦਾਰੀ’ ਦਾ ਠੱਪਾ ਵੀ ਇਨ੍ਹਾਂ ਉਤੇ ਲੱਗਦਾ ਹੈ । ਤਦ ਹੀ ਇਨ੍ਹਾਂ ਨੂੰ ਅੱਜ ਵੱਡੀ ਸੁਰੱਖਿਆਂ ਦੀ ਲੋੜ ਜਾਪਦੀ ਹੈ । ਜਦੋਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖਾਂ ਨੂੰ ਕਿਸੇ ਵੀ ਖੇਤਰ ਵਿਚ ਕੰਮਜੋਰ ਸਿਰਜਿਆ ਹੀ ਨਹੀਂ । ਫਿਰ ਇਹ ਬੀਜੇਪੀ ਵਿਚ ਜਾਣ ਵਾਲੇ ਸਿੱਖ ਆਪਣੀ ਸੁਰੱਖਿਆਂ ਲਈ ਚੀਕ-ਚਿਹਾੜਾ ਪਾ ਕੇ ਗੁਰੂ ਸਾਹਿਬਾਨ ਵੱਲੋ ਸਾਜੀ-ਨਿਵਾਜੀ ਸਿੱਖ ਕੌਮ ਨੂੰ ਦਾਗੀ ਕਰਨ ਦੀ ਬਜ਼ਰ ਗੁਸਤਾਖੀ ਨਹੀ ਕਰ ਰਹੇ ? ਸਾਡੇ ਸਿੱਖ ਕੌਮ ਦੇ ਉੱਚੇ-ਸੁੱਚੇ, ਦ੍ਰਿੜਤਾ, ਨਿਡਰਤਾ ਤੇ ਅਣਖ਼ੀਲੀ ਪਹਿਚਾਣ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਨਹੀਂ ਲਗਾ ਰਹੇ ? ਫਿਰ ਅਜਿਹੇ ਆਗੂਆ ਨੂੰ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ, ਘੱਟ ਗਿਣਤੀ ਕੌਮਾਂ ਵਿਰੋਧੀ ਉਨ੍ਹਾਂ ਹੁਕਮਰਾਨਾਂ ਜਿਨ੍ਹਾਂ ਨੇ 1947 ਤੋਂ ਲੈਕੇ ਅੱਜ ਤੱਕ ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਇਨਸਾਫ਼ ਨਹੀ ਦਿੱਤਾ, ਬਲਕਿ ਸਾਜਸੀ ਢੰਗਾਂ ਰਾਹੀ ਸਿੱਖ ਕੌਮ ਅਤੇ ਪੰਜਾਬ ਦੇ ਗੰਭੀਰ ਮੁੱਦਿਆ ਜਿਵੇਂ ਦਰਿਆਵਾ ਦੇ ਨਹਿਰੀ ਕੀਮਤੀ ਪਾਣੀਆ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਬਾਹਰ ਰੱਖੇ ਗਏ ਇਲਾਕਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਹੋ ਰਹੀਆ ਬੇਅਦਬੀਆਂ, 11 ਸਾਲਾਂ ਤੋ ਸਿੱਖ ਕੌਮ ਦੀ ਐਸ.ਜੀ.ਪੀ.ਸੀ. ਦੀ ਜਮਹੂਰੀਅਤ ਨੂੰ ਕੁੱਚਲਣਾ, ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣਾ, 25-25, 30-30 ਸਾਲਾਂ ਤੋਂ ਬੰਦੀ ਸਿੱਖਾਂ ਦੀ ਰਿਹਾਈ ਨਾ ਕਰਨਾ, ਪੰਜਾਬ ਦੀ ਬੇਰੁਜਗਾਰੀ ਅਤੇ ਮਾਲੀ ਹਾਲਤ ਨੂੰ ਸਹੀ ਕਰਨ ਲਈ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਵਪਾਰ ਲਈ ਨਾ ਖੋਲਣਾ, ਪੰਜਾਬੀ ਬੋਲੀ ਨਾਲ ਕੀਤੇ ਜਾ ਰਹੇ ਜ਼ਬਰ-ਜੁਲਮ, ਪੰਜਾਬ ਦੇ ਅਦਾਰਿਆ, ਸੜਕਾਂ ਤੇ ਹੋਰ ਸਰਕਾਰੀ ਵਿਭਾਗਾਂ ਦੇ ਸਾਇਨ ਬੋਰਡਾਂ ਉਤੇ ਪੰਜਾਬੀ ਬੋਲੀ ਨੂੰ ਮਹੱਤਵ ਨਾ ਦੇਣਾ, ਫਿਰ ਪੰਜਾਬ ਵਿਚ ਹਿੰਦੂ-ਮੁਸਲਮਾਨਾਂ, ਹਿੰਦੂ-ਸਿੱਖਾਂ, ਸਿੱਖਾਂ-ਇਸਾਈਆਂ ਵਿਚ ਮੰਦਭਾਵਨਾ ਅਧੀਨ ਦਰਾੜ ਪੈਦਾ ਕਰਕੇ ਵੱਡੀ ਨਫਰਤ ਪੈਦਾ ਕਰਨ ਦੀਆਂ ਕੀਤੀਆ ਜਾ ਰਹੀਆ ਦੁੱਖਾਂਤਿਕ ਕਾਰਵਾਈਆ ਦੇ ਜਿੰਮੇਵਾਰ ਹੁਕਮਰਾਨਾਂ ਦੇ ਗੁਲਾਮ ਬਣਨ ਦੀ ਕੀ ਲੋੜ ਤੇ ਮਜਬੂਰੀ ਬਣ ਗਈ ਹੈ, ਜੋ ਹਕੂਮਤ ਪਾਰਟੀ ਵਿਚ ਜਾ ਕੇ ਵੀ ਆਪਣੀਆ ਜਾਨਾਂ, ਆਪਣੇ ਜੀਵਨ ਅਤੇ ਆਪਣੇ ਪਰਿਵਾਰਾਂ ਨੂੰ ਖਤਰੇ ਵਿਚ ਪਾ ਰਹੇ ਹਨ ਅਤੇ ਕੌਮ ਦੇ ਗ਼ਦਾਰ ਕਹਿਲਾ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਮਿਤੀ 20 ਨਵੰਬਰ ਦੇ ਟਾਈਮਜ਼ ਆਫ਼ ਇੰਡੀਆ ਵਿਚ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਸਿੱਖ ਆਗੂਆਂ ਵੱਲੋਂ ਬੀਜੇਪੀ ਵਿਚ ਸਾਮਿਲ ਹੋਣ ਉਪਰੰਤ ਐਕਸ ਸੁਰੱਖਿਆ ਲੈਣ, ਆਪਣੀ ਸੁਰੱਖਿਆ ਲਈ ਚੀਕ-ਚਿਹਾੜਾ ਪਾਉਣ ਅਤੇ ਹਕੂਮਤ ਪਾਰਟੀ ਬੀਜੇਪੀ ਲਈ ਵੱਡੀ ਬਦਨਾਮੀ ਹੋਣ ਦੀ ਗੱਲ ਕਰਦੇ ਹੋਏ ਅਤੇ ਸਾਨੂੰ ਗੁਰੂ ਸਾਹਿਬਾਨ ਵੱਲੋ ਕਦੀ ਵੀ ਕਿਸੇ ਵੀ ਖੇਤਰ ਵਿਚ ਕੰਮਜੋਰ ਨਾ ਬਣਾਉਣ, ਬਲਕਿ ਹਰ ਵੱਡੀ ਤੋ ਵੱਡੀ ਮੁਸ਼ਕਿਲ ਦਾ ਦ੍ਰਿੜਤਾ ਨਾਲ ਟਾਕਰਾ ਕਰਨ ਅਤੇ ਆਪਣੀ ਰੱਖਿਆ ਆਪ ਕਰਨ ਦੇ ਹੁਕਮਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜੋ ਆਗੂ ਬੀਜੇਪੀ ਵਿਚ ਗਏ ਹਨ ਅਤੇ ਜੋ ਸੁਰੱਖਿਆ ਦੀ ਮੰਗ ਕਰ ਰਹੇ ਹਨ ਉਨ੍ਹਾਂ ਵਿਚ ਸ. ਬਲਵੀਰ ਸਿੰਘ ਸਿੱਧੂ, ਸ. ਗੁਰਪ੍ਰੀਤ ਸਿੰਘ ਕਾਂਗੜ, ਸ. ਅਮਰਜੀਤ ਸਿੰਘ ਟਿੱਕਾ ਅਤੇ ਸ. ਜਗਦੀਪ ਸਿੰਘ ਨਕਈ ਹਨ। ਜਿਨ੍ਹਾਂ ਨੂੰ ਅੱਜ ਬੀਜੇਪੀ ਪਾਰਟੀ ਵਿਚ ਸਾਮਿਲ ਹੋਣ ਤੇ ਆਪਣੀਆ ਜਿੰਦਗਾਨੀਆ ਦਾ ਵੱਡਾ ਖ਼ਤਰਾ ਵੀ ਖੜ੍ਹਾ ਹੋ ਗਿਆ ਹੈ ਅਤੇ ਆਪਣੀ ਕੌਮ ਵਿਚ ‘ਗ਼ਦਾਰ’ ਦਾ ਠੱਪਾ ਵੀ ਲੱਗ ਚੁੱਕਿਆ ਹੈ । ਕਹਿਣ ਤੋ ਭਾਵ ਹੈ ਕਿ ‘ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮ’ ਵਾਲੀ ਹਾਲਤ ਇਨ੍ਹਾਂ ਲਈ ਇਸ ਲਈ ਪੈਦਾ ਹੋ ਗਈ ਹੈ ਕਿ ਬਿਨ੍ਹਾਂ ਸੋਚੇ-ਸਮਝੇ ਅਗਲੀ ਮੰਜਿਲ ਤੇ ਜਾਣ ਦੇ ਲਾਲਚ ਨੇ ਅਤੇ ਜਿਸ ਕੌਮ ਵਿਚ ਇਹ ਪੈਦਾ ਹੋਏ ਹਨ, ਉਨ੍ਹਾਂ ਦੀ ਨਜ਼ਰ ਵਿਚ ਦਾਗੀ ਬਣਾਕੇ ਖੜ੍ਹਾ ਕਰ ਦਿੱਤਾ ਹੈ । ਜਿਸ ਨਾਲ ਕੇਵਲ ਇਨ੍ਹਾਂ ਆਗੂਆ ਦੀ ਹੀ ਸਥਿਤੀ ਭੰਬਲਭੂਸੇ ਵਾਲੀ ਨਹੀ ਬਣੀ ਹੋਈ ਬਲਕਿ ਹਕੂਮਤ ਕਰ ਰਹੀ ਬੀਜੇਪੀ ਪਾਰਟੀ ਦੀ ਵੀ ਕੌਮਾਂਤਰੀ ਪੱਧਰ ਤੇ ਇਸ ਲਈ ਬਦਨਾਮੀ ਹੋ ਰਹੀ ਹੈ ਕਿ ਇਸ ਪਾਰਟੀ ਵਿਚ ਸਾਮਿਲ ਹੋਣ ਵਾਲਾ ਕੋਈ ਵੀ ਸਿੱਖ ਆਗੂ ਆਪਣੀ ਕੌਮ ਵਿਚ ਰਾਜਨੀਤਿਕ ਤੇ ਸਮਾਜਿਕ ਤੌਰ ਤੇ ਜਿਊਂਦਾ ਨਹੀ ਰਹਿ ਸਕਦਾ । ਫਿਰ ਅਜਿਹੇ ਬੇਨਤੀਜਾ ਫੈਸਲਿਆ ਤੇ ਕਦਮ ਚੁੱਕਣ ਦੀ ਇਨ੍ਹਾਂ ਸਿੱਖ ਆਗੂਆ ਨੂੰ ਕੀ ਲੋੜ ਪੈ ਗਈ ਸੀ? ਸਾਨੂੰ ਵੀ ਇਨ੍ਹਾਂ ਦੇ ਦਿਸ਼ਾਹੀਣ ਫੈਸਲਿਆ ਉਤੇ ਹੈਰਾਨੀ ਹੋ ਰਹੀ ਹੈ ਕਿ ਜਿਨ੍ਹਾਂ ਸਿੱਖ ਆਗੂਆ ਨੇ ਆਪਣੀਆ ਪਿਤਰੀ ਪਾਰਟੀਆਂ ਵਿਚ ਕੰਮ ਕਰਦੇ ਹੋਏ ਆਪਣੇ ਨਾਮ ਬਣਾਏ, ਹੁਣ ਉਹ ਦੁਨਿਆਵੀ, ਸਮਾਜਿਕ ਅਤੇ ਆਤਮਿਕ ਤੌਰ ਤੇ ਆਤਮ ਹੱਤਿਆ ਵਾਲਾ ਅਮਲ ਕਿਉਂ ਕਰ ਰਹੇ ਹਨ ?