ਵਿਦੇਸ਼ ਜਾਣ ਦੀਆਂ ਚਾਹਵਾਨ ਕੁੜੀਆਂ ਮਨੁੱਖੀ ਤਸਕਰੀ ਦਾ  ਹੋ ਰਹੀਆਂ ਨੇ ਸ਼ਿਕਾਰ

ਵਿਦੇਸ਼ ਜਾਣ ਦੀਆਂ ਚਾਹਵਾਨ ਕੁੜੀਆਂ ਮਨੁੱਖੀ ਤਸਕਰੀ ਦਾ  ਹੋ ਰਹੀਆਂ ਨੇ ਸ਼ਿਕਾਰ

ਅੰਮ੍ਰਿਤਸਰ ਟਾਈਮਜ਼

 

ਚੰਡੀਗੜ੍ਹ-ਵਿਦੇਸ਼ਾਂ ਵਿਚ ਜਾ ਕੇ ਨੌਕਰੀ ਕਰਨ ਦੀਆਂ ਚਾਹਵਾਨ ਪੰਜਾਬੀ ਕੁੜੀਆਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਰਹੀਆਂ ਹਨ । ਤਾਜ਼ਾ ਅੰਕੜਿਆਂ ਅਨੁਸਾਰ ਸਾਲ 2010 ਵਿਚ ਕੁੱਲ ਮਨੁੱਖੀ ਤਸਕਰੀ ਦਾ 12 ਫ਼ੀਸਦੀ ਪੰਜਾਬੀ ਕੁੜੀਆਂ ਸਨ, ਜੋ ਹੁਣ ਵੱਧ ਕੇ 25 ਫ਼ੀਸਦੀ ਤਕ ਪਹੁੰਚ ਗਿਆ ਹੈ ।ਇਹ ਖ਼ੁਲਾਸਾ ਇਕ ਮਨੁੱਖੀ ਅਧਿਕਾਰ ਸੰਗਠਨ ਦੀ ਕਾਰਕੁੰਨ ਪਰੀ ਸੈਕੀਆ ਵਲੋਂ ਇਸ ਮਾਮਲੇ ਵਿਚ ਕੀਤੇ ਤਾਜ਼ਾ ਅਧਿਐਨ ਵਿਚ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਕੁੜੀਆਂ ਦੀ ਮਨੁੱਖੀ ਤਸਕਰੀ ਬਾਰੇ ਅਮਰੀਕਾ ਦੇ ਇਕ ਅਖ਼ਬਾਰ ਨੇ ਵੀ ਪ੍ਰਮੁੱਖਤਾ ਨਾਲ ਛਾਪਿਆ ਹੈ । ਮਨੁੱਖੀ ਅਧਿਕਾਰ ਕਾਰਕੁੰਨ ਵਲੋਂ ਕੀਤੀ ਗਈ ਜਾਂਚ 'ਚ ਖ਼ੁਲਾਸਾ ਹੋਇਆ ਕਿ ਕਈ  ਔਰਤਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਕਿ ਉਨ੍ਹਾਂ ਨਾਲ ਕਈ ਟਰੈਵਲ ਏਜੰਟਾਂ ਨੇ ਵਾਅਦਾ ਕੀਤਾ ਸੀ ਕਿ ਉਹ ਯੂਰਪ ਦੇ ਪ੍ਰਮੁੱਖ ਸ਼ਹਿਰਾਂ ਵਿਚ ਜਾਣ ਲਈ ਸਿੱਧੀ ਉਡਾਣ ਅਤੇ ਵਰਕ ਵੀਜ਼ੇ ਦੇ ਨਾਲ ਸਹੀ ਤਰੀਕੇ ਪਹੁੰਚ ਜਾਣਗੀਆਂ ਪਰ ਜਦ ਉਹ ਯੂਰਪ ਪਹੁੰਚੀਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਮਨੁੱਖੀ ਤਸਕਰਾਂ ਦੇ ਜਾਲ ਵਿਚ ਫਸ ਗਈਆਂ ਹਨ ।ਮਨੁੱਖੀ ਤਸਕਰਾਂ ਦੇ ਜਾਲ ਵਿਚੋਂ ਕਿਸੇ ਤਰ੍ਹਾਂ ਬਚੀਆਂ ਕੁੜੀਆਂ ਨੇ ਖ਼ੁਲਾਸੇ ਕੀਤੇ ਹਨ ਕਿ ਉਨ੍ਹਾਂ ਨੂੰ ਕਈ ਸੌ ਕਿਲੋਮੀਟਰ ਚਲਾ ਕੇ ਕਈ ਦੇਸ਼ਾਂ ਦੇ ਬਾਰਡਰ ਪਾਰ ਕਰਵਾਏ ਗਏ ।

ਇਸ ਮਨੁੱਖੀ ਅਧਿਕਾਰ ਕਾਰਕੰੁਨ ਨੂੰ ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਵੀ ਸੁਰੱਖਿਅਤ ਰੱਖਣ ਦੇ ਬਹਾਨੇ ਮਨੁੱਖੀ ਤਸਕਰਾਂ ਵਲੋਂ ਜ਼ਬਤ ਕਰ ਲਏ ਗਏ, ਬਾਅਦ ਵਿਚ ਪਾਸਪੋਰਟ ਦੇਣ ਦੇ ਇਵਜ਼ ਵਿਚ ਮੋਟੀ ਰਕਮ ਦੇਣ ਲਈ ਉਨ੍ਹਾਂ ਦਾ ਜਿਸਮਾਨੀ ਸ਼ੋਸ਼ਣ ਅਤੇ ਬਲੈਕਮੇਲ ਕੀਤਾ ਗਿਆ । ਸਾਈਪ੍ਰਸ ਵਿਚ ਇਕ ਪੀੜਤਾ ਨੇ ਆਪਣੀ ਕਹਾਣੀ ਮਨੁੱਖੀ ਅਧਿਕਾਰ ਕਾਰਕੁੰਨ ਨੂੰ ਦੱਸਦੇ ਹੋਏ ਖ਼ੁਲਾਸਾ ਕੀਤਾ ਕਿ ਪੰਜਾਬ ਦੇ ਇਕ ਟਰੈਵਲ ਏਜੰਟ ਨੇ 5 ਲੱਖ ਰੁਪਏ ਦੇ ਬਦਲੇ ਉਨ੍ਹਾਂ ਨੂੰ ਯੂਰਪ ਦੇ ਕਾਨੂੰਨੀ ਦਸਤਾਵੇਜ਼, ਵਰਕ ਪਰਮਿਟ ਅਤੇ ਇਟਲੀ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਵਰਕ ਪਰਮਿਟ ਇਮੀਗਰੇਸ਼ਨ ਜਾਂਚ ਵਿਚ ਨਕਲੀ ਪਾਇਆ ਗਿਆ । ਇਸੇ ਤਰ੍ਹਾਂ ਜਨਵਰੀ 2022 'ਚ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਈ ਪੰਜਾਬੀ ਕੁੜੀ ਨੇ ਆਪਣੀ ਦੁਰਦਸ਼ਾ ਨੂੰ ਵੀਡੀਓ ਰਾਹੀਂ ਬਿਆਨ ਕਰਦੇ ਹੋਏ ਦੁਖੜਾ ਸਭ ਦੇ ਸਾਹਮਣੇ ਰੱਖਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਮਗਰੋਂ ਉਸ ਪੀੜਤਾ ਦਾ ਕੁਝ ਪਤਾ ਨਹੀਂ ਚੱਲਿਆ । ਇਸ ਮਾਮਲੇ ਵਿਚ ਗੱਲਬਾਤ ਕਰਦੇ ਹੋਏ ਚੰਡੀਗੜ੍ਹ ਵਿਚ ਐੱਨ.ਜੀ.ਓ ਹੈਲਪਿੰਗ ਹੈਲਪਲੈੱਸ ਚਲਾ ਰਹੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਟਰੈਵਲ ਏਜੰਟਾਂ ਵਲੋਂ ਵੱਡੀ ਗਿਣਤੀ ਵਿਚ ਪੰਜਾਬੀ ਕੁੜੀਆਂ ਨਾਲ ਧੋਖਾਧੜੀ ਕੀਤੀ ਗਈ ਹੈ ਪਰ ਲੋਕ ਲਾਜ ਅਤੇ ਸ਼ਰਮ ਦੇ ਕਾਰਨ ਲੋਕ ਆਪਣੇ ਬੱਚਿਆਂ ਸੰਬੰਧੀ ਜਾਣਕਾਰੀ ਜਨਤਕ ਕਰਨ ਤੋਂ ਡਰਦੇ ਹਨ ਅਤੇ ਸਾਹਮਣੇ ਨਹੀਂ ਆਉਂਦੇ | ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਨੇ ਇਕ ਪੰਜਾਬੀ ਕੁੜੀ ਜਿਸ ਨੂੰ 50 ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ਦਾ ਵਾਅਦਾ ਕਰਕੇ ਦੁਬਈ ਲਿਜਾਇਆ ਗਿਆ ਸੀ ਇਸ ਨੂੰ ਘਰ ਵਿਚ ਕੈਦ ਕਰਕੇ ਨੌਕਰਾਂ ਦੀ ਤਰ੍ਹਾਂ ਸ਼ੋਸ਼ਣ ਕੀਤਾ ਗਿਆ । ਦਿਨ ਭਰ ਉਸ ਦੀ ਮਾਰਕੁੱਟ ਕੀਤੀ ਜਾਂਦੀ ਸੀ ਅਤੇ ਘਰ ਦਾ ਮਾਲਕ ਉਸ ਦਾ ਜਿਸਮਾਨੀ ਸ਼ੋਸ਼ਣ ਵੀ ਕਰਦਾ ਰਿਹਾ | ਉਨ੍ਹਾਂ ਕਿਹਾ ਕਿ ਜਦ ਪੁਲਿਸ ਦੀ ਮਦਦ ਨਾਲ ਲੜਕੀ ਨੂੰ ਛੁਡਵਾਇਆ ਗਿਆ ਤਾਂ ਹਾਲਤ ਇਸ ਕਦਰ ਦਰਦਨਾਕ ਸੀ ਕਿ ਉਸ ਦੇ ਪੈਰਾਂ ਵਿਚ ਚੱਪਲ ਵੀ ਨਹੀਂ ਸੀੇ । ਉਨ੍ਹਾਂ ਇਸੇ ਤਰ੍ਹਾਂ ਬਠਿੰਡਾ ਦੇ ਇਕ ਪਿੰਡ ਤੋਂ ਸਾਈਪਰਸ ਗਈ ਲੜਕੀ ਨੂੰ ਛੁਡਾਉਣ ਦੀ ਦਰਦਨਾਕ ਕਹਾਣੀ ਵੀ ਸਾਂਝੀ ਕੀਤੀ ਅਤੇ ਇਕ ਮਲੇਸ਼ੀਆ ਦਾ ਮਾਮਲਾ ਦੱਸਿਆ ਜਿੱਥੇ ਵੱਡੀ ਭੈਣ ਨੇ ਆਪਣੀ ਛੋਟੀ ਭੈਣ ਨੂੰ ਮਲੇਸ਼ੀਆ ਬੁਲਾ ਕੇ ਦੇਹ ਵਪਾਰ ਦੇ ਧੰਦੇ ਵਿਚ ਝੋਕ ਦਿੱਤਾ ਸੀ ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਸਖ਼ਤ ਕਾਨੂੰਨ ਬਣਾਏ ਜਾਣ ।