ਕੈਨੇਡਾ ਜੀ 20 ਸੰਮੇਲਨ ਵਿਚ ਹੋਵੇਗਾ ਸ਼ਾਮਲ , ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਨੂੰ ਸੱਦਾ ਨਾ ਦੇਣ 'ਤੇ ਜਤਾਈ ਨਰਾਜ਼ਗੀ

ਕੈਨੇਡਾ ਜੀ 20 ਸੰਮੇਲਨ ਵਿਚ  ਹੋਵੇਗਾ ਸ਼ਾਮਲ , ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ  ਯੂਕਰੇਨ ਨੂੰ ਸੱਦਾ ਨਾ ਦੇਣ 'ਤੇ ਜਤਾਈ ਨਰਾਜ਼ਗੀ

ਕਿਹਾ ਕਿ ਯੂਕਰੇਨ ਉਪਰ ਰੂਸ ਦੀ ਜਿਤ ਪੱਛਮ ਲਈ ਖਤਰਾ ਬਣੇਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਟਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 9 ਅਤੇ 10 ਸਤੰਬਰ ਨੂੰ ਭਾਰਤ ਵਿੱਚ ਹੋਣ ਵਾਲੀ ਜੀ-20 ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਗੱਲ ਦੀ ਪੁਸ਼ਟੀ ਜਸਟਿਨ ਟਰੂਡੋ ਨੇ ਕੀਤੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਜੀ-20 ਸੰਮੇਲਨ ਵਿਚ ਯੂਕਰੇਨ ਨੂੰ ਸ਼ਾਮਲ ਨਾ ਕੀਤੇ ਜਾਣ 'ਤੇ ਨਿਰਾਸ਼ਾ ਪ੍ਰਗਟਾਈ ਹੈ।ਹਾਲ ਹੀ ਵਿਚ ਜਸਟਿਨ ਟਰੂਡੋ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੇਨਸਕੀ ਵਿਚਾਲੇ ਟੈਲੀਫੋਨ 'ਤੇ ਗੱਲਬਾਤ ਹੋਈ ਸੀ, ਜਿਸ ਦੀ ਵੀਡੀਓ ਵਲਾਦੀਮਿਰ ਜ਼ੇਲੇਨਸਕੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਸੀ।ਜ਼ੇਲੇਂਸਕੀ ਨਾਲ ਗੱਲਬਾਤ ਦੌਰਾਨ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਹ ਜੀ-20 ਦੇ ਮੰਚ 'ਤੇ ਯੂਕਰੇਨ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨ। ਇਸ ਤੋਂ ਇਲਾਵਾ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਜੀ-20 ਵਰਗੇ ਮਹੱਤਵਪੂਰਨ ਆਲਮੀ ਆਰਥਿਕ ਮੰਚ ਤੋਂ ਗੈਰ-ਹਾਜ਼ਰੀ ਦੇ ਬਾਵਜੂਦ ਦੁਨੀਆ ਯੂਕਰੇਨ ਦੇ ਨਾਲ ਖੜ੍ਹੀ ਹੋਵੇ।

ਹਾਲ ਹੀ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਨੇ ਜਾਣਕਾਰੀ ਦਿੱਤੀ ਸੀ ਕਿ ਨੌਂ ਨਿਗਰਾਨ ਦੇਸ਼ਾਂ ਦੇ ਸੱਦੇ ਦੇ ਬਾਵਜੂਦ ਯੂਕਰੇਨ ਨੂੰ ਇੱਕ ਨਿਗਰਾਨ ਰਾਸ਼ਟਰ ਵਜੋਂ ਜੀ-20 ਸੰਮੇਲਨ ਵਿੱਚ ਸੱਦਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਟਿੱਪਣੀਆਂ ਆਈਆਂ ਕਿ ਯੂਕਰੇਨ ਦੀ ਗੈਰ-ਮੌਜੂਦਗੀ ਦੇ ਬਾਵਜੂਦ ਉਹ ਗਲੋਬਲ ਪਲੇਟਫਾਰਮ ਰਾਹੀਂ ਆਪਣੇ ਮੁੱਦੇ ਸਾਂਝੇ ਕਰਨ ਦੀ ਕੋਸ਼ਿਸ਼ ਕਰਨਗੇ।

ਜ਼ੇਲੇਨਸਕੀ ਪ੍ਰਤੀ ਟਰੂਡੋ ਦੀ ਵਚਨਬੱਧਤਾ ਦਾ ਸਬੂਤ ਇਸ ਸਾਲ ਦੇ ਸ਼ੁਰੂ ਵਿੱਚ ਜਾਪਾਨ ਵਿੱਚ ਹੋਣ ਵਾਲੇ ਜੀ7 ਸੰਮੇਲਨ ਵਿੱਚ ਯੂਕਰੇਨ ਨੂੰ ਦਿੱਤੇ ਗਏ ਸੱਦੇ ਤੋਂ ਮਿਲਦਾ ਹੈ। ਇਸ ਦੇ ਨਾਲ ਹੀ ਸਾਲ 2022 ਵਿਚ ਰੂਸ ਨਾਲ ਸ਼ੁਰੂ ਹੋਈ ਜੰਗ ਤੋਂ ਬਾਅਦ ਤੋਂ ਯੂਕਰੇਨ ਨੂੰ ਦੁਨੀਆ ਦੇ ਕਈ ਦੇਸ਼ਾਂ ਤੋਂ ਲਗਾਤਾਰ ਆਰਥਿਕ ਅਤੇ ਫੌਜੀ ਸਮਰਥਨ ਮਿਲ ਰਿਹਾ ਹੈ, ਜਿਸ ਵਿਚ ਅਮਰੀਕਾ ਵੀ ਬਹੁਤ ਮਹੱਤਵਪੂਰਨ ਦੇਸ਼ ਹੈ। ਇਸ ਦੇ ਨਾਲ ਹੀ ਜੀ20 ਲਈ ਸੱਦਾ ਨਾ ਦਿੱਤੇ ਜਾਣ ਦੇ ਬਾਵਜੂਦ ਜ਼ੇਲੇਨਸਕੀ ਨੂੰ ਅੰਤਰਰਾਸ਼ਟਰੀ ਸਮਰਥਨ ਪ੍ਰਾਪਤ ਕਰਨਾ ਜਾਰੀ ਹੈ।

ਤੁਹਾਨੂੰ ਦੱਸ ਦਈਏ ਕਿ ਜੀ-20 ਸੰਮੇਲਨ ਲਈ ਜਿਨ੍ਹਾਂ 9 ਨਿਗਰਾਨ ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਨੀਦਰਲੈਂਡ, ਸਿੰਗਾਪੁਰ, ਸਪੇਨ, ਸੰਯੁਕਤ ਅਰਬ ਅਮੀਰਾਤ, ਓਮਾਨ, ਬੰਗਲਾਦੇਸ਼, ਮਿਸਰ, ਮਾਰੀਸ਼ਸ ਅਤੇ ਨਾਈਜੀਰੀਆ ਸ਼ਾਮਲ ਹਨ। ਜਦਕਿ ਯੂਕਰੇਨ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਇਸ 'ਤੇ ਟਰੂਡੋ ਨੇ ਜ਼ੇਲੇਨਸਕੀ ਨਾਲ ਫੋਨ 'ਤੇ ਗੱਲਬਾਤ ਦੌਰਾਨ ਨਿਰਾਸ਼ਾ ਪ੍ਰਗਟਾਈ ਸੀ।ਟਰੂਡੋ ਨੇ ਇਹ ਵੀ ਕਿਹਾ ਸੀ ਕਿ ਯੂਕਰੇਨ ਰੂਸ ਦੀ ਜੰਗ ਉਸ ਸਮੇਂ ਤਕ ਚਲੇਗੀ ਜਿਨ੍ਹਾਂ ਚਿਰ ਰੂਸ ਹਾਰ ਨਹੀਂ ਜਾਂਦਾ।ਰੂਸ ਦੀ ਜਿਤ ਪੱਛਮ ਲਈ ਖਤਰਾ ਬਣੇਗੀ।ਸੋ ਅਸੀਂ ਸਭ ਪੱਛਮੀ ਦੇਸ ਯੂਕਰੇਨ ਦੀ ਸਹਾਇਤਾ ਕਰਾਂਗੇ ਅਤੇ ਰੂਸ ਨੂੰ ਹਰਾਉਣ ਵਿਚ ਯੂਕਰੇਨ ਦੀ ਮਦਦ ਕਰਾਂਗੇ।