ਗੁਰੂਗ੍ਰਾਮ ਵਿਚ ਅੰਮਿ੍ਤਧਾਰੀ ਸਿੱਖ ਗੱਭਰੂ ਨੂੰ ਰੈਸਟੋਰੈਂਟ ਵਿਚ ਦਾਖ਼ਲ ਹੋਣ ਤੋਂ ਰੋਕਿਆ

ਗੁਰੂਗ੍ਰਾਮ ਵਿਚ ਅੰਮਿ੍ਤਧਾਰੀ ਸਿੱਖ ਗੱਭਰੂ  ਨੂੰ ਰੈਸਟੋਰੈਂਟ ਵਿਚ ਦਾਖ਼ਲ ਹੋਣ ਤੋਂ ਰੋਕਿਆ

ਸਰਕਾਰ ਨਸਲਵਾਦੀ ਘਟਨਾ ਦੇ ਦੋਸ਼ੀ ਬਾਰੇ ਕਾਰਵਾਈ ਕਰੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਗੁਰੂਗ੍ਰਾਮ-ਗੁੜਗਾਓ ਦੇ ਇੱਕ ਰੈਸਟੋਰੈਂਟ ਵਿੱਚ ਇੱਕ ਗੁਰਸਿੱਖ ਨੌਜਵਾਨ ਹਰਤੀਰਥ ਸਿੰਘ ਆਹਲੂਵਾਲੀਆ ਨੂੰ ‘ਕਿਰਪਾਨ’ ਪਹਿਨਣ ਕਾਰਨ ਦਾਖਲ ਹੋਣ ਤੋਂ ਮਨ੍ਹਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਨੌਜਵਾਨ ਨੇ ਗੁਰੂਗ੍ਰਾਮ ਦੇ ਇੱਕ ਰੈਸਟੋਰੈਂਟ ‘ਤੇ ਇਲਜ਼ਾਮ ਲਗਾਏ ਹਨ ਕਿ ਉਸ ਕਿਰਪਾਨ ਕਰਕੇ ਰੈਸਟੋਰੈਂਟ ਵਿੱਚ ਐਂਟਰੀ ਨਹੀਂ ਦਿੱਤੀ ਗਈ। ਇਸ ਸਬੰਧੀ ਟਵੀਟ ਕਰਦਿਆਂ ਨੌਜਵਾਨ ਨੇ ਕਿਹਾ ਕਿ ਕੁਝ ਲੋਕਾਂ ਦੇ ਦਖਲ ਤੋਂ ਰੈਸਟੋਰੈਂਟ ਐਂਟਰੀ ਦੇ ਦਿੱਤੀ ਗਈ ਪਰ ਬਾਅਦ ਵਿੱਚ ਉਸਨੂੰ ਅੰਦਰ ਜਾਣ ਤੇ ਖਾਣਾ ਨਹੀਂ ਦਿਤਾ ਗਿਆ।

ਵੀਡੀਓ ਵਿੱਚ ਸਾਫ਼ ਸੁਣਿਆ ਜਾ ਸਕਦਾ ਹੈ ਕਿ ਕਿਰਪਾਨ ਵਾਲੇ ਸਿੱਖ ਵਿਅਕਤੀ ਨੂੰ ਰੈਸਟੋਰੈਂਟ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਰੈਸਟੋਰੈਂਟ ਵਿੱਚ ਕਿਰਪਾਨ ਲੈ ਕੇ ਦਾਖਲ ਹੋਏ ਨੌਜਵਾਨ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ ਕਿ ਕਿਰਪਾਨ ਤਲਵਾਰ ਨਹੀਂ ਹੁੰਦੀ। ਇਸ ਦੇ ਨਾਲ ਅਸੀਂ ਕਿਤੇ ਵੀ ਜਾ ਸਕਦੇ ਹਾਂ। ਇਹ ਸੁਪਰੀਮ ਕੋਰਟ ਦੀ ਰੂਲਿੰਗ ਵੀ ਹੈ। ਰੈਸਟੋਰੈਂਟ ‘ਚ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਵੀ ਸਿੱਖ ਨੌਜਵਾਨ ਦਾ ਸਮਰਥਨ ਕੀਤਾ।

ਕੁਝ ਲੋਕਾਂ ਦਾ ਸਮਰਥਨ ਮਿਲਣ ‘ਤੇ ਸਿੱਖ ਨੌਜਵਾਨ ਰੈਸਟੋਰੈਂਟ ਵਿਚ ਦਾਖਲ ਤਾਂ ਹੋ ਜਾਂਦਾ ਹੈ ਪਰ ਉਸ ਨੇ ਦੋਸ਼ ਲਗਾਇਆ ਕਿ ਅੰਦਰ ਜਾਣ ਦੇ ਬਾਵਜੂਦ ਉਸ ਨੂੰ ਰੈਸਟੋਰੈਂਟ ਵਿਚ ਖਾਣਾ ਨਹੀਂ ਦਿੱਤਾ ਗਿਆ ਅਤੇ ਉਹ ਬਿਨਾਂ ਖਾਦਿਆਂ ਹੀ ਉਥੋਂ ਵਾਪਸ ਆ ਗਿਆ

ਦੱਸ ਦਈਏ ਕਿ ਗੁਰਸਿੱਖ ਨੌਜਵਾਨ ਹਰਤੀਰਥ ਸਿੰਘ ਆਹਲੂਵਾਲੀਆ ਇੱਕ ਐਨਜੀਓ ਚਲਾਉਂਦੇ ਹਨ। ਇਸ ਘਟਨਾ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਰੈਸਟੋਰੈਂਟ ਵਿਚ ਵਿੱਚ ਇੱਕ ਗੁਰਸਿੱਖ ਨੂੰ ‘ਕਿਰਪਾਨ’ ਪਹਿਨਣ ਕਾਰਨ ਦਾਖਲ ਹੋਣ ਤੋਂ ਮਨ੍ਹਾ ਕੀਤੇ ਜਾਣ ਦੀਆਂ ਨਸਲਵਾਦੀ ਘਟਨਾ ਨਿੰਦਣਯੋਗ ਹੈ ਅਤੇ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹਨ। ਮੈਂ ਤਾਕੀਦ ਕਰਦਾ ਹਾਂ ਗ੍ਰਹਿ ਵਿਭਾਗ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰੇਗਾ ਕਿ ਅਜਿਹੀਆਂ ਕਾਰਵਾਈਆਂ ਨੂੰ ਦੁਹਰਾਇਆ ਨਾ ਜਾਵੇ। ਮੈਂ ਇਸ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ।