ਪੰਜਾਬੀ ਪਰਵਾਸੀਆਂ ਦੇ ਝੰਡੇ ਕਦੋਂ ਤਕ ਝੂਲਣਗੇ

ਪੰਜਾਬੀ ਪਰਵਾਸੀਆਂ ਦੇ  ਝੰਡੇ ਕਦੋਂ ਤਕ ਝੂਲਣਗੇ

ਇਸ ਗੱਲ ਦਾ ਬੜਾ ਮਾਣ ਕੀਤਾ ਜਾਂਦਾ ਹੈ ਕਿ ਸਾਡੇ ਪੰਜਾਬੀ ਦੁਨੀਆ ਦੇ ਬਹੁਤੇ ਦੇਸਾਂ ਵਿੱਚ ਪਹੁੰਚੇ ਹੋਏ ਹਨ ਅਤੇ ਉਹ ਜਿੱਥੇ ਵੀ ਜਾਂਦੇ ਹਨ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਆਪਣੇ ਨਾਲ ਲੈ ਕੇ ਜਾਂਦੇ ਹਨ। 

ਇੱਕ ਟੋਟਕਾ ਮਸ਼ਹੂਰ ਹੈ ਕਿ ਜਦੋਂ ਅਮਰੀਕੀ ਪੁਲਾੜ-ਯਾਤਰੀ ਚੰਦ ਉੱਤੇ ਪਹੁੰਚਣ ਵਾਲੇ ਪਹਿਲੇ ਮਨੁੱਖ ਹੋਣ ਦੇ ਦਾਅਵੇ ਨਾਲ ਉੱਤਰੇ, ਅੱਗੇ ਇੱਕ ਪੰਜਾਬੀ ਆਪਣੇ ਛੱਪਰ ਦੇ ਮੱਥੇ ਉੱਤੇ ਗੁਰਮੁਖੀ ਵਿੱਚ ‘ਸ਼ੇਰੇ ਪੰਜਾਬ ਢਾਬਾ’ ਲਿਖ ਕੇ ਬੈਠਾ ਪਕੌੜੇ ਤਲ਼ ਰਿਹਾ ਸੀ। ਕਿਹਾ ਜਾਂਦਾ ਹੈ, “ਪੰਜਾਬੀ ਪਰਵਾਸੀਆਂ ਨੇ ਹਰ ਥਾਂ ਪੰਜਾਬੀਅਤ ਦੇ ਝੰਡੇ ਗੱਡ ਦਿੱਤੇ ਹਨ ਅਤੇ ਕਈ ਦੇਸਾਂ ਵਿੱਚ ਇਹਨੂੰ ਸਰਕਾਰੀ ਮਾਨਤਾ ਦੁਆ ਲਈ ਹੈ। ਉੱਥੇ ਉਹ, ਭਾਵੇਂ ਗੁਰਦੁਆਰਿਆਂ ਵਿੱਚ ਹੀ ਸਹੀ, ਅਗਲੀ ਪੀੜ੍ਹੀ ਨੂੰ ਪੰਜਾਬੀ ਪੜ੍ਹਾ ਰਹੇ ਹਨ। ਅਨੇਕ ਲੇਖਕ ਪੰਜਾਬੀ ਸਾਹਿਤ ਰਚ ਰਹੇ ਹਨ ਤੇ ਵੱਡੇ-ਵੱਡੇ ਸਾਹਿਤਕ ਸਮਾਗਮ ਹੁੰਦੇ ਹਨ। ਇਉਂ ਪੰਜਾਬੀ ਤਾਂ ਹੁਣ ਕੌਮਾਂਤਰੀ ਭਾਸ਼ਾ ਬਣ ਗਈ ਹੈ।” ਇਹ ਗੱਲ ਆਮ ਕਰ ਕੇ ਸੋਚੀ ਹੀ ਨਹੀਂ ਜਾਂਦੀ ਕਿ ਇਹ ਸਭ ਕੁਛ ਕਿਹੜੇ ਪੰਜਾਬੀ ਕਰ ਰਹੇ ਹਨ! ਸ਼ਬਦ ‘ਕੌਮਾਂਤਰੀ’ ਨੂੰ ਵੀ ਕਈ ਪੰਜਾਬੀ ਦੱਬ-ਘੁੱਟ ਕੇ ਆਪਣੀ ਸੋਚ ਦੇ ਮੇਚ ਦਾ ਕਰ ਲੈਂਦੇ ਹਨ। ਇੱਕ ਵਾਰ ਕਿਸੇ ਨੇ ਕਿਸੇ ਨੂੰ ‘ਕੌਮਾਂਤਰੀ ਕਵੀਸ਼ਰ’ ਲਿਖਿਆ। ਮੈਂ ਪੁੱਛਿਆ, ਉਹ ਕੀ ਹੁੰਦਾ ਹੈ? ਉੱਤਰ ਮਿਲਿਆ, ਇਹ ਇੱਕ ਵਾਰ ਪਾਕਿਸਤਾਨ ਵਿੱਚ ਕਵੀਸ਼ਰੀ ਗਾ ਆਇਆ ਹੈ!

ਪਰਦੇਸਾਂ ਤੋਂ ਫੋਨ ਕਰਦੇ ਮਿਹਰਬਾਨ ਪਾਠਕਾਂ ਨੂੰ ਮੈਂ ਉਚੇਚਾ ਪੁੱਛਦਾ ਹਾਂ ਕਿ ਤੁਹਾਡੇ ਘਰ-ਪਰਿਵਾਰ ਵਿੱਚ ਪੰਜਾਬੀ ਅਖ਼ਬਾਰ ਕੌਣ-ਕੌਣ ਪੜ੍ਹਦਾ ਹੈ? ਸਭ ਦੇ ਜਵਾਬਾਂ ਵਿੱਚ ਸਾਂਝੀ ਗੱਲ ਇਹੋ ਹੁੰਦੀ ਹੈ ਕਿ ਪਰਿਵਾਰ ਦੇ ਇੱਧਰੋਂ ਗਏ ਵੱਡੇ ਜੀਅ ਹੀ ਨਜ਼ਰ ਮਾਰਦੇ ਹਨ। ਜੇ ਬੱਚਿਆਂ ਬਾਰੇ ਪੁੱਛੀਏ, ਜਵਾਬ ਮਿਲਦਾ ਹੈ, “ਵਾਹਿਗੁਰੂ ਵਾਹਿਗੁਰੂ ਕਰੋ ਜੀ! ਪੜ੍ਹਨੇ ਤਾਂ ਦੂਰ ਦੀ ਗੱਲ ਹੈ, ਉਹ ਤਾਂ ਇਹਨਾਂ ਵੱਲ ਝਾਕਦੇ ਵੀ ਨਹੀਂ!” ਜਿਹੜੇ ਲੋਕ ਉੱਧਰ ਜੰਮੀ ਪੀੜ੍ਹੀ ਨੂੰ ਘਰੇ ਜਾਂ ਗੁਰਦੁਆਰੇ ਵਿੱਚ ਪੰਜਾਬੀ ਸਿਖਾਉਣ-ਪੜ੍ਹਾਉਣ ਦੀ ਰੀਝ ਪਾਲ਼ਦੇ ਹਨ, ਉਹ ਬੱਚੇ ਦੇ ਵੱਡਾ ਹੋਣ ਦੇ ਨਾਲ ਹੀ ਨਿਹਫਲ ਹੋ ਜਾਂਦੀ ਹੈ। ਭਾਸ਼ਾ ਵਰਤਿਆਂ ਹੀ ਬੰਦੇ ਨਾਲ ਜੁੜੀ ਰਹਿ ਸਕਦੀ ਹੈ। ਅਣਵਰਤੀ ਭਾਸ਼ਾ ਦਾ ਸ਼ਬਦ-ਸਮੂਹ ਤੇ ਸੁਹੱਪਣ ਹੌਲ਼ੀ-ਹੌਲ਼ੀ ਮਨ ਵਿੱਚੋਂ ਕਿਰਦਾ ਜਾਂਦਾ ਹੈ। ਜਦੋਂ ਕੋਸ਼ਿਸ਼ਾਂ ਨਾਲ ਪੰਜਾਬੀ ਸਿਖਾਏ ਬੱਚਿਆਂ ਨੂੰ ਆਲੇ-ਦੁਆਲੇ, ਸਕੂਲ ਵਿੱਚ, ਦੋਸਤਾਂ ਨਾਲ, ਮਾਲਾਂ-ਬਜ਼ਾਰਾਂ ਵਿੱਚ ਪੰਜਾਬੀ ਬੋਲਣ ਦਾ ਮੌਕਾ ਨਹੀਂ ਮਿਲਦਾ, ਉਹਦੇ ਵਿਸਰਨ ਦਾ ਅਮਲ ਸ਼ੁਰੂ ਹੋ ਜਾਂਦਾ ਹੈ।

ਇੱਕ ਪਰਬਤ-ਲੜੀ ਦੀ ਮੂਹਰਲੀ ਪਹਾੜੀ ਉੱਤੇ ਬਣਿਆ ਹੋਣ ਸਦਕਾ ਸਾਨ ਹੋਜ਼ੇ ਦਾ ਗੁਰਦੁਆਰਾ ਤਾਂ ਖ਼ੂਬਸੂਰਤ ਹੈ ਹੀ, ਉੱਥੋਂ ਪੈਰਾਂ ਵਿੱਚ ਵਿਛੇ ਸਾਨ ਫ਼ਰਾਂਸਿਸਕੋ ਦਾ ਨਜ਼ਾਰਾ ਵੀ ਬੜਾ ਸੁੰਦਰ ਦਿਸਦਾ ਹੈ, ਖਾਸ ਕਰ ਕੇ ਰਾਤ ਨੂੰ। ਦੂਰ-ਦੂਰ ਤਕ ਸ਼ਹਿਰੀ ਰੌਸ਼ਨੀਆਂ ਜਿਵੇਂ ਸਮੁੰਦਰ ਵਿੱਚ ਲੱਖਾਂ ਦੀਵੇ ਤੈਰ ਰਹੇ ਹੋਣ। ਉੱਥੇ ਜਾਣ ਦਾ ਇੱਕ ਤੋਂ ਵੱਧ ਵਾਰ ਸਬੱਬ ਬਣਿਆ। ਜੇ ਭੋਜਨ ਦਾ ਵੇਲਾ ਹੁੰਦਾ, ਅਸੀਂ ਲੰਗਰ ਵੀ ਛਕਦੇ। ਇੱਕ ਦਿਨ ਪ੍ਰਸ਼ਾਦੇ ਵਰਤਾਉਂਦੀ 18-20 ਸਾਲ ਦੀ ਲੜਕੀ ਨੂੰ ਮੈਂ ਕਿਹਾ, “ਬੇਟਾ, ਬੱਸ ਸਵਾ ਲੱਖ ਪ੍ਰਸ਼ਾਦਾ!” ਉਹ ਬੋਲੀ, “ਵ੍ਹਟ ਅੰਕਲ?” ਮੈਂ ਆਪਣੀ ਭੁੱਲ ਸੋਧਦਿਆਂ ਕਿਹਾ, “ਓਨਲੀ ਵਨ …” ਤੇ ਅੱਗੇ ਮੈਨੂੰ ਪ੍ਰਸ਼ਾਦੇ ਜਾਂ ਰੋਟੀ ਦੀ ਅੰਗਰੇਜ਼ੀ ਨਾ ਆਈ ਪਰ “ਓਨਲੀ ਵਨ” ਨੇ ਕੰਮ ਸਾਰ ਦਿੱਤਾ। ਇੱਕ ਹੋਰ ਦਿਨ ਅਸੀਂ ਉਸੇ ਗੁਰਦੁਆਰੇ ਵਿੱਚ ਗਏ ਤਾਂ ਲੰਗਰ ਕਿਸੇ ਪਰਿਵਾਰ ਵੱਲੋਂ ਸੀ। ਸੱਤ-ਅੱਠ ਸਾਲਾਂ ਦੀ ਉਮਰ ਦੇ ਇੱਕ ਬੱਚੇ ਕੋਲ ਪ੍ਰਸ਼ਾਦਿਆਂ ਦਾ ਛੋਟਾ ਜਿਹਾ ਛਾਬਾ ਸੀ ਅਤੇ ਇੱਕ ਬੱਚੀ ਕੋਲ ਛੋਟੀ ਜਿਹੀ ਬਾਲਟੀ ਵਿੱਚ ਸਬਜ਼ੀ ਸੀ। ਉਹ ਪੰਗਤ ਕੋਲੋਂ ਲੰਘਦੇ “ਪ੍ਰਸ਼ਾਦਾ ਵਾਹਿਗੁਰੂ” ਤੇ “ਸਬਜ਼ੀ ਵਾਹਿਗੁਰੂ” ਦੁਹਰਾ ਰਹੇ ਬੜੇ ਹੀ ਪਿਆਰੇ ਲਗਦੇ ਸਨ। ਸਾਨੂੰ ਖ਼ੁਸ਼ ਤੇ ਅਚੰਭਿਤ ਹੋ ਕੇ ਉਹਨਾਂ ਵੱਲ ਦੇਖਦਿਆਂ ਦੇਖ ਕੇ ਸਾਡੇ ਕੋਲ ਬੈਠਾ ਇੱਕ ਸੱਜਣ, ਸ਼ਾਇਦ ਇਹ ਸੋਚ ਕੇ ਕਿ ਅਸੀਂ ਉਹਨਾਂ ਦੀ ਪੰਜਾਬੀ ਤੋਂ ਪ੍ਰਭਾਵਿਤ ਹੋਏ ਹਾਂ, ਮੁਸਕਰਾਇਆ, “ਬੱਸ ਜੀ, ਇਹਨਾਂ ਨੂੰ ਇੰਨੀ ਕੁ ਪੰਜਾਬੀ ਹੀ ਆਉਂਦੀ ਹੈ! ਫਰਰ-ਫਰਰ ਤਾਂ ਇਹ ਅੰਗਰੇਜ਼ੀ ਹੀ ਬੋਲਦੇ ਨੇ।”

ਸਾਨੂੰ ਭਾਸ਼ਾ ਦੀ ਗਤੀ ਦੇ ਅਤੇ ਸਮਾਜ ਤੇ ਭਾਸ਼ਾ ਦੇ ਨਾਤੇ ਦੇ ਨੇਮਾਂ ਦੀ ਅਗਿਆਨਤਾ ਨਹੀਂ ਦਿਖਾਉਣੀ ਚਾਹੀਦੀ। ਪਰਦੇਸਾਂ ਵਿੱਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ਇੱਧਰ ਬਿਤਾ ਕੇ ਗਏ ਹਨ। ਉਹਨਾਂ ਦੇ ਧੀਆਂ-ਪੁੱਤ ਉਹਨਾਂ ਨਾਲ ਵਾਹ ਕਾਰਨ ਪੰਜਾਬੀ ਸਮਝ ਤਾਂ ਲੈਂਦੇ ਹਨ, ਬੋਲਦੇ ਥਿੜਕ ਕੇ ਹਨ ਅਤੇ ਲੋੜ ਨਾ ਹੋਣ ਕਰਕੇ ਪੜ੍ਹਨ-ਲਿਖਣ ਦਾ ਤਾਂ ਸਵਾਲ ਹੀ ਨਹੀਂ। ਅੱਗੋਂ ਉਹਨਾਂ ਦੇ ਬੱਚੇ ਪੰਜਾਬੀ ਨਾਲੋਂ ਬਿਲਕੁਲ ਟੁੱਟ ਜਾਂਦੇ ਹਨ। ਇਹ ਕੋਈ ਅਣਹੋਣੀ ਨਹੀਂ, ਭਾਸ਼ਾ ਦਾ ਦਸਤੂਰ ਹੀ ਇਹ ਹੈ। ਕਿਸੇ ਦੇਸ ਦੇ ਭਾਸ਼ਾਈ-ਸੱਭਿਆਚਾਰਕ ਸਮੁੰਦਰ ਵਿੱਚ ਬਾਹਰੋਂ ਜਾ ਕੇ ਪਈ ਕਿਸੇ ਭਾਸ਼ਾ ਦੀ ਛੋਟੀ ਜਿਹੀ ਨਦੀ ਤੋਂ ਸਦਾ ਵਾਸਤੇ ਆਪਣੀ ਵੱਖਰੀ ਹੋਂਦ ਬਣਾਈ ਰੱਖਣ ਦੀ ਆਸ ਕਰਨਾ ਸਿਆਣਪ ਨਹੀਂ। ਭਾਸ਼ਾ ਵਾਂਗ ਹੀ ਪੰਜਾਬੀ ਔਲਾਦਾਂ ਵੱਡਿਆਂ ਨਾਲ ਮਿਲ ਕੇ ਦੇਸੀ ਤਿਹਾਰ ਮਨਾਉਣ ਨਾਲੋਂ ਸਥਾਨਕ ਹਾਣੀਆਂ ਨਾਲ ਮਿਲ ਕੇ ਸਥਾਨਕ ਤਿਹਾਰ ਮਨਾਉਣ ਦਾ ਵਧੇਰੇ ਉਤਸ਼ਾਹ ਦਿਖਾਉਂਦੀਆਂ ਹਨ। ਸਥਾਨਕ ਲੋਕਾਂ ਨੂੰ ਵਿੰਗੇ-ਟੇਢੇ ਲਗਦੇ ਉਚਾਰਨ ਸੌਖੇ ਕਰਨ ਵਾਸਤੇ ਜਗਜੀਤ ਜੈਗ, ਹਰਭਜਨ ਹੈਰੀ ਤੇ ਸੁਖਮੰਦਰ ਸੈਮ ਹੋ ਜਾਂਦੇ ਹਨ।

ਕਾਫ਼ੀ ਪੁਰਾਣੀ ਗੱਲ ਹੈ, ਬਠਿੰਡਾ ਤੋਂ ਗੱਡੀ ਵਿੱਚ ਮੇਰੇ ਸਾਹਮਣੇ ਪੂਰੇ ਪੰਜਾਬੀ ਲਿਬਾਸ ਵਿੱਚ ਦੋ ਗੋਰਖਾ ਮੁਟਿਆਰਾਂ ਬੈਠੀਆਂ ਸਨ। ਸਾਰੇ ਰਾਹ ਉਹ ਆਪਸ ਵਿੱਚ ਨਾ ਸਿਰਫ਼ ਪੰਜਾਬੀ ਵਿੱਚ ਸਗੋਂ ਸਾਡੇ ਪਿੰਡਾਂ ਦੇ ਲਹਿਜ਼ੇ ਵਾਲੀ ਪੰਜਾਬੀ ਵਿੱਚ ਗੱਲਾਂ ਕਰਦੀਆਂ ਰਹੀਆਂ। ਸਬੱਬ ਨਾਲ ਉਹ ਵੀ ਮੇਰੇ ਸ਼ਹਿਰ ਰਾਮਪੁਰਾ ਫੂਲ ਹੀ ਉੱਤਰੀਆਂ। ਮੇਰੇ ਦੋਸਤ ਨੇ ਦੱਸਿਆ, ਉਹਨਾਂ ਦਾ ਨਿਪਾਲੀ ਪਿਤਾ ਜਵਾਨੀ ਵੇਲੇ ਤੋਂ ਉੱਥੇ ਸਰਕਾਰੀ ਹਸਪਤਾਲ ਵਿੱਚ ਸੇਵਾਦਾਰ ਲੱਗਿਆ ਹੋਇਆ ਸੀ ਤੇ ਉਹਦੇ ਬੱਚੀਆਂ-ਬੱਚੇ ਇੱਥੇ ਹੀ ਜੰਮੇ-ਪਲ਼ੇ ਸਨ। ਪੰਜਾਬ ਵਿੱਚ ਹੁਣ ਉੱਤਰ ਪ੍ਰਦੇਸ਼ੀਆਂ ਤੇ ਬਿਹਾਰੀਆਂ ਦਾ ਪੰਜਾਬੀਕਰਨ ਤੁਹਾਡੇ ਸਾਹਮਣੇ ਹੈ। ਇੱਕ ਵਾਰ ਮੈਂ ਖੇਤ ਵਿੱਚ ਰਹਿੰਦੇ ਇੱਕ ਰਿਸ਼ਤੇਦਾਰ ਦੇ ਘਰ ਗਿਆ। ਖੇਤ ਵਿੱਚ ਸਬਜ਼ੀਆਂ ਲਾਉਣ ਵਾਸਤੇ ਰੱਖਿਆ ਹੋਇਆ ਮਾਲੀ ਪਰਿਵਾਰ ਸਮੇਤ ਉਹਨਾਂ ਦੇ ਘਰ ਦੇ ਇੱਕ ਹਿੱਸੇ ਵਿੱਚ ਹੀ ਰਹਿ ਰਿਹਾ ਸੀ। ਉਹ ਕਈ ਸਾਲ ਤੋਂ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿੱਚ ਹੀ ਕੰਮ ਕਰਦਾ ਸੀ। ਉਹਨਾਂ ਦੇ ਬੇਟਾ-ਬੇਟੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਸਨ। ਉਹ ਤੇ ਉਹਦੀ ਪਤਨੀ ਤਾਂ ਭੋਜਪੁਰੀ ਤੇ ਪੰਜਾਬੀ ਦੀ ਖਿਚੜੀ ਬੋਲਦੇ ਸਨ ਪਰ ਦੋਵੇਂ ਬੱਚੇ ਵਧੀਆ ਪੰਜਾਬੀ ਵਿੱਚ ਹੀ ਬੋਲ ਰਹੇ ਸਨ। ਅਨੇਕ ਉੱਤਰ ਪ੍ਰਦੇਸ਼ੀ ਤੇ ਬਿਹਾਰੀ ਉਹਨਾਂ ਨੂੰ ਗ਼ੈਰ-ਪੰਜਾਬੀ ਸਮਝ ਕੇ ਬੋਲੀ ਤੁਹਾਡੀ ਹਿੰਦੀ ਦਾ ਜਵਾਬ ਪੰਜਾਬੀ ਵਿੱਚ ਦਿੰਦੇ ਹਨ। ਕਈਆਂ ਨੇ ਕਿਸੇ ਬਾਹਰਲੇ ਦਖ਼ਲ ਜਾਂ ਦਬਾਅ ਤੋਂ ਬਿਨਾਂ, ਆਪਣੀ ਖੁਸ਼ੀ ਨਾਲ ਹੀ ਦਾੜ੍ਹੀ-ਕੇਸ ਰੱਖ ਲਏ ਹਨ ਤੇ ਪੱਗਾਂ ਬੰਨ੍ਹ ਲਈਆਂ ਹਨ।

ਜਿੱਥੋਂ ਤਕ ਪਰਦੇਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ, ਪੰਜਾਬੀਆਂ ਦੇ ਵਸੇਵੇ ਵਾਲੇ ਇਲਾਕਿਆਂ ਵਿੱਚ ਸੜਕਾਂ ਦੇ ਨਾਂ ਗੁਰਮੁਖੀ ਵਿੱਚ ਲਿਖੇ ਜਾਣ, ਆਦਿ ਦਾ ਸੰਬੰਧ ਹੈ, ਅਨੇਕ ਦੇਸ ਅਜਿਹੇ ਹਨ ਜਿਨ੍ਹਾਂ ਵਿੱਚ ਕਿਸੇ ਭਾਸ਼ਾ ਲਈ ਅਜਿਹੀਆਂ ਸਹੂਲਤਾਂ ਹਾਸਲ ਕਰਨਾ ਕੋਈ ਅਲੋਕਾਰ ਜਾਂ ਔਖਾ ਕੰਮ ਨਹੀਂ। ਸਗੋਂ ਭਾਰਤ ਦੇ ਮੁਕਾਬਲੇ ਬਹੁਤ ਸੌਖਾ ਹੈ ਕਿਉਂਕਿ ਉੱਥੇ ਭਾਸ਼ਾ ਨੂੰ ਭਾਸ਼ਾ ਵਜੋਂ ਦੇਖਿਆ ਜਾਂਦਾ ਹੈ, ਸਾਡੇ ਵਾਂਗ ਕਿਸੇ ਧਾਰਮਿਕ, ਭੂਗੋਲਕ ਜਾਂ ਰਾਜਨੀਤਕ ਤੁਅੱਸਬ ਨਾਲ ਨਹੀਂ। ਪਰਦੇਸਾਂ ਵਿੱਚ ਜਿਨ੍ਹਾਂ ਪੰਜਾਬੀ ਸਾਹਿਤ ਸਭਾਵਾਂ ਦੀਆਂ ਬੈਠਕਾਂ ਦੀਆਂ ਖ਼ਬਰਾਂ ਅਤੇ ਸਮਾਗਮਾਂ ਦੀਆਂ ਤਸਵੀਰਾਂ ਛਪਦੀਆਂ ਹਨ, ਉਹਨਾਂ ਵਿੱਚ ਇੱਧਰੋਂ ਜਾ ਕੇ ਵਸੇ ਪੰਜਾਬੀ ਲੇਖਕ, ਉਹਨਾਂ ਦੇ ਪੰਜਾਬੀ ਦੋਸਤ-ਮਿੱਤਰ ਅਤੇ ਜੇ ਸਾਹਿਤ ਤੋਂ ਐਲਰਜੀ ਨਾ ਹੋਵੇ ਤਾਂ ਜੀਵਨ-ਸਾਥੀ ਸ਼ਾਮਲ ਹੁੰਦੇ ਹਨ। ਇਹਨਾਂ ਸਭ ਦੀ ਅਗਲੀ ਪੀੜ੍ਹੀ ਗ਼ੈਰਹਾਜ਼ਰ ਹੁੰਦੀ ਹੈ।

ਭਾਸ਼ਾਈ-ਸੱਭਿਆਚਾਰਕ ਸੱਚ ਇਹੋ ਹੈ ਕਿ ਕਿਸੇ ਵੀ ਬਿਗਾਨੇ ਦੇਸ ਵਿੱਚ ਪੰਜਾਬੀ ਭਾਸ਼ਾ ਦਾ ਜੀਵਤ ਰਹਿਣਾ ਸੰਭਵ ਨਹੀਂ। ਬੱਚੇ ਮਾਪਿਆਂ ਦੇ ਕਹਿਆਂ ਇੱਧਰਲੇ ਅਣਦੇਖੇ-ਅਣਜਾਣੇ ਕੁੜੀ-ਮੁੰਡੇ ਨਾਲ ਵਿਆਹ ਤੋਂ ਕੋਰੀ ਨਾਂਹ ਕਰ ਕੇ ਜਦੋਂ ਕਿਸੇ ਸਥਾਨਕ ਦੋਸਤ ਨਾਲ ਵਿਆਹ ਕਰਵਾ ਲੈਂਦੇ ਹਨ, ਉਹਨਾਂ ਦੇ ਅਪੰਜਾਬੀਕਰਨ ਦਾ ਅਮਲ ਪੂਰਾ ਹੋ ਜਾਂਦਾ ਹੈ। ਉਹਨਾਂ ਦੇ ਬੱਚਿਆਂ ਦੇ ਨਾਂ ਵੀ ਗ਼ੈਰ-ਪੰਜਾਬੀ ਹੋ ਜਾਂਦੇ ਹਨ, ਬਹੁਤੀਆਂ ਸੂਰਤਾਂ ਵਿੱਚ ਸਹਿਜ-ਸੁਭਾਵਿਕ ਹੀ ਧਰਮ ਵੀ ਸਥਾਨਕ ਹੋ ਜਾਂਦਾ ਹੈ। ਦਸੰਬਰ 2012 ਵਿੱਚ ਥਾਈਲੈਂਡ ਦਾ ਰੱਖਿਆ ਮੰਤਰੀ ਸੁਕੁਮਪੋਲ ਸੁਵਾਨਤਾਤ ਭਾਰਤ ਆਇਆ ਤਾਂ ਸਾਡੇ ਉਸ ਸਮੇਂ ਦੇ ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਸਰਕਾਰੀ ਗੱਲਬਾਤ ਤੋਂ ਪਹਿਲਾਂ ਕੈਮਰਿਆਂ ਵਾਸਤੇ ਹੱਥ ਘੁੱਟ ਕੇ ਸਦਭਾਵੀ ਗੱਲਾਂ ਕਰਦਿਆਂ ਕਿਹਾ, “ਥਾਈਲੈਂਡ ਤੇ ਭਾਰਤ ਦੇ ਲੋਕਾਂ ਦਾ ਦੋਸਤੀ ਦਾ ਪੁਰਾਣਾ ਨਾਤਾ ਹੈ।” ਥਾਈ ਨਾਂ, ਨੁਹਾਰ, ਦਿੱਖ ਅਤੇ ਭਾਸ਼ਾ ਵਾਲੇ ਮੰਤਰੀ ਨੇ ਹੱਸ ਕੇ ਉੱਤਰ ਦਿੱਤਾ, “ਮੇਰਾ ਭਾਰਤ ਨਾਲ ਇਸ ਤੋਂ ਵੀ ਸੰਘਣਾ ਨਾਤਾ ਹੈ; ਮੇਰਾ ਦਾਦਾ ਪੰਜਾਬੀ ਸਿੱਖ ਸੀ।”

ਸ਼ਹੀਦ ਗਹਿਲ ਸਿੰਘ ਛੱਜਲਵੱਡੀ ਦੇ ਤਾਏ ਦਾ ਪੁੱਤ ਭਰਾ ਦਲੀਪ ਸਿੰਘ ਸੌਂਦ ਪਰਿਵਾਰ ਨਾਲ ਮੁੜ ਆਉਣ ਦਾ ਇਕਰਾਰ ਕਰ ਕੇ ਅਮਰੀਕਾ ਪੜ੍ਹਨ ਗਿਆ, ਪਰ ਉੱਥੋਂ ਜੋਗਾ ਹੀ ਹੋ ਗਿਆ। ਆਖ਼ਰ ਉਹਨੇ ਵਿਤਕਰੇਬਾਜ਼ ਨੇਮਾਂ-ਕਾਨੂੰਨਾਂ ਦੀਆਂ ਸਭ ਰੋਕਾਂ-ਹੱਦਾਂ ਭੰਨ ਕੇ 1956 ਵਿੱਚ ਅਮਰੀਕੀ ਪਾਰਲੀਮੈਂਟ ਦਾ ਪਹਿਲਾ ਏਸ਼ੀਆਈ ਮੈਂਬਰ ਬਣਨ ਦਾ ਕ੍ਰਿਸ਼ਮਾ ਕਰਦਿਆਂ ਦੁਨੀਆ ਨੂੰ ਦੰਗ ਕਰ ਦਿੱਤਾ। ਉਹਨੇ ਆਵਾਸੀਆਂ ਦੇ ਰਾਹ ਦੀਆਂ ਕਾਨੂੰਨੀ ਰੋਕਾਂ ਹਟਵਾਉਣ ਵਿੱਚ ਤਾਂ ਵੱਡੀ ਭੂਮਿਕਾ ਨਿਭਾਈ ਹੀ, ਪਾਰਲੀਮੈਂਟ ਦੇ ਮੈਂਬਰ ਵਜੋਂ ਆਪਣੀ ਸ਼ਾਨਦਾਰ ਕਾਰਗ਼ੁਜ਼ਾਰੀ ਨਾਲ ਬਹੁਤ ਨਾਂ ਕਮਾਇਆ। ਲੰਮੀ ਬੀਮਾਰੀ ਮਗਰੋਂ ਉਹ 22 ਅਪਰੈਲ 1973 ਨੂੰ ਚਲਾਣਾ ਕਰ ਗਿਆ। 7 ਨਵੰਬਰ 2007 ਨੂੰ ਅਮਰੀਕੀ ਸੰਸਦ ਭਵਨ ਵਿੱਚ ਇਤਿਹਾਸ-ਸਿਰਜਕ ਮੈਂਬਰਾਂ ਦੀ ਗੈਲਰੀ ਵਿੱਚ ਉਹਦਾ ਚਿਤਰ ਲਾਇਆ ਗਿਆ। ਸਿਖਰੀ ਅਮਰੀਕੀ ਹਸਤੀਆਂ ਦੀ ਹਾਜ਼ਰੀ ਵਿੱਚ ਚਿਤਰ ਤੋਂ ਪਰਦਾ ਉਹਦੀ ਛੇ ਸਾਲ ਦੀ ਪੜਪੋਤੀ ਨੇ ਹਟਾਇਆ। ਸੌਂਦ ਦੇ ਪੁੱਤਾਂ-ਧੀਆਂ ਦੇ ਪਰਿਵਾਰਾਂ ਦੇ ਦਰਜਨਾਂ ਜੀਅ ਹਾਜ਼ਰ ਸਨ। ਪੁੱਤਾਂ ਵਾਲੇ ਪਾਸੇ ਅਮਰੀਕੀ ਨਾਂਵਾਂ ਨਾਲ ਸੌਂਦ ਹੋਣ ਤੋਂ ਇਲਾਵਾ ਉੱਥੇ ਦੋਵਾਂ ਪਾਸਿਆਂ ਦੇ ਪਰਿਵਾਰਾਂ ਵਿੱਚ ਪੰਜਾਬੀ ਅਤੇ ਪੰਜਾਬੀਅਤ ਦਾ ਰੰਗ ਕਿਤੇ ਰਾਈ-ਮਾਤਰ ਵੀ ਨਹੀਂ ਸੀ।

ਉੱਧਰ ਜੰਮੇ ਬੱਚੇ ਆਪਣੇ ਪੰਜਾਬੀ-ਭਾਰਤੀ ਹੋਣ ਦੀ ਕਲਪਨਾ ਨਹੀਂ ਕਰ ਸਕਦੇ। ਘਰ ਦੇ ਵੱਡੇ ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਦੇ ਵਾਰਿਸ ਸਮਝਦੇ ਹਨ, ਉਹ ਆਪਣੇ ਆਪ ਨੂੰ ਜਨਮ ਵਾਲੇ ਦੇਸ ਦੇ ਨਾਗਰਿਕ ਸਮਝਦੇ ਹਨ। ਇੱਕ ਸ਼ਾਮ ਖੇਡ-ਲੇਖਕ ਸਰਵਣ ਸਿੰਘ ਸਾਡੇ ਘਰ ਆਏ ਤਾਂ ਉਹਨਾਂ ਨਾਲ ਇੱਕ ਕੈਨੇਡਾ-ਵਾਸੀ ਦੋਸਤ ਤੇ ਉਹਦੇ ਦੋ ਜਵਾਨ ਬੇਟੇ ਸਨ। ਉਹ ਤਾਜ-ਮਹੱਲ ਦੇਖ ਕੇ ਆਏ ਸਨ। ਸੰਤੋਖ ਸਿੰਘ ਧੀਰ ਪਹਿਲਾਂ ਹੀ ਆਏ ਹੋਏ ਸਨ। ਖ਼ੁਸ਼ੀਆਂ-ਭਰਿਆ ਮਾਹੌਲ ਬਣ ਗਿਆ। ਮੈਂ ਦੇਖਿਆ, ਸਾਡੀ ਹਾਹਾ-ਹੋਹੋ ਵਿੱਚ ਦੋਵੇਂ ਮੁੰਡੇ ਨੀਵੀਆਂ ਪਾਈ ਬੈਠੇ ਸਨ। ਮੈਂ ਆਖਿਆ, “ਬੇਟਾ, ਤੁਸੀਂ ਆਰਾਮ ਕਰਨਾ ਚਾਹੋਗੇ?”

ਉਹਨਾਂ ਦੇ ਚਿਹਰੇ ਅਧਖਿੜੇ ਫੁੱਲਾਂ ਵਰਗੇ ਹੋ ਗਏ। ਕਮਰੇ ਵਿੱਚ ਲਿਜਾ ਕੇ ਮੈਂ ਉਹਨਾਂ ਨੂੰ ਚਾਹ-ਕੌਫ਼ੀ ਦੇ ਨਾਲ ਸਿਰ ਦੁਖਦੇ ਦੀ ਗੋਲ਼ੀ ਵੀ ਪੁੱਛੀ ਤਾਂ ਫੁੱਲ ਪੂਰੇ ਖਿੜ ਗਏ। ਜਦੋਂ ਮੈਂ ਮੁੜਿਆ, ਦੋਸਤ ਬੋਲਿਆ, “ਏਨਾ ਖ਼ਰਚ ਕਰ ਕੇ ਮੈਂ ਇਹਨਾਂ ਨੂੰ ਇਹਨਾਂ ਦਾ ਦੇਸ ਦਿਖਾਉਣ ਲਿਆਇਆ ਹਾਂ, ਇਹ ਇਉਂ ਮੂੰਹ ਲਟਕਾਈ ਫਿਰਦੇ ਨੇ!”

ਧੀਰ ਜੀ ਕਹਿੰਦੇ, “ਭਾਈ, ਜਿਹੜਾ ਦੇਸ ਤੂੰ ਇਹਨਾਂ ਨੂੰ ਦਿਖਾਉਣ ਲਿਆਇਆ ਹੈਂ, ਉਹ ਇਹਨਾਂ ਦਾ ਨਹੀਂ, ਤੇਰਾ ਦੇਸ ਹੈ। ਜਦੋਂ ਇਹ ਆਪਣੇ ਦੇਸ ਪਹੁੰਚੇ, ਮੌਜ ਨਾਲ ਸੁਖ ਦਾ ਸਾਹ ਲੈਣਗੇ।”

ਮਗਰੋਂ ਧੀਰ ਜੀ ਨੇ ਇਸ ਘਟਨਾ ਨੂੰ ਲੈ ਕੇ ਕਹਾਣੀ ਵੀ ਲਿਖੀ।

ਇੰਨਾ ਹੀ ਨਹੀਂ, ਓਧਰ ਜੰਮੇ-ਪਲ਼ੇ ਬੱਚੇ ਮਾਪਿਆਂ ਦੇ ਇੱਧਰੋਂ ਗਏ ਹੋਏ ਜਾਂ ਉੱਧਰ ਵਸੇ ਹੋਏ ਪੰਜਾਬੀ ਰਿਸ਼ਤੇਦਾਰਾਂ ਨੂੰ ਮਿਲ ਕੇ ਵੀ ਕੋਈ ਅਪਣੱਤ ਮਹਿਸੂਸ ਨਹੀਂ ਕਰਦੇ। ਇੱਕ ਵਾਰ ਇੰਗਲੈਂਡ ਵਸੇ ਹੋਏ ਮੇਰੇ ਮਿੱਤਰ ਨੇ, ਜੋ ਪੰਜਾਬੀ ਦਾ ਮਸ਼ਹੂਰ ਲੇਖਕ ਸੀ, ਦੱਸਿਆ ਕਿ ਉਹਦੇ ਉੱਧਰ ਜੰਮੇ-ਪਲ਼ੇ ਦੋਵੇਂ ਪੁੱਤਰ ਉੱਚੀ ਪੜ੍ਹਾਈ ਕਰ ਕੇ ਆਪਣੇ ਕਿੱਤੇ ਵਿੱਚ ਚੰਗੇ ਸਫਲ ਸਨ। ਪੁੱਤਰ ਪਹਿਲੀ ਮੰਜ਼ਿਲ ਉੱਤੇ ਰਹਿੰਦੇ ਸਨ। ਵੱਡੇ ਡਰਾਇੰਗ ਰੂਮ ਦਾ ਜੋ ਦਰਵਾਜ਼ਾ ਉਹ ਵਰਤਦੇ ਸਨ, ਪੌੜੀਆਂ ਉਹਦੇ ਸਾਹਮਣੇ ਸਨ। ਸੋਫ਼ੇ ਦੂਜੇ ਪਾਸੇ ਸਨ। ਉਹਨਾਂ ਦੇ ਕਈ ਰਿਸ਼ਤੇਦਾਰ ਵੀ ਦੂਰ-ਨੇੜੇ ਰਹਿੰਦੇ ਸਨ। ਉਹ ਕਹਿੰਦਾ, “ਜਦੋਂ ਕੋਈ ਪੁੱਤਰ ਬਾਹਰੋਂ ਆਉਂਦਾ ਹੈ ਤੇ ਸ਼ੀਸ਼ੇ ਵਿੱਚੋਂ ਕਿਸੇ ਰਿਸ਼ਤੇਦਾਰ ਨੂੰ ਬੈਠਾ ਦੇਖ ਲੈਂਦਾ ਹੈ, ਉਹ ਇੱਧਰ ਦੇਖੇ ਬਿਨਾਂ ਬਿੱਲੀ ਵਾਂਗ ਦੱਬੇ ਪੈਰੀਂ ਪੌੜੀਆਂ ਜਾ ਚੜ੍ਹਦਾ ਹੈ। ਮੈਂ ਉਹਨੂੰ ਦੋ-ਤਿੰਨ ਪੌੜੀਆਂ ਚੜ੍ਹਨ ਦਿੰਦਾ ਹਾਂ ਤੇ ਫੇਰ ਆਖਦਾ ਹਾਂ, ਬੇਟਾ, ਤੇਰੇ ਮਾਮਾ ਜੀ ਆਏ ਹੋਏ ਨੇ। ਉਹ ਹਝੋਕੇ ਨਾਲ ਧੌਣ ਮੋੜ ਕੇ ਆਖਦਾ ਹੈ, ਓ … ਮਾਮਾ ਜੀ! - ਆ ਕੇ ਮਸ਼ੀਨੀ ਢੰਗ ਨਾਲ ਓਕੇ … ਓਕੇ … ਦਾ ਵਟਾਂਦਰਾ ਕਰਦਾ ਹੈ ਤੇ ਪੌੜੀ ਜਾ ਚੜ੍ਹਦਾ ਹੈ।”

ਇਸ ਲਈ ਪਰਦੇਸਾਂ ਵਿੱਚ ਉੱਚੇ ਝੂਲਦੇ ਝੰਡਿਆਂ ਦੀ ਕਲਪਨਾ ਕਰਦਿਆਂ ਪੰਜਾਬੀ ਅਤੇ ਪੰਜਾਬੀਅਤ ਦਾ ਉੱਜਲਾ ਭਵਿੱਖ ਚਿਤਵਣਾ ਮਨ ਨੂੰ ਝੂਠੀ ਤਸੱਲੀ ਦੇਣ ਵਾਲੀ ਗੱਲ ਹੈ। ਕਿਸੇ ਓਪਰੇ ਦੇਸ ਵਿੱਚ ਪੰਜਾਬੀ-ਪੰਜਾਬੀ ਦਾ ਰਾਗ ਓਨਾ ਚਿਰ ਹੀ ਸੁਣੇਗਾ ਜਦੋਂ ਤਕ ਨਵੇਂ ਪੰਜਾਬੀ ਉੱਥੇ ਪਹੁੰਚਦੇ ਰਹਿਣਗੇ। ਕੁਦਰਤੀ ਹੈ ਕਿ ਕਿਸੇ ਵੀ ਦੇਸ ਦਾ ਫਾਟਕ ਆਵਾਸੀਆਂ ਵਾਸਤੇ ਸਦਾ-ਸਦਾ ਲਈ ਖੁੱਲ੍ਹਾ ਨਹੀਂ ਰਹਿ ਸਕਦਾ। ਜਦੋਂ ਉਹਦਾ ਆਵਾਸੀਆਂ ਦੀ ਲੋੜ ਦਾ ਕਟੋਰਾ ਨੱਕੋ-ਨੱਕ ਭਰ ਗਿਆ, ਜੋ ਆਖ਼ਰ ਕਦੀ ਤਾਂ ਜ਼ਰੂਰ ਭਰੇਗਾ ਹੀ, ਉਹ ਫਾਟਕ ਬੰਦ ਕਰ ਕੇ ਅੰਦਰ ਜਿੰਦਾ ਲਾ ਲਵੇਗਾ। ਇਹਦੇ ਨਾਲ ਹੀ ਉਸ ਦੇਸ ਵਿੱਚ ਪੰਜਾਬੀ ਤੇ ਪੰਜਾਬੀਅਤ ਦੇ ਲਗਾਤਾਰ ਪਤਲੇ ਪੈਂਦੇ ਜਾਣ ਦਾ ਕੁਦਰਤੀ ਅਮਲ ਸ਼ੁਰੂ ਹੋ ਜਾਵੇਗਾ।

ਪੰਜਾਬੀ ਤੇ ਪੰਜਾਬੀਅਤ ਦੇ ਕੌਮਾਂਤਰੀ ਬਣ ਗਈ ਹੋਣ ਦਾ ਭਰਮ ਪਾਲਦੇ ਅਸੀਂ ਪੰਜਾਬ ਵਿੱਚ ਪੰਜਾਬੀ ਦੀ ਹਾਲਤ ਵੱਲ ਵੀ ਲੋੜੀਂਦੀ ਜਾਗਦੀ ਨਜ਼ਰ ਨਾਲ ਨਹੀਂ ਦੇਖ ਰਹੇ। ਇਹ ਗੱਲ ਅਸੀਂ ਜਿੰਨੀ ਛੇਤੀ ਸਮਝ ਲਵਾਂਗੇ, ਓਨਾ ਹੀ ਚੰਗਾ ਹੋਵੇਗਾ ਕਿ ਪੰਜਾਬੀ ਤੇ ਪੰਜਾਬੀਅਤ ਦਾ ਭਵਿੱਖ ਚਾਨਣਾ ਕਰਨ ਵਾਸਤੇ ਇਹਨਾਂ ਦਾ ਝੰਡਾ ਪੰਜਾਬ ਵਿੱਚ ਹੀ ਉੱਚਾ ਝੁਲਾਉਣਾ ਪਵੇਗਾ। ਸਾਡੀ ਭਾਸ਼ਾਈ-ਸੱਭਿਆਚਾਰਕ ਬਦਕਿਸਮਤੀ ਹੈ ਕਿ ਹੋ ਇਸ ਤੋਂ ਉਲਟ ਰਿਹਾ ਹੈ। ਖਾਸ ਕਰ ਕੇ ਪਿਛਲੇ ਪੱਚੀ-ਤੀਹ ਸਾਲਾਂ ਵਿੱਚ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬੀ ਤੇ ਪੰਜਾਬੀਅਤ ਦਾ ਜੋ ਬੇੜਾ ਗ਼ਰਕ ਕੀਤਾ ਹੈ, ਵੱਡੀ ਲੋੜ ਉਹਨੂੰ ਉਸ ਨਿਘਾਰ ਵਿੱਚੋਂ ਕੱਢ ਕੇ ਤਰੱਕੀ ਦੇ ਰਾਹ ਉੱਤੇ ਪਾਉਣ ਦੀ ਹੈ। ਇਹ ਕਾਰਜ ਪੰਜਾਬੀ ਲੇਖਕਾਂ, ਪਾਠਕਾਂ, ਸੂਝਵਾਨ ਲੋਕਾਂ ਅਤੇ ਸਭ ਤੋਂ ਵਧ ਕੇ ਪੰਜਾਬ ਸਰਕਾਰ ਦੇ ਗੰਭੀਰ ਤੇ ਸੱਚੇ ਦਿਲ ਦੇ ਜਤਨ ਲੋੜਦਾ ਹੈ।

 

ਗੁਰਬਚਨ ਸਿੰਘ ਭੁੱਲਰ